ਸ਼੍ਰੀ ਦਸਮ ਗ੍ਰੰਥ

ਅੰਗ - 338


ਬ੍ਰਿਜ ਭਾਮਿਨ ਆ ਪਹੁਚੀ ਦਵਰੀ ਸੁਧਿ ਹਿਯਾ ਜੁ ਰਹੀ ਨ ਕਛੂ ਮੁਖ ਕੀ ॥

ਬ੍ਰਜ-ਭੂਮੀ ਦੀਆਂ ਇਸਤਰੀਆਂ ਦੌੜਦੀਆਂ ਹੋਈਆਂ ਆ ਪਹੁੰਚੀਆਂ ਹਨ, ਉਨ੍ਹਾਂ ਨੂੰ ਆਪਣੇ ਮੁਖ ਦੀ ਸੁਧ ਅਤੇ ਹੱਯਾ ਨਹੀਂ ਰਹੀ ਹੈ।

ਮੁਖ ਕੋ ਪਿਖਿ ਰੂਪ ਕੇ ਬਸ੍ਰਯ ਭਈ ਮਤ ਹ੍ਵੈ ਅਤਿ ਹੀ ਕਹਿ ਕਾਨ੍ਰਹ ਬਕੀ ॥

(ਕਾਨ੍ਹ ਦੇ) ਮੁਖ ਨੂੰ ਵੇਖ ਕੇ (ਉਸ ਦੇ) ਵਸ ਵਿਚ ਹੋ ਗਈਆਂ ਹਨ ਅਤੇ ਅਤਿ ਮਤਵਾਲੀਆਂ ਹੋ ਕੇ 'ਕਾਨ੍ਹ ਕਾਨ੍ਹ' ਪੁਕਾਰਦੀਆਂ ਹਨ।

ਇਕ ਝੂਮਿ ਪਰੀ ਇਕ ਗਾਇ ਉਠੀ ਤਨ ਮੈ ਇਕ ਹ੍ਵੈ ਰਹਿਗੀ ਸੁ ਜਕੀ ॥੪੪੭॥

ਇਕ ਝੂਮ ਕੇ (ਡਿਗ) ਪਈਆਂ ਹਨ, ਇਕ ਗਾ ਉਠੀਆਂ ਹਨ, ਇਕ ਆਪਣੇ ਤਨ ਵਿਚ ਮਗਨ ਹੋ ਕੇ ਦੀਵਾਨੀਆਂ ਹੋ ਗਈਆਂ ਹਨ ॥੪੪੭॥

ਹਰਿ ਕੀ ਸੁਨਿ ਕੈ ਸੁਰ ਸ੍ਰਉਨਨ ਮੈ ਸਭ ਧਾਇ ਚਲੀ ਬ੍ਰਿਜਭੂਮਿ ਸਖੀ ॥

ਸ੍ਰੀ ਕ੍ਰਿਸ਼ਨ ਦੀ (ਮੁਰਲੀ ਦੀ) ਸੁਰ ਕੰਨਾਂ ਨਾਲ ਸੁਣ ਕੇ ਬ੍ਰਜ-ਭੂਮੀ ਦੀਆਂ ਸਾਰੀਆਂ ਸਹੇਲੀਆਂ ਦਬਾਦਬ ਚਲ ਪਈਆਂ ਹਨ।

ਸਭ ਮੈਨ ਕੇ ਹਾਥਿ ਗਈ ਬਧ ਕੈ ਸਭ ਸੁੰਦਰ ਸ੍ਯਾਮ ਕੀ ਪੇਖਿ ਅਖੀ ॥

ਸੁੰਦਰ ਕ੍ਰਿਸ਼ਨ ਦੀਆਂ ਸ਼ੁਭ ਅੱਖਾਂ ਨੂੰ ਵੇਖ ਕੇ ਸਾਰੀਆਂ ਕਾਮ ਦੇ ਹੱਥ ਵਿਚ ਬੰਨ੍ਹੀਆਂ ਗਈਆਂ ਹਨ।

ਨਿਕਰੀ ਗ੍ਰਿਹ ਤੇ ਮ੍ਰਿਗਨੀ ਸਮ ਮਾਨਹੁ ਗੋਪਿਨ ਤੇ ਨਹਿ ਜਾਹਿ ਰਖੀ ॥

(ਉਹ) ਘਰੋਂ ਹਿਰਨੀਆਂ ਵਾਂਗ ਨਿਕਲੀਆਂ ਹਨ, ਮਾਨੋ (ਕ੍ਰਿਸ਼ਨ ਦੀ ਬੰਸਰੀ ਦੀ ਸੁਰ ਰੂਪ ਘੰਡਾਹੇੜੇ ਦਾ ਸ਼ਬਦ ਸੁਣ ਕੇ) ਗਵਾਲਿਆਂ ਤੋਂ ਰੋਕੀਆਂ ਨਹੀਂ ਜਾ ਸਕੀਆਂ।

