ਸ਼੍ਰੀ ਦਸਮ ਗ੍ਰੰਥ

ਅੰਗ - 326


ਕਾਨ੍ਰਹ ਕਥਾ ਅਤਿ ਰੋਚਨ ਜੀਯ ਬਿਚਾਰ ਕਹੋ ਜਿਹ ਤੇ ਫੁਨਿ ਜੀਜੈ ॥

ਕੁਝ ਹੋਰ (ਵਾਰਤਾ) ਕਹੋ। (ਕਿਉਂਕਿ) ਕਾਨ੍ਹ ਦੀ ਕਥਾ ਮਨ ਨੂੰ ਅਤਿ ਰੋਚਕ ਲਗਦੀ ਹੈ,

ਤੌ ਹਸਿ ਬਾਤ ਕਹੀ ਮੁਸਕਾਇ ਪਹਲੈ ਨ੍ਰਿਪ ਤਾਹਿ ਪ੍ਰਨਾਮ ਜੁ ਕੀਜੈ ॥

ਇਸ ਲਈ ਵਿਚਾਰ ਪੂਰਵਕ ਕਹੋ ਜਿਸ ਕਰ ਕੇ ਫਿਰ ਸਾਡਾ ਜੀਉਣਾ (ਸਫਲ ਮਨੋਰਥ ਹੋ ਸਕੇ)। (ਬ੍ਰਾਹਮਣ ਇਸਤਰੀਆਂ ਨੇ) ਹਸ ਕੇ ਗੱਲ ਕਹੀ ਕਿ 'ਪਹਿਲਾਂ ਉਸ ਰਾਜੇ ਨੂੰ ਪ੍ਰਣਾਮ ਕਰੋ'।

ਤੌ ਭਗਵਾਨ ਕਥਾ ਅਤਿ ਰੋਚਨ ਦੈ ਚਿਤ ਪੈ ਹਮ ਤੇ ਸੁਨ ਲੀਜੈ ॥੩੨੮॥

ਤਦ ਭਗਵਾਨ ਦੀ ਅਤਿ ਰੋਚਕ ਕਥਾ ਨੂੰ ਚਿਤ ਦੇ ਕੇ ਸਾਡੇ ਪਾਸੋਂ ਸੁਣ ਲੈਣਾ ॥੩੨੮॥

ਸਾਲਨ ਅਉ ਅਖਨੀ ਬਿਰੀਆ ਜੁਜ ਤਾਹਰੀ ਅਉਰ ਪੁਲਾਵ ਘਨੇ ॥

ਸਾਲਣ (ਤਰੀਦਾਰ ਮਾਸ) ਯਖ਼ਨੀ, ਭੁਜਿਆ ਹੋਇਆ ਮਾਸ, ਦੁੰਬੇ ਦੀ ਚਕਲੀ ਦਾ ਭੁਜਿਆ ਹੋਇਆ ਮਾਸ, ਤਾਹਰੀ (ਮਾਸ ਦੀ ਗਾੜ੍ਹੀ ਤਰੀ) ਅਤੇ ਬਹੁਤ ਪੁਲਾਓ,

