ਸ਼੍ਰੀ ਦਸਮ ਗ੍ਰੰਥ

ਅੰਗ - 201


ਪੁਨਿ ਸੈਨ ਸਮਿਤ੍ਰ ਨਰੇਸ ਬਰੰ ॥

ਫਿਰ (ਇਕ) 'ਸਮਿਤ੍ਰ ਸੈਨ' ਨਾਮ ਵਾਲਾ ਸ੍ਰੇਸ਼ਠ ਰਾਜਾ ਹੋਇਆ,

ਜਿਹ ਜੁਧ ਲਯੋ ਮਦ੍ਰ ਦੇਸ ਹਰੰ ॥

ਜਿਸ ਨੇ ਯੁੱਧ ਕਰਕੇ ਮਦਰ ਦੇਸ਼ ਨੂੰ ਜਿੱਤ ਲਿਆ ਸੀ।

ਸੁਮਿਤ੍ਰਾ ਤਿਹ ਧਾਮ ਭਈ ਦੁਹਿਤਾ ॥

ਉਸ ਦੇ ਘਰ 'ਸੁਮਿਤ੍ਰਾ' ਨਾਂ ਦੀ ਕੰਨਿਆ ਪੈਦਾ ਹੋਈ,

ਜਿਹ ਜੀਤ ਲਈ ਸਸ ਸੂਰ ਪ੍ਰਭਾ ॥੧੨॥

ਜਿਸ ਨੇ ਚੰਦ੍ਰਮਾ ਅਤੇ ਸੂਰਜ ਦੀ ਸੁੰਦਰਤਾ ਨੂੰ ਹਰ ਲਿਆ ॥੧੨॥

ਸੋਊ ਬਾਰਿ ਸਬੁਧ ਭਈ ਜਬ ਹੀ ॥

ਉਸ ਬਾਲਿਕਾ ਨੇ ਜਦੋਂ ਹੋਸ਼ ਸੰਭਾਲੀ,

ਅਵਧੇਸਹ ਚੀਨ ਬਰਿਓ ਤਬ ਹੀ ॥

ਤਦੋਂ (ਉਸ ਨੇ ਵੀ) ਮਹਾਰਾਜ ਦਸ਼ਰਥ ਨੂੰ ਪਛਾਣ ਕੇ ਵਰ ਲਿਆ।

ਗਨ ਯਾਹ ਭਯੋ ਕਸਟੁਆਰ ਨ੍ਰਿਪੰ ॥

ਇਹ ਕਥਨ ਕਰਕੇ ਹੁਣ ਕਸ਼ਟੁਆਰ ਰਾਜੇ ਦਾ ਹਾਲ ਕਹਿੰਦੇ ਹਾਂ,

ਜਿਹ ਕੇਕਈ ਧਾਮ ਸੁ ਤਾਸੁ ਪ੍ਰਭੰ ॥੧੩॥

ਜਿਸ ਦੇ ਘਰ ਕੈਕਈ ਨਾਮ ਦੀ ਸੁੰਦਰ ਲੜਕੀ (ਪੈਦਾ ਹੋਈ) ਸੀ ॥੧੩॥

ਇਨ ਤੇ ਗ੍ਰਹ ਮੋ ਸੁਤ ਜਉਨ ਥੀਓ ॥

(ਜਦੋਂ ਦਸ਼ਰਥ ਨੇ ਕੈਕਈ ਨੂੰ ਵਿਆਹੁਣ ਦੀ ਇੱਛਾ ਪ੍ਰਗਟ ਕੀਤੀ ਤਾਂ ਰਾਜੇ ਨੇ ਕਿਹਾ)- ਇਸ ਤੋਂ ਤੇਰੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ (ਉਹੀ ਰਾਜ ਦਾ ਹੱਕਦਾਰ ਹੋਵੇਗਾ)।

