ਸ਼੍ਰੀ ਦਸਮ ਗ੍ਰੰਥ

ਅੰਗ - 1067


ਅੜਿਲ ॥

ਅੜਿਲ:

ਰਾਨੀ ਤਾ ਕੇ ਸਦਨ ਮਦਨ ਜੁਤ ਆਵਈ ॥

ਰਾਣੀ ਉਸ ਦੇ ਘਰ ਕਾਮ ਭਾਵਨਾ ਨਾਲ ਆਉਂਦੀ ਸੀ

ਕਾਮ ਕਲੋਲ ਅਮੋਲ ਸੁ ਬੋਲ ਕਮਾਵਈ ॥

ਅਤੇ ਕਹਿ ਕੇ ਬਹੁਤ ਚੰਗੀ ਤਰ੍ਹਾਂ ਨਾਲ ਕਾਮ ਕਲੋਲ ਕਰਦੀ ਸੀ।

ਤਾ ਸੋ ਭੇਵ ਨ ਕੋਊ ਸਕੇ ਪਛਾਨਿ ਕੈ ॥

ਉਸ ਦਾ ਭੇਦ ਕੋਈ ਵੀ ਪਛਾਣਦਾ ਨਹੀਂ ਸੀ

ਹੋ ਨਿਜੁ ਰਾਜਾ ਕੇ ਤੀਰ ਬਖਾਨੈ ਆਨਿ ਕੈ ॥੨॥

ਤਾਂ ਜੋ ਆਪਣੇ ਰਾਜੇ ਕੋਲ ਆ ਕੇ ਦਸੇ ॥੨॥

ਸਵਤਿ ਤਵਨ ਕੀ ਹੁਤੀ ਭੇਦ ਤਿਨ ਪਾਇਯੋ ॥

ਉਸ ਦੀ ਇਕ ਸੌਂਕਣ ਸੀ, ਉਸ ਨੇ ਭੇਦ ਪਾ ਲਿਆ।

ਨਿਜੁ ਰਾਜਾ ਪਹਿ ਤਬ ਹੀ ਜਾਇ ਜਤਾਇਯੋ ॥

(ਉਸ ਨੇ) ਤੁਰਤ ਆਪਣੇ ਰਾਜੇ ਨੂੰ ਜਾ ਦਸਿਆ।

ਸੁਨਤ ਰਾਵ ਏ ਬਚਨ ਅਧਿਕ ਕ੍ਰੁਧਿਤ ਭਯੋ ॥

ਰਾਜਾ ਇਹ ਗੱਲ ਸੁਣ ਕੇ ਬਹੁਤ ਕ੍ਰੋਧਿਤ ਹੋਇਆ

ਹੋ ਅਸ ਤੀਖਨ ਗਹਿ ਪਾਨ ਜਾਤ ਤਿਤ ਕੋ ਭਯੋ ॥੩॥

ਅਤੇ ਹੱਥ ਵਿਚ ਤਿਖੀ ਤਲਵਾਰ ਪਕੜ ਕੇ ਉਧਰ ਵਲ ਚਲ ਪਿਆ ॥੩॥

ਸੁਨ ਰਾਨੀ ਬਚ ਨ੍ਰਿਪ ਕਹ ਟਰਿ ਆਗੈ ਲਿਯੋ ॥

ਰਾਣੀ ਵੀ ਇਹ ਗੱਲ ਸੁਣ ਕੇ ਰਾਜੇ ਨੂੰ ਅਗੋਂ ਹੋ ਕੇ ਮਿਲੀ।

ਬਿਹਸਿ ਬਿਹਸ ਪਤਿ ਕੈ ਐਸੇ ਉਤਰ ਦਿਯੋ ॥

ਅਤੇ ਹਸ ਹਸ ਕੇ ਪਤੀ ਨੂੰ ਇਸ ਤਰ੍ਹਾਂ ਉੱਤਰ ਦਿੱਤੇ।

ਮੁਖ ਬੋਲੈ ਭਈਆ ਕੇ ਜੌ ਮੈ ਘਰ ਗਈ ॥

ਜੇ ਮੈਂ ਮੂੰਹ ਬੋਲੇ ਭਰਾ ਦੇ ਘਰ ਚਲੀ ਗਈ

