ਕਿ ਬਨ (ਵਿਚਲੇ ਬ੍ਰਿਛਾਂ ਦੇ) ਪਤਿਆਂ ਨੂੰ (ਤਾਂ ਭਾਵੇਂ) ਕੋਈ ਗਿਣ ਸਕੇ, (ਪਰ) ਉਨ੍ਹਾਂ (ਸੈਨਿਕਾਂ ਨੂੰ) ਗਿਣਿਆ ਨਹੀਂ ਜਾ ਸਕਦਾ ॥੧੯੦੫॥
ਸਵੈਯਾ:
ਜਿਥੇ ਉਨ੍ਹਾਂ ਦਾ ਡੇਰਾ ਪਿਆ ਹੋਇਆ ਸੀ, (ਉਥੇ) ਘੋੜਿਆਂ ਦੇ ਪਿਸ਼ਾਬ ('ਲਘੁ') ਦੀਆਂ ਨਦੀਆਂ ਉਛਲ ਕੇ ਵਗ ਪਈਆਂ ਹਨ।
(ਜਦੋਂ ਘੋੜੇ) ਹਿਣਕਦੇ ਹੋਏ ਤੇਜ਼ੀ ਨਾਲ ਚਲਦੇ ਹਨ (ਤਾਂ) ਵੈਰੀ ਚਿਤ ਵਿਚ ਬਹੁਤ ਡਰ ਮਹਿਸੂਸ ਕਰਦੇ ਹਨ।
ਉਹ ਮਲੇਛ (ਅਰਥਾਤ ਕਾਲ ਜਮਨ ਦੇ ਸੈਨਿਕ) ਫ਼ਾਰਸੀ (ਭਾਸ਼ਾ) ਵਿਚ ਬਚਨ ਕਹਿੰਦੇ ਹਨ ਅਤੇ ਯੁੱਧ ਵਿਚ ਇਕ ਕਦਮ ਵੀ ਪਿਛੇ ਹਟਣ ਵਾਲੇ ਨਹੀਂ ਹਨ।
(ਉਹ) ਕਹਿੰਦੇ ਹਨ ਕਿ ਕ੍ਰਿਸ਼ਨ ਜੀ ਨੂੰ ਜ਼ਰਾ ਵੇਖ ਲਈਏ, (ਤਾਂ ਉਸ ਨੂੰ) ਇਕ ਹੀ ਬਾਣ ਨਾਲ ਯਮਲੋਕ ਨੂੰ ਭੇਜ ਦਿਆਂਗੇ ॥੧੯੦੬॥
ਇਧਰਲੇ ਪਾਸਿਓਂ ਅਣਗਿਣਤ ਮਲੇਛ ਕ੍ਰੋਧਿਤ ਹੋ ਕੇ ਚੜ੍ਹੇ ਹਨ ਅਤੇ ਉਧਰਲੇ ਪਾਸੇ ਤੋਂ ਜਰਾਸੰਧ ਬਹੁਤ ਸਾਰੀ ਸੈਨਾ ਲੈ ਕੇ ਆਇਆ ਹੈ।
ਬਨ ਦੇ ਪੱਤੇ (ਤਾਂ ਭਾਵੇ) ਕੋਈ ਗਿਣ ਸਕੇ, (ਪਰ ਉਨ੍ਹਾਂ ਸੈਨਕਾਂ ਦਾ) ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਕ੍ਰਿਸ਼ਨ ਸ਼ਰਾਬ ਪੀ ਰਿਹਾ ਸੀ ਕਿ ਉਥੇ ਹੀ (ਕਾਲ ਜਮਨ ਦੀ ਆਮਦ ਬਾਰੇ) ਉਸ ਦੇ ਦੂਤਾਂ ਨੇ ਜਾ ਕੇ ਦਸਿਆ।
ਜੇ ਕੋਈ ਹੋਰ ਹੁੰਦਾ, ਡਰ ਨਾਲ ਹੀ ਪ੍ਰਾਣ ਛਡ ਦਿੰਦਾ, (ਪਰ) ਇਥੇ ਸ੍ਰੀ ਕ੍ਰਿਸ਼ਨ ਨੇ (ਸੂਚਨਾ ਪ੍ਰਾਪਤ ਕਰ ਕੇ) ਬਹੁਤ ਸੁਖ ਪ੍ਰਾਪਤ ਕੀਤਾ ਹੈ ॥੧੯੦੭॥