ਨੁਗਦੀ ਅਰੁ ਸੇਵਕੀਆ ਚਿਰਵੇ ਲਡੂਆ ਅਰੁ ਸੂਤ ਭਲੇ ਜੁ ਬਨੇ ॥

ਨੁਗਦੀ, ਸੇਵੀਆਂ, ਚਿੜਵੇ, ਲਡੂ ਅਤੇ ਬਹੁਤ ਸੋਹਣੇ ਬਣੇ ਹੋਏ ਖੁਰਮੇ,

ਫੁਨਿ ਖੀਰ ਦਹੀ ਅਰੁ ਦੂਧ ਕੇ ਸਾਥ ਬਰੇ ਬਹੁ ਅਉਰ ਨ ਜਾਤ ਗਨੇ ॥

ਫਿਰ ਖੀਰ, ਦਹੀ ਅਤੇ ਦੁੱਧ ਨਾਲ ਬਣੇ ਕਈ ਤਰ੍ਹਾਂ ਦੇ ਪਕੌੜੇ, ਜੋ ਗਿਣੇ ਨਹੀਂ ਜਾ ਸਕਦੇ,

ਇਹ ਖਾਇ ਚਲਿਯੋ ਭਗਵਾਨ ਗ੍ਰਿਹੰ ਕਹੁ ਸ੍ਯਾਮ ਕਬੀਸੁਰ ਭਾਵ ਭਨੇ ॥੩੨੯॥

ਕਵੀ ਸ਼ਿਆਮ (ਕਹਿੰਦੇ ਹਨ) ਬ੍ਰਾਹਮਣਾਂ ਦੇ ਲਿਆਉਂਦੇ ਹੋਏ ਇਹ (ਸਾਰੇ ਪਦਾਰਥ) ਖਾ ਕੇ ਭਗਵਾਨ ਕ੍ਰਿਸ਼ਨ ਆਪਣੇ ਘਰ ਨੂੰ ਚਲ ਪਏ ਹਨ (ਅਤੇ ਰਸਤੇ ਵਿਚ ਬ੍ਰਾਹਮਣਾਂ ਦੇ) ਪ੍ਰੇਮ ਦਾ ਵਰਣਨ ਕਰਦੇ ਜਾਂਦੇ ਹਨ ॥੩੨੯॥

ਗਾਵਤ ਗੀਤ ਚਲੇ ਗ੍ਰਿਹ ਕੋ ਗਰੜਧ੍ਵਜ ਜੀਯ ਮੈ ਆਨੰਦ ਪੈ ਕੈ ॥

ਸ੍ਰੀ ਕ੍ਰਿਸ਼ਨ ਚਿਤ ਵਿਚ ਆਨੰਦ ਨੂੰ ਪ੍ਰਾਪਤ ਕਰ ਕੇ ਗੀਤ ਗਾਉਂਦੇ ਹੋਏ ਘਰ ਨੂੰ ਚਲ ਪਏ ਹਨ।

ਸੋਭਤ ਸ੍ਯਾਮ ਕੇ ਸੰਗਿ ਹਲੀ ਘਨ ਸ੍ਯਾਮ ਅਉ ਸੇਤ ਚਲਿਯੋ ਉਨਸੈ ਕੈ ॥

ਸ੍ਰੀ ਕ੍ਰਿਸ਼ਨ ਨਾਲ ਬਲਰਾਮ (ਇੰਜ) ਸੁਸ਼ੋਭਿਤ ਹੈ (ਜਿਵੇਂ) ਕਾਲਾ ਅਤੇ ਚਿੱਟਾ ਬਦਲ ਉਤਸਾਹ ਪੂਰਵਕ ਚਲ ਰਹੇ ਹਨ।

ਕਾਨ੍ਰਹ ਤਬੈ ਹਸਿ ਕੈ ਮੁਰਲੀ ਸੁ ਬਜਾਇ ਉਠਿਯੋ ਅਪਨੇ ਕਰਿ ਲੈ ਕੈ ॥

ਕਾਨ੍ਹ ਉਸ ਵੇਲੇ ਹਸ ਕੇ ਆਪਣੇ ਹੱਥ ਵਿਚ ਮੁਰਲੀ ਲੈ ਕੇ ਵਜਾਉਣ ਲਗ ਪਿਆ।

ਠਾਢ ਭਈ ਜਮੁਨਾ ਸੁਨਿ ਕੈ ਧੁਨਿ ਪਉਨ ਰਹਿਯੋ ਸੁਨਿ ਕੈ ਉਰਝੈ ਕੈ ॥੩੩੦॥

(ਜਿਸ ਦੀ) ਧੁਨ ਸੁਣ ਕੇ ਜਮਨਾ (ਦਾ ਵਗਦਾ ਜਲ) ਰੁਕ ਗਿਆ ਅਤੇ ਪੌਣ ਵੀ ਸੁਣ ਕੇ ਉਲਝੀ ਰਹਿ ਗਈ (ਅਰਥਾਤ ਮੋਹਿਤ ਹੋ ਕੇ ਰੁਕ ਗਈ) ॥੩੩੦॥

