ਸ਼੍ਰੀ ਦਸਮ ਗ੍ਰੰਥ

ਅੰਗ - 562


ਨ੍ਰਿਪ ਦੇਸ ਦੇਸ ਬਿਦੇਸ ਜਹ ਤਹ ਪਾਪ ਕਰਮ ਸਬੈ ਲਗੇ ॥

ਦੇਸ ਦੇਸ ਅਤੇ ਬਦੇਸਾਂ ਦੇ ਸਾਰੇ ਰਾਜੇ ਜਿਥੇ ਕਿਥੇ ਪਾਪ ਕਰਮਾਂ ਵਿਚ ਲਗੇ ਹੋਣਗੇ।

ਨਰ ਲਾਜ ਛਾਡਿ ਨਿਲਾਜ ਹੁਐ ਫਿਰੈ ਧਰਮ ਕਰਮ ਸਬੈ ਭਗੇ ॥

ਮਨੁੱਖ ਲਾਜ-ਮਰਯਾਦਾ ਛਡ ਕੇ ਅਤੇ ਨਿਰਲਜ ਹੋ ਕੇ ਫਿਰਦੇ ਹੋਣਗੇ ਅਤੇ ਧਰਮ ਦੇ ਸਾਰੇ ਕਰਮ ਭਜ ਗਏ ਹੋਣਗੇ।

ਕਿਧੌ ਸੂਦ੍ਰ ਜਹ ਤਹ ਸਰਬ ਮਹਿ ਮਹਾਰਾਜ੍ਰਯ ਪਾਇ ਪ੍ਰਹਰਖ ਹੈ ॥

ਜਾਂ ਜਿਥੇ ਕਿਥੇ ਸਭ ਥਾਂ ਸ਼ੂਦ੍ਰ ਮਹਾਰਾਜ ਦੀ ਪਦਵੀ ਪ੍ਰਾਪਤ ਕਰ ਕੇ ਪ੍ਰਸੰਨ ਹੋਣਗੇ।

ਕਿਧੌ ਚੋਰ ਛਾਡਿ ਅਚੋਰ ਕੋ ਗਹਿ ਸਰਬ ਦਰਬ ਆਕਰਖ ਹੈ ॥੧੦੬॥

ਜਾਂ ਚੋਰ ਨੂੰ ਛਡ ਕੇ ਅਚੋਰ (ਸਾਧ) ਨੂੰ ਪਕੜ ਲੈਣਗੇ ਅਤੇ ਸਾਰੇ ਧਨ ਨੂੰ ਖਿਚ ਲੈਣਗੇ ॥੧੦੬॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ:

ਸਭ ਜਗ ਪਾਪੀ ਕਹੂੰ ਨ ਜਾਪੀ ਅਥਪਨ ਥਾਪੀ ਦੇਸ ਦਿਸੰ ॥

ਸਾਰਾ ਜਗਤ ਪਾਪੀ ਹੋਵੇਗਾ, ਜਪ ਕਰਨ ਵਾਲਾ ਕੋਈ ਨਹੀਂ ਹੋਵੇਗਾ ਅਤੇ ਦੇਸ ਦੇਸਾਂਤਰਾਂ ਵਿਚ ਅਮਰਯਾਦਾ ਦੀ ਸਥਾਪਨਾ ਹੋਵੇਗੀ।

ਜਹ ਤਹ ਮਤਵਾਰੇ ਭ੍ਰਮਤ ਭ੍ਰਮਾਰੇ ਮਤਿ ਨ ਉਜਿਯਾਰੇ ਬਾਧ ਰਿਸੰ ॥

ਜਿਥੇ ਕਿਥੇ ਮਤਵਾਲੇ ਹੋ ਕੇ ਵਹਿਮੀ ਲੋਗ ਫਿਰਨਗੇ (ਜੋ) ਰੌਸ਼ਨ ਦਿਮਾਗ ਵਾਲੇ ਨਾ ਹੋ ਕੇ ਕ੍ਰੋਧ ਨਾਲ ਫੁਲੇ ਹੋਣਗੇ।

