ਹੁਣ ਮੇਰਾ ਦੋਸ਼ ਮਾਫ਼ ਕੀਤਾ ਜਾਏ ॥੧੧॥
ਦੋਹਰਾ:
ਹੇ ਇਸਤਰੀ! ਹੁਣ ਸਾਨੂੰ ਮਾਫ਼ ਕਰ, (ਮੈਂ) ਫਿਰ ਅਪਰਾਧ ('ਰਾਧਿ') ਨਹੀਂ ਕਰਦਾ।
ਉਸ (ਇਸਤਰੀ) ਦੀ ਵੀਹ ਹਜ਼ਾਰ ਟੱਕੇ ਦੀ ਛਿਮਾਹੀ ਬੰਨ੍ਹ ਦਿੱਤੀ ਗਈ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੇਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩॥੪੬੦॥ ਚਲਦਾ॥
ਸੋਰਠਾ:
ਪਿਤਾ ਨੇ ਪੁੱਤਰ ਨੂੰ ਫਿਰ ਬੰਦੀਖਾਨੇ ਵਿਚ ਭੇਜ ਦਿੱਤਾ
ਅਤੇ ਸਵੇਰ ਹੋਣ ਤੇ (ਉਸ ਨੂੰ) ਫਿਰ ਆਪਣੇ ਕੋਲ ਬੁਲਾ ਲਿਆ ॥੧॥
ਚੌਪਈ:
ਫਿਰ ਮੰਤਰੀ ਨੇ ਇਕ ਕਥਾ ਕਹੀ
ਕਿ ਹੇ ਰਾਜਨ! (ਤੁਸੀਂ) ਮੇਰੀ ਇਕ ਗੱਲ ਸੁਣੋ।
(ਮੈਂ) ਇਕ ਤ੍ਰਿਆ-ਚਰਿਤ੍ਰ ਤੁਹਾਨੂੰ ਸੁਣਾਉਂਦਾ ਹਾਂ,
ਜਿਸ ਕਰ ਕੇ ਤੁਹਾਨੂੰ ਬਹੁਤ ਪ੍ਰਸੰਨ ਕਰਦਾ ਹਾਂ ॥੨॥
ਉੱਤਰ ਦੇਸ ਵਿਚ ਇਕ ਵੱਡਾ ਰਾਜਾ ਸੀ।
(ਉਹ) ਸੂਰਜਬੰਸ ਵਿਚ ਬਹੁਤ ਉਘਾ ਸੀ।
ਚੰਦ੍ਰਮਤੀ ਨਾਂ ਦੀ ਉਸ ਦੀ ਪਟਰਾਣੀ ਸੀ,
ਮਾਨੋ ਛੀਰ ਸਮੁੰਦਰ ਵਿਚੋਂ ਮਥ ਕੇ (ਕਢੀ ਗਈ ਹੋਵੇ) ॥੩॥
ਉਨ੍ਹਾਂ ਦੇ ਘਰ ਇਕ ਪੁੱਤਰੀ ਪੈਦਾ ਹੋਈ,
ਮਾਨੋ ਸੂਰਜ ਨੇ ਹੀ (ਉਨ੍ਹਾਂ ਦੀ) ਗੋਦ ਵਿਚ ਪਾਈ ਹੋਵੇ।
ਉਸ ਦੇ ਜੋਬਨ ਦੀ ਸ਼ੋਭਾ ਬਹੁਤ ਅਧਿਕ ਸੀ,
ਮਾਨੋ ਚੰਦ੍ਰਮਾ ਦੀ ਕਲਾ ਰਿੜਕ ਕੇ ਕਢੀ ਹੋਵੇ ॥੪॥
ਉਸ ਦਾ ਨਾਂ ਸਮੇਰ ਕੁਅਰਿ ਰਖਿਆ ਗਿਆ।
ਉਸ ਵਰਗੀ ਸੰਸਾਰ ਵਿਚ ਕੋਈ ਹੋਰ ਇਸਤਰੀ ਨਹੀਂ ਸੀ।
(ਉਹ) ਤਿੰਨਾਂ ਲੋਕਾਂ ਵਿਚ (ਸ੍ਰੇਸ਼ਠ) ਸੁੰਦਰੀ ਸੀ,