ਤਬ ਬੈਠ ਨਰੇਸ ਬਿਚਾਰ ਕੀਓ ॥

ਤਦ ਦਸ਼ਰਥ ਰਾਜੇ ਨੇ (ਇਹ ਗੱਲ ਸੁਣ ਕੇ) ਬੈਠ ਕੇ ਵਿਚਾਰ ਕੀਤਾ।

ਤਬ ਕੇਕਈ ਨਾਰ ਬਿਚਾਰ ਕਰੀ ॥

ਤਦ ਵਿਚਾਰ ਪੂਰਵਕ ਕੈਕਈ ਨੂੰ ਇਸਤਰੀ ਵਜੋਂ ਪਰਨਾ ਲਿਆ,

ਜਿਹ ਤੇ ਸਸਿ ਸੂਰਜ ਸੋਭ ਧਰੀ ॥੧੪॥

ਜਿਸ ਤੋਂ ਚੰਦ੍ਰਮਾ ਤੇ ਸੂਰਜ ਨੇ ਸ਼ੋਭਾ ਧਾਰਨ ਕੀਤੀ ਹੋਈ ਸੀ ॥੧੪॥

ਤਿਹ ਬਯਾਹਤ ਮਾਗ ਲਏ ਦੁ ਬਰੰ ॥

ਕੈਕਈ ਨੇ ਵਿਆਹ ਵੇਲੇ ਦੋ ਵਰ ਮੰਗ ਲਏ,

ਜਿਹ ਤੇ ਅਵਧੇਸ ਕੇ ਪ੍ਰਾਣ ਹਰੰ ॥

ਜਿਨ੍ਹਾਂ ਕਰਕੇ ਦਸ਼ਰਥ ਦੇ ਪ੍ਰਾਣ ਖ਼ਤਮ ਹੋਏ।

ਸਮਝੀ ਨ ਨਰੇਸਰ ਬਾਤ ਹੀਏ ॥

ਮਹਾਰਾਜੇ ਨੇ ਇਹ ਗੱਲ ਹਿਰਦੇ ਵਿੱਚ ਨਾ ਸਮਝੀ

ਤਬ ਹੀ ਤਹ ਕੋ ਬਰ ਦੋਇ ਦੀਏ ॥੧੫॥

ਅਤੇ ਉਸ ਵੇਲੇ ਉਸ ਨੂੰ ਦੋ ਵਰ ਦੇਣੇ ਮੰਨ ਲਏ ॥੧੫॥

ਪੁਨ ਦੇਵ ਅਦੇਵਨ ਜੁਧ ਪਰੋ ॥

ਫਿਰ ਦੇਵਤਿਆਂ ਅਤੇ ਦੈਂਤਾਂ ਵਿੱਚ (ਇਕ ਸਮੇਂ) ਯੁੱਧ ਹੋਇਆ

ਜਹ ਜੁਧ ਘਣੋ ਨ੍ਰਿਪ ਆਪ ਕਰੋ ॥

ਜਿਸ ਵਿੱਚ ਬਹੁਤਾ ਯੁੱਧ ਰਾਜੇ ਨੇ ਆਪ ਕੀਤਾ।

ਹਤ ਸਾਰਥੀ ਸਯੰਦਨ ਨਾਰ ਹਕਿਯੋ ॥

(ਉਸ ਯੁੱਧ ਵਿੱਚ ਰਾਜੇ ਦਾ) ਸਾਰਥੀ ਮਾਰਿਆ ਗਿਆ। (ਤਾਂ ਦਸ਼ਰਥ ਦੀ) ਇਸਤਰੀ ਕੈਕਈ ਨੇ ਰਥ ਨੂੰ (ਆਪ) ਹੱਕਿਆ।