ਪਾਪਨ ਰਸ ਰਾਤੇ ਦੁਰਮਤਿ ਮਾਤੇ ਕੁਮਤਨ ਦਾਤੇ ਮਤ ਨੇਕੰ ॥

ਪਾਪਾਂ ਦੇ ਰਸ ਵਿਚ ਲੀਨ, ਮਾੜੀ ਮਤ ਵਿਚ ਮਤਵਾਲੇ ਅਤੇ ਮਾੜੀ ਮਤ ਦੇਣ ਵਾਲੇ ਅਨੇਕਾਂ ਮੱਤ ਹੋਣਗੇ।

ਜਹ ਤਹ ਉਠਿ ਧਾਵੈ ਚਿਤ ਲਲਚਾਵੈ ਕਛੁਹੂੰ ਨ ਪਾਵੈ ਬਿਨੁ ਏਕੰ ॥੧੦੭॥

ਜਿਥੇ ਕਿਥੇ ਉਠ ਕੇ ਭਜ ਪੈਣਗੇ, ਚਿੱਤ ਲਾਲਚ ਦਾ ਭਰਿਆ ਹੋਵੇਗਾ, (ਪਰ) ਇਕ (ਪ੍ਰਭੂ) ਤੋਂ ਬਿਨਾ ਹੋਰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ॥੧੦੭॥

ਤਜਿ ਹਰਿ ਧਰਮੰ ਗਹਤ ਕੁਕਰਮੰ ਬਿਨ ਪ੍ਰਭ ਕਰਮੰ ਸਬ ਭਰਮੰ ॥

ਹਰਿ ਦੇ ਧਰਮ ਨੂੰ ਛਡ ਕੇ ਕੁਕਰਮ ਗ੍ਰਹਿਣ ਕਰਨਗੇ, (ਪਰ) ਪ੍ਰਭੂ (ਦੇ ਨਾਮ ਜੱਪਣ ਤੋਂ) ਬਿਨਾ ਹੋਰ ਸਾਰੇ ਕਰਮ ਭਰਮ ਹਨ।

ਲਾਗਤ ਨਹੀ ਤੰਤ੍ਰੰ ਫੁਰਤ ਨ ਮੰਤ੍ਰੰ ਚਲਤ ਨ ਜੰਤ੍ਰੰ ਬਿਨ ਮਰਮੰ ॥

ਬਿਨਾ (ਵਾਸਤਵਿਕ ਈਸ਼ਵਰੀ) ਭੇਦ ਪਾਏ ਦੇ ਕੋਈ ਤੰਤ੍ਰ ਨਹੀਂ ਲਗੇਗਾ, ਮੰਤ੍ਰ ਨਹੀਂ ਫੁਰੇਗਾ ਅਤੇ ਕੋਈ ਜੰਤ੍ਰ ਨਹੀਂ ਚਲੇਗਾ।

ਜਪ ਹੈ ਨ ਦੇਵੀ ਅਲਖ ਅਭੇਵੀ ਆਦਿ ਅਜੇਵੀ ਪਰਮ ਜੁਧੀ ॥

(ਜੋ) ਅਲਖ, ਅਭੇਵ, ਆਦਿ ਤੋਂ ਹੀ ਅਜਿਤ ਪਰਮ ਯੁੱਧ ਕਰਨਵਾਲੀ ਦੇਵੀ ਨੂੰ ਨਹੀਂ ਜੱਪਣਗੇ,

ਕੁਬੁਧਨ ਤਨ ਰਾਚੇ ਕਹਤ ਨ ਸਾਚੇ ਪ੍ਰਭਹਿ ਨ ਜਾਚੇ ਤਮਕ ਬੁਧੀ ॥੧੦੮॥

(ਉਹ) ਕੁਬੁੱਧੀ ਵਿਚ ਮਗਨ ਹੋਣਗੇ, ਸੱਚ ਨਹੀਂ ਕਹਿਣਗੇ ਅਤੇ ਕ੍ਰੋਧੀ ਬੁੱਧੀ ਵਾਲੇ ਪ੍ਰਭੂ ਤੋਂ ਨਹੀਂ ਮੰਗਣਗੇ ॥੧੦੮॥

