ਸ਼੍ਰੀ ਦਸਮ ਗ੍ਰੰਥ

ਅੰਗ - 363


ਸੋਰਠਿ ਸੁਧ ਮਲਾਰ ਬਿਲਾਵਲ ਸ੍ਯਾਮ ਕਹੈ ਨੰਦ ਲਾਲ ਰਿਝਾਵੈ ॥

(ਕਵੀ) ਸ਼ਿਆਮ ਕਹਿੰਦੇ ਹਨ, ਸੋਰਠ, ਸ਼ੁੱਧ ਮਲ੍ਹਾਰ, ਬਿਲਾਵਲ (ਆਦਿਕ ਰਾਗ ਗਾ ਕੇ ਉਨ੍ਹਾਂ ਨੂੰ) ਕ੍ਰਿਸ਼ਨ ਪ੍ਰਸੰਨ ਕਰ ਰਿਹਾ ਹੈ।

ਅਉਰ ਕੀ ਬਾਤ ਕਹਾ ਕਹੀਯੇ ਸੁਰ ਤ੍ਯਾਗਿ ਸਭੈ ਸੁਰ ਮੰਡਲ ਆਵੈ ॥੬੮੬॥

ਹੋਰ ਕਿਸੇ ਦੀ ਕੀ ਗੱਲ ਕਰੀਏ, ਦੇਵ-ਮੰਡਲ ਨੂੰ ਛਡ ਕੇ ਸਾਰੇ ਦੇਵਤੇ ਆ ਰਹੇ ਹਨ ॥੬੮੬॥

ਰਾਧੇ ਬਾਚ ਪ੍ਰਤਿ ਉਤਰ ॥

ਰਾਧਾ ਨੇ ਪ੍ਰਤਿ ਉਤਰ ਵਜੋਂ ਕਿਹਾ:

ਸਵੈਯਾ ॥

ਸਵੈਯਾ:

ਮੈ ਨ ਚਲੋ ਸਜਨੀ ਹਰਿ ਪੈ ਜੁ ਚਲੋ ਤਬ ਮੋਹਿ ਬ੍ਰਿਜਨਾਥ ਦੁਹਾਈ ॥

ਹੇ ਸਜਨੀ! ਮੈਂ ਕ੍ਰਿਸ਼ਨ ਪਾਸ ਨਹੀਂ ਜਾਵਾਂਗੀ। ਜੇ ਜਾਵਾਂ ਤਾਂ ਮੈਨੂੰ ਕ੍ਰਿਸ਼ਨ ਦੀ ਸੌਂਹ ਲਗੇ।

ਮੋ ਸੰਗ ਪ੍ਰੀਤਿ ਤਜੀ ਜਦੁਨੰਦਨ ਚੰਦ੍ਰਭਗਾ ਸੰਗਿ ਪ੍ਰੀਤਿ ਲਗਾਈ ॥

(ਕਿਉਂਕਿ) ਮੇਰੇ ਨਾਲ ਕ੍ਰਿਸ਼ਨ ਨੇ ਪ੍ਰੀਤ ਛਡ ਦਿੱਤੀ ਹੈ ਅਤੇ ਚੰਦ੍ਰਭਗਾ ਨਾਲ ਪ੍ਰੀਤ ਲਗਾ ਲਈ ਹੈ।

ਸ੍ਯਾਮ ਕੀ ਪ੍ਰੀਤਿ ਮਹਾ ਤੁਮ ਸੌ ਤਜਿ ਮਾਨ ਹਹਾ ਰੀ ਚਲੋ ਦੁਚਿਤਾਈ ॥

(ਉੱਤਰ ਵਿਚ ਬਿੱਜਛਟਾ ਨੇ ਕਿਹਾ) ਤੇਰੇ ਨਾਲ ਕ੍ਰਿਸ਼ਨ ਦੀ ਬਹੁਤ ਅਧਿਕ ਪ੍ਰੀਤ ਹੈ। ਹਾਇ ਨੀ! ਤੂੰ 'ਮਾਣ' ਅਤੇ ਦੁਬਿਧਾ ਛਡ (ਅਤੇ ਮੇਰੇ ਨਾਲ) ਚਲ।