ਯਹ ਕੌਤਕ ਦੇਖ ਨਰੇਸ ਚਕਿਯੋ ॥੧੬॥

ਇਸ ਕੌਤਕ ਨੂੰ ਵੇਖ ਕੇ ਰਾਜਾ ਦਸ਼ਰਥ ਹੈਰਾਨ ਹੋ ਗਿਆ ॥੧੬॥

ਪੁਨ ਰੀਝ ਦਏ ਦੋਊ ਤੀਅ ਬਰੰ ॥

ਫਿਰ ਰਾਜੇ ਨੇ ਪ੍ਰਸੰਨ ਹੋ ਕੇ ਇਸਤਰੀ ਨੂੰ ਦੋ ਵਰ ਦੇ ਦਿੱਤੇ

ਚਿਤ ਮੋ ਸੁ ਬਿਚਾਰ ਕਛੂ ਨ ਕਰੰ ॥

ਅਤੇ ਚਿੱਤ ਵਿੱਚ ਇਨ੍ਹਾਂ ਦੇ ਨਤੀਜੇ ਦਾ ਕੁਝ ਵੀ ਵਿਚਾਰ ਨਾ ਕੀਤਾ।

ਕਹੀ ਨਾਟਕ ਮਧ ਚਰਿਤ੍ਰ ਕਥਾ ॥

(ਇਹ) ਕਥਾ (ਹਨੂਮਾਨ) ਨਾਟਕ ਅਤੇ (ਰਮਾਇਣ ਆਦਿਕ) ਰਾਮ-ਚਰਿਤ੍ਰਾਂ ਵਿੱਚ (ਵਿਸਥਾਰ ਨਾਲ) ਕਹੀ ਗਈ ਹੈ

ਜਯ ਦੀਨ ਸੁਰੇਸ ਨਰੇਸ ਜਥਾ ॥੧੭॥

ਜਿਸ ਤਰ੍ਹਾਂ ਦਸ਼ਰਥ ਰਾਜੇ ਨੇ ਇੰਦਰ ਨੂੰ (ਦੈਂਤਾਂ ਤੋਂ) ਜਿੱਤ ਕੇ ਦਿੱਤੀ ਸੀ ॥੧੭॥

ਅਰਿ ਜੀਤਿ ਅਨੇਕ ਅਨੇਕ ਬਿਧੰ ॥

ਦਸ਼ਰਥ ਨੇ ਅਨੇਕ ਤਰ੍ਹਾਂ ਨਾਲ ਅਨੇਕਾਂ ਵੈਰੀ ਜਿੱਤ ਲਏ

ਸਭ ਕਾਜ ਨਰੇਸ੍ਵਰ ਕੀਨ ਸਿਧੰ ॥

ਅਤੇ ਰਾਜ ਦੇ ਸਾਰੇ ਕੰਮ ਸਿੱਧ ਕਰ ਲਏ।

ਦਿਨ ਰੈਣ ਬਿਹਾਰਤ ਮਧਿ ਬਣੰ ॥

(ਦਸ਼ਰਥ ਮਹਾਰਾਜਾ) ਦਿਨ ਰਾਤ ਜੰਗਲ ਵਿੱਚ ਸ਼ਿਕਾਰ ਲਈ ਵਿਚਰਦਾ ਰਹਿੰਦਾ।

ਜਲ ਲੈਨ ਦਿਜਾਇ ਤਹਾ ਸ੍ਰਵਣੰ ॥੧੮॥

(ਇਕ ਦਿਨ) ਉਥੇ ਸ੍ਰਵਣ ਨਾਮ ਦਾ ਬ੍ਰਾਹਮਣ ਜਲ ਲੈਣ ਲਈ ਆਇਆ ॥੧੮॥

ਪਿਤ ਮਾਤ ਤਜੇ ਦੋਊ ਅੰਧ ਭੂਯੰ ॥

(ਸ੍ਰਵਣ ਨੇ ਆਪਣੇ) ਦੋਹਾਂ ਅੰਨ੍ਹੇ ਮਾਤਾ ਪਿਤਾ ਨੂੰ ਧਰਤੀ ਉੱਤੇ ਛੱਡਿਆ

ਗਹਿ ਪਾਤ੍ਰ ਚਲਿਯੋ ਜਲੁ ਲੈਨ ਸੁਯੰ ॥

ਅਤੇ ਆਪ ਬਰਤਨ ਫੜ ਕੇ ਜਲ ਲੈਣ ਲਈ ਚਲ ਪਿਆ।

ਮੁਨਿ ਨੋ ਦਿਤ ਕਾਲ ਸਿਧਾਰ ਤਹਾ ॥

(ਸ੍ਰਵਣ) ਮੁਨੀ ਕਾਲ ਦਾ ਪ੍ਰੇਰਿਆ ਉਥੇ ਚਲਾ ਗਿਆ,

ਨ੍ਰਿਪ ਬੈਠ ਪਤਊਵਨ ਬਾਧ ਜਹਾ ॥੧੯॥

ਜਿੱਥੇ ਦਸ਼ਰਥ ਰਾਜਾ ਮਚਾਨ ਬੰਨ੍ਹੀ ਬੈਠਾ ਸੀ ॥੧੯॥

ਭਭਕੰਤ ਘਟੰ ਅਤਿ ਨਾਦਿ ਹੁਅੰ ॥

(ਪਾਣੀ ਭਰਨ ਨਾਲ) ਘੜੇ ਤੋਂ ਭਕ-ਭਕ ਦਾ ਨਾਦ ਹੋਇਆ

ਧੁਨਿ ਕਾਨ ਪਰੀ ਅਜ ਰਾਜ ਸੁਅੰ ॥

