ਸ਼੍ਰੀ ਦਸਮ ਗ੍ਰੰਥ

ਅੰਗ - 440


ਜੇ ਨ੍ਰਿਪ ਸਾਮੁਹੇ ਆਇ ਭਿਰੇ ਅਰਿ ਬਾਨਨ ਸੋ ਸੋਈ ਮਾਰਿ ਲਏ ਹੈ ॥

ਜੋ ਵੈਰੀ ਰਾਜੇ (ਖੜਗ ਸਿੰਘ) ਦੇ ਸਾਹਮਣੇ ਆ ਕੇ ਲੜੇ ਹਨ, ਉਨ੍ਹਾਂ ਨੂੰ (ਰਾਜੇ ਨੇ) ਬਾਣਾਂ ਨਾਲ ਮਾਰ ਦਿੱਤਾ ਹੈ।

ਕੇਤਕਿ ਜੋਰਿ ਭਿਰੇ ਹਠਿ ਕੈ ਕਿਤਨੇ ਰਨ ਕੋ ਲਖਿ ਭਾਜਿ ਗਏ ਹੈ ॥

ਕਿਤਨੇ ਹੀ ਹਠ ਪੂਰਵਕ ਜ਼ੋਰ ਲਗਾ ਕੇ ਲੜੇ ਹਨ ਅਤੇ ਕਿਤਨੇ ਹੀ ਰਣ-ਭੂਮੀ ਨੂੰ ਵੇਖ ਕੇ ਭਜ ਗਏ ਹਨ।

ਕੇਤਕਿ ਹੋਇ ਇਕਤ੍ਰ ਰਹੇ ਜਸੁ ਤਾ ਛਬਿ ਕੋ ਕਬਿ ਚੀਨ ਲਏ ਹੈ ॥

ਕਿਤਨੇ ਹੀ (ਡਰ ਦੇ ਮਾਰੇ) ਇਕੱਠੇ ਹੋਏ ਖੜੋਤੇ ਹਨ, ਉਨ੍ਹਾਂ ਦੀ ਛਬੀ ਦੀ ਯਸ਼ ਕਵੀ ਨੇ ਇਸ ਤਰ੍ਹਾਂ ਸਮਝ ਲਿਆ ਹੈ,