ਤੇਰੇ ਬਿਨਾ ਨਹੀ ਖੇਲਤ ਹੈ ਕਹਿਯੋ ਖੇਲਹੁ ਜਾਹੂੰ ਸੋ ਪ੍ਰੀਤਿ ਲਗਾਈ ॥੬੮੭॥

(ਉਹ) ਤੇਰੇ ਬਿਨਾ ਖੇਡਦਾ ਨਹੀਂ। (ਰਾਧਾ ਨੇ ਅਗੋਂ) ਕਿਹਾ, (ਉਸ ਨਾਲ) ਖੇਡੇ ਜਿਸ ਨਾਲ ਪ੍ਰੀਤ ਲਗਾਈ ਹੋਈ ਹੈ ॥੬੮੭॥

ਦੂਤੀ ਵਾਚ ॥

ਦੂਤੀ ਨੇ ਕਿਹਾ:

ਸਵੈਯਾ ॥

ਸਵੈਯਾ:

ਪਾਇ ਪਰੋ ਤੁਮਰੇ ਸਜਨੀ ਅਤਿ ਹੀ ਮਨ ਭੀਤਰ ਮਾਨੁ ਨ ਕਈਯੈ ॥

ਹੇ ਸਜਨੀ! ਮੈਂ ਤੇਰੇ ਪੈਰੀਂ ਪੈਂਦੀ ਹਾਂ, (ਪਰ) ਮਨ ਵਿਚ ਇਤਨਾ ਜ਼ਿਆਦਾ ਰੋਸਾ ਨਹੀਂ ਕਰਨਾ ਚਾਹੀਦਾ।

ਸ੍ਯਾਮ ਬੁਲਾਵਤ ਹੈ ਸੁ ਜਹਾ ਉਠ ਕੈ ਤਿਹ ਠਉਰ ਬਿਖੈ ਚਲਿ ਜਈਯੈ ॥

ਜਿਥੇ ਕ੍ਰਿਸ਼ਨ ਬੁਲਾਉਂਦਾ ਹੈ, ਉਸ ਥਾਂ ਤੇ ਉਠ ਕੇ ਚਲੇ ਜਾਣਾ ਚਾਹੀਦਾ ਹੈ।

ਨਾਚਤ ਹੈ ਜਿਮ ਗ੍ਵਾਰਨਿਆ ਨਚੀਯੈ ਤਿਮ ਅਉ ਤਿਹ ਭਾਤਿ ਹੀ ਗਈਯੈ ॥

ਜਿਵੇਂ (ਹੋਰ) ਗੋਪੀਆਂ ਨਚਦੀਆਂ ਹਨ, ਉਸੇ ਤਰ੍ਹਾਂ (ਤੈਨੂੰ) ਨਚਣਾ ਚਾਹੀਦਾ ਹੈ ਅਤੇ ਉਸੇ ਤਰ੍ਹਾਂ ਹੀ ਗਾਉਣਾ ਚਾਹੀਦਾ ਹੈ।

ਅਉਰ ਅਨੇਕਿਕ ਬਾਤ ਕਰੋ ਪਰ ਰਾਧੇ ਬਲਾਇ ਲਿਉ ਸਉਹ ਨ ਖਈਯੈ ॥੬੮੮॥

ਹੇ ਰਾਧਾ! (ਮੈਂ ਤੇਰੇ ਤੋਂ) ਸਦਕੇ ਜਾਵਾਂ, (ਭਾਵੇਂ) ਹੋਰ ਅਨੇਕਾਂ ਗੱਲਾਂ ਕਰੀਏ ਪਰ ਸੌਂਹ ਨਹੀਂ ਖਾਣੀ ਚਾਹੀਦੀ ॥੬੮੮॥

ਰਾਧੇ ਬਾਚ ॥

ਰਾਧਾ ਨੇ ਕਿਹਾ:

ਸਵੈਯਾ ॥

ਸਵੈਯਾ:

ਜੈਹਉ ਨ ਹਉ ਸੁਨ ਰੀ ਸਜਨੀ ਤੁਹਿ ਸੀ ਹਰਿ ਗ੍ਵਾਰਨਿ ਕੋਟਿ ਪਠਾਵੈ ॥

ਹੇ ਸਜਨੀ! ਸੁਣ, ਮੈਂ ਨਹੀਂ ਜਾਵਾਂਗੀ, (ਭਾਵੇਂ) ਤੇਰੇ ਵਰਗੀਆਂ ਕਰੋੜਾਂ ਗੋਪੀਆਂ ਨੂੰ ਕ੍ਰਿਸ਼ਨ ਭੇਜੇ।