ਤਾਂ ਅਜ ਰਾਜੇ ਦੇ ਪੁੱਤਰ (ਦਸ਼ਰਥ) ਦੇ ਕੰਨ ਵਿੱਚ (ਉਹ) ਆਵਾਜ਼ ਪਈ।

ਗਹਿ ਪਾਣ ਸੁ ਬਾਣਹਿ ਤਾਨ ਧਨੰ ॥

(ਉਸ ਵੇਲੇ) ਹੱਥ ਵਿੱਚ ਤੀਰ ਫੜ ਕੇ, ਧਨੁਸ਼ ਵਿੱਚ ਖਿੱਚਿਆ

ਮ੍ਰਿਗ ਜਾਣ ਦਿਜੰ ਸਰ ਸੁਧ ਹਨੰ ॥੨੦॥

ਅਤੇ ਹਿਰਨ ਸਮਝ ਕੇ ਬ੍ਰਾਹਮਣ ਨੂੰ ਮਾਰ ਦਿੱਤਾ ॥੨੦॥

ਗਿਰ ਗਯੋ ਸੁ ਲਗੇ ਸਰ ਸੁਧ ਮੁਨੰ ॥

ਤੀਰ ਲਗਦਿਆਂ ਹੀ ਮੁਨੀ ਡਿੱਗ ਪਿਆ।

ਨਿਸਰੀ ਮੁਖ ਤੇ ਹਹਕਾਰ ਧੁਨੰ ॥

(ਉਸ ਦੇ) ਮੂੰਹੋਂ ਹਾਹਾਕਾਰ ਦੀ ਆਵਾਜ਼ ਨਿਕਲੀ।

ਮ੍ਰਿਗਨਾਤ ਕਹਾ ਨ੍ਰਿਪ ਜਾਇ ਲਹੈ ॥

ਹਿਰਨ ਕਿੱਥੇ ਮਰਿਆ ਹੈ। (ਇਹ ਜਾਨਣ ਲਈ) ਰਾਜਾ (ਤਲਾਉ ਦੇ ਦੂਜੇ ਕੰਢੇ) ਗਿਆ

ਦਿਜ ਦੇਖ ਦੋਊ ਕਰ ਦਾਤ ਗਹੈ ॥੨੧॥

ਅਤੇ ਬ੍ਰਾਹਮਣ ਨੂੰ ਵੇਖ ਕੇ (ਰਾਜੇ ਨੇ) ਦੋਵੇਂ ਹੱਥ ਦੰਦਾਂ ਨਾਲ ਦਬਾ ਲਏ। (ਭਾਵ ਰਾਜਾ ਦੁੱਖ ਨਾਲ ਉਦਾਸ ਹੋ ਗਿਆ ॥੨੧॥

ਸਰਵਣ ਬਾਚਿ ॥

ਸ੍ਰਵਣ ਨੇ ਕਿਹਾ:

ਕਛੁ ਪ੍ਰਾਨ ਰਹੇ ਤਿਹ ਮਧ ਤਨੰ ॥

ਸ੍ਰਵਣ ਦੇ ਸਰੀਰ ਵਿੱਚ (ਅਜੇ) ਕੁਝ ਪ੍ਰਾਣ ਰਹਿੰਦੇ ਸਨ।

ਨਿਕਰੰਤ ਕਹਾ ਜੀਅ ਬਿਪ੍ਰ ਨ੍ਰਿਪੰ ॥

ਬ੍ਰਾਹਮਣ (ਦੀ ਦੇਹ ਵਿੱਚੋਂ ਨਿਕਲਦਿਆਂ ਪ੍ਰਾਣਾਂ) ਨੇ ਰਾਜੇ ਨੂੰ ਕਿਹਾ-

ਮੁਰ ਤਾਤ ਰੁ ਮਾਤ ਨ੍ਰਿਚਛ ਪਰੇ ॥

ਮੇਰੇ ਅੰਨ੍ਹੇ (ਨ੍ਰਿਚਛ) ਮਾਤਾ ਪਿਤਾ (ਫਲਾਣੀ ਥਾਂ ਉੱਤੇ) ਪਏ ਹਨ,

ਤਿਹ ਪਾਨ ਪਿਆਇ ਨ੍ਰਿਪਾਧ ਮਰੇ ॥੨੨॥

ਹੇ ਨੀਚ ਰਾਜੇ! ਉਨ੍ਹਾਂ ਨੂੰ ਪਾਣੀ ਪਿਲਾ ਦੇ ॥੨੨॥

ਪਾਧੜੀ ਛੰਦ ॥

ਪਾਧੜੀ ਛੰਦ

ਬਿਨ ਚਛ ਭੂਪ ਦੋਊ ਤਾਤ ਮਾਤ ॥

ਹੇ ਰਾਜਨ! (ਮੇਰੇ) ਦੋਵੇਂ ਮਾਤਾ-ਪਿਤਾ ਅੱਖਾਂ ਤੋਂ ਅੰਨ੍ਹੇ ਹਨ। ਤੈਨੂੰ ਇਹੀ ਗੱਲ ਕਹਿੰਦਾ ਹਾਂ,

ਤਿਨ ਦੇਹ ਪਾਨ ਤੁਹ ਕਹੌਂ ਬਾਤ ॥

(ਤੂੰ) ਉਨ੍ਹਾਂ ਨੂੰ ਜਾ ਕੇ ਪਾਣੀ ਪਿਲਾ ਦੇ।


Flag Counter