ਹੀਰ ਛੰਦ ॥

ਹੀਰ ਛੰਦ:

ਅਪੰਡਿਤ ਗੁਣ ਮੰਡਿਤ ਸੁਬੁਧਿਨਿ ਖੰਡਿਤ ਦੇਖੀਐ ॥

ਅਨਪੜ੍ਹ ਗੁਣਾਂ ਨਾਲ ਸੁਸ਼ੋਭਿਤ ਹੋ ਕੇ ਸ੍ਰੇਸ਼ਠ ਬੁੱਧੀਮਾਨਾਂ ਦਾ ਖੰਡਨ ਕਰਦਿਆਂ ਦਿਖਣਗੇ।

ਛਤ੍ਰੀ ਬਰ ਧਰਮ ਛਾਡਿ ਅਕਰਮ ਧਰਮ ਲੇਖੀਐ ॥

ਛਤ੍ਰੀ ਸ੍ਰੇਸ਼ਠ ਧਰਮ ਨੂੰ ਛਡ ਕੇ ਕਰਮਾਂ ਤੋਂ ਵਾਂਝੇ ਧਰਮ ਵਲ ਵੇਖਣਗੇ।

ਸਤਿ ਰਹਤ ਪਾਪ ਗ੍ਰਹਿਤ ਕ੍ਰੁਧ ਚਹਤ ਜਾਨੀਐ ॥

ਸੱਤ ਤੋਂ ਰਹਿਤ ਅਤੇ ਪਾਪ ਵਿਚ ਗ੍ਰਸੇ ਹੋਏ ਕ੍ਰੋਧ ਨੂੰ ਪਸੰਦ ਕਰਦੇ ਹੋਣਗੇ।

ਅਧਰਮ ਲੀਣ ਅੰਗ ਛੀਣ ਕ੍ਰੋਧ ਪੀਣ ਮਾਨੀਐ ॥੧੦੯॥

ਅਧਰਮ ਵਿਚ ਲੀਨ, ਸ਼ਰੀਰ ਤੋਂ ਕਮਜ਼ੋਰ ਪਰ ਕ੍ਰੋਧ ਵਿਚ ਬਹੁਤ ਬਲਵਾਨ ਹੋਣਗੇ ॥੧੦੯॥

ਕੁਤ੍ਰੀਅਨ ਰਸ ਚਾਹੀ ਗੁਣਨ ਨ ਗ੍ਰਾਹੀ ਜਾਨੀਐ ॥

(ਉਹ) ਮਾੜੀਆਂ ਇਸਤਰੀਆਂ ਦੇ ਕਾਮ ਰਸ ਦੇ ਚਾਹਵਾਨ ਅਤੇ ਗੁਣਾਂ ਨੂੰ ਨਾ ਗ੍ਰਹਿਣ ਕਰਨ ਵਾਲੇ ਜਾਣੇ ਜਾਣਗੇ।

ਸਤ ਕਰਮ ਛਾਡ ਕੇ ਅਸਤ ਕਰਮ ਮਾਨੀਐ ॥

ਸੱਤ ਕਰਮਾਂ ਨੂੰ ਛਡ ਕੇ ਅਸੱਤ ਕਰਮਾਂ ਨੂੰ ਮੰਨਣ ਵਾਲੇ ਹੋਣਗੇ।

ਰੂਪ ਰਹਿਤ ਜੂਪ ਗ੍ਰਹਿਤ ਪਾਪ ਸਹਿਤ ਦੇਖੀਐ ॥

(ਉਹ) ਰੂਪ ਤੋਂ ਰਹਿਤ, ਜੂਏ ਵਿਚ ਗ੍ਰਸਤ ਅਤੇ ਪਾਪ ਯੁਕਤ ਦਿਸ ਪੈਣਗੇ।

ਅਕਰਮ ਲੀਨ ਧਰਮ ਛੀਨ ਨਾਰਿ ਅਧੀਨ ਪੇਖੀਐ ॥੧੧੦॥

ਅਕਰਮਾਂ ਵਿਚ ਲੀਨ, ਧਰਮ ਤੋਂ ਹੀਣੇ ਅਤੇ ਇਸਤਰੀਆਂ ਦੇ ਅਧੀਨ ਵੇਖੇ ਜਾਣਗੇ ॥੧੧੦॥

ਪਧਿਸਟਕਾ ਛੰਦ ॥

ਪਧਿਸਟਕਾ ਛੰਦ:

ਅਤਿ ਪਾਪਨ ਤੇ ਜਗ ਛਾਇ ਰਹਿਓ ॥

ਅਤਿ ਅਧਿਕ ਪਾਪਾਂ ਨਾਲ ਜਗਤ ਭਰਿਆ ਹੋਵੇਗਾ।

ਕਛੁ ਬੁਧਿ ਬਲ ਧਰਮ ਨ ਜਾਤ ਕਹਿਓ ॥

ਬੁੱਧ-ਬਲ ਦੇ ਆਧਾਰ ਤੇ ਧਰਮ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕੇਗਾ।

ਦਿਸ ਬਦਿਸਨ ਕੇ ਜੀਅ ਦੇਖਿ ਸਬੈ ॥

ਦੇਸ ਦੇਸਾਂਤਰਾਂ ਵਿਚ ਵੇਖੀਂਦੇ ਸਾਰੇ ਜੀਵ ਹੁਣ

ਬਹੁ ਪਾਪ ਕਰਮ ਰਤਿ ਹੈ ਸੁ ਅਬੈ ॥੧੧੧॥

ਬਹੁਤ ਪਾਪ ਕਰਮਾਂ ਵਿਚ ਲੀਨ ਹੋਣਗੇ ॥੧੧੧॥

ਪ੍ਰਿਤਮਾਨ ਨ ਨਰ ਕਹੂੰ ਦੇਖ ਪਰੈ ॥

(ਕੋਈ) ਆਦਰਸ਼ ('ਪ੍ਰਿਤਮਾਨ') ਪੁਰਖ ਕਿਤੇ ਦਿਸ ਨਹੀਂ ਪਵੇਗਾ

ਕਛੁ ਬੁਧਿ ਬਲ ਬਚਨ ਬਿਚਾਰ ਕਰੈ ॥

(ਜੋ) ਕੁਝ ਬੁੱਧ ਬਲ ਦੇ ਆਧਾਰ ਤੇ ਵਿਚਾਰ ਪੂਰਵਕ ਬਚਨ ਕਰਦਾ ਹੋਵੇਗਾ।

ਨਰ ਨਾਰਿਨ ਏਕ ਨ ਨੇਕ ਮਤੰ ॥

ਨਰ ਨਾਰੀ ਦੇ ਇਕ ਨਹੀਂ, ਅਨੇਕ ਮੱਤ ਹੋਣਗੇ।

ਨਿਤ ਅਰਥਾਨਰਥ ਗਨਿਤ ਗਤੰ ॥੧੧੨॥

ਨਿੱਤ ਅਰਥ ਅਨਰਥ ਦੀ ਸੋਚ-ਵਿਚਾਰ ਖ਼ਤਮ ਹੋ ਜਾਵੇਗੀ ॥੧੧੨॥

ਮਾਰਹ ਛੰਦ ॥

ਮਾਰਹ ਛੰਦ:

ਹਿਤ ਸੰਗ ਕੁਨਾਰਿਨ ਅਤਿ ਬਿਭਚਾਰਿਨ ਜਿਨ ਕੇ ਐਸ ਪ੍ਰਕਾਰ ॥

ਮਾੜੀਆਂ ਇਸਤਰੀਆਂ ਨਾਲ ਬਹੁਤ ਪ੍ਰੇਮ ਹੋਵੇਗਾ, ਜਿਨ੍ਹਾਂ ਦੇ ਲੱਛਣ ਬਹੁਤ ਵਿਭਚਾਰਨਾਂ ਵਾਲੇ ਹੋਣਗੇ।

ਬਡ ਕੁਲਿ ਜਦਪਿ ਉਪਜੀ ਬਹੁ ਛਬਿ ਬਿਗਸੀ ਤਦਿਪ ਪ੍ਰਿਅ ਬਿਭਚਾਰਿ ॥

ਭਾਵੇਂ ਉਹ ਵੱਡੀਆਂ ਕੁਲਾਂ ਵਿਚ ਪੈਦਾ ਹੋਣਗੀਆਂ, (ਪਰ ਜਦੋਂ) ਜਵਾਨੀ ਦੀ ਪੌੜੀ ਚੜ੍ਹਨਗੀਆਂ ਤਦ ਵਿਭਚਾਰ ਵਿਚ ਰੁਚੀ ਵਿਖਾਉਣਗੀਆਂ।