ਇਹ ਭਾਤਿ ਹਰੀ ਪਹਿ ਆਇ ਗਈ ਜਨੁ ਆਇ ਗਈ ਸੁਧਿ ਜਾਨਿ ਸਖੀ ॥੪੪੮॥

ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਕੋਲ ਆ ਗਈਆਂ ਹਨ, ਮਾਨੋ ਸਖੀ ਨੂੰ (ਦੂਜੀ ਸਖੀ ਦੇ ਉਥੇ ਹੋਣ ਬਾਰੇ) ਜਾਣ ਕੇ ਸੁਧ ਆ ਗਈ ਹੋਵੇ ॥੪੪੮॥

ਗਈ ਆਇ ਦਸੋ ਦਿਸ ਤੇ ਗੁਪੀਆ ਸਭ ਹੀ ਰਸ ਕਾਨ੍ਰਹ ਕੇ ਸਾਥ ਪਗੀ ॥

ਕ੍ਰਿਸ਼ਨ ਦੇ ਪ੍ਰੇਮ ਰਸ ਵਿਚ ਭਿੰਨੀਆਂ ਹੋਈਆਂ ਸਾਰੀਆਂ ਗੋਪੀਆਂ ਦਸਾਂ ਦਿਸ਼ਾਵਾਂ ਤੋਂ ਆ ਗਈਆਂ ਹਨ।

ਪਿਖ ਕੈ ਮੁਖਿ ਕਾਨ੍ਰਹ ਕੋ ਚੰਦ ਕਲਾ ਸੁ ਚਕੋਰਨ ਸੀ ਮਨ ਮੈ ਉਮਗੀ ॥

ਚੰਦ੍ਰਮਾ ਦੀ ਕਲਾ ਵਰਗਾ ਸ੍ਰੀ ਕ੍ਰਿਸ਼ਨ ਦਾ ਸੁੰਦਰ ਮੁਖ ਵੇਖ ਕੇ ਚਕੋਰਾਂ ਵਾਂਗ (ਉਨ੍ਹਾਂ ਦੇ) ਮਨ ਵਿਚ ਉਮੰਗ ਭਰ ਗਈ ਹੈ।

ਹਰਿ ਕੋ ਪੁਨਿ ਸੁਧਿ ਸੁ ਆਨਨ ਪੇਖਿ ਕਿਧੌ ਤਿਨ ਕੀ ਠਗ ਡੀਠ ਲਗੀ ॥

ਫਿਰ ਕ੍ਰਿਸ਼ਨ ਦੇ ਸ਼ੁਧ ਸਰੂਪ ਮੁਖ ਨੂੰ ਵੇਖ ਕੇ ਉਨ੍ਹਾਂ ਦੀ ਠਗਣੀ ਨਜ਼ਰ ਲਗ ਗਈ ਹੈ।

ਭਗਵਾਨ ਪ੍ਰਸੰਨਿ ਭਯੋ ਪਿਖ ਕੈ ਕਬਿ ਸ੍ਯਾਮ ਮਨੋ ਮ੍ਰਿਗ ਦੇਖ ਮ੍ਰਿਗੀ ॥੪੪੯॥

ਕਵੀ ਸ਼ਿਆਮ (ਕਹਿੰਦੇ ਹਨ) ਕਾਨ੍ਹ ਉਨ੍ਹਾਂ ਨੂੰ ਵੇਖ ਕੇ ਪ੍ਰਸੰਨ ਹੋ ਰਿਹਾ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਿਰਨੀ ਨੂੰ ਵੇਖ ਕੇ ਹਿਰਨ (ਪ੍ਰਸੰਨ ਹੁੰਦਾ ਹੋਵੇ) ॥੪੪੯॥

ਗੋਪਿਨ ਕੀ ਬਰਜੀ ਨ ਰਹੀ ਸੁਰ ਕਾਨਰ ਕੀ ਸੁਨਬੇ ਕਹੁ ਤ੍ਰਾਘੀ ॥

(ਉਹ ਇਸਤਰੀਆਂ) ਗਵਾਲਿਆਂ ਦੇ ਰੋਕਿਆਂ ਵੀ ਨਾ ਰੁਕੀਆਂ ਅਤੇ ਕਾਨ੍ਹ ਦੀ (ਬੰਸਰੀ ਦੀ) ਸੁਰ ਸੁਣਨ ਲਈ ਬੇਤਾਬ ਹੋ ਗਈਆਂ।