ਮਾਨਹੁ ਆਗ ਲਗੀ ਬਨ ਮੈ ਮਦਮਤ ਕਰੀ ਇਕ ਠਉਰ ਭਏ ਹੈ ॥੧੪੨੮॥

ਮਾਨੋ ਬਨ ਵਿਚ ਅੱਗ ਲਗਣ ਨਾਲ (ਡਰ ਦੇ ਮਾਰੇ) ਮਦਮਾਤੇ ਹਾਥੀ ਇਕ ਥਾਂ ਇਕੱਠੇ ਹੋ ਗਏ ਹੋਣ ॥੧੪੨੮॥

ਬੀਰ ਘਨੇ ਰਨ ਮਾਝ ਹਨੇ ਮਨ ਮੈ ਨ੍ਰਿਪ ਰੰਚਕ ਕੋਪ ਭਰਿਓ ਹੈ ॥

ਰਾਜਾ (ਖੜਗ ਸਿੰਘ) ਵਲੋਂ ਰਤਾ ਜਿੰਨਾ ਕ੍ਰੋਧ ਕਰਨ ਤੇ ਬਹੁਤ ਸਾਰੇ ਯੋਧੇ ਰਣ ਵਿਚ ਮਾਰੇ ਗਏ ਹਨ।

ਬਾਜ ਕਰੀ ਰਥ ਕਾਟਿ ਦਏ ਜਬ ਹੀ ਕਰ ਮੈ ਕਰਵਾਰ ਧਰਿਓ ਹੈ ॥

ਜਦੋਂ ਹੀ ਰਾਜੇ ਨੇ ਹੱਥ ਵਿਚ ਤਲਵਾਰ ਧਾਰਨ ਕੀਤੀ (ਉਦੋਂ ਹੀ) ਘੋੜੇ, ਹਾਥੀ ਅਤੇ ਰਥ ਕਟ ਦਿੱਤੇ ਹਨ।

ਪੇਖ ਕੈ ਸਤ੍ਰ ਇਕਤ੍ਰ ਭਏ ਨ੍ਰਿਪ ਮਾਰਬੇ ਕੋ ਤਿਨ ਮੰਤ੍ਰ ਕਰਿਓ ਹੈ ॥

(ਇਹ) ਵੇਖ ਕੇ ਸਾਰੇ ਵੈਰੀ ਇਕੱਠੇ ਹੋ ਗਏ ਹਨ ਅਤੇ ਰਾਜਾ (ਖੜਗ ਸਿੰਘ) ਨੂੰ ਮਾਰਨ ਦਾ ਵਿਚਾਰ ਕਰਨ ਲਗੇ ਹਨ;

ਕੇਹਰਿ ਕੋ ਬਧ ਜਿਉ ਚਿਤਵੈ ਮ੍ਰਿਗ ਸੋ ਤੋ ਬ੍ਰਿਥਾ ਕਬਹੂੰ ਨ ਡਰਿਓ ਹੈ ॥੧੪੨੯॥

ਜਿਵੇਂ ਸ਼ੇਰ ਨੂੰ ਮਾਰਨ ਲਈ ਹਿਰਨਾਂ ਦੀ ਸਲਾਹ ਕਰਨੀ ਵਿਅਰਥ ਹੈ (ਕਿਉਂਕਿ ਸ਼ੇਰ ਉਨ੍ਹਾਂ ਤੋਂ) ਕਦੇ ਵੀ ਡਰਦਾ ਨਹੀਂ ਹੈ ॥੧੪੨੯॥

ਭੂਪ ਬਲੀ ਬਹੁਰੋ ਰਿਸ ਕੈ ਜਬ ਹਾਥਨ ਮੈ ਹਥਿਯਾਰ ਗਹੇ ਹੈ ॥

ਬਲਵਾਨ ਰਾਜਾ (ਖੜਗ ਸਿੰਘ) ਨੇ ਫਿਰ ਕ੍ਰੋਧ ਕਰ ਕੇ ਹੱਥਾਂ ਵਿਚ ਸ਼ਸਤ੍ਰ ਧਾਰਨ ਕਰ ਲਏ ਹਨ।

ਸੂਰ ਹਨੇ ਬਲਬੰਡ ਘਨੇ ਕਬਿ ਰਾਮ ਭਨੈ ਚਿਤ ਮੈ ਜੁ ਚਹੇ ਹੈ ॥

ਕਵੀ ਰਾਮ ਕਹਿੰਦੇ ਹਨ, (ਰਾਜੇ ਨੇ) ਚਿੱਤ ਵਿਚ ਜੋ ਮਾਰਨੇ ਚਾਹੇ ਹਨ, (ਉਹ) ਬਹੁਤ ਸਾਰੇ ਬਲਵਾਨ ਸੂਰਮੇ ਮਾਰ ਦਿੱਤੇ ਹਨ।

ਸੀਸ ਪਰੇ ਕਟਿ ਬੀਰਨ ਕੇ ਧਰਨੀ ਖੜਗੇਸ ਸੁ ਸੀਸ ਛਹੇ ਹੈ ॥

ਸੂਰਵੀਰਾਂ ਦੇ ਕਟੇ ਹੋਏ ਸਿਰ ਧਰਤੀ ਉਤੇ ਪਏ ਹਨ ਜੋ ਖੜਗ ਸਿੰਘ ਦੇ ਹੀ ਨਸ਼ਟ ਕੀਤੇ ਹੋਏ ਹਨ।

ਮਾਨਹੁ ਸ੍ਰਉਨ ਸਰੋਵਰ ਮੈ ਸਿਰ ਸਤ੍ਰਨ ਕੰਜ ਸੇ ਮੂੰਦ ਰਹੇ ਹੈ ॥੧੪੩੦॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਵੈਰੀਆਂ ਦੇ ਸਿਰ ਲਹੂ ਦੇ ਸਰੋਵਰ ਵਿਚ ਬੰਦ ਹੋਏ ਕਮਲ ਦੇ ਫੁਲ ਹੋਣ ॥੧੪੩੦॥