ਚਿਤ੍ਰਤ ਬਹੁ ਚਿਤ੍ਰਨ ਕੁਸਮ ਬਚਿਤ੍ਰਨ ਸੁੰਦਰ ਰੂਪ ਅਪਾਰ ॥

ਚਿਤਰੀਆਂ ਹੋਈਆਂ ਬਹੁਤ ਮੂਰਤਾਂ ਅਤੇ ਰੰਗ ਬਰੰਗੇ ਫੁਲਾਂ ਵਾਂਗ ਅਪਾਰ ਸੁੰਦਰ ਰੂਪ ਵਾਲੀਆਂ ਹੋਣਗੀਆਂ।

ਕਿਧੋ ਦੇਵ ਲੋਕ ਤਜਿ ਸੁਢਰ ਸੁੰਦਰੀ ਉਪਜੀ ਬਿਬਿਧ ਪ੍ਰਕਾਰ ॥੧੧੩॥

ਜਾਂ ਕਿਤੇ ਦੇਵ ਲੋਕ ਨੂੰ ਤਿਆਗ ਕੇ ਅਨੇਕ ਤਰ੍ਹਾਂ ਦੀਆਂ ਸਡੌਲ ਸੁੰਦਰੀਆਂ ਪੈਦਾ ਹੋਣਗੀਆਂ ॥੧੧੩॥

ਹਿਤ ਅਤਿ ਦੁਰ ਮਾਨਸ ਕਛੂ ਨ ਜਾਨਸ ਨਰ ਹਰ ਅਰੁ ਬਟ ਪਾਰ ॥

ਬਹੁਤ ਮਾੜੇ ਮਨੁੱਖ ਹਿਤ ਦੀ ਗੱਲ ਨੂੰ ਕੁਝ ਨਹੀਂ ਜਾਣਨਗੇ ਅਤੇ ਬਟਮਾਰ ਹੋ ਕੇ ਲੋਕਾਂ ਤੋਂ ਖੋਹਾ ਖੋਹੀ ਕਰਨਗੇ।

ਕਛੁ ਸਾਸਤ੍ਰ ਨ ਮਾਨਤ ਸਿਮ੍ਰਿਤ ਨ ਜਾਨਤ ਬੋਲਤ ਕੁਬਿਧਿ ਪ੍ਰਕਾਰ ॥

ਸ਼ਾਸਤ੍ਰਾਂ ਨੂੰ ਕੁਝ ਵੀ ਨਹੀਂ ਮੰਨਣਗੇ, ਸਿਮ੍ਰਿਤੀਆਂ ਨੂੰ ਨਹੀਂ ਸਮਝਣਗੇ ਅਤੇ ਭੈੜੇ ਢੰਗ ਨਾਲ ਬੋਲਣਗੇ।

ਕੁਸਟਿਤ ਤੇ ਅੰਗਨ ਗਲਿਤ ਕੁਰੰਗਨ ਅਲਪ ਅਜੋਗਿ ਅਛਜਿ ॥

ਕੋਹੜ ਨਾਲ ਅੰਗ ਗਲ ਜਾਣਗੇ (ਅਤੇ ਸੂਰਤੋਂ) ਬਦਸੂਰਤ, ਛੋਟੇ ਕਦ ਵਾਲੇ (ਜਾਂ ਛੋਟੀ ਉਮਰ ਵਾਲੇ) ਅਯੋਗ ਅਤੇ ਅਸ਼ੋਭਨੀਕ ਹੋਣਗੇ।

