ਸ਼੍ਰੀ ਦਸਮ ਗ੍ਰੰਥ

ਅੰਗ - 968


ਸੁਧਿ ਮੈ ਹੁਤੇ ਬਿਸੁਧਿ ਹ੍ਵੈ ਗਏ ॥੧੮॥

ਹੋਸ਼ ਵਿਚ ਸਨ, ਪਰ ਬੇਹੋਸ਼ ਹੋ ਗਏ ॥੧੮॥

ਮਦ ਸੌ ਨ੍ਰਿਪਤਿ ਭਏ ਮਤਵਾਰੇ ॥

ਸ਼ਰਾਬ ਨਾਲ ਮਸਤ ਹੋ ਕੇ

ਖੇਲ ਕਾਜਿ ਗ੍ਰਿਹ ਓਰ ਪਧਾਰੇ ॥

ਰਾਜਾ ਜੀ ਕਾਮ-ਕ੍ਰੀੜਾ ਲਈ ਮਹੱਲ ਵਲ ਚਲੇ।

ਬਸਿ ਹ੍ਵੈ ਅਧਿਕ ਕਾਮ ਕੇ ਗਯੋ ॥

ਕਾਮ ਦੇ ਅਧਿਕ ਵਸ ਵਿਚ ਹੋ ਜਾਣ ਕਾਰਨ

ਮੇਰੋ ਹਾਥ ਹਾਥ ਗਹਿ ਲਯੋ ॥੧੯॥

ਮੇਰੇ ਹੱਥ ਨੂੰ ਆਪਣੇ ਹੱਥ ਨਾਲ ਪਕੜ ਲਿਆ ॥੧੯॥

ਪਾਵ ਖਿਸਤ ਪੌਰਿਨ ਤੇ ਭਯੋ ॥

ਪੌੜੀਆਂ ਉਤੋਂ ਪੈਰ ਖਿਸਕ ਗਿਆ।

ਅਧਿਕ ਮਤ ਮੈਥੋ ਗਿਰਿ ਗਯੋ ॥

(ਸ਼ਰਾਬ ਵਿਚ) ਅਧਿਕ ਮਸਤ ਹੋਣ ਕਾਰਨ ਮੇਰੇ ਕੋਲੋਂ ਡਿਗ ਗਏ।

ਉਰ ਤੇ ਉਗਰਿ ਕਟਾਰੀ ਲਾਗੀ ॥

ਕਟਾਰ ਉਛਲ ਕੇ (ਉਨ੍ਹਾਂ ਦੀ) ਛਾਤੀ ਵਿਚ ਲਗੀ

ਤਾ ਤੇ ਦੇਹ ਰਾਵ ਜੂ ਤ੍ਯਾਗੀ ॥੨੦॥

ਜਿਸ ਕਰ ਕੇ ਰਾਜਾ ਜੀ ਨੇ ਦੇਹ ਤਿਆਗ ਦਿੱਤੀ ॥੨੦॥

ਦੋਹਰਾ ॥

ਦੋਹਰਾ:

ਸੀੜਿਨ ਤੇ ਰਾਜਾ ਗਿਰਿਯੋ ਪਰਿਯੋ ਧਰਨਿ ਪਰ ਆਨਿ ॥

ਪੌੜੀਆਂ ਤੋਂ ਰਾਜਾ ਡਿਗ ਕੇ ਧਰਤੀ ਉਤੇ ਆ ਪਿਆ।

ਚੁਬੀ ਕਟਾਰੀ ਪੇਟ ਮੈ ਤਾ ਤੇ ਤਜਿਯੋ ਪ੍ਰਾਨ ॥੨੧॥

ਕਟਾਰ (ਉਸ ਦੇ) ਪੇਟ ਵਿਚ ਖੁਭ ਗਈ, ਇਸ ਲਈ ਪ੍ਰਾਨ ਛਡ ਦਿੱਤੇ ॥੨੧॥

ਚੌਪਈ ॥

ਚੌਪਈ:

ਸਭਨ ਸੁਨਤ ਯੌ ਕਥਾ ਉਚਾਰੀ ॥

ਸਭ ਨੂੰ ਸੁਣਾਉਂਦੇ ਹੋਇਆਂ (ਰਾਣੀ ਨੇ) ਇਹ ਬ੍ਰਿੱਤਾਂਤ ਦਸਿਆ।

ਜਮਧਰ ਵਹੈ ਬਹੁਰਿ ਉਰਿ ਮਾਰੀ ॥

ਫਿਰ ਉਹ ਜਮਧਾੜ ਆਪਣੀ ਛਾਤੀ ਵਿਚ ਮਾਰ ਲਈ।

ਨ੍ਰਿਪ ਤ੍ਰਿਯ ਮਾਰਿ ਪ੍ਰਾਨ ਨਿਜੁ ਦੀਨੋ ॥

ਇਸਤਰੀ ਨੇ ਰਾਜੇ ਨੂੰ ਮਾਰ ਕੇ ਆਪਣੇ ਪ੍ਰਾਣ ਤਿਆਗ ਦਿੱਤੇ।

ਚਰਿਤ ਚੰਚਲਾ ਐਸੋ ਕੀਨੋ ॥੨੨॥

ਇਸ ਢੰਗ ਨਾਲ (ਉਸ) ਚੰਚਲਾ ਨੇ ਚਰਿਤ੍ਰ ਕੀਤਾ ॥੨੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੇਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੩॥੨੨੦੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਤੇਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੩॥੨੨੦੭॥ ਚਲਦਾ॥

ਸਵੈਯਾ ॥

ਸਵੈਯਾ:

ਏਕ ਮਹਾ ਬਨ ਬੀਚ ਬਸੈ ਮੁਨਿ ਸ੍ਰਿੰਗ ਧਰੇ ਰਿਖ ਸ੍ਰਿੰਗ ਕਹਾਯੋ ॥

ਇਕ ਵੱਡੇ ਜੰਗਲ ਵਿਚ (ਇਕ) ਮੁਨੀ ਰਹਿੰਦਾ ਸੀ, ਜਿਸ ਦੇ ਸਿਰ ਉਤੇ ਸਿੰਗ ਸਨ। ਇਸ ਲਈ ਰਿਸ਼ੀ ਸ਼੍ਰਿੰਗ ਅਖਵਾਉਂਦਾ ਸੀ।

ਕੌਨਹੂੰ ਖ੍ਯਾਲ ਬਿਭਾਡਵ ਜੂ ਮ੍ਰਿਗਿਯਾ ਹੂੰ ਕੀ ਕੋਖਿਹੂੰ ਤੇ ਉਪਜਾਯੋ ॥

ਕਿਸੇ ਖ਼ਿਆਲ ਨਾਲ ਵਿਭਾਂਡਵ (ਰਿਸ਼ੀ ਸ੍ਰਿੰਗ ਦੇ ਪਿਤਾ) ਨੇ (ਉਸ ਨੂੰ) ਹਿਰਨੀ ਦੀ ਕੁਖ ਵਿਚੋਂ ਪੈਦਾ ਕੀਤਾ।