ਦੋਹਰਾ ॥

ਦੋਹਰਾ:

ਤਕਿ ਝੂਝ ਸਿੰਘ ਕੋ ਖੜਗ ਸੀ ਖੜਗ ਲੀਓ ਕਰਿ ਕੋਪ ॥

(ਤਦੋਂ) ਝੂਝ ਸਿੰਘ ਨੂੰ ਵੇਖ ਕੇ ਖੜਗ ਸਿੰਘ ਨੇ ਕ੍ਰੋਧਿਤ ਹੋ ਕੇ ਹੱਥ ਵਿਚ ਤਲਵਾਰ ਫੜ ਲਈ ਹੈ

ਹਨਿਓ ਤਬੈ ਸਿਰ ਸਤ੍ਰ ਕੋ ਜਨੁ ਦੀਨੀ ਅਸਿ ਓਪ ॥੧੪੩੧॥

ਅਤੇ ਤਦੋਂ ਹੀ ਵੈਰੀ ਦਾ ਸਿਰ ਵਢ ਦਿੱਤਾ ਹੈ, ਮਾਨੋ ਤਲਵਾਰ ਦੀ ਮਰਯਾਦਾ ਰਖ ਲਈ ਹੋਵੇ ॥੧੪੩੧॥

ਸਵੈਯਾ ॥

ਸਵੈਯਾ:

ਪੁਨਿ ਸਿੰਘ ਜੁਝਾਰ ਮਹਾ ਰਨ ਮੈ ਲਰਿ ਕੈ ਮਰਿ ਕੈ ਸੁਰ ਲੋਕਿ ਬਿਹਾਰਿਓ ॥

ਫਿਰ ਜੁਝਾਰ ਸਿੰਘ (ਉਸ) ਵੱਡੇ ਯੁੱਧ ਵਿਚ ਲੜ ਕੇ ਅਤੇ ਮ੍ਰਿਤੂ ਪ੍ਰਾਪਤ ਕਰ ਕੇ ਦੇਵ ਲੋਕ (ਸੁਅਰਗ) ਵਿਚ ਚਲਾ ਗਿਆ ਹੈ।

ਸੈਨ ਜਿਤੋ ਤਿਹ ਸੰਗ ਹੁਤੋ ਤਬ ਹੀ ਅਸਿ ਲੈ ਨ੍ਰਿਪ ਮਾਰਿ ਬਿਦਾਰਿਓ ॥

ਉਸ ਦੇ ਨਾਲ ਜਿਤਨੀ ਵੀ ਸੈਨਾ ਸੀ, ਉਸ ਵੇਲੇ ਰਾਜੇ ਨੇ ਤਲਵਾਰ ਲੈ ਕੇ ਮਾਰ ਕੇ ਨਸ਼ਟ ਕਰ ਦਿੱਤੀ ਹੈ।

ਜੇਤੇ ਰਹੇ ਸੁ ਭਜੇ ਰਨ ਤੇ ਕਿਨਹੂੰ ਨਹੀ ਲਾਜ ਕੀ ਓਰਿ ਨਿਹਾਰਿਓ ॥

ਜਿਤਨੇ ਬਚੇ ਸਨ, (ਉਹ) ਰਣ ਵਿਚੋਂ ਭਜ ਗਏ ਹਨ ਅਤੇ ਕਿਸੇ ਨੇ ਵੀ (ਆਪਣੀ ਸੈਨਿਕ) ਮਰਯਾਦਾ ਵਲ ਧਿਆਨ ਨਹੀਂ ਦਿੱਤਾ ਹੈ।