ਕਿਧੋ ਨਰਕ ਛੋਰਿ ਅਵਤਰੇ ਮਹਾ ਪਸੁ ਡੋਲਤ ਪ੍ਰਿਥੀ ਨਿਲਜ ॥੧੧੪॥

ਜਾਂ ਨਰਕ ਨੂੰ ਛਡ ਕੇ (ਧਰਤੀ ਉਤੇ) ਉਤਰ ਕੇ ਮਹਾਂ ਮੂਰਖਾਂ ਜਾਂ ਪਸ਼ੂਆਂ ਵਾਂਗ ਨਿਰਲਜ ਹੋਕੇ ਧਰਤੀ ਉਤੇ ਡੋਲਦੇ ਫਿਰਨਗੇ ॥੧੧੪॥

ਦੋਹਰਾ ॥

ਦੋਹਰਾ:

ਸੰਕਰ ਬਰਨ ਪ੍ਰਜਾ ਭਈ ਇਕ ਬ੍ਰਨ ਰਹਾ ਨ ਕੋਇ ॥

ਸਾਰੀ ਪ੍ਰਜਾ ਵਰਣ-ਸੰਕਰ ਹੋ ਗਈ ਹੈ, ਇਕ ਵਰਣ ਦਾ ਕੋਈ ਵੀ ਨਾ ਰਿਹਾ ਹੈ।

ਸਕਲ ਸੂਦ੍ਰਤਾ ਪ੍ਰਾਪਤਿ ਭੇ ਦਈਵ ਕਰੈ ਸੋ ਹੋਇ ॥੧੧੫॥

ਸਭ (ਵਰਗਾਂ) ਵਿਚ ਸ਼ੂਦ੍ਰਤਾ ਪਸਰ ਗਈ ਹੈ, ਉਹੀ ਹੋਏਗਾ ਜੋ ਪ੍ਰਭੂ ਕਰੇਗਾ ॥੧੧੫॥

ਸੰਕਰ ਬ੍ਰਨ ਪ੍ਰਜਾ ਭਈ ਧਰਮ ਨ ਕਤਹੂੰ ਰਹਾਨ ॥

(ਸਾਰੀ) ਪ੍ਰਜਾ ਵਰਣ-ਸੰਕਰ ਹੋ ਗਈ ਹੈ, ਕਿਤੇ ਵੀ (ਵਰਣ) ਧਰਮ ਨਹੀਂ ਰਿਹਾ ਹੈ।

ਪਾਪ ਪ੍ਰਚੁਰ ਰਾਜਾ ਭਏ ਭਈ ਧਰਮ ਕੀ ਹਾਨਿ ॥੧੧੬॥

ਰਾਜੇ ਪਾਪਾਂ ਨਾਲ ਭਰੇ ਪੂਰੇ ਗਏ ਹਨ ਅਤੇ ਧਰਮ ਦੀ ਹਾਨੀ ਹੋ ਗਈ ਹੈ ॥੧੧੬॥

ਸੋਰਠਾ ॥

ਸੋਰਠਾ:

ਧਰਮ ਨ ਕਤਹੂੰ ਰਹਾਨ ਪਾਪ ਪ੍ਰਚੁਰ ਜਗ ਮੋ ਧਰਾ ॥

ਕਿਤੇ ਵੀ ਧਰਮ ਨਹੀਂ ਰਿਹਾ ਹੈ, ਜਗਤ ਵਿਚ ਧਰਤੀ ਉਤੇ ਅਤਿ ਅਧਿਕ ਪਾਪ ਪਸਰ ਗਿਆ ਹੈ।

ਧਰਮ ਸਬਨ ਬਿਸਰਾਨ ਪਾਪ ਕੰਠ ਸਬ ਜਗ ਕੀਓ ॥੧੧੭॥

ਸਭ ਨੇ ਧਰਮ ਨੂੰ ਭੁਲਾ ਦਿੱਤਾ ਹੈ ਅਤੇ ਸਾਰੇ ਜਗਤ ਨੇ ਪਾਪ ਨੂੰ ਗਲੇ (ਨਾਲ ਲਗਾ) ਲਿਆ ਹੈ ॥੧੧੭॥


Flag Counter