ਨਾਖਿ ਚਲੀ ਅਪਨੇ ਗ੍ਰਿਹ ਇਉ ਜਿਮੁ ਮਤਿ ਜੁਗੀਸ੍ਵਰ ਇੰਦ੍ਰਹਿ ਲਾਘੀ ॥

ਘਰਾਂ ਦੇ (ਕੰਮਾਂ-ਕਾਰਾਂ ਨੂੰ) ਇਸ ਤਰ੍ਹਾਂ ਉਲੰਘ ਗਈਆਂ, ਜਿਸ ਤਰ੍ਹਾਂ ਯੋਗੇਸ਼ਵਰ ਦੀ ਮਤ ਇੰਦਰ ਲੋਕ ਨੂੰ ਟਪ ਜਾਂਦੀ ਹੈ।

ਦੇਖਨ ਕੋ ਮੁਖਿ ਤਾਹਿ ਚਲੀ ਜੋਊ ਕਾਮ ਕਲਾ ਹੂੰ ਕੋ ਹੈ ਫੁਨਿ ਬਾਘੀ ॥

ਕਾਮ-ਕਲਾ ਦੀ ਥਾਹ ਪਾਣ ਵਾਲੇ ਕ੍ਰਿਸ਼ਨ ਦਾ ਮੁਖ ਦੇਖਣ ਲਈ ਚਲ ਪਈਆਂ ਹਨ।

ਡਾਰਿ ਚਲੀ ਸਿਰ ਕੇ ਪਟ ਇਉ ਜਨੁ ਡਾਰਿ ਚਲੀ ਸਭ ਲਾਜ ਬਹਾਘੀ ॥੪੫੦॥

ਸਿਰ ਦੇ ਬਸਤ੍ਰ ਇਸ ਤਰ੍ਹਾਂ (ਉਤਾਰ ਕੇ) ਸੁਟ ਚਲੀਆਂ ਹਨ ਮਾਨੋ ਸਾਰੀ ਲੋਕ ਲਾਜ ਸੁਟ ਕੇ (ਨਾਂਗੇ ਸੰਨਿਆਸੀਆਂ ਦੀ ਟੋਲੀ) ਚਲੀ ਹੋਵੇ ॥੪੫੦॥

ਕਾਨ੍ਰਹ ਕੇ ਪਾਸਿ ਗਈ ਜਬ ਹੀ ਤਬ ਹੀ ਸਭ ਗੋਪਿਨ ਲੀਨ ਸੁ ਸੰਙਾ ॥

ਜਦੋਂ (ਉਹ) ਸ੍ਰੀ ਕ੍ਰਿਸ਼ਨ ਦੇ ਪਾਸ ਗਈਆਂ, ਤਦੋਂ (ਕਾਨ੍ਹ ਨੇ) ਸਾਰੀਆਂ ਗੋਪੀਆਂ ਨੂੰ ਆਪਣੇ ਸੰਗ ਵਿਚ ਮਿਲਾ ਲਿਆ।

ਚੀਰ ਪਰੇ ਗਿਰ ਕੈ ਤਨ ਭੂਖਨ ਟੂਟ ਗਈ ਤਿਨ ਹਾਥਨ ਬੰਙਾ ॥

(ਉਸ ਵੇਲੇ ਉਨ੍ਹਾਂ ਗੋਪੀਆਂ ਦੇ) ਤਨ ਤੋਂ ਬਸਤ੍ਰ ਅਤੇ ਗਹਿਣੇ ਡਿਗ ਕੇ ਪਰੇ (ਜਾ ਪਏ) ਅਤੇ ਉਨ੍ਹਾਂ ਦੇ ਹੱਥਾਂ ਦੀਆਂ ਵੰਗਾਂ ਟੁਟ ਗਈਆਂ।

ਕਾਨ੍ਰਹ ਕੋ ਰੂਪ ਨਿਹਾਰਿ ਸਭੈ ਗੁਪੀਆ ਕਬਿ ਸ੍ਯਾਮ ਭਈ ਇਕ ਰੰਙਾ ॥

ਸ਼ਿਆਮ ਕਵੀ (ਕਹਿੰਦੇ ਹਨ) ਕਾਨ੍ਹ ਦੇ ਰੂਪ ਨੂੰ ਵੇਖ ਕੇ ਸਾਰੀਆਂ ਗੋਪੀਆਂ (ਸ੍ਰੀ ਕ੍ਰਿਸ਼ਨ ਨਾਲ) ਇਕ ਰੰਗ ਹੋ ਗਈਆਂ