ਬੰਸੀ ਬਜਾਵੈ ਤਹਾ ਤੁ ਕਹਾ ਅਰੁ ਆਪ ਕਹਾ ਭਯੋ ਮੰਗਲ ਗਾਵੈ ॥

(ਜੇ) ਬੰਸਰੀ ਵਜਾਉਂਦਾ ਹੈ ਤਾਂ ਕੀ ਹੋਇਆ; (ਅਤੇ ਜੇ) ਆਪ ਮੰਗਲਮਈ (ਗੀਤ) ਗਾਉਂਦਾ ਹੈ, ਤਾਂ ਵੀ ਕੀ ਹੋਇਆ।

ਮੈ ਨ ਚਲੋ ਤਿਹ ਠਉਰ ਬਿਖੈ ਬ੍ਰਹਮਾ ਹਮ ਕੋ ਕਹਿਯੋ ਆਨਿ ਸੁਨਾਵੈ ॥

ਮੈਂ ਉਸ ਸਥਾਨ ਉਤੇ ਨਹੀਂ ਚਲਾਂਗੀ (ਭਾਵੇਂ) ਬ੍ਰਹਮਾ ਹੀ ਮੈਨੂੰ (ਉਸ ਦਾ) ਸੰਦੇਸ਼ ਲਿਆ ਕੇ (ਕਿਉਂ ਨ) ਸੁਣਾਵੇ।

ਅਉਰ ਸਖੀ ਕੀ ਕਹਾ ਗਨਤੀ ਨਹੀ ਜਾਉ ਰੀ ਜਉ ਹਰਿ ਆਪਨ ਆਵੈ ॥੬੮੯॥

ਹੇ ਸਜਨੀ! ਹੋਰ ਕਿਸੇ ਦੀ ਕੀ ਗਿਣਤੀ, (ਜੇ) ਕ੍ਰਿਸ਼ਨ ਆਪ ਵੀ (ਮੈਨੂੰ ਬੁਲਾਉਣ) ਆ ਜਾਵੇ (ਤਾਂ ਵੀ) ਨਹੀਂ ਜਾਵਾਂਗੀ ॥੬੮੯॥

ਦੂਤੀ ਬਾਚ ਰਾਧੇ ਸੋ ॥

ਦੂਤੀ ਨੇ ਰਾਧਾ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਕਾਹੇ ਕੋ ਮਾਨ ਕਰੈ ਸੁਨ ਗ੍ਵਾਰਿਨ ਸ੍ਯਾਮ ਕਹੈ ਉਠ ਕੈ ਕਰ ਸੋਊ ॥

ਹੇ ਰਾਧਾ ('ਗ੍ਵਾਰਨਿ!) ਸੁਣ, ਕਿਸ ਵਾਸਤੇ ਰੋਸਾ ਕਰਦੀ ਹੈਂ; (ਜੋ) ਕ੍ਰਿਸ਼ਨ ਕਹਿੰਦਾ ਹੈ, ਉਠ ਕੇ ਓਹੀ (ਕੰਮ) ਕਰ।

ਜਾ ਕੇ ਕੀਏ ਹਰਿ ਹੋਇ ਖੁਸੀ ਸੁਨਿਯੈ ਬਲ ਕਾਜ ਕਰੋ ਅਬ ਜੋਊ ॥

(ਹੇ ਸਖੀ!) ਸੁਣ, ਬਲਿਹਾਰੀ ਜਾਵਾਂ, ਹੁਣ ਓਹੀ ਕੰਮ ਕਰ ਜਿਸ ਦੇ ਕਰਨ ਨਾਲ ਸ੍ਰੀ ਕ੍ਰਿਸ਼ਨ ਖੁਸ਼ ਹੋਵੇ।