ਹੋਤ ਭਯੋ ਤਪਸੀ ਤਬ ਤੇ ਜਬ ਤੇ ਬੁਧਿ ਲੈ ਸੁਧਿ ਕੋ ਠਹਰਾਯੋ ॥

ਉਦੋਂ ਤੋਂ ਹੀ ਉਹ ਤਪਸਵੀ ਹੋ ਗਿਆ ਜਦੋਂ ਤੋਂ ਉਸ ਨੇ ਬੁੱਧੀ ਨਾਲ ਸੁਰਤਿ ਨੂੰ ਸਥਿਰ ਕੀਤਾ।

ਰੈਨਿ ਦਿਨਾ ਰਘੁਨਾਥ ਭਜੈ ਕਬਹੂੰ ਪੁਰ ਭੀਤਰ ਭੂਲ ਨ ਆਯੋ ॥੧॥

ਰਾਤ ਦਿਨ ਪਰਮਾਤਮਾ ਦੀ ਭਗਤੀ ਕਰਦਾ ਅਤੇ ਕਦੇ ਭੁਲ ਕੇ ਵੀ ਨਗਰ ਵਿਚ ਨਾ ਆਇਆ ॥੧॥

ਬੀਚ ਕਰੈ ਤਪਸ੍ਯਾ ਬਨ ਕੇ ਮੁਨਿ ਰਾਮ ਕੋ ਨਾਮੁ ਜਪੈ ਸੁਖੁ ਪਾਵੈ ॥

ਮੁਨੀ ਬਨ ਵਿਚ ਤਪਸਿਆ ਕਰਦਾ ਅਤੇ ਰਾਮ ਦਾ ਨਾਮ ਜਪ ਕੇ ਸੁਖ ਪ੍ਰਾਪਤ ਕਰਦਾ।

ਨ੍ਰਹਾਨ ਕਰੈ ਨਿਤ ਧ੍ਯਾਨ ਧਰੈ ਮੁਖ ਬੇਦ ਰਰੈ ਹਰਿ ਕੀ ਲਿਵ ਲਾਵੈ ॥

ਨਿੱਤ ਇਸ਼ਨਾਨ ਕਰਦਾ ਅਤੇ ਧਿਆਨ ਧਰਦਾ, ਮੁਖ ਤੋਂ ਵੇਦ ਪਾਠ ਕਰਦਾ ਅਤੇ ਹਰਿ ਵਿਚ ਲਿਵ ਲਗਾਉਂਦਾ।

ਰੀਤਿ ਚਲੈ ਖਟ ਸਾਸਤ੍ਰਨ ਕੀ ਤਨ ਕਸਟ ਸਹੈ ਮਨ ਕੋ ਨ ਡੁਲਾਵੈ ॥

ਛੇ ਸ਼ਾਸਤ੍ਰਾਂ ਦੀ ਰੀਤ ਅਨੁਸਾਰ ਚਲਦਾ, ਸ਼ਰੀਰ ਉਤੇ ਕਸ਼ਟ ਸਹਾਰ ਲੈਂਦਾ ਪਰ ਮਨ ਨੂੰ ਨਾ ਡੁਲਾਉਂਦਾ।

ਭੂਖਿ ਪਿਆਸ ਲਗੈ ਜਬ ਹੀ ਤਬ ਕਾਨਨ ਤੇ ਚੁਨਿ ਕੈ ਫਲ ਖਾਵੈ ॥੨॥

ਜਦੋਂ ਭੁਖ ਪਿਆਸ ਲਗਦੀ ਤਾਂ ਬਨ ਵਿਚੋਂ ਫਲ ਚੁਣ ਕੇ ਖਾ ਲੈਂਦਾ ॥੨॥

ਕਾਲ ਬਿਤੀਤ ਭਯੋ ਇਹ ਰੀਤਿ ਪਰਿਯੋ ਦੁਰਭਿਛ ਤਹਾ ਸੁਨਿ ਪਾਯੋ ॥

ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਉਥੇ (ਦੇਸ ਵਿਚ) ਕਾਲ ਪੈ ਗਿਆ, (ਸਭ ਨੇ ਇਹ ਗੱਲ) ਸੁਣ ਲਈ।

ਬੀਜ ਰਹਿਯੋ ਨਹਿ ਏਕ ਤਹਾ ਸਭ ਲੋਕ ਕਨੇਕਨ ਕੌ ਤਰਸਾਯੋ ॥

ਉਥੇ ਇਕ ਬੀਜ ਵੀ ਨਾ ਰਿਹਾ ਅਤੇ ਸਾਰੇ ਲੋਕ ਦਾਣੇ ਦਾਣੇ ਨੂੰ ਤਰਸਣ ਲਗੇ।

ਜੇਤੇ ਪੜੇ ਬਹੁ ਬਿਪ੍ਰ ਹੁਤੇ ਤਿਨ ਕੌ ਤਬ ਹੀ ਨ੍ਰਿਪ ਬੋਲਿ ਪਠਾਯੋ ॥

ਜਿਤਨੇ ਵੀ ਬਹੁਤ ਪੜ੍ਹੇ ਹੋਏ ਬ੍ਰਾਹਮਣ ਸਨ, (ਉਨ੍ਹਾਂ ਨੂੰ) ਤਦ ਹੀ ਰਾਜੇ ਨੇ ਬੁਲਾ ਲਿਆ

ਕੌਨ ਕੁਕਾਜ ਕਿਯੋ ਕਹੋ ਮੈ ਜਿਹ ਤੇ ਭ੍ਰਿਤ ਲੋਕਨ ਜੀਵ ਨ ਪਾਯੋ ॥੩॥

(ਅਤੇ ਪੁੱਛਣ ਲਗਾ ਕਿ) ਮੈਂ ਕਿਹੜਾ ਮਾੜਾ ਕੰਮ ਕੀਤਾ ਹੈ ਜਿਸ ਕਰ ਕੇ ਮੇਰੀ ਪ੍ਰਜਾ ਦੇ ਲੋਕ ਜੀ ਨਹੀਂ ਰਹੇ (ਭਾਵ ਮਰਦੇ ਜਾ ਰਹੇ ਹਨ) ॥੩॥

