ਸ਼੍ਰੀ ਦਸਮ ਗ੍ਰੰਥ

ਅੰਗ - 689


ਅਉਰ ਸਾਤ ਹੂੰ ਲੋਕ ਭੀਤਰ ਦੇਹੁ ਅਉਰ ਬਤਾਇ ॥

ਹੋਰ ਸੱਤ ਲੋਕਾਂ ਵਿਚ (ਕੋਈ ਇਕ ਵੀ ਰਾਜਾ) ਦਸ ਦਿਓ,

ਜਉਨ ਜਉਨ ਨ ਜੀਤਿਆ ਨ੍ਰਿਪ ਰੋਸ ਕੈ ਨ੍ਰਿਪ ਰਾਇ ॥੧੨੯॥

ਜਿਸ ਜਿਸ ਨੂੰ ਰਾਜੇ ਨੇ ਕ੍ਰੋਧ ਕਰ ਕੇ ਨਹੀਂ ਜਿਤਿਆ ਹੈ ॥੧੨੯॥

ਦੇਖਿ ਦੇਖਿ ਰਹੇ ਸਬੈ ਤਰ ਕੋ ਨ ਦੇਤ ਬਿਚਾਰ ॥

ਸਾਰੇ ਹੇਠਾਂ ਨੂੰ ਵੇਖਦੇ ਰਹੇ, ਕਿਸੇ ਨੇ ਵੀ ਵਿਚਾਰ-ਪੂਰਵਕ ਉੱਤਰ ਨਹੀਂ ਦਿੱਤਾ।

ਐਸ ਕਉਨ ਰਹਾ ਧਰਾ ਪਰ ਦੇਹੁ ਤਾਹਿ ਉਚਾਰ ॥

ਅਜਿਹਾ ਕੌਣ ਧਰਤੀ ਉਤੇ ਰਹਿ ਗਿਆ ਹੈ, ਜਿਸ ਬਾਰੇ ਉਹ ਦਸ ਦੇਣ।

ਏਕ ਏਕ ਬੁਲਾਇ ਭੂਪਤਿ ਪੂਛ ਸਰਬ ਬੁਲਾਇ ॥

ਇਕ ਇਕ ਰਾਜੇ ਨੂੰ ਬੁਲਾ ਬੁਲਾ ਕੇ ਫਿਰ ਸਾਰਿਆਂ ਨੂੰ ਬੁਲਾ ਕੇ ਪੁਛਿਆ।

ਕੋ ਅਜੀਤ ਰਹਾ ਨਹੀ ਜਿਹ ਠਉਰ ਦੇਹੁ ਬਤਾਇ ॥੧੩੦॥

ਕੋਈ ਵੀ ਜਿਤੇ ਬਿਨਾ ਰਿਹਾ ਨਹੀਂ, ਜਿਸ ਦਾ ਠਿਕਾਣਾ ਦਸਿਆ ਜਾ ਸਕੇ ॥੧੩੦॥

ਏਕ ਨ੍ਰਿਪ ਬਾਚ ॥

ਇਕ ਰਾਜੇ ਨੇ ਕਿਹਾ -

ਰੂਆਲ ਛੰਦ ॥

ਰੂਆਲ ਛੰਦ:

ਏਕ ਭੂਪਤਿ ਉਚਰੋ ਸੁਨਿ ਲੇਹੁ ਰਾਜਾ ਬੈਨ ॥

ਇਕ ਰਾਜੇ ਨੇ ਕਿਹਾ ਹੇ ਰਾਜਨ! ਬਚਨ ਸੁਣ ਲਵੋ।

ਜਾਨ ਮਾਫ ਕਰੋ ਕਹੋ ਤਬ ਰਾਜ ਰਾਜ ਸੁ ਨੈਨ ॥

ਜੇ ਮੇਰੀ ਜਾਨ ਬਖ਼ਸ਼ੀ ਕਰ ਦਿਓ, ਤਦ ਹੇ ਸੁੰਦਰ ਨੈਣਾਂ ਵਾਲੇ ਰਾਜਿਆਂ ਦੇ ਰਾਜੇ।

ਏਕ ਹੈ ਮੁਨਿ ਸਿੰਧੁ ਮੈ ਅਰੁ ਮਛ ਕੇ ਉਰ ਮਾਹਿ ॥

(ਇਕ ਗੱਲ ਕਹਿੰਦਾ ਹਾਂ)। ਇਕ ਮੁਨੀ ਮੱਛ ਦੇ ਪੇਟ ਵਿਚ ਹੈ ਅਤੇ ਸਮੁੰਦਰ ਵਿਚ ਰਹਿੰਦਾ ਹੈ।

ਮੋਹਿ ਰਾਵ ਬਿਬੇਕ ਭਾਖੌ ਤਾਹਿ ਭੂਪਤਿ ਨਾਹਿ ॥੧੩੧॥

ਹੇ ਰਾਜਨ! ਉਸ ਨੂੰ (ਸਾਰੇ) ਰਾਜੇ ਮੋਹ ਅਤੇ ਬਿਬੇਕ ਦਾ ਭੂਪ ਕਹਿੰਦੇ ਹਨ ॥੧੩੧॥

ਏਕ ਦ੍ਯੋਸ ਜਟਧਰੀ ਨ੍ਰਿਪ ਕੀਨੁ ਛੀਰ ਪ੍ਰਵੇਸ ॥

ਇਕ ਦਿਨ ਜਟਾਧਾਰੀ ਰਾਜੇ ਨੇ ਛੀਰ ਸਮੁੰਦਰ ਵਿਚ ਪ੍ਰਵੇਸ਼ ਕੀਤਾ।

ਚਿਤ੍ਰ ਰੂਪ ਹੁਤੀ ਤਹਾ ਇਕ ਨਾਰਿ ਨਾਗਰ ਭੇਸ ॥

ਉਥੇ ਇਕ ਚਿਤਰ ਦੇ ਸਮਾਨ ਸੁੰਦਰ ਰੂਪ ਵਾਲੀ ਚਤੁਰ ਭੇਸ ਵਾਲੀ ਇਸਤਰੀ ਸੀ।

ਤਾਸੁ ਦੇਖਿ ਸਿਵੇਸ ਕੋ ਗਿਰ ਬਿੰਦ ਸਿੰਧ ਮਝਾਰ ॥

ਉਸ ਨੂੰ ਵੇਖ ਕੇ ਸ਼ਿਵ ਦੇ ਅਵਤਾਰ ('ਸਿਵੇਸ'-ਦੱਤ) ਦਾ ਵੀਰਜ ਸਮੁੰਦਰ ਵਿਚ ਡਿਗ ਪਿਆ।

ਮਛ ਪੇਟ ਮਛੰਦ੍ਰ ਜੋਗੀ ਬੈਠਿ ਹੈ ਨ੍ਰਿਪ ਬਾਰ ॥੧੩੨॥

ਹੇ ਰਾਜਨ! ਮਛਿੰਦ੍ਰ ਨਾਂ ਦਾ ਯੋਗੀ (ਉਸ ਵੀਰਜ ਤੋਂ ਪੈਦਾ ਹੋ ਕੇ) ਬਾਲਕ ਦਾ ਰੂਪ ਧਾਰ ਕੇ ਮੱਛ ਦੇ ਪੇਟ ਵਿਚ ਬੈਠਾ ਹੈ ॥੧੩੨॥