ਤਉ ਤੁਹਿ ਬੋਲਿ ਪਠਾਵਤ ਹੈ ਜਬ ਪ੍ਰੀਤਿ ਲਗੀ ਤੁਮ ਸੋ ਤਬ ਓਊ ॥

ਤਦੇ ਹੀ (ਉਹ) ਤੈਨੂੰ (ਬਾਰ ਬਾਰ) ਬੁਲਾ ਭੇਜਦਾ ਹੈ, ਜਦ ਉਸ ਦੀ ਤੇਰੇ ਨਾਲ ਪ੍ਰੀਤ ਲਗੀ ਹੋਈ ਹੈ।

ਨਾਤਰ ਰਾਸ ਬਿਖੈ ਸੁਨ ਰੀ ਤੁਹਿ ਸੀ ਨਹਿ ਗ੍ਵਾਰਿਨ ਸੁੰਦਰ ਕੋਊ ॥੬੯੦॥

ਨਹੀਂ ਤਾਂ ਸੁਣ ਨੀ! (ਕੀ) ਰਾਸ ਵਿਚ ਤੇਰੇ ਵਰਗੀ ਸੁੰਦਰ ਹੋਰ ਕੋਈ ਗੋਪੀ ਨਹੀਂ ਹੈ ॥੬੯੦॥

ਸੰਗ ਤੇਰੇ ਹੀ ਪ੍ਰੀਤਿ ਘਨੀ ਹਰਿ ਕੀ ਸਭ ਜਾਨਤ ਹੈ ਕਛੂ ਨਾਹਿ ਨਈ ॥

ਤੇਰੇ ਨਾਲ ਹੀ ਸ੍ਰੀ ਕ੍ਰਿਸ਼ਨ ਦੀ ਨਿਘੀ ਪ੍ਰੀਤ ਹੈ, (ਇਹ ਭੇਦ) ਸਭ ਜਾਣਦੇ ਹਨ, ਕੋਈ ਨਵੀਂ ਗੱਲ ਨਹੀਂ।

ਜਿਹ ਕੀ ਮੁਖ ਉਪਮ ਚੰਦ੍ਰ ਪ੍ਰਭਾ ਜਿਹ ਕੀ ਤਨ ਭਾ ਮਨੋ ਰੂਪਮਈ ॥

ਜਿਸ ਦੇ ਮੁਖ ਦੀ ਸ਼ੋਭਾ ਚੰਦ੍ਰਮਾ ਦੇ ਸਮਾਨ ਹੈ ਅਤੇ ਜਿਸ ਦੇ ਸ਼ਰੀਰ ਦੀ ਚਮਕ ਮਾਨੋ ਰੂਪਮਈ ਹੈ।

ਤਿਹ ਸੰਗ ਕੋ ਤ੍ਯਾਗਿ ਸੁਨੋ ਸਜਨੀ ਗ੍ਰਿਹ ਕੀ ਉਠ ਕੈ ਤੁਹਿ ਬਾਟ ਲਈ ॥

ਹੇ ਸਜਨੀ! ਸੁਣ, ਉਸ ਦਾ ਸੰਗ ਛਡ ਕੇ, ਤੂੰ ਉਠ ਕੇ ਘਰ ਦੇ ਰਾਹੇ ਪੈ ਗਈ ਹੈਂ।

ਬ੍ਰਿਜਨਾਥ ਕੇ ਸੰਗ ਸਖੀ ਬਹੁ ਤੇਰੀ ਰੀ ਤੋ ਸੀ ਗੁਵਾਰਿ ਭਈ ਨ ਭਈ ॥੬੯੧॥

ਕ੍ਰਿਸ਼ਨ ਨਾਲ ਬਥੇਰੀਆਂ ਸਖੀਆਂ ਹਨ, ਨੀ! ਤੇਰੇ ਵਰਗੀ ਮੂਰਖ ਹੋਈ, ਨਾ ਹੋਈ (ਇਕੋ ਗੱਲ ਹੈ) ॥੬੯੧॥

ਕਬਿਯੋ ਬਾਚ ॥

ਕਵੀ ਕਹਿੰਦੇ ਹਨ:

ਸਵੈਯਾ ॥

ਸਵੈਯਾ:

ਸੁਨ ਕੈ ਇਹ ਗ੍ਵਾਰਿਨ ਕੀ ਬਤੀਯਾ ਬ੍ਰਿਖਭਾਨ ਸੁਤਾ ਮਨਿ ਕੋਪ ਭਈ ਹੈ ॥

ਗੋਪੀ (ਬਿੱਜਛਟਾ) ਦੀ ਇਹ ਗੱਲ ਸੁਣ ਕੇ ਰਾਧਾ ਮਨ ਵਿਚ ਕ੍ਰੋਧਿਤ ਹੋ ਗਈ। (ਕਹਿਣ ਲਗੀ) ਨੀ ਤੀਵੀਏਂ!