ਮਾਨੋ ਚੰਦ੍ਰਮਾ ਦੀ ਕਲਾ ਹੋਵੇ ॥੫॥
ਉਸ ਦੇ ਜੋਬਨ ਦੀ ਬਹੁਤ ਅਧਿਕ ਛਬੀ ਸੀ
ਮਾਨੋ ਕਾਮ ਦੇਵ ਰੂਪੀ ਸੁਨਿਆਰੇ ਨੇ ਸੰਚੇ ਵਿਚ ਭਰੀ ਹੋਵੇ।
ਉਸ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ
ਮਾਨੋ ਮਾਲਤੀ ਦਾ ਫੁਲ ਹੋਵੇ ॥੬॥
ਦੋਹਰਾ:
(ਉਸ ਦੇ) ਜੋਬਨ ਦੀ ਛਬੀ ਗੋਰੇ ਅੰਗਾਂ ਉਤੇ ਝਲਕਦੀ ਸੀ।
ਮਾਨੋ ਛੀਰ ਸਮੁੰਦਰ ਵਿਚ ਦੁੱਧ ਦੀਆਂ ਤਰੰਗਾਂ ਚਮਕ ਰਹੀਆਂ ਹੋਣ ॥੭॥
ਚੌਪਈ:
ਉਹ ਦੱਖਣ ਦੇਸ ਦੇ (ਕਿਸੇ) ਰਾਜੇ ਨਾਲ ਵਿਆਹੀ ਗਈ
ਅਤੇ ਭਾਂਤ ਭਾਂਤ ਦੇ ਐਸ਼ਵਰਜ ਨਾਲ ਭਰਪੂਰ ਹੋ ਗਈ।
(ਉਸ ਦੀ ਕੁਖ ਤੋਂ) ਦੋ ਪੁੱਤਰ ਅਤੇ ਇਕ ਲੜਕੀ ਪੈਦਾ ਹੋਈ,
ਮਾਨੋ (ਉਹ ਲੜਕੀ) ਰੂਪ ਦੀ ਰਾਸ ਹੋਵੇ ॥੮॥
ਕੁਝ ਸਮੇਂ ਬਾਦ ਉਹ ਰਾਜਾ ਮਰ ਗਿਆ।
ਉਸ ਦਾ ਛਤ੍ਰ ਵਿਧਾਤਾ ਨੇ (ਉਸ ਦੇ) ਪੁੱਤਰ ਦੇ ਸਿਰ ਉਤੇ ਧਰਿਆ।
ਉਸ ਦੀ ਆਗਿਆ ਤੋਂ ਕੌਣ ਟਲ ਸਕਦਾ ਸੀ।
(ਉਹ) ਜੋ ਚਿਤ ਵਿਚ ਚਾਹੁੰਦਾ ਸੀ, ਉਹੀ ਕਰਦਾ ਸੀ ॥੯॥
ਇਸ ਤਰ੍ਹਾਂ ਬਹੁਤ ਸਮਾਂ ਬੀਤ ਗਿਆ।
ਬਸੰਤ ਚੜ੍ਹ ਆਇਆ ਅਤੇ ਸਭ ਨੇ ਮਨ ਵਿਚ ਜਾਣ ਲਿਆ।
ਇਸ ਲਈ ਉਸ ਦਾ ਪ੍ਰੀਤਮ ਤੋਂ ਬਿਨਾ ਰਹਿਣ ਨਹੀਂ ਸੀ ਹੋ ਰਿਹਾ।
ਵਿਯੋਗ ਦੇ ਬਾਣਾਂ ਨਾਲ ਉਸ ਦਾ ਹਿਰਦਾ ਸੜ ਰਿਹਾ ਸੀ ॥੧੦॥
ਦੋਹਰਾ:
ਵਿਯੋਗ ਦੇ ਡੂੰਘੇ ਤੀਰ ਵਜਣ ਨਾਲ ਉਹ ਕਿਸ ਤਰ੍ਹਾਂ ਧੀਰਜ ਧਾਰਨ ਕਰੇ।
ਮੂੰਹ ਤੋਂ ਫਿਕੀਆਂ ਫਿਕੀਆਂ ਗੱਲਾਂ ਕਰਦੀ ਸੀ, ਪਰ (ਉਸ ਦੇ) ਪੇਟ (ਭਾਵ ਮਨ) ਵਿਚ ਪ੍ਰੀਤਮ (ਦੇ ਵਿਯੋਗ) ਦੀ ਪੀੜ ਸੀ ॥੧੧॥