ਰਾਮਕਲੀ ਅਰੁ ਸੋਰਠਿ ਸਾਰੰਗ ਮਾਲਸਿਰੀ ਅਰੁ ਬਾਜਤ ਗਉਰੀ ॥

(ਸ੍ਰੀ ਕ੍ਰਿਸ਼ਨ ਦੀ ਬੰਸਰੀ ਵਿਚ) ਰਾਮਕਲੀ, ਸੋਰਠ, ਸਾਰੰਗ ਅਤੇ ਮਾਲਸਿਰੀ ਅਤੇ ਗੌੜੀ (ਰਾਗ) ਵਜਦੇ ਹਨ।

ਜੈਤਸਿਰੀ ਅਰੁ ਗੌਡ ਮਲਾਰ ਬਿਲਾਵਲ ਰਾਗ ਬਸੈ ਸੁਭ ਠਉਰੀ ॥

ਜੈਤਸਿਰੀ, ਗੌਂਡ, ਮਲ੍ਹਾਰ ਅਤੇ ਬਿਲਾਵਲ ਰਾਗ (ਉਸ) ਸ਼ੁਭ (ਬੰਸਰੀ) ਵਿਚ ਵਸ ਰਹੇ ਹਨ।

ਮਾਨਸ ਕੀ ਕਹ ਹੈ ਗਨਤੀ ਸੁਨਿ ਹੋਤ ਸੁਰੀ ਅਸੁਰੀ ਧੁਨਿ ਬਉਰੀ ॥

ਮਨੁਸ਼ ਦੀ ਤਾਂ ਕੀ ਗਿਣਤੀ, (ਬੰਸਰੀ ਦੀ) ਧੁਨ ਸੁਣ ਕੇ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਬੌਰੀਆਂ ਹੋ ਗਈਆਂ ਹਨ।

ਸੋ ਸੁਨਿ ਕੈ ਧੁਨਿ ਸ੍ਰਉਨਨ ਮੈ ਤਰੁਨੀ ਹਰਨੀ ਜਿਮ ਆਵਤ ਦਉਰੀ ॥੩੩੧॥

ਇਸ ਤਰ੍ਹਾਂ (ਬੰਸਰੀ ਦੀ) ਧੁਨ ਨੂੰ ਕੰਨਾਂ ਨਾਲ ਸੁਣ ਕੇ (ਬ੍ਰਜ-ਭੂਮੀ ਦੀਆਂ) ਮੁਟਿਆਰਾਂ (ਇਉਂ ਭਜੀਆਂ ਆ ਰਹੀਆਂ ਸਨ) ਜਿਉਂ (ਘੰਡਾਹੇੜੇ ਦੀ ਧੁਨ ਨੂੰ ਸੁਣ ਕੇ) ਹਿਰਨੀ ਦੌੜੀ ਚਲੀ ਆਉਂਦੀ ਹੈ ॥੩੩੧॥

ਕਬਿਤੁ ॥

ਕਬਿੱਤ:

ਬਾਜਤ ਬਸੰਤ ਅਰੁ ਭੈਰਵ ਹਿੰਡੋਲ ਰਾਗ ਬਾਜਤ ਹੈ ਲਲਤਾ ਕੇ ਸਾਥ ਹ੍ਵੈ ਧਨਾਸਰੀ ॥

(ਸ੍ਰੀ ਕ੍ਰਿਸ਼ਨ ਦੀ ਬੰਸਰੀ ਵਿਚ) ਬਸੰਤ, ਭੈਰਉ ਅਤੇ ਹਿੰਡੋਲ ਰਾਗ ਵਜਦੇ ਹਨ; ਲਲਤਾ (ਰਾਗ) ਦੇ ਨਾਲ ਧਨਾਸਰੀ (ਰਾਗ) ਮਿਲ ਕੇ ਵਜਦਾ ਹੈ।