ਕਾਨ੍ਰਹ ਬਿਨਾ ਪਠਏ ਰੀ ਤ੍ਰੀਯਾ ਹਮਰੇ ਉਨ ਕੇ ਉਠਿ ਬੀਚ ਪਈ ਹੈ ॥

(ਤੂੰ) ਕਾਨ੍ਹ ਦੇ ਭੇਜੇ ਬਿਨਾ, ਮੇਰੇ ਅਤੇ ਉਸ ਦੇ ਵਿਚਾਲੇ ਉਠ ਕੇ ਆ ਡਟੀ ਹੈਂ (ਅਰਥਾਤ ਵਿਚੋਲਣ ਬਣ ਗਈ ਹੈਂ)।

ਆਈ ਮਨਾਵਨ ਹੈ ਹਮ ਕੋ ਸੁ ਕਹੀ ਬਤੀਯਾ ਜੁ ਨਹੀ ਰੁਚਈ ਹੈ ॥

ਤੂੰ ਮੈਨੂੰ ਮਨਾਉਣ ਆਈ ਹੈਂ ਅਤੇ ਉਹ ਗੱਲਾਂ ਕਹਿੰਦੀ ਹੈਂ ਜੋ (ਮੈਨੂੰ) ਚੰਗੀਆਂ ਨਹੀਂ ਲਗਦੀਆਂ ਹਨ।

ਕੋਪ ਕੈ ਉਤਰ ਦੇਤ ਭਈ ਚਲ ਰੀ ਚਲ ਤੂ ਕਿਨਿ ਬੀਚ ਦਈ ਹੈ ॥੬੯੨॥

ਗੁੱਸੇ ਨਾਲ ਭਰ ਕੇ ਉੱਤਰ ਦੇਣ ਲਗੀ, ਜਾ, ਨੀ ਜਾ! ਤੈਨੂੰ ਕਿਸ ਨੇ ਵਿਚੋਲਗੀ ਦਿੱਤੀ ਹੈ ॥੬੯੨॥

ਦੂਤੀ ਬਾਚ ਕਾਨ੍ਰਹ ਸੋ ॥

ਦੂਤੀ ਨੇ ਕਾਨ੍ਹ ਨੂੰ ਕਿਹਾ:

ਸਵੈਯਾ ॥

ਸਵੈਯਾ:

ਕੋਪ ਕੈ ਉਤਰ ਦੇਤ ਭਈ ਇਨ ਆਇ ਕਹਿਯੋ ਫਿਰਿ ਸੰਗ ਸੁਜਾਨੈ ॥

(ਜਦ ਰਾਧਾ ਨੇ) ਕ੍ਰੋਧਿਤ ਹੋ ਕੇ ਉੱਤਰ ਦਿੱਤਾ, (ਤਾਂ) ਫਿਰ ਇਸ (ਬਿੱਜਛਟਾ) ਨੇ ਆ ਕੇ ਸ੍ਰੀ ਕ੍ਰਿਸ਼ਨ ('ਸੁਜਾਨੈ') ਪਾਸ ਕਹਿ ਦਿੱਤਾ।

ਬੈਠ ਰਹੀ ਹਠ ਮਾਨਿ ਤ੍ਰੀਯਾ ਹਉ ਮਨਾਇ ਰਹੀ ਜੜ ਕਿਉ ਹੂੰ ਨ ਮਾਨੈ ॥

(ਉਹ) ਇਸਤਰੀ ਰੁਸ ਕੇ ਹਠ ਪੂਰਵਕ (ਘਰ) ਬੈਠ ਗਈ ਹੈ; ਮੈਂ ਮਨਾ ਥਕੀ, (ਪਰ ਉਹ) ਮੂਰਖ ਕਿਸੇ ਤਰ੍ਹਾਂ ਨਹੀਂ ਮੰਨਦੀ।

