ਕਿ ਸ਼ੂਰਵੀਰਾਂ ਦੇ ਟੋਪ ਅਤੇ ਕਵਚ ਟੋਟੇ ਟੋਟੇ ਹੋ ਰਹੇ ਸਨ ॥੧੩੮॥
ਤਲਵਾਰਾਂ ਸੂਰਜ ਦੀ ਤਪਸ਼ ਵਾਂਗ ਇਤਨੀਆਂ ਤਪ ਗਈਆਂ (ਕਿ ਉਨ੍ਹਾਂ ਦੀ ਗਰਮੀ ਨਾਲ)
ਦਰਖ਼ਤਾਂ ਦੇ ਪੱਤਰ ਅਤੇ ਦਰਿਆਵਾਂ ਦਾ ਪਾਣੀ ਸੁਕ ਗਿਆ ॥੧੩੯॥
ਬਿਜਲੀ ਦੀ ਤੇਜ਼ੀ ਵਾਂਗ ਤੀਰਾਂ ਦੀ ਬਰਖਾ ਹੋਈ
ਕਿ ਹਾਥੀ ਵੀ ਟੋਟੇ ਟੋਟੇ ਹੋ ਕੇ ਵੱਖਰੇ ਵੱਖਰੇ ਡਿਗ ਪਏ ॥੧੪੦॥
ਯੁੱਧ-ਭੂਮੀ ਵਿਚ ਹਵਾ ਵਾਂਗ ਇਕ ਵਜ਼ੀਰ ਆਇਆ
ਜਿਸ ਨੇ 'ਮਾਯੰਦਰਾਂ' ਦੀ ਬਣੀ ਹੋਈ ਇਕ ਤਲਵਾਰ ਪਕੜੀ ਹੋਈ ਸੀ ॥੧੪੧॥
ਦੂਜੇ ਪਾਸਿਓਂ ਵਜ਼ੀਰ ਦੀ ਪੁੱਤਰੀ,
ਹਿੰਦੁਸਤਾਨ ਦੀ ਬਣੀ ਹੋਈ ਨੰਗੀ ਤਲਵਾਰ ਲੈ ਕੇ ਆ ਗਈ ॥੧੪੨॥
ਉਨ੍ਹਾਂ ਦੀਆਂ ਤੇਜ਼ ਤਲਵਾਰਾਂ ਇਸ ਤਰ੍ਹਾਂ ਚਮਕਣ ਲਗੀਆਂ,
ਜਿਨ੍ਹਾਂ ਨੂੰ ਵੇਖ ਕੇ ਵੈਰੀਆਂ ਦਾ ਦਿਲ ਟੋਟੇ ਟੋਟੇ ਹੋਣ ਲਗਾ ॥੧੪੩॥
(ਉਸ ਲੜਕੀ ਨੇ) ਵੈਰੀ ਦੇ ਘੋੜੇ ਉਤੇ ਇਕ ਅਜਿਹੀ ਤਲਵਾਰ ਮਾਰੀ
ਕਿ ਉਸ ਦਾ ਸਿਰ ਉੱਚੇ ਪਹਾੜ ਵਾਂਗ ਧਰਤੀ ਉਤੇ ਡਿਗ ਪਿਆ ॥੧੪੪॥
ਉਸ ਨੇ ਦੂਜੀ ਤਲਵਾਰ ਮਾਰੀ ਅਤੇ ਵਜ਼ੀਰ ਨੂੰ ਅੱਧਾ ਕਰ ਦਿੱਤਾ
ਅਤੇ (ਉਹ) ਵੱਡੀ ਅਟਾਰੀ ਵਾਂਗ ਧਰਤੀ ਉਤੇ ਡਿਗ ਪਿਆ ॥੧੪੫॥
ਫਿਰ ਇਕ ਹੋਰ ਮਰਦ (ਸੂਰਮਾ) ਉਕਾਬ ਵਾਂਗ ਆ ਪਿਆ।
ਉਸ ਨੂੰ ਤਲਵਾਰ ਮਾਰ ਕੇ (ਲੜਕੀ ਨੇ) ਖ਼ਤਮ ਕਰ ਦਿੱਤਾ ॥੧੪੬॥
ਪਹਿਲੇ ਵਜ਼ੀਰ ਨੂੰ ਮਾਰ ਕੇ ਉਸ ਨੂੰ ਰਾਹਤ ਮਹਿਸੂਸ ਹੋਈ
ਅਤੇ ਦੂਜੇ ਨੂੰ ਮਾਰ ਕੇ ਮਿਹਨਤ ਕਾਮਯਾਬ ਹੋ ਗਈ। (ਹੁਣ) ਤੀਜਾ ਹਮਲਾ ਕਰ ਕੇ ਆ ਪਿਆ ॥੧੪੭॥
ਤੀਜਾ ਸੂਰਮਾ ਲਹੂ ਨਾਲ ਲਿਬੜਿਆ ਹੋਇਆ ਆਇਆ
ਜਿਵੇਂ ਨਰਕ ਦੀ ਦਹਲੀਜ਼ (ਮੁਹਾਠ) ਵਿਚੋਂ ਬਾਹਰ ਆਇਆ ਹੋਵੇ ॥੧੪੮॥
ਉਸ (ਲੜਕੀ) ਨੇ (ਉਸ ਨੂੰ) ਮਾਰ ਕੇ ਦੋ ਟੋਟੇ ਕਰ ਦਿੱਤਾ,
ਜਿਵੇਂ ਵੱਡਾ ਸ਼ੇਰ ਵੱਡੀ ਨੀਲ ਗਾਂ ਨੂੰ ਮਾਰ ਦਿੰਦਾ ਹੈ ॥੧੪੯॥
