ਸੱਤ ਪੁੱਤਰਾਂ ਨੂੰ ਮਾਰ ਕੇ ਫਿਰ ਪਤੀ ਨੂੰ ਸੰਘਾਰਿਆ।
ਫਿਰ ਆਪਣਾ ਸਿਰ ਕਟ ਦਿੱਤਾ।
ਰਾਜੇ ਨੇ ਜਦ ਕੌਤਕ ਵੇਖਿਆ ਤਾਂ ਹੈਰਾਨ ਹੋ ਗਿਆ।
(ਉਸ ਨੇ) ਉਹ ਤਲਵਾਰ ਹੱਥ ਵਿਚ ਪਕੜ ਲਈ ॥੧੨॥
(ਰਾਜੇ ਨੇ ਕਿਹਾ ਕਿ ਇਸ ਇਸਤਰੀ ਨੇ) ਮੇਰੇ ਲਈ (ਪਹਿਲਾਂ) ਸੱਤ ਪੁੱਤਰ ਮਾਰੇ
ਅਤੇ ਫਿਰ ਆਪਣੇ ਨਾਥ ਨੂੰ ਮਾਰ ਦਿੱਤਾ।
ਫਿਰ ਮੇਰੇ ਪਿਆਰ ਲਈ ਆਪਣੀ ਦੇਹ ਵੀ ਕੁਰਬਾਨ ਕਰ ਦਿੱਤੀ।
ਇਸ ਤਰ੍ਹਾਂ ਦਾ ਰਾਜ ਕਰਨਾ ਮੇਰੇ ਲਈ ਧਿੱਕਾਰ ਹੈ ॥੧੩॥
ਉਹੀ ਤਲਵਾਰ (ਉਸ ਨੇ) ਆਪਣੇ ਗਲੇ ਉਤੇ ਧਰ ਲਈ
ਅਤੇ ਆਪਣੇ ਆਪ ਨੂੰ ਮਾਰਨ ਦਾ ਵਿਚਾਰ ਬਣਾਇਆ।
ਤਦ ਭਵਾਨੀ ਨੇ ਉਸ ਉਤੇ ਕ੍ਰਿਪਾ ਕੀਤੀ
ਅਤੇ ਇਸ ਤਰ੍ਹਾਂ ਬਚਨ ਉਚਾਰੇ ॥੧੪॥
ਅੜਿਲ:
(ਹੇ ਰਾਜਨ!) ਇਨ੍ਹਾਂ ਨੂੰ ਜਿਵਾ ਲਵੋ ਅਤੇ ਆਪਣਾ ਬਧ ਨਾ ਕਰੋ।
ਬਹੁਤ ਸਾਲ ਰਾਜ ਕਰੋ ਅਤੇ ਬਹੁਤ ਸਮੇਂ ਤਕ ਜੀਓ।
ਤਦ ਦੁਰਗਾ ਨੇ ਰਾਜੇ ਦੀ ਪ੍ਰੀਤ ਨੂੰ ਵੇਖ ਕੇ
ਖ਼ੁਸ਼ੀ ਖ਼ੁਸ਼ੀ ਸਭ ਨੂੰ ਜੀਵਿਤ ਕਰ ਦਿੱਤਾ ॥੧੫॥
ਚੌਪਈ:
ਇਸ ਪ੍ਰਕਾਰ ਦਾ ਉਸ ਇਸਤਰੀ ਨੇ ਨਿਧੜਕ ਹਠ ਕੀਤਾ।
ਪਤੀ ਅਤੇ ਪੁੱਤਰ ਦੇ ਪ੍ਰਾਣ ਹਰ ਲਏ।
ਫਿਰ ਆਪਣੇ ਆਪ ਨੂੰ ਮਾਰ ਦਿੱਤਾ।
ਰਾਜੇ ਦੇ ਪ੍ਰਾਣ ਬਚਾ ਲਏ ॥੧੬॥
ਦੋਹਰਾ:
ਸਾਰਿਆਂ ਦੀ ਸਤਿਅਤਾ ਵੇਖ ਕੇ ਜਗ ਜਨਨੀ (ਦੇਵੀ) ਨੇ ਪ੍ਰਸੰਨਤਾ ਪੂਰਵਕ