ਮਾਲਵਾ ਕਲ੍ਯਾਨ ਅਰੁ ਮਾਲਕਉਸ ਮਾਰੂ ਰਾਗ ਬਨ ਮੈ ਬਜਾਵੈ ਕਾਨ੍ਰਹ ਮੰਗਲ ਨਿਵਾਸਰੀ ॥

ਮਾਲਵਾ, ਕਲਿਆਣ, ਮਾਲਕੌਂਸ ਅਤੇ ਮਾਰੂ ਰਾਗ ਨੂੰ ਆਨੰਦ ਦਾ ਨਿਵਾਸ (ਘਰ) ਸ੍ਰੀ ਕ੍ਰਿਸ਼ਨ ਬਨ ਵਿਚ ਵਜਾ ਰਿਹਾ ਹੈ।

ਸੁਰੀ ਅਰੁ ਆਸੁਰੀ ਅਉ ਪੰਨਗੀ ਜੇ ਹੁਤੀ ਤਹਾ ਧੁਨਿ ਕੇ ਸੁਨਤ ਪੈ ਨ ਰਹੀ ਸੁਧਿ ਜਾਸੁ ਰੀ ॥

ਉਥੇ ਜੋ ਦੇਵ ਇਸਤਰੀਆਂ, ਦੈਂਤ ਇਸਤਰੀਆਂ ਅਤੇ ਨਾਗ ਇਸਤਰੀਆਂ ਮੌਜੂਦ ਸਨ, ਉਨ੍ਹਾਂ ਨੂੰ (ਬੰਸਰੀ ਦੀ) ਧੁਨ ਸੁਣਨ ਨਾਲ ਸੁਰਤ ਨਾ ਰਹੀ।

ਕਹੈ ਇਉ ਦਾਸਰੀ ਸੁ ਐਸੀ ਬਾਜੀ ਬਾਸੁਰੀ ਸੁ ਮੇਰੇ ਜਾਨੇ ਯਾ ਮੈ ਸਭ ਰਾਗ ਕੋ ਨਿਵਾਸੁ ਰੀ ॥੩੩੨॥

ਹੇ ਸਖੀ! ਦਾਸ ਇਉਂ ਕਹਿੰਦਾ ਹੈ ਕਿ ਬੰਸਰੀ ਇਸ ਤਰ੍ਹਾਂ ਵਜਦੀ ਹੈ ਕਿ ਮੇਰੇ ਵਿਚਾਰ ਅਨੁਸਾਰ ਇਸ ਵਿਚ ਸਾਰੇ ਹੀ ਰਾਗਾਂ ਦਾ ਨਿਵਾਸ ਹੈ ॥੩੩੨॥

ਕਰੁਨਾ ਨਿਧਾਨ ਬੇਦ ਕਹਤ ਬਖਾਨ ਯਾ ਕੀ ਬੀਚ ਤੀਨ ਲੋਕ ਫੈਲ ਰਹੀ ਹੈ ਸੁ ਬਾਸੁ ਰੀ ॥

(ਜਿਸ) ਕ੍ਰਿਪਾ ਦੇ ਸਮੁੰਦਰ (ਦੀ ਮਹਾਨਤਾ ਦਾ) ਬਖਾਨ ਵੇਦ ਕਰ ਰਹੇ ਹਨ ਅਤੇ (ਜਿਸ ਦੀ) ਸੁਗੰਧ ਤਿੰਨ ਲੋਕਾਂ ਵਿਚ ਪਸਰ ਰਹੀ ਹੈ,