ਮਾਨਹੁ ਦੰਡ ਲੀਏ ਕਰ ਮੈ ਜਮ ਕੇ ਸਮ ਭੂਪ ਮਹਾ ਅਸਿ ਧਾਰਿਓ ॥੧੪੩੨॥

ਮਾਨੋ ਹੱਥ ਵਿਚ ਡੰਡਾ ਲਏ ਹੋਏ ਯਮ ਰਾਜ ਵਾਂਗ ਰਾਜਾ (ਖੜਗ ਸਿੰਘ) ਨੇ ਤਲਵਾਰ ਧਾਰਨ ਕੀਤੀ ਹੋਈ ਹੋਵੇ ॥੧੪੩੨॥

ਦੋਹਰਾ ॥

ਦੋਹਰਾ:

ਖੜਗ ਸਿੰਘ ਸਰੁ ਧਨੁ ਗਹਿਓ ਕਿਨਹੂ ਰਹਿਯੋ ਨ ਧੀਰ ॥

(ਜਦੋਂ) ਖੜਗ ਸਿੰਘ ਨੇ ਧਨੁਸ਼ ਬਾਣ ਪਕੜ ਲਿਆ (ਤਦੋਂ) ਕਿਸੇ ਵਿਚ ਵੀ ਧੀਰਜ ਨਾ ਰਿਹਾ

ਚਲੇ ਤਿਆਗ ਕੈ ਰਨ ਰਥੀ ਮਹਾਰਥੀ ਬਲਬੀਰ ॥੧੪੩੩॥

ਅਤੇ ਰਥੀ ਤੇ ਮਹਾਰਥੀ ਸੂਰਮੇ ਰਣ-ਭੂਮੀ ਨੂੰ ਤਿਆਗ ਕੇ ਖਿਸਕ ਚਲੇ ਹਨ ॥੧੪੩੩॥

ਜਬ ਭਾਜੀ ਜਾਦਵ ਚਮੂੰ ਕ੍ਰਿਸਨ ਬਿਲੋਕੀ ਨੈਨਿ ॥

ਜਦੋਂ ਭਜਦੀ ਹੋਈ ਯਾਦਵ ਸੈਨਾ ਨੂੰ ਕ੍ਰਿਸ਼ਨ ਨੇ ਅੱਖਾਂ ਨਾਲ ਵੇਖ ਲਿਆ

ਸਾਤਕਿ ਸਿਉ ਹਰਿ ਯੌ ਕਹਿਓ ਤੁਮ ਧਾਵਹੁ ਲੈ ਸੈਨ ॥੧੪੩੪॥

(ਤਦੋਂ) ਸ੍ਰੀ ਕ੍ਰਿਸ਼ਨ ਨੇ ਸਾਤਕ ਨੂੰ ਇਹ ਕਿਹਾ ਕਿ ਤੁਸੀਂ ਸੈਨਾ ਲੈ ਕੇ ਚਲੋ ॥੧੪੩੪॥

ਸਵੈਯਾ ॥

ਸਵੈਯਾ:

ਸਾਤਕਿ ਅਉ ਬਰਮਾਕ੍ਰਿਤ ਊਧਵ ਸ੍ਰੀ ਮੁਸਲੀ ਕਰ ਮੈ ਹਲੁ ਲੈ ॥

ਸਾਤਕ ਅਤੇ ਬਰਮਾਕ੍ਰਿਤ, ਊਧਵ ਅਤੇ ਬਲਰਾਮ ਹੱਥ ਵਿਚ ਹਲ ਲੈ ਕੇ (ਚਲ ਪਏ)।

ਬਸੁਦੇਵ ਤੇ ਆਦਿਕ ਬੀਰ ਜਿਤੇ ਤਿਹ ਆਗੇ ਕੀਯੋ ਬਲਿ ਕਉ ਦਲੁ ਦੈ ॥

ਬਸੁਦੇਵ ਆਦਿਕ ਜਿਤਨੇ ਸੂਰਮੇ ਸਨ, ਉਨ੍ਹਾਂ ਨੂੰ ਵੀ ਦਲ ਬਲ ਦੇ ਕੇ ਅਗੇ ਕੀਤਾ ਹੈ।

ਸਬ ਹੂੰ ਨ੍ਰਿਪ ਊਪਰਿ ਬਾਨਨ ਬ੍ਰਿਸਟ ਕਰੀ ਮਨ ਮੈ ਤਕਿ ਕੇ ਖਲੁ ਛੈ ॥

ਮਨ ਵਿਚ (ਉਸ ਨੂੰ) ਨਸ਼ਟ ਕਰਨ ਦਾ ਵਿਚਾਰ ਕਰ ਕੇ ਸਭ ਨੇ ਰਾਜਾ (ਖੜਗ ਸਿੰਘ) ਉਤੇ ਬਾਣਾਂ ਦੀ ਬਰਖਾ ਕੀਤੀ ਹੈ।

ਸੁਰਰਾਜ ਪਠੇ ਗਿਰਿ ਗੋਧਨ ਪੈ ਰਿਸਿ ਮੇਘ ਮਨੋ ਬਰਖੈ ਬਲੁ ਕੈ ॥੧੪੩੫॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ ਭੇਜੇ ਹੋਏ ਬਦਲ ਕ੍ਰੋਧਿਤ ਹੋ ਕੇ ਬਲ ਪੂਰਵਕ ਗੋਵਰਧਨ ਪਰਬਤ ਉਤੇ ਬਰਖਾ ਕਰ ਰਹੇ ਹੋਣ ॥੧੪੩੫॥

ਸਰ ਜਾਲ ਕਰਾਲ ਸਬੈ ਸਹਿ ਕੈ ਗਹਿ ਕੈ ਬਹੁਰੋ ਧਨੁ ਬਾਨ ਚਲਾਏ ॥

ਭਿਆਨਕ ਤੀਰਾਂ ਦੇ ਸਾਰੇ ਜਾਲ (ਭਾਵ ਝੜੀ) ਨੂੰ ਸਹਿ ਕੇ ਫਿਰ (ਹੱਥ ਵਿਚ) ਧਨੁਸ਼ ਬਾਣ ਫੜ ਕੇ (ਖੜਗ ਸਿੰਘ ਨੇ) ਤੀਰ ਚਲਾਏ ਹਨ।