ਉਸ ਇਸਤਰੀ ਨੂੰ ਪਤੀ ਅਤੇ ਸੱਤ ਪੁੱਤਰਾਂ ਸਹਿਤ ਜੀਵਿਤ ਕਰ ਦਿੱਤਾ ॥੧੭॥
ਉਸ ਇਸਤਰੀ ਨੇ ਬਹੁਤ ਔਖਾ ਚਰਿਤ੍ਰ ਕੀਤਾ ਜਿਹੋ ਜਿਹਾ ਕੋਈ ਵੀ ਨਹੀਂ ਕਰ ਸਕਦਾ।
ਚੌਦਾਂ ਲੋਕਾਂ ਵਿਚ ਉਸ ਦੀ ਧੰਨ ਧੰਨ ਹੋਣ ਲਗ ਗਈ ॥੧੮॥
ਚੌਪਈ:
ਮੋਏ ਹੋਏ ਸੱਤ ਪੁੱਤਰ ਜਿਵਾਏ।
ਆਪਣੀ ਦੇਹ ਸਮੇਤ ਪਤੀ ਨੂੰ ਪ੍ਰਾਪਤ ਕੀਤਾ।
ਰਾਜੇ ਦੀ ਆਯੂ ਲੰਬੀ ਹੋ ਗਈ।
ਅਜਿਹਾ ਚਰਿਤ੍ਰ ਕੋਈ ਵੀ ਨਹੀਂ ਕਰ ਸਕਦਾ ॥੧੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੫॥੩੨੭੪॥ ਚਲਦਾ॥
ਦੋਹਰਾ:
ਸੂਰਤ (ਨਗਰ) ਦਾ ਸੁਕ੍ਰਿਤ ਸਿੰਘ ਨਾਂ ਦਾ ਵੱਡਾ ਸੂਰਮਾ ਰਾਜਾ ਸੀ।
ਉਸ ਦੀ ਰਾਣੀ ਜੁਬਨ ਕਲਾ ਸੀ ਜਿਸ ਦੇ ਵੱਡੇ ਨੇਤਰ ਸਨ ॥੧॥
ਚੌਪਈ:
ਉਸ ਦੇ ਘਰ ਇਕ ਪੁੱਤਰ ਪੈਦਾ ਹੋਇਆ।
(ਉਸ ਨੂੰ) ਸੌਂਕਣ ('ਸਵਤਿਨ') ਨੇ ਸਮੁੰਦਰ ਵਿਚ ਸੁਟ ਦਿੱਤਾ।
ਕਿਹਾ ਕਿ ਉਸ ਨੂੰ ਬਘਿਆੜੀ ('ਭਿਰਟੀ') ਲੈ ਗਈ ਹੈ।
ਇਹੀ ਖ਼ਬਰ (ਉਸ ਨੇ) ਰਾਜੇ ਨੂੰ ਵੀ ਕਹਿ ਦਿੱਤੀ ॥੨॥
ਰਾਣੀ ਨੇ ਤਦ ਬਹੁਤ ਦੁਖ ਮਨਾਇਆ
ਅਤੇ ਧਰਤੀ ਨਾਲ ਮੱਥਾ ਮਾਰ ਕੇ ਫੋੜ ਲਿਆ।
ਤਦ ਰਾਜਾ ਉਸ ਦੇ ਮਹੱਲ ਵਿਚ ਆਇਆ
ਅਤੇ ਕਈ ਤਰ੍ਹਾਂ ਨਾਲ ਉਸ ਦੇ ਦੁਖ ਨੂੰ ਦੂਰ ਕੀਤਾ ॥੩॥
(ਰਾਜੇ ਨੇ ਕਿਹਾ) ਕਾਲ ਦੀ ਰੀਤ ਕਿਸੇ ਨੇ ਨਹੀਂ ਸਮਝੀ।
ਉੱਚੇ ਨੀਵੇਂ (ਸਭ) ਦੇ ਸਿਰ ਉਤੇ ਪੈਂਦੀ ਹੈ।
ਕਾਲ ਤੋਂ ਇਕੋ (ਪਰਮਾਤਮਾ) ਹੀ ਬਚਦਾ ਹੈ।