ਸ਼੍ਰੀ ਦਸਮ ਗ੍ਰੰਥ

ਅੰਗ - 78


ਦੇਵੀ ਮਾਰਿਓ ਦੈਤ ਇਉ ਲਰਿਓ ਜੁ ਸਨਮੁਖ ਆਇ ॥

ਜੋ ਦੈਂਤ ਦੇਵੀ ਦੇ ਸਨਮੁਖ ਆ ਕੇ ਲੜਿਆ ਸੀ (ਉਸ ਨੂੰ) ਦੇਵੀ ਨੇ ਇਸ ਤਰ੍ਹਾਂ ਮਾਰ ਦਿੱਤਾ

ਪੁਨਿ ਸਤ੍ਰਨਿ ਕੀ ਸੈਨ ਮੈ ਧਸੀ ਸੁ ਸੰਖ ਬਜਾਇ ॥੩੫॥

ਅਤੇ ਫਿਰ ਸੰਖ ਵਜਾ ਕੇ ਵੈਰੀਆਂ ਦੀ ਸੈਨਾ ਵਿਚ ਜਾ ਵੜੀ ॥੩੫॥

ਸ੍ਵੈਯਾ ॥

ਸ੍ਵੈਯਾ:

ਲੈ ਕਰਿ ਚੰਡਿ ਕੁਵੰਡ ਪ੍ਰਚੰਡ ਮਹਾ ਬਰਬੰਡ ਤਬੈ ਇਹ ਕੀਨੋ ॥

ਤਦ ਚੰਡੀ ਨੇ ਹੱਥ ਵਿਚ ਪ੍ਰਚੰਡ ਅਤੇ ਪ੍ਰਬਲ ਕਮਾਨ (ਕੁਵੰਡ) ਲੈ ਕੇ ਇਹ ਕੀਤਾ

ਏਕ ਹੀ ਬਾਰ ਨਿਹਾਰਿ ਹਕਾਰਿ ਸੁਧਾਰਿ ਬਿਦਾਰ ਸਭੈ ਦਲ ਦੀਨੋ ॥

ਕਿ ਇਕੋ ਹੀ ਵਾਰ ਵੇਖ ਕੇ ਅਤੇ ਲਲਕਾਰਾ ਮਾਰ ਕੇ (ਵੈਰੀ ਦੇ) ਸਾਰੇ ਦਲ ਨੂੰ ਖਧੇੜ ਦਿੱਤਾ।

ਦੈਤ ਘਨੇ ਰਨ ਮਾਹਿ ਹਨੇ ਲਖਿ ਸ੍ਰੋਨ ਸਨੇ ਕਵਿ ਇਉ ਮਨੁ ਚੀਨੋ ॥

ਬਹੁਤੇ ਦੈਂਤ ਰਣ-ਭੂਮੀ ਵਿਚ ਹੀ ਮਾਰ ਦਿੱਤੇ, ਜਿਨ੍ਹਾਂ ਨੂੰ ਲਹੂ ਵਿਚ ਲਿਬੜੇ ਵੇਖ ਕੇ ਕਵੀ ਨੇ ਮਨ ਵਿਚ ਇਉਂ ਵਿਚਾਰਿਆ

ਜਿਉ ਖਗਰਾਜ ਬਡੋ ਅਹਿਰਾਜ ਸਮਾਜ ਕੇ ਕਾਟਿ ਕਤਾ ਕਰਿ ਲੀਨੋ ॥੩੬॥

ਜਿਵੇਂ ਗਰੁੜ (ਖਗ ਰਾਜ) ਨੇ ਸੱਪਾਂ ਦੇ ਸਮੂਹ (ਸਮਾਜ) ਨੂੰ ਕਟ ਕੇ ਟੋਟੇ ਟੋਟੇ ਕਰ ਦਿੱਤਾ ਹੈ ॥੩੬॥

ਦੋਹਰਾ ॥

ਦੋਹਰਾ:

ਦੇਵੀ ਮਾਰੇ ਦੈਤ ਬਹੁ ਪ੍ਰਬਲ ਨਿਬਲ ਸੇ ਕੀਨ ॥

ਦੇਵੀ ਨੇ ਬਹੁਤ ਸਾਰੇ ਦੈਂਤ ਮਾਰ ਦਿੱਤੇ ਅਤੇ ਪ੍ਰਬਲ (ਦੈਂਤਾਂ) ਨੂੰ ਨਿਰਬਲ ਕਰ ਦਿੱਤਾ

ਸਸਤ੍ਰ ਧਾਰਿ ਕਰਿ ਕਰਨ ਮੈ ਚਮੂੰ ਚਾਲ ਕਰਿ ਦੀਨ ॥੩੭॥

ਤੇ ਹੱਥਾਂ ਵਿਚ ਸ਼ਸਤ੍ਰ ਧਾਰ ਕੇ ਸੈਨਾ ਵਿਚ ਭਾਜੜ ਪਾ ਦਿੱਤੀ ॥੩੭॥

ਭਜੀ ਚਮੂੰ ਮਹਖਾਸੁਰੀ ਤਕੀ ਸਰਨਿ ਨਿਜ ਈਸ ॥

ਮਹਿਖਾਸੁਰ ਦੀ ਫੌਜ ਭਜ ਗਈ ਅਤੇ (ਆਪਣੇ) ਸੁਆਮੀ ਦੀ ਸ਼ਰਨ ਜਾ ਤਕੀ।

ਧਾਇ ਜਾਇ ਤਿਨ ਇਉ ਕਹਿਓ ਹਨਿਓ ਪਦਮ ਭਟ ਬੀਸ ॥੩੮॥

ਭਜ ਕੇ ਗਇਆਂ ਨੇ ਇੰਜ ਕਿਹਾ ਕਿ (ਦੇਵੀ ਨੇ ਸਾਡੇ) ਵੀਹ ਪਦਮ ਸੂਰਮੇ ਮਾਰ ਦਿੱਤੇ ਹਨ ॥੩੮॥

ਸੁਨਿ ਮਹਖਾਸੁਰ ਮੂੜ ਮਤਿ ਮਨ ਮੈ ਉਠਿਓ ਰਿਸਾਇ ॥

(ਇਹ) ਸੁਣ ਕੇ ਮੂੜ੍ਹ ਮਤ ਵਾਲਾ ਮਹਿਖਾਸੁਰ ਮਨ ਵਿਚ ਕ੍ਰੋਧ ਕਰ ਕੇ ਉਠਿਆ।

ਆਗਿਆ ਦੀਨੀ ਸੈਨ ਕੋ ਘੇਰੋ ਦੇਵੀ ਜਾਇ ॥੩੯॥

(ਉਸ ਨੇ) ਸੈਨਾ ਨੂੰ ਹੁਕਮ ਦਿੱਤਾ ਕਿ ਜਾ ਕੇ ਦੇਵੀ ਨੂੰ ਘੇਰ ਲਵੋ ॥੩੯॥

ਸ੍ਵੈਯਾ ॥

ਸ੍ਵੈਯਾ:

ਬਾਤ ਸੁਨੀ ਪ੍ਰਭ ਕੀ ਸਭ ਸੈਨਹਿ ਸੂਰ ਮਿਲੇ ਇਕੁ ਮੰਤ੍ਰ ਕਰਿਓ ਹੈ ॥

ਸਾਰੀ ਸੈਨਾ ਨੇ ਆਪਣੇ ਸੁਆਮੀ (ਮਹਿਖਾਸੁਰ) ਦੀ ਗੱਲ ਸੁਣੀ ਅਤੇ ਸਾਰੇ ਸੂਰਮਿਆਂ ਨੇ ਮਿਲ ਕੇ ਇਕ ਸਲਾਹ ਕੀਤੀ।

ਜਾਇ ਪਰੇ ਚਹੂੰ ਓਰ ਤੇ ਧਾਇ ਕੈ ਠਾਟ ਇਹੈ ਮਨ ਮਧਿ ਕਰਿਓ ਹੈ ॥

(ਉਨ੍ਹਾਂ) ਮਨ ਵਿਚ ਇਹ ਦ੍ਰਿੜ੍ਹ ਨਿਰਣਾ ਕੀਤਾ ਕਿ ਚੌਹਾਂ ਪਾਸਿਆਂ ਤੋਂ ਧਾ ਕੇ (ਦੇਵੀ ਉਤੇ) ਜਾ ਪਈਏ।

