ਸ਼੍ਰੀ ਦਸਮ ਗ੍ਰੰਥ

ਅੰਗ - 91


ਏਕ ਗਏ ਕੁਮਲਾਇ ਪਰਾਇ ਕੈ ਏਕਨ ਕੋ ਧਰਕਿਓ ਤਨਿ ਹੀਆ ॥

(ਇਹ ਵੇਖ ਕੇ) ਇਕ ਤਾਂ ਘਬਰਾ ਕੇ ਨਸ ਗਏ ਹਨ ਅਤੇ ਇਕਨਾਂ ਦੇ ਤਨ ਵਿਚ ਦਿਲ ਧੜਕਨ ਲਗ ਗਿਆ।

ਚੰਡ ਕੇ ਬਾਨ ਕਿਧੋ ਕਰ ਭਾਨਹਿ ਦੇਖਿ ਕੈ ਦੈਤ ਗਈ ਦੁਤਿ ਦੀਆ ॥੧੫੦॥

ਚੰਡੀ ਦੇ ਤੀਰ ਹਨ ਅਥਵਾ ਸੂਰਜ ਦੀਆਂ ਕਿਰਨਾਂ ਹਨ (ਜਿਨ੍ਹਾਂ ਨੂੰ) ਵੇਖ ਕੇ ਦੈਂਤਾਂ ਦੇ ਦੀਵਿਆਂ ਦੀ ਰੌਸ਼ਨੀ ਚਲੀ ਗਈ ਹੈ ॥੧੫੦॥

ਲੈ ਕਰ ਮੈ ਅਸਿ ਕੋਪ ਭਈ ਅਤਿ ਧਾਰ ਮਹਾ ਬਲ ਕੋ ਰਨ ਪਾਰਿਓ ॥

(ਚੰਡੀ ਨੇ) ਹੱਥ ਵਿਚ ਤਲਵਾਰ ਲੈ ਕੇ ਅਤੇ ਕ੍ਰੋਧਵਾਨ ਹੋ ਕੇ ਅਤਿ ਅਧਿਕ ਬਲ ਸਹਿਤ ਘੋਰ ਯੁੱਧ ਮਚਾਇਆ।

ਦਉਰ ਕੈ ਠਉਰ ਹਤੇ ਬਹੁ ਦਾਨਵ ਏਕ ਗਇੰਦ੍ਰ ਬਡੋ ਰਨਿ ਮਾਰਿਓ ॥

ਆਪਣੀ ਥਾਂ ਤੋਂ ਅਗੇ ਵੱਧ ਕੇ ਬਹੁਤੇ ਦੈਂਤਾਂ ਅਤੇ ਇਕ ਵੱਡੇ ਹਾਥੀ ਨੂੰ ਰਣ ਵਿਚ ਮਾਰਿਆ।

ਕਉਤਕਿ ਤਾ ਛਬਿ ਕੋ ਰਨ ਪੇਖਿ ਤਬੈ ਕਬਿ ਇਉ ਮਨ ਮਧਿ ਬਿਚਾਰਿਓ ॥

ਰਣ ਵਿਚ ਉਸ ਕੌਤਕ ਦੇ ਨਜ਼ਾਰੇ ਨੂੰ ਵੇਖ ਕੇ ਤਦ ਕਵੀ ਨੇ ਮਨ ਵਿਚ ਇੰਜ ਵਿਚਾਰਿਆ

ਸਾਗਰ ਬਾਧਨ ਕੇ ਸਮਏ ਨਲ ਮਾਨੋ ਪਹਾਰ ਉਖਾਰ ਕੇ ਡਾਰਿਓ ॥੧੫੧॥

ਮਾਨੋ ਸਮੁੰਦਰ ਨੂੰ ਬੰਨ੍ਹ ਮਾਰਨ ਵੇਲੇ ਨਲ ਨੇ ਪਰਬਤ ਪੁਟ ਕੇ ਸੁਟ ਦਿੱਤਾ ਹੋਵੇ ॥੧੫੧॥

ਦੋਹਰਾ ॥

ਦੋਹਰਾ:

ਮਾਰ ਜਬੈ ਸੈਨਾ ਲਈ ਤਬੈ ਦੈਤ ਇਹ ਕੀਨ ॥

ਜਦੋਂ (ਚੰਡੀ ਨੇ ਦੈਂਤਾਂ ਦੀ) ਫ਼ੌਜ ਮਾਰ ਲਈ, ਤਦੋਂ (ਰਕਤ-ਬੀਜ) ਨੇ ਇਹ ਕੰਮ ਕੀਤਾ

ਸਸਤ੍ਰ ਧਾਰ ਕਰਿ ਚੰਡਿ ਕੇ ਬਧਿਬੇ ਕੋ ਮਨ ਦੀਨ ॥੧੫੨॥

ਕਿ ਸ਼ਸਤ੍ਰ ਧਾਰਨ ਕਰ ਕੇ ਚੰਡੀ ਨੂੰ ਮਾਰਨ ਦਾ (ਖਿਆਲ) ਮਨ ਵਿਚ ਲਿਆਂਦਾ ॥੧੫੨॥

ਸ੍ਵੈਯਾ ॥

ਸ੍ਵੈਯਾ:

ਬਾਹਨਿ ਸਿੰਘ ਭਇਆਨਕ ਰੂਪ ਲਖਿਓ ਸਭ ਦੈਤ ਮਹਾ ਡਰ ਪਾਇਓ ॥

ਸ਼ੇਰ ਦੀ ਸਵਾਰ (ਚੰਡੀ) ਦਾ ਭਿਆਨਕ ਰੂਪ ਵੇਖ ਕੇ ਸਾਰੇ ਦੈਂਤਾਂ ਨੇ ਬਹੁਤ ਡਰ ਮੰਨਿਆ ਹੈ।

ਸੰਖ ਲੀਏ ਕਰਿ ਚਕ੍ਰ ਅਉ ਬਕ੍ਰ ਸਰਾਸਨ ਪਤ੍ਰ ਬਚਿਤ੍ਰ ਬਨਾਇਓ ॥

(ਦੇਵੀ ਨੇ) ਹੱਥ ਵਿਚ ਸੰਖ ਅਤੇ ਚੱਕਰ ਲਿਆ ਹੋਇਆ ਹੈ ਅਤੇ ਟੇਢੀ ਧਨੁਸ਼ ਉਤੇ ਖੰਭਾਂ ਵਾਲਾ ਤੀਰ (ਪਤ੍ਰ) ਬਹੁਤ ਵਿਚਿਤ੍ਰ ਢੰਗ ਨਾਲ ਸਜਾਇਆ ਹੋਇਆ ਹੈ।

ਧਾਇ ਭੁਜਾ ਬਲ ਆਪਨ ਹ੍ਵੈ ਹਮ ਸੋ ਤਿਨ ਯੌ ਅਤਿ ਜੁਧੁ ਮਚਾਇਓ ॥

ਰਕਤ-ਬੀਜ ਕ੍ਰੋਧਵਾਨ ਹੋ ਕੇ ਅਗੇ ਵਧਿਆ ਅਤੇ (ਚੰਡੀ ਨੂੰ) ਇੰਜ ਕਹਿਣ ਲਗਿਆ ਕਿ ਜੇ ਤੇਰੀਆਂ ਭੁਜਾਵਾਂ ਵਿਚ ਬਲ ਹੈ ਤਾਂ ਰਣ ਵਿਚ ਮੇਰੇ ਨਾਲ ਯੁੱਧ ਮਚਾ।