ਦੇਵਨ ਕੀ ਕੰਨਿਆ ਤਾ ਕੀ ਸੁਨਿ ਸੁਨਿ ਸ੍ਰਉਨਨ ਮੈ ਧਾਈ ਧਾਈ ਆਵੈ ਤਜਿ ਕੈ ਸੁਰਗ ਬਾਸੁ ਰੀ ॥

ਉਸ ਦੀ (ਬੰਸਰੀ ਦੀ) ਧੁਨ ਕੰਨਾਂ ਨਾਲ ਸੁਣ ਕੇ ਦੇਵਤਿਆਂ ਦੀਆਂ ਲੜਕੀਆਂ ਸੁਅਰਗ ਦਾ ਵਸਣਾ ਛਡ ਕੇ (ਬ੍ਰਜ-ਭੂਮੀ ਵਿਚ ਰਹਿਣ ਲਈ) ਭਜਦੀਆਂ ਹੋਈਆਂ ਆ ਰਹੀਆਂ ਹਨ।

ਹ੍ਵੈ ਕਰਿ ਪ੍ਰਸੰਨ੍ਯ ਰੂਪ ਰਾਗ ਕੋ ਨਿਹਾਰ ਕਹਿਯੋ ਰਚਿਯੋ ਹੈ ਬਿਧਾਤਾ ਇਹ ਰਾਗਨ ਕੋ ਬਾਸੁ ਰੀ ॥

(ਕਾਨ੍ਹ ਦੇ) ਰੂਪ ਅਤੇ ਰਾਗ ਨੂੰ ਵੇਖ ਕੇ ਅਤੇ ਪ੍ਰਸੰਨ ਹੋ ਕੇ ਕਹਿੰਦੀਆਂ ਹਨ ਕਿ ਬਿਧਾਤਾ ਨੇ ਇਸ ਨੂੰ 'ਰਾਗਾਂ ਦੇ ਘਰ' ਵਜੋਂ ਰਚਿਆ ਹੈ।

ਰੀਝੇ ਸਭ ਗਨ ਉਡਗਨ ਭੇ ਮਗਨ ਜਬ ਬਨ ਉਪਬਨ ਮੈ ਬਜਾਈ ਕਾਨ੍ਰਹ ਬਾਸੁਰੀ ॥੩੩੩॥

ਜਦੋਂ ਕਾਨ੍ਹ ਨੇ ਬਨਾਂ ਅਤੇ ਬਗੀਚਿਆਂ ਵਿਚ ਬੰਸਰੀ ਵਜਾਈ ਤਾਂ ਸਾਰੇ ਗਣ ਰੀਝ ਗਏ, ਤਾਰੇ ਮਸਤ ਹੋ ਗਏ ॥੩੩੩॥

ਸਵੈਯਾ ॥

ਸਵੈਯਾ:

ਕਾਨ੍ਰਹ ਬਜਾਵਤ ਹੈ ਮੁਰਲੀ ਅਤਿ ਆਨੰਦ ਕੈ ਮਨਿ ਡੇਰਨ ਆਏ ॥

ਕਾਨ੍ਹ ਬੰਸਰੀ ਵਜਾਉਂਦਾ ਹੋਇਆ (ਹੋਰਨਾਂ ਨਾਲ) ਆਨੰਦ ਪੂਰਵਕ ਡੇਰਿਆਂ ਤੇ ਪਰਤ ਆਇਆ ਹੈ।

ਤਾਲ ਬਜਾਵਤ ਕੂਦਤ ਆਵਤ ਗੋਪ ਸਭੋ ਮਿਲਿ ਮੰਗਲ ਗਾਏ ॥

ਸਾਰੇ ਗਵਾਲੇ ਮਿਲ ਕੇ ਤਾੜੀਆਂ ਵਜਾਉਂਦੇ ਹੋਏ, ਨਚਦੇ ਟਪਦੇ ਮੰਗਲਮਈ ਗੀਤ ਗਾਉਂਦੇ ਹੋਏ ਆ ਰਹੇ ਹਨ।

ਆਪਨ ਹ੍ਵੈ ਧਨਠੀ ਭਗਵਾਨ ਤਿਨੋ ਪਹਿ ਤੇ ਬਹੁ ਨਾਚ ਨਚਾਏ ॥

ਸ੍ਰੀ ਕ੍ਰਿਸ਼ਨ ਆਪ ਉਨ੍ਹਾਂ ਨੂੰ ਪ੍ਰੇਰ ਕੇ ਕਈ ਤਰ੍ਹਾਂ ਦੇ ਨਾਚ ਨਚਵਾ ਰਿਹਾ ਹੈ।

ਰੈਨ ਪਰੀ ਤਬ ਆਪਨ ਆਪਨ ਸੋਇ ਰਹੇ ਗ੍ਰਿਹਿ ਆਨੰਦ ਪਾਏ ॥੩੩੪॥

ਰਾਤ ਪੈਣ ਤੇ ਸਾਰੇ ਆਪਣੇ ਆਪਣੇ ਘਰਾਂ ਵਿਚ ਆਨੰਦ ਸਹਿਤ ਸੌਂ ਰਹੇ ਹਨ ॥੩੩੪॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਿਪਨ ਕੀ ਤ੍ਰੀਯਨ ਕੋ ਚਿਤ ਹਰਿ ਭੋਜਨ ਲੇਇ ਉਧਾਰ ਕਰਬੋ ਬਰਨਨੰ ॥

ਇਥੇ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬ੍ਰਾਹਮਣਾਂ ਦੀਆਂ ਇਸਤਰੀਆਂ ਦੇ ਚਿਤ ਨੂੰ ਹਰਨ ਅਤੇ ਭੋਜਨ ਲਿਆਉਣ ਅਤੇ ਉੱਧਾਰ ਕਰਨ ਦੇ ਪ੍ਰਸੰਗ ਦੀ ਸਮਾਪਤੀ।

ਅਥ ਗੋਵਰਧਨ ਗਿਰਿ ਕਰ ਪਰ ਧਾਰਬੋ ॥

ਹੁਣ ਗੋਵਰਧਨ ਪਰਬਤ ਨੂੰ ਹੱਥ ਉਤੇ ਉਠਾਣ ਦਾ ਕਥਨ:

ਦੋਹਰਾ ॥

ਦੋਹਰਾ:

ਇਸੀ ਭਾਤਿ ਸੋ ਕ੍ਰਿਸਨ ਜੀ ਕੀਨੇ ਦਿਵਸ ਬਿਤੀਤ ॥

ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਦਿਨ ਬਤੀਤ ਕੀਤੇ।

ਹਰਿ ਪੂਜਾ ਕੋ ਦਿਨੁ ਅਯੋ ਗੋਪ ਬਿਚਾਰੀ ਚੀਤਿ ॥੩੩੫॥

(ਜਦ) ਇੰਦਰ ਦੀ ਪੂਜਾ ਦਾ ਦਿਨ ਆਇਆ (ਤਦ) ਗਵਾਲਿਆਂ ਨੇ ਚਿਤ ਵਿਚ ਵਿਚਾਰ ਕੀਤਾ ॥੩੩੫॥

ਸਵੈਯਾ ॥

ਸਵੈਯਾ:

ਆਯੋ ਹੈ ਇੰਦ੍ਰ ਕੀ ਪੂਜਾ ਕੋ ਦ੍ਯੋਸ ਸਭੋ ਮਿਲਿ ਗੋਪਿਨ ਬਾਤ ਉਚਾਰੀ ॥

ਸਾਰਿਆਂ ਗਵਾਲਿਆਂ ਨੇ ਮਿਲ ਕੇ (ਇਕ ਦਿਨ) ਇਹ ਗੱਲ ਕਹੀ ਕਿ ਇੰਦਰ ਦੀ ਪੂਜਾ ਦਾ ਦਿਨ ਆ ਗਿਆ ਹੈ,

ਭੋਜਨ ਭਾਤਿ ਅਨੇਕਨ ਕੋ ਰੁ ਪੰਚਾਮ੍ਰਿਤ ਕੀ ਕਰੋ ਜਾਇ ਤਯਾਰੀ ॥

(ਇਸ ਲਈ) (ਘਰ) ਜਾ ਕੇ ਪਚਾਂਮ੍ਰਿਤ (ਕੜਾਹ) ਅਤੇ ਹੋਰ ਅਨੇਕ ਭੋਜਨਾਂ ਦੀ ਤਿਆਰੀ ਕਰੋ।

ਨੰਦ ਕਹਿਯੋ ਜਬ ਗੋਪਿਨ ਸੋ ਬਿਧਿ ਅਉਰ ਚਿਤੀ ਮਨ ਬੀਚ ਮੁਰਾਰੀ ॥

ਜਦੋਂ ਨੰਦ ਨੇ ਗਵਾਲਿਆਂ ਨੂੰ ਇਹ ਗੱਲ ਕਹੀ ਤਾਂ ਕ੍ਰਿਸ਼ਨ ਨੇ ਆਪਣੇ ਚਿਤ ਵਿਚ ਹੋਰ ਢੰਗ ਨਾਲ ਵਿਚਾਰ ਕੀਤਾ

ਕੋ ਬਪੁਰਾ ਮਘਵਾ ਹਮਰੀ ਸਮ ਪੂਜਨ ਜਾਤ ਜਹਾ ਬ੍ਰਿਜ ਨਾਰੀ ॥੩੩੬॥

ਕਿ ਇੰਦਰ ਕੌਣ ਹੈ ਵਿਚਾਰਾ? ਜਿਸ ਦੀ ਸਾਡੇ ਬਰਾਬਰ ਪੂਜਾ ਕਰਨ ਲਈ ਬ੍ਰਜ ਦੀਆਂ ਇਸਤਰੀਆਂ ਜਾਂਦੀਆਂ ਹਨ ॥੩੩੬॥

ਕਬਿਤੁ ॥

ਕਬਿੱਤ:

ਇਹ ਬਿਧਿ ਬੋਲਿਯੋ ਕਾਨ੍ਰਹ ਕਰੁਣਾ ਨਿਧਾਨ ਤਾਤ ਕਾਹੇ ਕੇ ਨਵਿਤ ਕੋ ਸਾਮ੍ਰਿਗੀ ਤੈ ਬਨਾਈ ਹੈ ॥

ਇਸ ਪ੍ਰਕਾਰ (ਸੋਚ ਕੇ) ਕ੍ਰਿਪਾ ਦੇ ਸਮੁੰਦਰ ਸ੍ਰੀ ਕ੍ਰਿਸ਼ਨ ਕਹਿਣ ਲਗੇ, ਹੇ ਪਿਤਾ ਜੀ! ਤੁਸੀਂ ਕਿਸ ਨਿਮਿਤ ਇਹ ਸਾਰੀ ਸਾਮਗ੍ਰੀ ਬਣਵਾਈ ਹੈ। (ਉੱਤਰ ਵਿਚ) ਨੰਦ ਨੇ ਇਸ ਤਰ੍ਹਾਂ ਕਿਹਾ, ਜੋ ਤਿੰਨਾਂ ਲੋਕਾਂ ਦਾ ਸੁਆਮੀ ਕਿਹਾ ਜਾਂਦਾ ਹੈ, ਉਸ (ਦੀ ਪੂਜਾ) ਲਈ (ਇਸ ਸਾਰੀ ਸਾਮਗ੍ਰੀ) ਬਣਾਈ ਹੈ।

