ਸ਼੍ਰੀ ਦਸਮ ਗ੍ਰੰਥ

ਅੰਗ - 493


ਪੂਜਤ ਹੈ ਬਹੁਤੇ ਹਿਤ ਕੈ ਤਿਹ ਕਉ ਪੁਨਿ ਪਾਹਨ ਮੈ ਸਚ ਪਾਏ ॥

(ਜੋ) ਬਹੁਤੇ ਹਿਤ ਨਾਲ ਪੂਜਾ ਕਰ ਰਹੇ ਹਨ, ਉਨ੍ਹਾਂ ਨੇ ਫਿਰ (ਕੀਹ) ਪੱਥਰ (ਦੀਆਂ ਮੂਰਤੀਆਂ) ਵਿਚ ਸਚ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ।

ਅਉਰ ਘਨਿਯੋ ਮਿਲਿ ਬੇਦਨ ਕੇ ਮਤ ਮੈ ਕਬਿ ਸ੍ਯਾਮ ਕਹੇ ਠਹਰਾਏ ॥

ਕਵੀ ਸ਼ਿਆਮ ਕਹਿੰਦੇ ਹਨ, ਹੋਰਨਾਂ ਬਹੁਤਿਆਂ ਨੇ ਮਿਲ ਕੇ (ਉਸ ਦੇ ਸਰੂਪ ਨੂੰ) ਵੇਦਾਂ ਦੇ ਮੰਤਰਾਂ ਵਿਚ ਨਿਰਧਾਰਿਤ ਕੀਤਾ ਹੈ।

ਤੇ ਕਹੈਂ ਈਹਾ ਹੀ ਹੈ ਪ੍ਰਭੁ ਜੂ ਜਬ ਕੰਚਨ ਕੇ ਗ੍ਰਿਹ ਸ੍ਯਾਮਿ ਬਨਾਏ ॥੧੯੫੭॥

ਜਦੋਂ ਕ੍ਰਿਸ਼ਨ ਨੇ ਸੋਨੇ ਦੇ ਘਰ ਬਣਾ ਦਿੱਤੇ, ਤਾਂ (ਸਾਰੇ) ਕਹਿਣ ਲਗੇ ਕਿ ਪ੍ਰਭੂ ਜੀ ਇਥੇ ਹੀ ਹਨ (ਅਰਥਾਤ ਸ੍ਰੀ ਕ੍ਰਿਸ਼ਨ ਸਾਖਿਆਤ ਪ੍ਰਭੂ ਹਨ) ॥੧੯੫੭॥

ਸ੍ਯਾਮ ਭਨੈ ਸਭ ਸੂਰਨ ਸੋ ਮੁਸਕਾਇ ਹਲੀ ਇਹ ਭਾਤਿ ਉਚਾਰਿਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਸੂਰਮਿਆਂ ਨੇ ਹਸ ਕੇ ਇਸ ਤਰ੍ਹਾਂ ਦੇ ਬਚਨ ਕਹੇ।

ਯਾ ਕੋ ਲਹਿਯੋ ਨ ਕਛੂ ਤੁਮ ਭੇਦ ਅਰੇ ਇਹ ਚਉਦਹ ਲੋਕ ਸਵਾਰਿਯੋ ॥

(ਇਸ ਕ੍ਰਿਸ਼ਨ) ਦਾ ਤੁਸੀਂ ਕੁਝ ਵੀ ਭੇਦ ਨਹੀਂ ਪ੍ਰਾਪਤ ਕੀਤਾ ਹੈ, ਓਇ! ਇਸ ਨੇ ਤਾਂ ਚੌਦਾਂ ਲੋਕਾਂ ਨੂੰ ਸਿਰਜਿਆ ਹੈ।