ਤਾਸੁ ਤੇ ਚਲ ਪੁਛੀਐ ਨ੍ਰਿਪ ਸਰਬ ਬਾਤ ਬਿਬੇਕ ॥

ਇਸ ਲਈ ਹੇ ਰਾਜਨ! ਉਸ ਪਾਸੋਂ ਬਿਬੇਕ ਦੀ ਸਭ ਗੱਲ ਜਾ ਕੇ ਪੁਛਣੀ ਚਾਹੀਦੀ ਹੈ।

ਏਨ ਤੋਹਿ ਬਤਾਇ ਹੈ ਨ੍ਰਿਪ ਭਾਖਿ ਹੋ ਜੁ ਅਨੇਕ ॥

(ਉਹੀ) ਤੁਹਾਨੂੰ ਠੀਕ ਦਸੇਗਾ, ਹੇ ਰਾਜਨ! (ਉਹ) ਹੋਰ ਅਨੇਕ (ਗੱਲਾਂ ਵੀ) ਦਸੇਗਾ।

ਐਸ ਬਾਤ ਸੁਨੀ ਜਬੈ ਤਬ ਰਾਜ ਰਾਜ ਅਵਤਾਰ ॥

ਜਦੋਂ ਇਸ ਤਰ੍ਹਾਂ ਦੀ ਗੱਲ ਰਾਜਿਆਂ ਦੇ ਅਵਤਾਰ ਰਾਜੇ ਨੇ ਸੁਣੀ,

ਸਿੰਧੁ ਖੋਜਨ ਕੋ ਚਲਾ ਲੈ ਜਗਤ ਕੇ ਸਬ ਜਾਰ ॥੧੩੩॥

(ਤਦ) ਸੰਸਾਰ ਦੇ ਸਾਰੇ ਜਾਲ ਨਾਲ ਲੈ ਕੇ ਸਮੁੰਦਰ ਵਿਚੋਂ ਲਭਣ ਲਈ ਤੁਰ ਗਿਆ ॥੧੩੩॥

ਭਾਤਿ ਭਾਤਿ ਮੰਗਾਇ ਜਾਲਨ ਸੰਗ ਲੈ ਦਲ ਸਰਬ ॥

ਭਾਂਤ ਭਾਂਤ ਦੇ ਜਾਲਾਂ ਨੂੰ ਮੰਗਵਾ ਕੇ, ਸਾਰੇ ਦਲ ਨੂੰ ਨਾਲ ਲੈ ਕੇ

ਜੀਤ ਦੁੰਦਭ ਦੈ ਚਲਾ ਨ੍ਰਿਪ ਜਾਨਿ ਕੈ ਜੀਅ ਗਰਬ ॥

ਜਿਤ ਦਾ ਨਗਾਰਾ ਵਜਾਉਂਦਾ ਹੋਇਆ ਰਾਜਾ ਚਲ ਪਿਆ, ਜਿਸ ਦੇ ਹਿਰਦੇ ਵਿਚ ਗਰਬ ਪਤਾ ਚਲਦਾ ਸੀ।

ਮੰਤ੍ਰੀ ਮਿਤ੍ਰ ਕੁਮਾਰਿ ਸੰਪਤ ਸਰਬ ਮਧਿ ਬੁਲਾਇ ॥

ਮੰਤਰੀ, ਮਿਤਰ ਅਤੇ ਕੁਮਾਰਾਂ ਨੂੰ ਸਭ ਸੰਪੱਤੀ ਸਹਿਤ (ਸਮੁੰਦਰ) ਵਿਚ ਬੁਲਾ ਲਿਆ

ਸਿੰਧ ਜਾਰ ਡਰੇ ਜਹਾ ਤਹਾ ਮਛ ਸਤ੍ਰੁ ਡਰਾਇ ॥੧੩੪॥

ਅਤੇ ਮੱਛ ਵੈਰੀ ਨੂੰ ਡਰਾਉਂਦੇ ਹੋਇਆਂ ਜਿਥੇ ਕਿਥੇ ਸਮੁੰਦਰ ਵਿਚ ਜਾਲ ਪਵਾ ਦਿੱਤੇ ॥੧੩੪॥