ਕਹਿਯੋ ਐਸੇ ਨੰਦ ਜੋ ਤ੍ਰਿਲੋਕੀਪਤਿ ਭਾਖੀਅਤ ਤਾਹੀ ਕੋ ਬਨਾਈ ਹਰਿ ਕਹਿ ਕੈ ਸੁਨਾਈ ਹੈ ॥

(ਕ੍ਰਿਸ਼ਨ ਦੇ ਪੁਛਣ ਤੇ ਕਿ ਉਹ ਸੁਆਮੀ ਕੌਣ ਹੈ? ਨੰਦ ਨੇ) ਇੰਦਰ (ਦਾ ਨਾਂ) ਕਹਿ ਕੇ ਸੁਣਾਇਆ।

ਕਾਹੇ ਕੇ ਨਵਿਤ ਕਹਿਯੋ ਬਾਰਿਦ ਤ੍ਰਿਨਨ ਕਾਜ ਗਊਅਨ ਕੀ ਰਛ ਕਰੀ ਅਉ ਹੋਤ ਆਈ ਹੈ ॥

(ਕ੍ਰਿਸ਼ਨ ਨੇ ਫਿਰ ਪੁਛਿਆ) ਕਿ ਕਿਸ ਨਿਮਿਤ (ਇੰਦਰ ਨੂੰ ਪੂਜਦੇ ਹੋ)। (ਨੰਦ ਨੇ ਕਿਹਾ) ਕਿ ਬਰਖਾ ਅਤੇ ਘਾਸ-ਫੂਸ (ਦੀ ਉਤਪਤੀ) ਲਈ ਅਤੇ ਗਊਆਂ ਦੀ ਰਖਿਆ ਲਈ (ਇਹ ਪੂਜਾ ਪਰੰਪਰਾ ਤੋਂ) ਹੁੰਦੀ ਆਈ ਹੈ।

ਕਹਿਯੋ ਭਗਵਾਨ ਏਤੋ ਲੋਗ ਹੈ ਅਜਾਨ ਬ੍ਰਿਜ ਈਸਰ ਤੇ ਹੋਤ ਨਹੀ ਮਘਵਾ ਤੇ ਗਾਈ ਹੈ ॥੩੩੭॥

ਸ੍ਰੀ ਕ੍ਰਿਸ਼ਨ ਨੇ ਕਿਹਾ, ਬ੍ਰਜ ਦੇ ਲੋਕ ਅਜਾਣ ਹਨ। ਨਹੀਂ ਜਾਣਦੇ (ਕਿ ਸਭ ਕੁਝ) ਈਸ਼ਵਰ ਤੋਂ ਹੁੰਦਾ ਹੈ, ਪਰ ਇਹ ਇੰਦਰ ਤੋਂ ਹੋਇਆ ਕਹਿੰਦੇ ਹਨ ॥੩੩੭॥

ਕਾਨ੍ਰਹ ਬਾਚ ॥

ਕਾਨ੍ਹ ਨੇ ਕਿਹਾ:

ਸਵੈਯਾ ॥

ਸਵੈਯਾ:

ਹੈ ਨਹੀ ਮੇਘੁ ਸੁਰਪਤਿ ਹਾਥਿ ਸੁ ਤਾਤ ਸੁਨੋ ਅਰੁ ਲੋਕ ਸਭੈ ਰੇ ॥

ਹੇ ਪਿਤਾ ਜੀ ਅਤੇ ਸਾਰੇ ਲੋਕੋ! ਸੁਣੋ, ਇੰਦਰ ਦੇ ਹੱਥ ਵਿਚ ਬਦਲ ਨਹੀਂ ਹਨ (ਅਰਥਾਤ ਉਸ ਦੇ ਅਧੀਨ ਨਹੀਂ ਹਨ)।

ਭੰਜਨ ਭਉ ਅਨਭੈ ਭਗਵਾਨ ਸੁ ਦੇਤ ਸਭੈ ਜਨ ਕੋ ਅਰੁ ਲੈ ਰੇ ॥

(ਜੋ) ਭੈ ਨੂੰ ਖ਼ਤਮ ਕਰਨ ਵਾਲਾ ਅਤੇ ਭੈ-ਰਹਿਤ ਭਗਵਾਨ ਹੈ, ਉਹੀ ਸਾਰਿਆਂ ਨੂੰ ਦਿੰਦਾ ਅਤੇ ਲੈਂਦਾ ਹੈ।


Flag Counter