ਯਾ ਹੀ ਹਨਿਯੋ ਦਸਕੰਧ ਮੁਰਾਰਿ ਸੁਬਾਹ ਇਹੀ ਬਕ ਕੋ ਮੁਖ ਫਾਰਿਯੋ ॥

ਇਸ ਨੇ (ਸ੍ਰੀ ਰਾਮ ਦੇ ਰੂਪ ਵਿਚ) ਰਾਵਣ, ਮੁਰ ਦੈਂਤ, ਸੁਬਾਹੁ ਨੂੰ ਮਾਰਿਆ ਸੀ ਅਤੇ 'ਬਕ' ਦੈਂਤ ਦਾ ਮੂੰਹ ਪਾੜ ਦਿੱਤਾ ਸੀ।

ਅਉਰ ਸੁਨੋ ਅਰਿ ਦਾਨਵ ਸੰਗ ਬਲੀ ਇਹ ਏਕ ਗਦਾ ਹੀ ਸੋ ਮਾਰਿਯੋ ॥੧੯੫੮॥

ਹੋਰ ਸੁਣੋ, ਬਲਵਾਨ ਵੈਰੀ 'ਸੰਖ' ਦੈਂਤ ਨੂੰ ਇਸ ਨੇ ਗਦਾ ਦੇ ਇਕ (ਪ੍ਰਹਾਰ) ਨਾਲ ਮਾਰ ਦਿੱਤਾ ਸੀ ॥੧੯੫੮॥

ਹਜਾਰ ਹੀ ਬਰਖ ਇਹੀ ਲਰਿ ਕੈ ਮਧੁ ਕੈਟਭ ਕੇ ਘਟਿ ਤੇ ਜੀਉ ਕਾਢਿਯੋ ॥

ਇਸ ਨੇ ਹਜ਼ਾਰਾਂ ਸਾਲ ਲੜ ਕੇ ਮਧੁ ਅਤੇ ਕੈਟਭ ਦੇ ਸ਼ਰੀਰਾਂ ਵਿਚੋਂ ਜਿੰਦ ਕਢੀ ਸੀ।

ਅਉਰ ਜਬੈ ਨਿਧਿ ਨੀਰ ਮਥਿਓ ਤਬ ਦੇਵਨ ਰਛ ਕਰੀ ਸੁਖ ਬਾਢਿਯੋ ॥

ਹੋਰ, ਜਦੋਂ ਛੀਰ ਸਮੁੰਦਰ ਨੂੰ ਰਿੜਕਿਆ ਸੀ ਤਦੋਂ ਇਸੇ ਨੇ ਦੇਵਤਿਆਂ ਦੀ ਰਖਿਆ ਕਰ ਕੇ (ਉਨ੍ਹਾਂ ਦਾ) ਸੁਖ ਵਧਾਇਆ ਸੀ।

ਰਾਵਨ ਏਹੀ ਹਨਿਓ ਰਨ ਮੈ ਹਨਿ ਕੈ ਤਿਹ ਕੇ ਉਰ ਮੈ ਸਰ ਗਾਢਿਯੋ ॥

ਇਸੇ ਨੇ ਰਾਵਣ ਨੂੰ ਰਣ ਵਿਚ ਮਾਰਿਆ ਸੀ ਅਤੇ ਉਸ ਦੇ ਸੀਨੇ ਵਿਚ ਤੀਰ ਗਡਿਆ ਸੀ।

ਅਉਰ ਘਨੀ ਹਮ ਊਪਰਿ ਭੀਰ ਪਰੀ ਤੁ ਰਹਿਓ ਰਨ ਖੰਭ ਸੋ ਠਾਢਿਯੋ ॥੧੯੫੯॥

ਹੋਰ, (ਜਦੋਂ) ਸਾਡੇ ਉਤੇ ਬਹੁਤ ਸੰਕਟ ਬਣਿਆ ਸੀ ਤਾਂ (ਇਹ) ਰਣ ਵਿਚ ਖੰਭੇ ਵਾਂਗ ਗਡਿਆ ਰਿਹਾ ਸੀ (ਅਰਥਾਤ ਡਟਿਆ ਰਿਹਾ ਸੀ) ॥੧੯੫੯॥