ਕ੍ਰੋਧ ਕੈ ਸ੍ਰਉਣਤ ਬਿੰਦ ਕਹੈ ਰਨਿ ਇਆਹੀ ਤੇ ਚੰਡਿਕਾ ਨਾਮ ਕਹਾਇਓ ॥੧੫੩॥

(ਅਗੋਂ ਚੰਡੀ ਨੇ ਉਤਰ ਦਿੱਤਾ ਕਿ) ਇਸੇ ਕਰ ਕੇ ਤਾਂ (ਮੈਂ ਆਪਣਾ ਨਾਂ) ਚੰਡਿਕਾ ਅਖਵਾਇਆ ਹੈ ॥੧੫੩॥

ਮਾਰਿ ਲਇਓ ਦਲਿ ਅਉਰ ਭਜਿਓ ਤਬ ਕੋਪ ਕੇ ਆਪਨ ਹੀ ਸੁ ਭਿਰਿਓ ਹੈ ॥

(ਜਦੋਂ ਰਕਤ-ਬੀਜ ਦਾ) ਦਲ ਮਾਰਿਆ ਗਿਆ ਅਤੇ (ਬਾਕੀ ਦਾ) ਭਜ ਗਿਆ ਤਦੋਂ ਆਪ ਹੀ ਕ੍ਰੋਧਵਾਨ ਹੋ ਕੇ (ਚੰਡੀ ਨਾਲ) ਯੁੱਧ ਕਰਨ ਲਗਿਆ।

ਚੰਡਿ ਪ੍ਰਚੰਡਿ ਸੋ ਜੁਧੁ ਕਰਿਓ ਅਸਿ ਹਾਥਿ ਛੁਟਿਓ ਮਨ ਨਾਹਿ ਗਿਰਿਓ ਹੈ ॥

(ਉਸ ਨੇ) ਪ੍ਰਚੰਡ ਚੰਡੀ ਨਾਲ ਯੁੱਧ ਕੀਤਾ (ਅਤੇ ਉਸ ਦੇ ਹੱਥੋਂ) ਤਲਵਾਰ ਛੁੱਟ ਗਈ, ਪਰ ਉਸ ਦਾ ਮਨੋਬਲ ਨਾ ਡਿਗਿਆ।

ਲੈ ਕੇ ਕੁਵੰਡ ਕਰੰ ਬਲ ਧਾਰ ਕੈ ਸ੍ਰੋਨ ਸਮੂਹ ਮੈ ਐਸੇ ਤਰਿਓ ਹੈ ॥

ਹੱਥ ਵਿਚ ਧਨੁਸ਼ ਧਾਰਨ ਕਰ ਕੇ ਅਤੇ ਪੂਰੀ ਸ਼ਕਤੀ ਇਕੱਠੀ ਕਰ ਕੇ ਲਹੂ ਦੇ ਸਾਗਰ ਵਿਚ ਇੰਜ ਤਰਿਆ ਹੈ

ਦੇਵ ਅਦੇਵ ਸਮੁੰਦ੍ਰ ਮਥਿਓ ਮਾਨੋ ਮੇਰ ਕੋ ਮਧਿ ਧਰਿਓ ਸੁ ਫਿਰਿਓ ਹੈ ॥੧੫੪॥

ਮਾਨੋ ਦੇਵਤਿਆਂ ਅਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਹੋਵੇ ਅਤੇ ਉਸ ਵਿਚ ਸੁਮੇਰ ਪਰਬਤ ਦੇ ਸਮਾਨ (ਮਧਾਣੇ ਵਾਂਗ ਰਕਤ-ਬੀਜ) ਫਿਰਿਆ ਹੋਵੇ ॥੧੫੪॥