ਬਾਜ ਕਰੇ ਸਭਹੂੰਨ ਕੇ ਘਾਇਲ ਸੂਤ ਸਬੈ ਤਿਨ ਕੇ ਰਨਿ ਘਾਏ ॥

ਸਾਰਿਆਂ ਦੇ ਘੋੜੇ ਘਾਇਲ ਕਰ ਦਿੱਤੇ ਹਨ ਅਤੇ ਉਨ੍ਹਾਂ ਸਾਰਿਆਂ ਦੇ ਰਥਵਾਨ ਰਣ ਵਿਚ ਮਾਰ ਦਿੱਤੇ ਹਨ।

ਪੈਦਲ ਕੇ ਦਲ ਮਾਝਿ ਪਰਿਓ ਤੇਈ ਬਾਨਨ ਸੋ ਜਮੁਲੋਕਿ ਪਠਾਏ ॥

(ਫਿਰ) ਪੈਦਲ ਸੈਨਾ ਵਿਚ ਵੜ ਕੇ ਉਨ੍ਹਾਂ ਸਾਰਿਆਂ ਨੂੰ ਬਾਣਾਂ ਨਾਲ ਯਮਲੋਕ ਵਿਚ ਪਹੁੰਚਾ ਦਿੱਤਾ ਹੈ।

ਸ੍ਯੰਦਨ ਕਾਟਿ ਦਯੋ ਬਹੁਰੋ ਸਭ ਹ੍ਵੈ ਬਿਰਥੀ ਜਦੁਬੰਸ ਪਰਾਏ ॥੧੪੩੬॥

ਫਿਰ ਸਭ ਦੇ ਰਥਾਂ ਨੂੰ ਤੋੜ ਦਿੱਤਾ ਹੈ ਅਤੇ ਯਾਦਵਾਂ ਨੂੰ ਰਥ-ਹੀਨ ਕਰ ਕੇ ਭਜਾ ਦਿੱਤਾ ਹੈ ॥੧੪੩੬॥

ਕਾਹੇ ਕਉ ਭਜਤ ਹੋ ਰਨ ਤੇ ਬਲਿ ਜੁਧ ਸਮੋ ਪੁਨਿ ਐਸੇ ਨ ਪੈ ਹੈ ॥

ਹੇ ਬਲਰਾਮ! ਰਣ ਤੋਂ ਕਿਸ ਵਾਸਤੇ ਭਜਦੇ ਹੋ? ਇਸ ਪ੍ਰਕਾਰ ਦੇ ਯੁੱਧ ਦਾ ਅਵਸਰ ਫਿਰ ਨਹੀਂ ਮਿਲਣਾ।

ਸਾਤਕਿ ਸੋ ਖੜਗੇਸ ਕਹਿਓ ਅਬ ਭਾਜਹੁ ਤੈ ਕਛੁ ਲਾਜ ਰਹੈ ਹੈ ॥

ਖੜਗ ਸਿੰਘ ਨੇ ਸਾਤਕ ਨੂੰ ਕਿਹਾ ਕਿ (ਜੇ) ਹੁਣ ਭਜ ਗਿਆ ਤਾਂ ਕੀ ਕੋਈ ਲਾਜ ਰਹਿ ਜਾਏਗੀ।

ਜਉ ਕਹੂੰ ਅਉਰ ਸਮਾਜ ਮੈ ਜਾਇ ਹੋ ਸੋ ਵਹੁ ਕਾਇਰ ਰਾਜ ਵਹੈ ਹੈ ॥

ਜੇ ਤੂੰ ਕਿਸੇ ਹੋਰ ਸਮਾਜ ਵਿਚ ਜਾਏਂਗਾ ਤਾਂ ਉਹ ਕਾਇਰਾਂ ਦਾ ਰਾਜ-ਸਮਾਜ ਹੋਵੇਗਾ।

ਤਾ ਤੇ ਬਿਚਾਰ ਕੈ ਆਨਿ ਭਿਰੋ ਕਿਨ ਭਾਜ ਕੈ ਕਾ ਮੁਖੁ ਲੈ ਘਰਿ ਜੈ ਹੈ ॥੧੪੩੭॥

ਇਸ ਲਈ ਵਿਚਾਰ ਕਰ ਅਤੇ ਆ ਕੇ ਯੁੱਧ ਕਰ ਕਿਉਂਕਿ ਭਜ ਕੇ ਕਿਹੜੇ ਮੂੰਹ ਨਾਲ ਘਰ ਜਾਏਂਗਾ ॥੧੪੩੭॥

ਯੌ ਸੁਨਿ ਸੂਰ ਨ ਕੋਊ ਫਿਰਿਯੋ ਰਿਸ ਕੈ ਅਰਿ ਕੈ ਨ੍ਰਿਪ ਪਾਛੈ ਧਯੋ ਹੈ ॥

ਇਹ ਸੁਣ ਕੇ ਕੋਈ ਵੀ ਸੂਰਮਾ (ਭਜਣੋਂ) ਮੁੜਿਆ ਨਹੀਂ ਹੈ, (ਫਿਰ) ਕ੍ਰੋਧਿਤ ਹੋ ਕੇ ਰਾਜਾ ਵੈਰੀਆਂ ਦੇ ਪਿਛੇ ਭਜਿਆ ਹੈ।