ਹੋਇ ਗਈ ਤਨਮੈ ਸਭ ਹੀ ਇਕ ਰੰਗ ਮਨੋ ਸਭ ਛੋਡ ਕੈ ਸੰਙਾ ॥੪੫੧॥

(ਅਰਥਾਤ ਇਕਮਿਕ ਹੋ ਗਈਆਂ) ਮਾਨੋ ਸਭ ਸੰਗ ਸੰਕੋਚ ਛਡ ਕੇ ਸਾਰੀਆਂ ਤਨਮੈ ਹੋਕੇ ਇਕ ਰੰਗ ਹੋ ਗਈਆਂ ਹੋਣ ॥੪੫੧॥

ਗੋਪਿਨ ਭੂਲਿ ਗਈ ਗ੍ਰਿਹ ਕੀ ਸੁਧਿ ਕਾਨ੍ਰਹ ਹੀ ਕੇ ਰਸ ਭੀਤਰ ਰਾਚੀ ॥

ਗੋਪੀਆਂ ਘਰਾਂ ਦੀ ਸੁਧ-ਬੁਧ ਭੁਲ ਗਈਆਂ ਅਤੇ ਕਾਨ੍ਹ ਦੇ ਰਸ ਵਿਚ ਹੀ ਰਚਮਿਚ ਗਈਆਂ।

ਭਉਹ ਭਰੀ ਮਧੁਰੀ ਬਰਨੀ ਸਭ ਹੀ ਸੁ ਢਰੀ ਜਨੁ ਮੈਨ ਕੇ ਸਾਚੀ ॥

ਭਰੀਆਂ ਹੋਈਆਂ ਭਵਾਂ ਵਾਲੀਆਂ, ਮਧਰੀਆਂ, (ਸੁੰਦਰ) ਪਲਕਾਂ ਵਾਲੀਆਂ ਸਾਰੀਆਂ ਹੀ ਮਾਨੋ ਕਾਮ ਦੇ ਸਾਂਚੇ ਵਿਚ ਢਲੀਆਂ ਹੋਣ।

ਛੋਰ ਦਏ ਰਸ ਅਉਰਨ ਸ੍ਵਾਦ ਭਲੇ ਭਗਵਾਨ ਹੀ ਸੋ ਸਭ ਮਾਚੀ ॥

(ਉਨ੍ਹਾਂ ਨੇ) ਸਾਰਿਆਂ ਰਸਾਂ ਅਤੇ ਸੁਆਦਾਂ ਨੂੰ ਛਡ ਦਿੱਤਾ ਹੈ ਅਤੇ ਭਗਵਾਨ ਕਾਨ੍ਹ ਦੇ ਰਸ ਵਿਚ ਹੀ ਭਲੀ ਭਾਂਤ ਮਗਨ ਹੋ ਗਈਆਂ ਹਨ।

ਸੋਭਤ ਤਾ ਤਨ ਮੈ ਹਰਿ ਕੋ ਮਨੋ ਕੰਚਨ ਮੈ ਚੁਨੀਆ ਚੁਨਿ ਖਾਚੀ ॥੪੫੨॥

ਉਨ੍ਹਾਂ ਦੇ ਸ਼ਰੀਰ ਵਿਚ ਕਾਨ੍ਹ ਇਸ ਤਰ੍ਹਾਂ ਸੁਸ਼ੋਭਿਤ ਹੋ ਰਹੇ ਹਨ ਮਾਨੋ ਸੋਨੇ ਵਿਚ ਹੀਰੇ ਦੀਆਂ ਟੁਕੜੀਆਂ ਚੁਣ ਚੁਣ ਕੇ ਜੜ੍ਹੀਆਂ ਗਈਆਂ ਹੋਣ ॥੪੫੨॥

ਕਾਨ੍ਰਹ ਕੋ ਰੂਪ ਨਿਹਾਰਿ ਰਹੀ ਬ੍ਰਿਜ ਮੈ ਜੁ ਹੁਤੀ ਗੁਪੀਆ ਅਤਿ ਹਾਛੀ ॥

ਬ੍ਰਜ-ਭੂਮੀ ਵਿਚ ਜੋ ਬਹੁਤ ਸੁੰਦਰ ਗੋਪੀਆਂ ਸਨ, ਉਹ ਕਾਨ੍ਹ ਦੇ ਰੂਪ ਨੂੰ ਵੇਖ ਰਹੀਆਂ ਹਨ।


Flag Counter