ਕ੍ਰੁਧ ਕੈ ਜੁਧ ਕੇ ਦੈਤ ਬਲੀ ਨਦ ਸ੍ਰੋਨ ਕੋ ਤੈਰ ਕੇ ਪਾਰ ਪਧਾਰਿਓ ॥

ਬਲਵਾਨ ਦੈਂਤ ਨੇ ਕ੍ਰਧਿਤ ਹੋ ਕੇ ਯੁੱਧ ਲਈ ਲਹੂ ('ਸ੍ਰੋਨ') ਦੀ ਨਦੀ ਨੂੰ ਤਰ ਕੇ ਪਾਰ ਕੀਤਾ।

ਲੈ ਕਰਵਾਰ ਅਉ ਢਾਰ ਸੰਭਾਰ ਕੈ ਸਿੰਘ ਕੋ ਦਉਰ ਕੈ ਜਾਇ ਹਕਾਰਿਓ ॥

ਤਲਵਾਰ ਅਤੇ ਢਾਲ ਨੂੰ ਸੰਭਾਲ ਕੇ ਦੌੜਦੇ ਹੋਇਆਂ ਸ਼ੇਰ ਨੂੰ ਜਾ ਲਲਕਾਰਿਆ।

ਆਵਤ ਪੇਖ ਕੈ ਚੰਡਿ ਕੁਵੰਡ ਤੇ ਬਾਨ ਲਗਿਓ ਤਨ ਮੂਰਛ ਪਾਰਿਓ ॥

(ਉਸ ਨੂੰ) ਆਉਂਦਿਆਂ ਵੇਖ ਕੇ ਚੰਡੀ ਨੇ ਧਨੁਸ਼ ਨਾਲ ਤੀਰ (ਸਾਧ ਕੇ ਮਾਰਿਆ ਜਿਸ ਦੇ) ਲਗਦਿਆਂ ਹੀ (ਦੈਂਤ ਦੇ) ਸ਼ਰੀਰ ਨੂੰ ਮੂਰਛਿਤ ਕਰ ਦਿੱਤਾ,

ਰਾਮ ਕੇ ਭ੍ਰਾਤਨ ਜਿਉ ਹਨੂਮਾਨ ਕੋ ਸੈਲ ਸਮੇਤ ਧਰਾ ਪਰ ਡਾਰਿਓ ॥੧੫੫॥

ਜਿਵੇਂ ਰਾਮ ਦੇ ਛੋਟੇ ਭਰਾ (ਭਰਤ) ਨੇ (ਸੰਜੀਵਨੀ ਬੂਟੀ ਵਾਲੇ) ਪਰਬਤ ਸਹਿਤ ਹਨੂਮਾਨ ਨੂੰ ਧਰਤੀ ਉਤੇ ਡਿਗਾ ਦਿੱਤਾ ਸੀ ॥੧੫੫॥

ਫੇਰ ਉਠਿਓ ਕਰਿ ਲੈ ਕਰਵਾਰ ਕੋ ਚੰਡ ਪ੍ਰਚੰਡ ਸਿਉ ਜੁਧ ਕਰਿਓ ਹੈ ॥

ਹੱਥ ਵਿਚ ਤਲਵਾਰ ਲੈ ਕੇ ਫਿਰ ਉਠਿਆ ਅਤੇ ਪ੍ਰਚੰਡ ਚੰਡੀ ਨਾਲ ਯੁੱਧ ਕਰਨਾ ਸ਼ੁਰੂ ਕਰ ਦਿੱਤਾ।

ਘਾਇਲ ਕੈ ਤਨ ਕੇਹਰ ਤੇ ਬਹਿ ਸ੍ਰਉਨ ਸਮੂਹ ਧਰਾਨਿ ਪਰਿਓ ਹੈ ॥

(ਉਸ ਨੇ) ਸ਼ੇਰ ਨੂੰ ਘਾਇਲ ਕਰ ਦਿੱਤਾ ਹੈ ਅਤੇ (ਉਸ ਦੇ ਜ਼ਖ਼ਮ ਤੋਂ) ਬਹੁਤ ਸਾਰਾ ਲਹੂ ਧਰਤੀ ਉਤੇ ਡੁਲ੍ਹ ਗਿਆ।


Flag Counter