ਰਾਜ ਕਹੀ ਜਬ ਯੌ ਤਿਨ ਕੌ ਤਬ ਬਿਪ੍ਰ ਸਭੈ ਇਹ ਭਾਤਿ ਉਚਾਰੇ ॥

ਜਦ ਰਾਜੇ ਨੇ ਉਨ੍ਹਾਂ (ਬ੍ਰਾਹਮਣਾਂ) ਨੂੰ ਇੰਜ ਕਿਹਾ, ਤਦ ਸਾਰਿਆਂ ਬ੍ਰਾਹਮਣਾਂ ਨੇ ਇਸ ਤਰ੍ਹਾਂ ਕਿਹਾ

ਰੀਤ ਚਲੌ ਰਜਨੀਤਨ ਕੀ ਤੁਮ ਕੋਊ ਨ ਦੇਖਿਯੋ ਪਾਪ ਤਿਹਾਰੇ ॥

ਕਿ ਤੁਸੀਂ ਰਾਜਨੀਤੀ ਅਨੁਸਾਰ ਚਲਦੇ ਹੋ, ਤੁਹਾਡਾ ਕੋਈ ਪਾਪ ਨਹੀਂ ਵੇਖਿਆ।

ਸਿੰਮ੍ਰਿਤ ਮੈ ਖਟ ਸਾਸਤ੍ਰ ਮੈ ਸਭ ਹੂੰ ਮਿਲ ਕ੍ਰੋਰਿ ਬਿਚਾਰ ਬਿਚਾਰੇ ॥

(ਉਨ੍ਹਾਂ ਨੇ) ਸਮ੍ਰਿਤੀਆਂ ਅਤੇ ਛੇ ਸ਼ਾਸਤ੍ਰਾਂ ਨੂੰ (ਵਾਚ ਕੇ) ਕਈ ਪ੍ਰਕਾਰ ਦੇ ਵਿਚਾਰ ਸੋਚੇ (ਅਤੇ ਕਿਹਾ)

ਸ੍ਰਿੰਗੀ ਰਿਖੀਸਨ ਆਏ ਤਵਾਲਯ ਯਾਹੀ ਚੁਭੈ ਚਿਤ ਬਾਤ ਹਮਾਰੇ ॥੪॥

ਤੁਹਾਡੇ ਘਰ ਸ੍ਰਿੰਗੀ ਰਿਸ਼ੀ ਆਵੇ, ਇਹੀ ਗੱਲ ਸਾਡੇ ਮਨ ਨੂੰ ਲਗਦੀ ਹੈ ॥੪॥

ਜੌ ਚਿਤ ਬੀਚ ਰੁਚੈ ਮਹਾਰਾਜ ਬੁਲਾਇ ਕੈ ਮਾਨਸ ਸੋਈ ਪਠੈਯੈ ॥

ਜੇ (ਇਹ ਗੱਲ) ਮਨ ਨੂੰ ਲਗੇ ਤਾਂ ਹੇ ਮਹਾਰਾਜ! ਬੰਦਾ ਭੇਜ ਕੇ ਉਸ ਨੂੰ ਬੁਲਾ ਲਵੋ।

ਕੌਨੇ ਉਪਾਇ ਬਿਭਾਡਵ ਕੋ ਸੁਤ ਯਾ ਪੁਰ ਬੀਥਨ ਮੈ ਬਹਿਰੈਯੈ ॥

ਕਿਸੇ ਤਰ੍ਹਾਂ ਵਿਭਾਂਡਵ ਦਾ ਪੁੱਤਰ ਇਸ ਨਗਰ ਦੀਆਂ ਗਲੀਆਂ ਵਿਚ ਫਿਰੇ।

ਦੇਸ ਬਸੈ ਫਿਰਿ ਕਾਲ ਨਸੈ ਚਿਤ ਭੀਤਰ ਸਾਚ ਇਹੈ ਠਹਿਰੈਯੈ ॥

ਇਹ ਮਨ ਵਿਚ ਸੱਚ ਜਾਣੋ ਕਿ ਜਦੋਂ ਉਹ ਦੇਸ ਵਿਚ ਆ ਕੇ ਵਸੇਗਾ ਤਾਂ ਕਾਲ ਖ਼ਤਮ ਹੋ ਜਾਏਗਾ।

ਜੌ ਨਹਿ ਆਵੈ ਤੋ ਪੂਤ ਭਿਜਾਇ ਕਿ ਆਪਨ ਜਾਇ ਉਤਾਇਲ ਲ੍ਯੈਯੈ ॥੫॥

ਜੇ ਉਹ (ਬੰਦਾ ਭੇਜਣ ਤੇ) ਨਹੀਂ ਆਉਂਦਾ ਤਾਂ ਪੁੱਤਰ ਨੂੰ ਭੇਜ ਕੇ ਜਾਂ ਆਪ ਜਾ ਕੇ (ਉਸ ਨੂੰ) ਜਲਦੀ ਲੈ ਆਓ ॥੫॥