ਜਾਦਵ ਭਾਜਤ ਜੈਸੇ ਅਜਾ ਖੜਗੇਸ ਮਨੋ ਮ੍ਰਿਗਰਾਜ ਭਯੋ ਹੈ ॥

ਯਾਦਵ ਬਕਰੀਆਂ ਵਾਂਗ ਭਜੀ ਜਾਂਦੇ ਹਨ ਅਤੇ ਖੜਗ ਸਿੰਘ ਮਾਨੋ (ਉਨ੍ਹਾਂ ਲਈ) ਸ਼ੇਰ ਬਣਿਆ ਹੋਇਆ ਹੋਵੇ।

ਧਾਇ ਮਿਲਿਓ ਮੁਸਲੀਧਰ ਕੋ ਤਨਿ ਕੰਠ ਬਿਖੈ ਧਨੁ ਡਾਰ ਲਯੋ ਹੈ ॥

ਫਿਰ ਭਜ ਕੇ ਬਲਰਾਮ ਨੂੰ ਮਿਲ ਪਿਆ ਹੈ ਅਤੇ ਉਸ ਦੇ ਗਲੇ ਵਿਚ ਧਨੁਸ਼ ਪਾ ਲਿਆ ਹੈ।

ਤਉ ਹਸਿ ਕੈ ਅਪਨੇ ਬਸ ਕੈ ਬਲਦੇਵਹਿ ਕਉ ਤਬ ਛਾਡਿ ਦਯੋ ਹੈ ॥੧੪੩੮॥

ਫਿਰ ਹਸ ਕੇ ਅਤੇ ਆਪਣੇ ਵਸ ਵਿਚ ਕਰ ਕੇ ਬਲਰਾਮ ਨੂੰ ਤਦ ਛਡ ਦਿੱਤਾ ਹੈ ॥੧੪੩੮॥

ਦੋਹਰਾ ॥

ਦੋਹਰਾ:

ਜਬ ਸਬ ਹੀ ਭਟ ਭਾਜ ਕੈ ਗਏ ਸਰਨਿ ਬ੍ਰਿਜ ਰਾਇ ॥

ਜਦੋਂ ਸਾਰੇ ਹੀ ਸੂਰਮੇ ਭਜ ਕੇ ਸ੍ਰੀ ਕ੍ਰਿਸ਼ਨ ਦੀ ਸ਼ਰਨ ਵਿਚ ਗਏ,

ਤਬ ਜਦੁਪਤਿ ਸਬ ਜਾਦਵਨ ਕੀਨੋ ਏਕ ਉਪਾਇ ॥੧੪੩੯॥

ਤਦੋਂ ਸ੍ਰੀ ਕ੍ਰਿਸ਼ਨ ਨੇ ਸਾਰੇ ਯਾਦਵਾਂ ਨਾਲ ਮਿਲ ਕੇ ਇਕ ਉਪਾ ਸੋਚਿਆ ॥੧੪੩੯॥

ਸਵੈਯਾ ॥

ਸਵੈਯਾ:

ਘੇਰਹਿ ਯਾਹਿ ਸਬੈ ਮਿਲਿ ਕੈ ਹਮ ਐਸੇ ਬਿਚਾਰਿ ਸਬੈ ਭਟ ਧਾਏ ॥

ਅਸੀਂ ਸਾਰੇ ਮਿਲ ਕੇ ਉਸ ਨੂੰ ਘੇਰ ਲਈਏ- ਅਜਿਹਾ ਵਿਚਾਰ ਕਰ ਕੇ ਸਾਰੇ ਸੂਰਮੇ ਧਾ ਕੇ ਪੈ ਗਏ ਹਨ।

ਆਗੇ ਕੀਓ ਬ੍ਰਿਜਭੂਖਨ ਕਉ ਸਬ ਪਾਛੇ ਭਏ ਮਨ ਕੋਪੁ ਬਢਾਏ ॥

ਸ੍ਰੀ ਕ੍ਰਿਸ਼ਨ ਨੂੰ ਅਗੇ ਕਰ ਕੇ ਬਾਕੀ ਸਾਰੇ ਕ੍ਰੋਧਿਤ ਹੋ ਕੇ ਪਿਛੇ ਲਗ ਚਲੇ ਹਨ।