ਅਉਰ ਸੁਨੋ ਮਨ ਲਾਇ ਸਬੈ ਤੁਮਰੇ ਹਿਤ ਕੰਸ ਸੋ ਭੂਪ ਪਛਾਰਿਓ ॥

ਹੋਰ (ਤੁਸੀਂ) ਸਾਰੇ ਮਨ ਲਾ ਕੇ ਸੁਣੋ, ਤੁਹਾਡੇ ਹਿਤ ਲਈ ਕੰਸ ਵਰਗੇ ਰਾਜੇ ਨੂੰ ਪਛਾੜ ਸੁਟਿਆ ਸੀ।

ਅਉਰ ਹਨੇ ਤਿਹ ਬਾਜ ਘਨੇ ਗਜ ਮਾਨਹੁ ਮੂਲ ਦੈ ਰੂਪ ਉਖਾਰਿਓ ॥

ਹੋਰ, ਇਸ ਨੇ ਬਹੁਤ ਸਾਰੇ ਘੋੜੇ ਅਤੇ ਹਾਥੀ ਮਾਰ ਸੁਟੇ ਸਨ, ਮਾਨੋ ਬ੍ਰਿਛਾਂ ਨੂੰ ਜੜ੍ਹਾਂ ਤੋਂ ਪੁਟ ਸੁਟਿਆ ਹੋਵੇ।

ਅਉਰ ਜਿਤੇ ਹਮ ਪੈ ਮਿਲਿ ਕੈ ਅਰਿ ਆਇ ਹੁਤੇ ਸੁ ਸਭੈ ਇਹ ਮਾਰਿਓ ॥

ਹੋਰ ਸਾਡੇ ਉਤੇ ਜਿਤਨੇ ਵੀ ਵੈਰੀ ਮਿਲ ਕੇ (ਚੜ੍ਹ) ਆਏ ਸਨ, ਉਹ ਸਾਰੇ ਇਸੇ ਨੇ ਹੀ ਮਾਰੇ ਸਨ।

ਮਾਟੀ ਕੇ ਧਾਮ ਤੁਮੈ ਛਡਵਾਇ ਕੈ ਕੰਚਨ ਕੇ ਅਬ ਧਾਮ ਸਵਾਰਿਓ ॥੧੯੬੦॥

ਤੁਹਾਡੇ ਤੋਂ ਮਿੱਟੀ ਦੇ ਘਰ ਛੁੜਵਾ ਕੇ ਹੁਣ ਸੋਨੇ ਦੇ ਘਰ ਬਣਵਾ ਦਿੱਤੇ ਸਨ ॥੧੯੬੦॥

ਯੌ ਜਬ ਬੈਨ ਕਹੇ ਮੁਸਲੀਧਰਿ ਤਉ ਸਬ ਕੇ ਮਨ ਮੈ ਸਚੁ ਆਯੋ ॥

ਜਦ ਬਲਰਾਮ ਨੇ ਇਸ ਤਰ੍ਹਾਂ ਦੇ ਬਚਨ ਕਹੇ ਤਾਂ ਸਾਰਿਆਂ ਦੇ ਮਨ ਵਿਚ (ਇਹ) ਸਚ (ਦ੍ਰਿੜ੍ਹ) ਹੋ ਗਿਆ

ਯਾਹੀ ਹਨਿਓ ਬਕ ਅਉਰ ਅਘਾਸੁਰ ਯਾਹੀ ਚੰਡੂਰ ਭਲੀ ਬਿਧਿ ਘਾਯੋ ॥

ਕਿ ਇਸੇ ਨੇ ਬਕ ਅਤੇ ਅਘ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਸੀ ਅਤੇ ਇਸੇ ਨੇ ਚੰਡੂਰ (ਪਹਿਲਵਾਨ) ਨੂੰ ਚੰਗੀ ਤਰ੍ਹਾਂ ਮਾਰ ਮੁਕਾਇਆ ਸੀ।

ਕੰਸ ਤੇ ਇੰਦ੍ਰ ਨ ਜੀਤ ਸਕਿਓ ਇਨ ਸੋ ਗਹਿ ਕੇਸਨ ਤੇ ਪਟਕਾਯੋ ॥

(ਜਿਸ) ਕੰਸ ਨੂੰ ਇੰਦਰ ਵੀ ਜਿੱਤ ਨਹੀਂ ਸਕਿਆ ਸੀ, ਉਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਸੁਟਿਆ ਸੀ।