ਮਾਰ ਹੀ ਮਾਰ ਪੁਕਾਰ ਪਰੇ ਅਸਿ ਲੈ ਕਰਿ ਮੈ ਦਲੁ ਇਉ ਬਿਹਰਿਓ ਹੈ ॥

(ਬਸ ਫਿਰ) ਹੱਥ ਵਿਚ ਤਲਵਾਰਾਂ ਲੈ ਕੇ 'ਮਾਰ ਲੌ, ਮਾਰ ਲੌ' ਪੁਕਾਰਦੀ ਹੋਈ (ਦੈਂਤ) ਸੈਨਾ ਇਉਂ ਵਿਚਰਨ ਲਗੀ

ਘੇਰਿ ਲਈ ਚਹੂੰ ਓਰ ਤੇ ਚੰਡਿ ਸੁ ਚੰਦ ਮਨੋ ਪਰਵੇਖ ਪਰਿਓ ਹੈ ॥੪੦॥

ਅਤੇ ਚੌਹਾਂ ਪਾਸਿਆਂ ਤੋਂ ਚੰਡੀ ਨੂੰ ਘੇਰ ਲਿਆ ਮਾਨੋ ਚੰਦ੍ਰਮਾ ਨੂੰ ਪਰਵਾਰ ਪਿਆ ਹੋਵੇ ॥੪੦॥

ਦੇਖਿ ਚਮੂੰ ਮਹਖਾਸੁਰ ਕੀ ਕਰਿ ਚੰਡ ਕੁਵੰਡ ਪ੍ਰਚੰਡ ਧਰਿਓ ਹੈ ॥

ਮਹਿਖਾਸੁਰ ਦੀ ਸੈਨਾ ਨੂੰ ਵੇਖ ਕੇ ਚੰਡੀ ਨੇ ਹੱਥ ਵਿਚ ਮਜ਼ਬੂਤ ਧਨੁਸ਼ ਧਾਰਨ ਕਰ ਲਿਆ।

ਦਛਨ ਬਾਮ ਚਲਾਇ ਘਨੇ ਸਰ ਕੋਪ ਭਯਾਨਕ ਜੁਧੁ ਕਰਿਓ ਹੈ ॥

(ਚੰਡੀ ਨੇ) ਸਜੇ ਅਤੇ ਖਬੇ ਹੱਥ ਨਾਲ ਬਹੁਤ ਤੀਰ ਚਲਾ ਕੇ ਕ੍ਰੋਧ ਨਾਲ ਭਿਆਨਕ ਯੁੱਧ ਕੀਤਾ।

ਭੰਜਨ ਭੇ ਅਰਿ ਕੇ ਤਨ ਤੇ ਛੁਟ ਸ੍ਰਉਨ ਸਮੂਹ ਧਰਾਨਿ ਪਰਿਓ ਹੈ ॥

ਵੈਰੀਆਂ ਦੇ ਸ਼ਰੀਰਾਂ ਦੇ ਵਿੰਨ੍ਹੇ ਜਾਣ ਤੇ (ਉਨ੍ਹਾਂ ਵਿਚੋਂ ਨਿਕਲਿਆ) ਲਹੂ ਸਾਰੀ ਧਰਤੀ ਉਤੇ ਆਣ ਪਿਆ

ਆਠਵੋ ਸਿੰਧੁ ਪਚਾਯੋ ਹੁਤੋ ਮਨੋ ਯਾ ਰਨ ਮੈ ਬਿਧਿ ਨੇ ਉਗਰਿਓ ਹੈ ॥੪੧॥

ਮਾਨੋ ਵਿਧਾਤਾ ਨੇ ਜੋ ਅੱਠਵਾਂ ਸਮੁੰਦਰ (ਆਪਣੇ ਅੰਦਰ) ਪਚਾਇਆ ਹੋਇਆ ਸੀ, ਉਹ ਇਸ ਯੁੱਧ ਵਿਚ ਉਗਲ ਦਿੱਤਾ ਹੋਵੇ ॥੪੧॥

ਦੋਹਰਾ ॥

ਦੋਹਰਾ:


Flag Counter