ਚੌਥਾ ਸੂਰਮਾ ਸ਼ੇਰ ਵਾਂਗ ਹਲਾ ਕਰ ਕੇ ਆ ਪਿਆ,
ਜਿਵੇਂ ਚਿਤਰਾ ਨੀਲ ਗਾਂ ਦੇ ਬੱਚੇ ਉਤੇ ਝਪਟਾ ਮਾਰਦਾ ਹੈ ॥੧੫੦॥
ਵਜ਼ੀਰ ਦੀ ਲੜਕੀ ਨੇ ਉਸ ਨੂੰ ਇਸ ਤਰ੍ਹਾਂ ਤਲਵਾਰ ਮਾਰੀ
ਕਿ ਉਹ ਘੋੜੇ ਦੀ ਪਿਠ ਉਤੋਂ ਧਰਤੀ ਉਤੇ ਡਿਗ ਪਿਆ ॥੧੫੧॥
ਪੰਜਵਾਂ ਸੂਰਮਾ ਵੱਡੇ ਦੇਓ ਵਾਂਗ ਆ ਕੇ ਪਿਆ।
ਉਸ ਨੂੰ ਰੱਬ ਦੇ ਹੁਕਮ ਨਾਲ ਇਕੋ ਵਾਰ ਨਾਲ ਜ਼ਖ਼ਮੀ ਕਰ ਦਿੱਤਾ ॥੧੫੨॥
ਉਸ ਨੂੰ ਸੁੰਦਰੀ ਨੇ ਅਜਿਹੀ ਤਲਵਾਰ ਮਾਰੀ
ਕਿ ਸਿਰ ਤੋਂ ਪੈਰਾਂ ਤਕ ਚੀਰਦੀ ਹੋਈ ਘੋੜੇ ਦੇ ਤੰਗ ਤਕ ਪਹੁੰਚ ਗਈ ॥੧੫੩॥
ਮਸਤੇ ਹੋਏ ਦੇਓ ਵਾਂਗ ਛੇਵਾਂ ਸੂਰਮਾਂ ਇਸ ਤਰ੍ਹਾਂ ਆਇਆ,
ਜਿਵੇਂ ਕਮਾਨ ਦੇ ਚਿਲੇ ਵਿਚੋਂ ਤੀਰ ਨਿਕਲਦਾ ਹੈ ॥੧੫੪॥
ਉਸ ਨੂੰ ਸੁੰਦਰੀ ਨੇ ਤਲਵਾਰ ਮਾਰੀ ਅਤੇ ਉਹ ਦੋ ਟੁਕੜੇ ਹੋ ਗਿਆ।
ਉਸ ਨੂੰ ਵੇਖ ਕੇ ਹੋਰ ਸੂਰਮੇ ਭੈ-ਭੀਤ ਹੋ ਗਏ ॥੧੫੫॥
ਇਸ ਤਰ੍ਹਾਂ ਉਸ ਨੇ ਗਿਣਤੀ ਵਿਚ ਸੱਤ ਸੂਰਮੇ
ਜੰਗ ਵਿਚ ਤਲਵਾਰ ਉਤੇ ਲਟਕਾ ਦਿੱਤੇ ॥੧੫੬॥
ਇਸ ਤੋਂ ਬਾਦ ਹੋਰ ਕੋਈ ਸੂਰਮਾ ਜੰਗ ਕਰਨ ਦੀ ਇੱਛਾ ਨਾਲ ਨਾ ਆਇਆ।
ਵੱਡੇ ਤਕੜੇ ਸੂਰਮੇ ਜੰਗ ਦੇ ਮੈਦਾਨ ਵਿਚ ਨਾ ਨਿਤਰੇ ॥੧੫੭॥
ਫਿਰ ਮਾਯੰਦਰਾਂ ਦਾ ਬਾਦਸ਼ਾਹ ਖ਼ੁਦ ਜੰਗ ਵਿਚ ਆਇਆ।
(ਉਸ ਦੇ ਆਣ ਨਾਲ) ਸੂਰਮਿਆਂ ਦਾ ਦਿਲ ਕ੍ਰੋਧ ਨਾਲ ਭਖ ਗਿਆ ॥੧੫੮॥
ਜਦ ਉਸ ਦੇ ਘੋੜੇ ਨੇ ਇਧਰ ਉਧਰ ਕੁਦਾੜੀਆਂ ਮਾਰੀਆਂ
ਤਾਂ ਧਰਤੀ ਅਤੇ ਆਕਾਸ਼ ਚਕਰਾ ਗਏ ॥੧੫੯॥
ਉਸ ਵੇਲੇ ਧਰਤੀ ਅਤੇ ਆਕਾਸ਼ ਚਮਕਣ ਲਗ ਗਏ,
ਜਦੋਂ ਹਿੰਦੁਸਤਾਨ ਅਤੇ ਯਮਨ ਦੀਆਂ ਬਣੀਆਂ ਹੋਈਆਂ ਤਲਵਾਰਾਂ ਲਿਸ਼ਕੀਆਂ ॥੧੬੦॥
ਕਮਾਨਾਂ ਅਤੇ ਕਮੰਦਾਂ ਦੀ ਆਹਮੋ ਸਾਹਮਣੇ ਲੜਾਈ ਹੋਈ
ਅਤੇ ਗੁਰਜਾਂ ਦੇ ਵਜਣ ਨਾਲ ਸੂਰਮੇ 'ਹਾਇ ਹਾਇ' ਕਰਨ ਲਗੇ ॥੧੬੧॥
ਤੀਰਾਂ ਅਤੇ ਬੰਦੂਕਾਂ ਦੇ ਚਲਣ ਦੀ 'ਕਾੜ ਕਾੜ' ਦੀ ਆਵਾਜ਼ ਹੋਣ ਲਗੀ