ਕੰਚਨ ਕੇ ਅਬ ਧਾਮ ਦੀਏ ਕਰਿ ਸ੍ਰੀ ਬ੍ਰਿਜਨਾਥ ਸਹੀ ਪ੍ਰਭੁ ਪਾਯੋ ॥੧੯੬੧॥

ਹੁਣ (ਇਸ ਨੇ) ਸੋਨੇ ਦੇ ਘਰ ਬਣਾ ਦਿੱਤੇ ਹਨ। (ਸਾਰੇ) ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ (ਦੇ ਰੂਪ ਵਿਚ ਅਸੀਂ) ਸਹੀ ਪ੍ਰਭੂ ਪਾ ਲਿਆ ਹੈ ॥੧੯੬੧॥

ਐਸੇ ਹੀ ਦਿਵਸ ਬਤੀਤ ਕੀਏ ਸੁਖੁ ਸੋ ਦੁਖੁ ਪੈ ਕਿਨਹੂੰ ਨਹੀ ਪਾਯੋ ॥

ਇਸ ਤਰ੍ਹਾਂ ਸੁਖ ਪੂਰਵਕ ਦਿਨ ਬਤੀਤ ਹੋ ਰਹੇ ਸਨ ਅਤੇ ਕਿਸੇ ਨੇ ਰਤਾ ਜਿੰਨਾ ਵੀ ਦੁਖ ਨਹੀਂ ਪਾਇਆ ਹੈ।

ਕੰਚਨ ਧਾਮ ਬਨੇ ਸਭ ਕੇ ਸੁ ਨਿਹਾਰਿ ਜਿਨੈ ਸਿਵ ਸੋ ਲਲਚਾਯੋ ॥

ਸਭਨਾਂ ਦੇ ਸੋਨੇ ਦੇ ਘਰ ਬਣ ਗਏ ਹਨ ਜਿਨ੍ਹਾਂ ਨੂੰ ਵੇਖ ਕੇ ਸ਼ਿਵ ਵਰਗਿਆਂ ਦਾ ਮਨ ਲਲਚਾ ਗਿਆ ਹੈ।

ਇੰਦ੍ਰ ਤ੍ਯਾਗ ਕੈ ਇੰਦ੍ਰਪੁਰੀ ਸਭ ਦੇਵਨ ਲੈ ਤਿਨ ਦੇਖਨ ਆਯੋ ॥

ਇੰਦਰ ਪੁਰੀ ਨੂੰ ਛਡ ਕੇ ਅਤੇ ਸਾਰਿਆਂ ਦੇਵਤਿਆਂ ਨੂੰ ਨਾਲ ਲੈ ਕੇ ਇੰਦਰ ਉਨ੍ਹਾਂ ਨੂੰ ਵੇਖਣ ਆਇਆ ਹੈ।

ਦੁਆਰਵਤੀ ਹੂ ਕੋ ਸ੍ਯਾਮ ਭਨੈ ਜਦੁਰਾਇ ਭਲੀ ਬਿਧਿ ਬਿਓਤ ਬਨਾਯੋ ॥੧੯੬੨॥

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਦੁਆਰਿਕਾ ਪੁਰੀ ਨੂੰ ਚੰਗੀ ਤਰ੍ਹਾਂ ਵਿਉਂਤ ਕੇ ਬਣਾਇਆ ਹੈ ॥੧੯੬੨॥

ਇਤਿ ਸ੍ਰੀ ਦਸਮ ਸਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੁਆਰਕ ਪੁਰੀ ਬਨਾਈਬੋ ਧਯਾਇ ਸਮਾਪਤੰ ॥

ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਵਿਚ ਦੁਆਰਿਕਾ ਪੁਰੀ ਬਣਾਉਣ ਦੇ ਅਧਿਆਇ ਦੀ ਸਮਾਪਤੀ।