ਭਾਤਿ ਭਾਤਨ ਮਛ ਕਛਪ ਅਉਰ ਜੀਵ ਅਪਾਰ ॥

ਭਾਂਤ ਭਾਂਤ ਦੇ ਮੱਛ, ਕੱਛੂਏ ਅਤੇ ਹੋਰ ਅਪਾਰ

ਬਧਿ ਜਾਰਨ ਹ੍ਵੈ ਕਢੇ ਤਬ ਤਿਆਗਿ ਪ੍ਰਾਨ ਸੁ ਧਾਰ ॥

ਜੀਵ ਜਾਲਾਂ ਵਿਚ ਬੰਨ੍ਹ ਕੇ (ਬਾਹਰ) ਕਢੇ, ਤਦ (ਉਹ) ਪ੍ਰਾਣ ਤਿਆਗ ਕੇ ਚਲੇ ਗਏ।

ਸਿੰਧੁ ਤੀਰ ਗਏ ਜਬੈ ਜਲ ਜੀਵ ਏਕੈ ਬਾਰ ॥

(ਅਜਿਹੀ ਸੰਕਟ ਦੀ ਘੜੀ ਵਿਚ) ਸਾਰੇ ਜੀਵ ਇਕੋ ਵਾਰ ਇਕੱਠੇ ਹੋ ਕੇ ਸਮੁੰਦਰ ਪਾਸ ਚਲੇ ਗਏ।

ਐਸ ਭਾਤਿ ਭਏ ਬਖਾਨਤ ਸਿੰਧੁ ਪੈ ਮਤ ਸਾਰ ॥੧੩੫॥

(ਉਹ ਸਾਰੇ) ਸ੍ਰੇਸ਼ਠ ਮਤ ਵਾਲੇ ਸਮੁੰਦਰ ਪ੍ਰਤਿ ਇਸ ਤਰ੍ਹਾਂ ਕਹਿਣ ਲਗੇ ॥੧੩੫॥

ਬਿਪ ਕੋ ਧਰਿ ਸਿੰਧੁ ਮੂਰਤਿ ਆਇਯੋ ਤਿਹ ਪਾਸਿ ॥

ਸਮੁੰਦਰ ਬ੍ਰਾਹਮਣ ਰੂਪ ਧਾਰ ਕੇ ਉਸ (ਰਾਜੇ) ਪਾਸ ਆ ਗਿਆ।

ਰਤਨ ਹੀਰ ਪ੍ਰਵਾਲ ਮਾਨਕ ਦੀਨ ਹੈ ਅਨਿਆਸ ॥

(ਉਸ ਨੇ) ਬਿਨਾ ਯਤਨ ਕੀਤੇ ਰਤਨ, ਹੀਰੇ, ਪ੍ਰਬਲ ਅਤੇ ਮਾਣਕ ਲਿਆ ਦਿੱਤੇ (ਅਤੇ ਕਿਹਾ)

ਜੀਵ ਕਾਹਿ ਸੰਘਾਰੀਐ ਸੁਨਿ ਲੀਜੀਐ ਨ੍ਰਿਪ ਬੈਨ ॥

ਹੇ ਰਾਜਨ! (ਮੇਰੀ) ਗੱਲ ਸੁਣੋ, ਜੀਵਾਂ ਨੂੰ ਕਿਸ ਲਈ ਮਾਰ ਰਹੇ ਹੋ।

ਜਉਨ ਕਾਰਜ ਕੋ ਚਲੇ ਤੁਮ ਸੋ ਨਹੀ ਇਹ ਠੈਨ ॥੧੩੬॥

ਜਿਸ ਕਾਰਜ ਲਈ ਤੁਸੀਂ ਚਲ ਕੇ ਆਏ ਹੋ, ਉਹ ਇਸ ਸਾਥਾਨ ਤੇ ਨਹੀਂ ਹੈ ॥੧੩੬॥

ਸਿੰਧੁ ਬਾਚ ॥

ਸਮੁੰਦਰ ਨੇ ਕਿਹਾ:

ਰੂਆਲ ਛੰਦ ॥

ਰੂਆਲ ਛੰਦ:

ਛੀਰ ਸਾਗਰ ਹੈ ਜਹਾ ਸੁਨ ਰਾਜ ਰਾਜ ਵਤਾਰ ॥

ਹੇ ਰਾਜਿਆਂ ਦੇ ਅਵਤਾਰ ਰਾਜਾ! ਸੁਣੋ, ਜਿਥੇ ਛੀਰ ਸਮੁੰਦਰ ਹੈ,

ਮਛ ਉਦਰ ਮਛੰਦ੍ਰ ਜੋਗੀ ਬੈਠ ਹੈ ਬ੍ਰਤ ਧਾਰਿ ॥

(ਉਥੇ) ਮੱਛ ਦੇ ਪੇਟ ਵਿਚ ਮਛਿੰਦ੍ਰ ਜੋਗੀ ਬ੍ਰਤ ਧਾਰ ਕੇ ਬੈਠਾ ਹੈ।

ਡਾਰਿ ਜਾਰ ਨਿਕਾਰ ਤਾਕਹਿ ਪੂਛ ਲੇਹੁ ਬਨਾਇ ॥

ਉਸ ਨੂੰ ਜਾਲ ਪਾ ਕੇ ਕਢੋ ਅਤੇ ਚੰਗੀ ਤਰ੍ਹਾਂ ਪੁਛ ਲਵੋ।

ਜੋ ਕਹਾ ਸੋ ਕੀਜੀਐ ਨ੍ਰਿਪ ਇਹੀ ਸਤਿ ਉਪਾਇ ॥੧੩੭॥

ਹੇ ਰਾਜਨ! ਜੋ ਮੈਂ ਕਿਹਾ ਹੈ, ਉਹੀ ਕਰੋ। ਇਹੀ ਉਪਾ ਸੱਚਾ ਹੈ ॥੧੩੭॥

ਜੋਰਿ ਬੀਰਨ ਨਾਖ ਸਿੰਧਹ ਆਗ ਚਾਲ ਸੁਬਾਹ ॥

(ਸਾਰੇ) ਸੂਰਮਿਆਂ ਨੂੰ ਜੋੜ ਕੇ ਅਤੇ ਸਮੁੰਦਰ ਨੂੰ ਲੰਘ ਕੇ ਰਾਜਾ ਅਗੇ ਤੁਰ ਚਲਿਆ।

ਹੂਰ ਪੂਰ ਰਹੀ ਜਹਾ ਤਹਾ ਜਤ੍ਰ ਤਤ੍ਰ ਉਛਾਹ ॥

ਜਿਥੇ ਕਿਥੇ ਹੂਰਾਂ ਭਰੀਆਂ ਪਈਆਂ ਸਨ ਅਤੇ ਇਧਰ ਉਧਰ ਉਤਸਾਹ ਛਾਇਆ ਹੋਇਆ ਸੀ।

ਭਾਤਿ ਭਾਤਿ ਬਜੰਤ੍ਰ ਬਾਜਤ ਅਉਰ ਘੁਰਤ ਨਿਸਾਨ ॥

ਭਾਂਤ ਭਾਂਤ ਦੇ ਵਾਜੇ ਵਜਦੇ ਸਨ ਅਤੇ ਧੌਂਸੇ ਗੂੰਜ ਰਹੇ ਸਨ।

ਛੀਰ ਸਿੰਧੁ ਹੁਤੋ ਜਹਾ ਤਿਹ ਠਾਮ ਪਹੁਚੇ ਆਨਿ ॥੧੩੮॥

ਜਿਥੇ ਛੀਰ ਸਮੁੰਦਰ ਸੀ, ਉਥੇ ਆ ਪਹੁੰਚੇ ॥੧੩੮॥

ਸੂਤ੍ਰ ਜਾਰ ਬਨਾਇ ਕੈ ਤਿਹ ਮਧਿ ਡਾਰਿ ਅਪਾਰ ॥

ਸੂਤਰ ਦਾ ਜਾਲ ਬਣਾ ਕੇ, ਉਸ ਅਪਾਰ (ਸਮੁੰਦਰ) ਵਿਚ ਪਵਾ ਦਿੱਤਾ।

ਅਉਰ ਜੀਵ ਘਨੇ ਗਹੇ ਨ ਵਿਲੋਕਯੋ ਸਿਵ ਬਾਰ ॥

ਹੋਰ ਬਹੁਤ ਸਾਰੇ ਜੀਵ ਪਕੜ ਲਏ ਪਰ ਸ਼ਿਵ ਦਾ ਬਾਲਕ (ਮਛਿੰਦ੍ਰ) ਨਾ ਦਿਸਿਆ।

ਹਾਰਿ ਹਾਰਿ ਫਿਰੇ ਸਬੈ ਭਟ ਆਨਿ ਭੂਪਤਿ ਤੀਰ ॥

ਸਾਰੇ ਸੂਰਮੇ (ਜਾਲ ਪਾ ਪਾ ਕੇ) ਹਾਰੇ ਹੋਏ ਫਿਰਦੇ ਫਿਰਦੇ ਰਾਜੇ ਕੋਲ ਆ ਗਏ

ਅਉਰ ਜੀਵ ਘਨੇ ਗਹੇ ਪਰ ਸੋ ਨ ਪਾਵ ਫਕੀਰ ॥੧੩੯॥

(ਅਤੇ ਕਹਿਣ ਲਗੇ) ਹੋਰ ਜੀਵ ਤਾਂ ਬਹੁਤ ਪਕੜੇ ਗਏ ਹਨ, ਪਰ ਉਹ ਫਕੀਰ (ਜੋਗੀ) ਪ੍ਰਾਪਤ ਨਹੀਂ ਹੋਇਆ ॥੧੩੯॥

ਮਛ ਪੇਟਿ ਮਛੰਦ੍ਰ ਜੋਗੀ ਬੈਠ ਹੈ ਬਿਨੁ ਆਸ ॥

ਮੱਛ ਦੇ ਪੇਟ ਵਿਚ ਮਛਿੰਦ੍ਰ ਜੋਗੀ ਆਸ-ਰਹਿਤ ਹੋ ਕੇ ਬੈਠਾ ਹੈ।

ਜਾਰ ਭੇਟ ਸਕੈ ਨ ਵਾ ਕੋ ਮੋਨਿ ਅੰਗ ਸੁ ਬਾਸ ॥

ਜਾਲ ਉਸ ਨੂੰ ਛੋਹ ਤਕ ਨਹੀਂ ਸਕਦਾ ਕਿਉਂਕਿ ਉਹ ਮੋਨੀ ਸ਼ਰੀਰ ਵਿਚ ਵਸਦਾ ਹੈ।


Flag Counter