ਸਾਮ ਦੀਏ ਨ ਮਨੈ ਨਹੀ ਦੰਡ ਮਨੈ ਨਹੀ ਭੇਦ ਦੀਏ ਅਰੁ ਦਾਨੈ ॥

ਉਹ ਬੇਨਤੀ ਕਰਨ ਤੇ ਨਹੀਂ ਮੰਨੀ ਅਤੇ ਦੰਡ ਦਿੱਤਿਆਂ ਵੀ ਨਹੀਂ ਮੰਨਦੀ ਅਤੇ ਨਾ ਹੀ ਭੇਦ ਅਤੇ ਦਾਨ ਦੇਣ (ਦੀਆਂ ਵਿਧੀਆਂ ਨਾਲ ਵੀ) ਮੰਨੇਗੀ।

ਐਸੀ ਗੁਵਾਰਿ ਸੋ ਹੇਤ ਕਹਾ ਤੁਮਰੀ ਜੋਊ ਪ੍ਰੀਤਿ ਕੋ ਰੰਗ ਨ ਜਾਨੈ ॥੬੯੩॥

ਅਜਿਹੀ ਮੂਰਖ ਨਾਲ ਪ੍ਰੇਮ ਕਰਨਾ ਕਿਸ ਕੰਮ, ਜੋ ਤੇਰੀ ਪ੍ਰੀਤ ਦੇ ਰੰਗ ਨੂੰ ਜਾਣਦੀ ਹੀ ਨਹੀਂ ਹੈ ॥੬੯੩॥

ਮੈਨਪ੍ਰਭਾ ਬਾਚ ਕਾਨ੍ਰਹ ਜੂ ਸੋ ॥

ਮੈਨਪ੍ਰਭਾ (ਨਾਂ ਦੀ ਗੋਪੀ) ਨੇ ਕ੍ਰਿਸ਼ਨ ਜੀ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਮੈਨਪ੍ਰਭਾ ਹਰਿ ਪਾਸ ਹੁਤੀ ਸੁਨ ਕੈ ਬਤੀਯਾ ਤਬ ਬੋਲਿ ਉਠੀ ਹੈ ॥

ਮੈਨਪ੍ਰਭਾ (ਨਾਂ ਦੀ ਗੋਪੀ ਜੋ) ਕ੍ਰਿਸ਼ਨ ਪਾਸ ਸੀ, (ਬਿੱਜਛਟਾ ਦੀ) ਗੱਲ ਸੁਣ ਕੇ ਉਸੇ ਵੇਲੇ ਬੋਲ ਪਈ।

ਲਿਆਇ ਹੋ ਹਉ ਇਹ ਭਾਤਿ ਕਹਿਯੋ ਤੁਮ ਤੇ ਹਰਿ ਜੂ ਜੋਊ ਗ੍ਵਾਰ ਰੁਠੀ ਹੈ ॥

ਇਸ ਤਰ੍ਹਾਂ ਕਹਿਣ ਲਗੀ, ਹੇ ਕ੍ਰਿਸ਼ਨ ਜੀ! ਜਿਹੜੀ ਗੋਪੀ ਤੁਹਾਡੇ ਨਾਲ ਰੁਸ ਗਈ ਹੈ, (ਮੈਂ ਉਸ ਨੂੰ) ਲਿਆਉਂਦੀ ਹਾਂ।

ਕਾਨ੍ਰਹ ਕੇ ਪਾਇਨ ਪੈ ਤਬ ਹੀ ਸੁ ਲਿਯਾਵਨ ਤਾਹੀ ਕੇ ਕਾਜ ਉਠੀ ਹੈ ॥

ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਕੇ, ਉਸੇ ਵੇਲੇ ਉਸ ਨੂੰ ਲਿਆਉਣ ਲਈ ਉਠ ਖੜੋਤੀ।

ਸੁੰਦਰਤਾ ਮੁਖ ਊਪਰ ਤੇ ਮਨੋ ਕੰਜ ਪ੍ਰਭਾ ਸਭ ਵਾਰ ਸੁਟੀ ਹੈ ॥੬੯੪॥

(ਉਸ ਦੇ) ਮੂੰਹ ਦੀ ਸੁੰਦਰਤਾ ਤੋਂ ਮਾਨੋ ਕਮਲ ਦੀ ਸਾਰੀ ਸੁੰਦਰਤਾ ਨੂੰ ਵਾਰ ਦਿੱਤਾ ਗਿਆ ਹੋਵੇ ॥੬੯੪॥


Flag Counter