ਹੋ ਕਹੌ ਕਹਾ ਘਟ ਤੀਯਾ ਮੈ ਤੁਮਰੀ ਭਈ ॥੪॥

ਤਾਂ ਦਸੋ (ਕੀ ਹੋਇਆ) ਕਿ ਕੀ ਮੈਂ ਤੁਹਾਡੀ ਇਸਤਰੀ ਘਟ ਹੋ ਗਈ ਹਾਂ ॥੪॥

ਧਰਮ ਭ੍ਰਾਤ ਜਾ ਕੌ ਕਹਿ ਜੁ ਤ੍ਰਿਯ ਬਖਾਨਿ ਹੈ ॥

ਜਿਸ ਨੂੰ ਇਸਤਰੀ ਧਰਮ ਦਾ ਭਰਾ ਕਹਿ ਕੇ ਦਸਦੀ ਹੈ

ਤਾ ਸੌ ਕਾਮ ਕਲੋਲ ਨ ਕਬਹੂੰ ਠਾਨਿ ਹੈ ॥

ਉਸ ਨਾਲ ਕਦੇ ਵੀ ਕਾਮਕਲੋਲ ਨਹੀਂ ਕਰਦੀ।

ਕਹੀ ਸਵਤਿ ਕੀ ਸਵਤਿ ਨ ਊਪਰ ਮਾਨਿਯੈ ॥

ਸੌਂਕਣ ਦੀ ਕਹੀ ਹੋਈ ਗੱਲ ਸੌਂਕਣ ਦੇ ਉਪਰ ਨਹੀਂ ਮੰਨੀਦੀ।

ਹੋ ਇਨ ਮਹਿ ਰਹਤ ਸਿਪਰਧਾ ਹਿਯੇ ਪਛਾਨਿਯੈ ॥੫॥

ਇਨ੍ਹਾਂ ਵਿਚ ਈਰਖਾ ਰਹਿੰਦੀ ਹੈ। (ਇਸ ਨੂੰ ਚੰਗੀ ਤਰ੍ਹਾਂ) ਹਿਰਦੇ ਵਿਚ ਪਛਾਣ ਲਵੋ ॥੫॥

ਕੇਲ ਕਰਤ ਜਿਹ ਗਹੋ ਸੁ ਜਾਰ ਉਚਾਰਿਯੈ ॥

ਜਿਸ ਨੂੰ ਕਾਮ-ਕ੍ਰੀੜਾ ਕਰਦਿਆਂ ਪਕੜੋ ਤਾਂ ਉਸ ਨੂੰ ਯਾਰ ਕਿਹਾ ਜਾਂਦਾ ਹੈ।

ਸਾਧਿ ਖਨਤ ਗਹਿ ਚੋਰ ਚੋਰ ਕਰਿ ਮਾਰਿਯੈ ॥

ਜੇ ਚੋਰ ਨੂੰ ਸੰਨ੍ਹ ਲਗਾਉਂਦੇ ਵੇਖੋ ਤਾਂ ਉਸ ਨੂੰ ਚੋਰ ਕਰ ਕੇ ਮਾਰਨਾ ਚਾਹੀਦਾ ਹੈ।

ਬਿਨੁ ਨੈਨਨ ਕੇ ਲਹੇ ਕੋਪ ਨਹਿ ਠਾਨਿਯੈ ॥

ਬਿਨਾ ਅੱਖੀਆਂ ਨਾਲ ਵੇਖਿਆਂ ਗੁੱਸਾ ਨਹੀਂ ਕਰਨਾ ਚਾਹੀਦਾ।

ਹੋ ਅਰਿ ਕੀ ਅਰਿ ਪਰ ਕਹੀ ਨ ਉਰ ਮੋ ਆਨਿਯੈ ॥੬॥

ਵੈਰੀ ਦੀ ਵੈਰੀ ਉਤੇ ਕਹੀ ਗੱਲ ਨੂੰ ਹਿਰਦੇ ਵਿਚ ਨਹੀਂ ਰਖਣਾ ਚਾਹੀਦਾ ॥੬॥

ਚੌਪਈ ॥

ਚੌਪਈ:

ਯਾ ਮੈ ਕਹੋ ਕਹਾ ਹ੍ਵੈ ਗਈ ॥

ਇਸ ਵਿਚ ਦਸੋ ਕੀ ਹੋ ਗਿਆ

ਮੁਖ ਬੋਲੈ ਭਈਆ ਕੇ ਗਈ ॥

ਜੇ ਮੈਂ ਮੂੰਹ ਬੋਲੇ ਧਰਮ ਦੇ ਭਰਾ ਦੇ ਘਰ ਚਲੀ ਗਈ।

ਤੋਰ ਸਵਿਤ ਮੈ ਕਛੁ ਨ ਬਿਗਾਰਿਯੋ ॥

ਹੇ ਸੌਂਕਣੇ! ਮੈਂ ਤੇਰਾ ਕੁਝ ਨਹੀਂ ਵਿਗਾੜਿਆ ਹੈ।

ਕ੍ਯੋ ਨ੍ਰਿਪ ਸੋ ਤੈ ਝੂਠ ਉਚਾਰਿਯੋ ॥੭॥

(ਫਿਰ) ਤੂੰ ਰਾਜੇ ਨੂੰ ਕਿਉਂ ਝੂਠ ਦਸਿਆ ਹੈ ॥੭॥

ਅੜਿਲ ॥

ਅੜਿਲ:

ਕਹਾ ਭਯੋ ਜੌ ਰਾਵ ਕ੍ਰਿਪਾ ਕਰਿ ਆਇਯੋ ॥

ਕੀ ਹੋਇਆ ਜੇ ਰਾਜਾ ਕ੍ਰਿਪਾ ਕਰ ਕੇ ਮੇਰੇ ਕੋਲ ਆ ਗਿਆ ਹੈ।

ਮੈ ਨ ਸੇਜ ਤੁਮਰੀ ਤੇ ਪਕਰਿ ਮੰਗਾਇਯੋ ॥

ਮੈਂ ਤੇਰੀ ਸੇਜ ਤੋਂ ਪਕੜ ਕੇ ਤਾਂ ਨਹੀਂ ਬੁਲਾਇਆ।

ਇਤੋ ਕੋਪ ਸੁਨਿ ਸਵਤਿ ਨ ਚਿਤ ਮੌ ਧਾਰਿਯੈ ॥

ਹੇ ਸੌਂਕਣੇ! ਸੁਣ, ਇਤਨਾ ਗੁੱਸਾ ਤਾਂ ਮਨ ਵਿਚ ਨਹੀਂ ਲਿਆਉਣਾ ਚਾਹੀਦਾ।

ਹੋ ਬੈਰ ਕੈਸੋਈ ਹੋਇ ਨ ਬ੍ਰਿਥਾ ਉਚਾਰਿਯੈ ॥੮॥

ਵੈਰ ਕਿਤਨਾ ਹੀ ਕਿਉਂ ਨਾ ਹੋਵੇ, ਵਿਅਰਥ ਦੀ ਗੱਲ ਨਹੀਂ ਕਰਨੀ ਚਾਹੀਦਾ ॥੮॥

ਚੌਪਈ ॥

ਚੌਪਈ:

ਮੂਰਖ ਰਾਵ ਭੇਦ ਕਾ ਜਾਨੈ ॥

ਮੂਰਖ ਰਾਜੇ ਨੇ ਭੇਦ ਨਾ ਸਮਝਿਆ।

ਰਿਪੁ ਕੀ ਕਹੀ ਰਿਪੁ ਕਰਿ ਮਾਨੈ ॥

ਵੈਰੀ ਦੀ ਕਹੀ ਗੱਲ ਨੂੰ ਵੈਰੀ ਦਾ ਹੀ ਮੰਨ ਲਿਆ।

ਸਾਚ ਰਾਵ ਕੇ ਮੁਖ ਪਰ ਕਹਿਯੋ ॥

(ਮੈਂ) ਰਾਜੇ ਦੇ ਮੂੰਹ ਉਤੇ ਸੱਚੀ ਗੱਲ ਕਹੀ ਹੈ।

ਮੂਰਖ ਨਾਹ ਨਾਹਿ ਕਛੁ ਲਹਿਯੋ ॥੯॥

ਪਰ ਮੂਰਖ ਰਾਜੇ ਨੇ ਕੁਝ ਨਹੀਂ ਸਮਝਿਆ ॥੯॥

ਕਹ ਭਯੋ ਮੈ ਇਹ ਸਾਥ ਬਿਹਾਰਿਯੋ ॥

ਕੀ ਹੋਇਆ ਜੇ ਮੈਂ ਇਸ ਨਾਲ ਰਮਣ ਕੀਤਾ ਹੈ,

ਤੇਰੋ ਕਛੂ ਨ ਕਾਜ ਬਿਗਾਰਿਯੋ ॥

ਤੇਰਾ ਤਾਂ ਕੋਈ ਕੰਮ ਨਹੀਂ ਵਿਗਾੜਿਆ।

ਕੈ ਤਹਕੀਕ ਤ੍ਰਿਯਾ ਸਿਰ ਕੀਜੈ ॥

ਉਸ ਇਸਤਰੀ ਦੀ ਪੜਤਾਲ ਕਰਵਾਓ,

ਨਾਤਰ ਮੀਚ ਮੂੰਡ ਪਰ ਲੀਜੈ ॥੧੦॥

ਨਹੀਂ ਤਾਂ ਮੌਤ ਸਿਰ ਉਤੇ ਆਈ ਸਮਝੋ ॥੧੦॥

ਸੁਨੁ ਰਾਜਾ ਇਹ ਕਛੂ ਨ ਕਹਿਯੈ ॥

ਹੇ ਰਾਜਨ! ਸੁਣੋ, ਇਸ ਨੂੰ ਕੁਝ ਨਾ ਕਹੋ।

ਸਾਚ ਝੂਠ ਮੇਰੋ ਹੀ ਲਹਿਯੈ ॥

ਮੇਰੇ ਸਚ ਨੂੰ ਝੂਠ ਹੀ ਮੰਨ ਲਵੋ।

ਲਹਿ ਸਾਚੀ ਮੁਹਿ ਸਾਥ ਬਿਹਾਰਿਯੋ ॥

ਇਸ ਨੂੰ ਸਚ ਮੰਨ ਲਵੋ ਕਿ ਉਸ ਨੇ ਮੇਰੇ ਨਾਲ ਰਮਣ ਕੀਤਾ ਹੈ

ਝੂਠੀ ਜਾਨਿ ਚੋਰ ਕਰਿ ਮਾਰਿਯੋ ॥੧੧॥

ਅਤੇ ਝੂਠੀ ਸਮਝ ਕੇ ਚੋਰ ਵਾਂਗ ਮਾਰ ਦਿਓ ॥੧੧॥

ਤਬ ਰਾਜੈ ਇਹ ਭਾਤਿ ਬਖਾਨੀ ॥

ਤਦ ਰਾਜੇ ਨੇ ਇਸ ਤਰ੍ਹਾਂ ਕਿਹਾ,

ਰਾਨੀ ਤੂ ਸਾਚੀ ਮੈ ਜਾਨੀ ॥

ਹੇ ਰਾਣੀ! ਮੈਂ ਤੈਨੂੰ ਸੱਚੀ ਕਰ ਕੇ ਜਾਣਿਆ ਹੈ।

ਤੋ ਪਰ ਝੂਠ ਸਵਤਿ ਇਨ ਕਹਿਯੋ ॥

ਇਸ ਸੌਂਕਣ ਨੇ ਤੇਰੇ ਉਤੇ ਝੂਠੀ ਤੋਹਮਤ ਲਗਾਈ ਹੈ।

ਸੋ ਮੈ ਆਜੁ ਸਾਚੁ ਕਰਿ ਲਹਿਯੋ ॥੧੨॥

ਇਸ ਨੂੰ ਅਜ ਮੈਂ ਸਚ ਕਰ ਕੇ ਵੇਖ ਲਿਆ ਹੈ ॥੧੨॥