ਸੋਰਠਾ ॥

ਸੋਰਠਾ:

ਭ੍ਰਿਤ ਮਿਤ ਪੂਤ ਪਠਾਇ ਰਾਜਾ ਅਤਿ ਹਾਯਲ ਭਯੋ ॥

ਸੇਵਕਾਂ, ਮਿਤਰਾਂ ਅਤੇ ਪੁੱਤਰ ਨੂੰ ਭੇਜ ਕੇ ਰਾਜਾ ਬਹੁਤ ਬੇਹਾਲ ਹੋ ਗਿਆ।

ਆਪਨਹੂੰ ਲਪਟਾਇ ਚਰਨ ਰਹਿਯੋ ਆਯੋ ਨ ਮੁਨਿ ॥੬॥

ਆਪ ਵੀ (ਮੁਨੀ ਦੇ) ਚਰਨਾਂ ਨਾਲ ਲਿਪਟ ਰਿਹਾ, ਪਰ ਮੁਨੀ ਨਾ ਆਇਆ ॥੬॥

ਸਵੈਯਾ ॥

ਸਵੈਯਾ:

ਬੈਠਿ ਬਿਚਾਰ ਕੀਯੋ ਸਭ ਲੋਗਨ ਕੌਨ ਉਪਾਇ ਕਹੋ ਅਬ ਕੀਜੈ ॥

ਸਾਰਿਆਂ ਲੋਕਾਂ ਨੇ ਬੈਠ ਕੇ ਵਿਚਾਰ ਕੀਤਾ ਕਿ ਹੁਣ ਕੀ ਉਪਾ ਕੀਤਾ ਜਾਏ।

ਆਪਹਿ ਜਾਇ ਥਕਿਯੋ ਹਮਰੋ ਨ੍ਰਿਪ ਸੋ ਰਿਖਿ ਤੌ ਅਜਹੂੰ ਨਹਿ ਭੀਜੈ ॥

ਸਾਡਾ ਰਾਜਾ ਆਪ ਵੀ ਜਾ ਆਇਆ ਹੈ, ਪਰ ਅਜੇ ਤਕ ਰਿਸ਼ੀ ਪਸੀਜਿਆ ਨਹੀਂ ਹੈ।

ਜੋ ਤਿਹ ਲ੍ਯਾਇ ਬੁਲਾਇ ਯਹਾ ਤਿਹ ਕੌ ਯਹ ਦੇਸ ਦੁਧਾ ਕਰਿ ਦੀਜੈ ॥

ਜੋ ਕੋਈ ਉਸ ਨੂੰ ਇਥੇ ਬੁਲਾ ਲਿਆਏ ਤਾਂ ਉਸ ਨੂੰ ਇਸ ਦੇਸ਼ ਦਾ ਅੱਧਾ (ਰਾਜ) ਦੇ ਦਿਆਂ।

ਯਾ ਤੇ ਲਜਾਇ ਸਬੋ ਗ੍ਰਿਹ ਆਇ ਮੁਨੀ ਸੁਖ ਪਾਇ ਸਭੈ ਤਪੁ ਛੀਜੈ ॥੭॥

ਇਸ ਕਰ ਕੇ ਸਾਰੇ ਸ਼ਰਮਿੰਦੇ ਹੋ ਕੇ ਘਰ ਆ ਗਏ। (ਸੋਚਣ ਲਗੇ ਕਿ ਕੋਈ ਅਜਿਹਾ ਉਪਾ ਕੀਤਾ ਜਾਏ ਕਿ) ਮੁਨੀ ਪ੍ਰਸੰਨ ਹੋ ਜਾਏ (ਅਤੇ ਉਸ ਦਾ) ਸਾਰਾ ਤਪ ਨਸ਼ਟ ਹੋ ਜਾਏ ॥੭॥

ਪਾਤ੍ਰ ਸਰੂਪ ਹੁਤੀ ਤਿਹ ਠੌਰ ਸੋਊ ਚਲਿ ਕੈ ਨ੍ਰਿਪ ਕੇ ਗ੍ਰਿਹ ਆਈ ॥

ਇਕ ਨਟੀ ਵਰਗੀ ਇਸਤਰੀ ਉਥੇ ਰਹਿੰਦੀ ਸੀ, ਉਹ ਚਲ ਕੇ ਰਾਜੇ ਦੇ ਮਹੱਲ ਵਿਚ ਆਈ।


Flag Counter