ਇਧਰੋ ਕ੍ਰੋਧਿਤ ਹੋ ਕੇ ਅਣਗਿਣਤ ਮਲੇਛਾਂ ਨੇ ਧਾਵਾ ਬੋਲਿਆ ਹੈ, ਉਧਰੋਂ ਜਰਾਸੰਧ ਭਾਰੀ ਸੈਨਾ ਦਲ ਲੈ ਕੇ ਆ ਗਿਆ ਹੈ।
ਵੱਡੇ ਵੱਡੇ ਹਾਥੀ ਇਸ ਤਰ੍ਹਾਂ ਸਜੇ ਹੋਏ ਚਲੇ ਆ ਰਹੇ ਹਨ ਮਾਨੋ ਕਾਲੇ ਬਦਲ ਉਮਡ ਕੇ ਆ ਗਏ ਹੋਣ।
(ਉਨ੍ਹਾਂ ਨੇ) ਕ੍ਰਿਸ਼ਨ ਅਤੇ ਬਲਰਾਮ ਨੂੰ ਮਥੁਰਾ ਵਿਚ ਹੀ ਘੇਰ ਲਿਆ ਹੈ। (ਉਨ੍ਹਾਂ ਦੀ) ਉਪਮਾ (ਕਵੀ) ਸ਼ਿਆਮ ਇਸ ਤਰ੍ਹਾਂ ਉਚਾਰਦੇ ਹਨ
ਮਾਨੋ ਬਹੁਤ ਸਾਰੇ ਯੋਧਿਆਂ ਨੇ ਦੋ ਸ਼ੇਰਾਂ ਨੂੰ ਵਾੜ ਕਰ ਕੇ ਘੇਰ ਲਿਆ ਹੋਵੇ ॥੧੯੦੮॥
ਕ੍ਰਿਸ਼ਨ ਅਤੇ ਬਲਰਾਮ ਨੇ ਸਾਰਿਆਂ ਸ਼ਸਤ੍ਰਾਂ ਨੂੰ ਧਾਰਨ ਕਰ ਕੇ (ਆਪਣੇ) ਮਨ ਵਿਚ ਬਹੁਤ ਕ੍ਰੋਧ ਕਰ ਲਿਆ ਹੈ।
ਜਿਧਰ ਨੂੰ ਮਲੇਛਾਂ ਦੀ ਸੈਨਾ ਸੀ, (ਕਵੀ) ਸ਼ਿਆਮ ਕਹਿੰਦੇ ਹਨ, ਉਸੇ ਪਾਸੇ ਵਲ (ਦੋਹਾਂ ਭਰਾਵਾਂ ਨੇ) ਕਦਮ ਰਖ ਦਿੱਤੇ ਹਨ।
ਬਹੁਤ ਸਾਰੇ ਯੋਧਿਆਂ ਨੂੰ (ਉਨ੍ਹਾਂ ਨੇ ਜਾਂਦਿਆਂ ਹੀ) ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ, ਬਹੁਤਿਆਂ ਨੂੰ ਘਾਇਲ ਕਰ ਦਿੱਤਾ ਹੈ ਅਤੇ ਬਹੁਤਿਆਂ ਨੂੰ (ਧਰਤੀ ਉਤੇ) ਸੁਟ ਦਿੱਤਾ ਹੈ।
ਉਨ੍ਹਾਂ ਨੂੰ (ਆਪਣੇ ਆਪ ਦੀ) ਜ਼ਰਾ ਜਿੰਨੀ ਵੀ ਸੁਰਤ ਨਾ ਰਹੀ। ਇਸ ਤਰ੍ਹਾਂ ਕ੍ਰਿਸ਼ਨ ਜੀ ਨੇ (ਮਲੇਛਾਂ ਦੇ) ਦਲ ਨੂੰ ਮਾਰ ਦਿੱਤਾ ਹੈ ॥੧੯੦੯॥
ਕਈ ਇਕ ਸੂਰਮੇ ਘਾਇਲ ਹੋ ਕੇ ਧਰਤੀ ਉਤੇ ਡਿਗ ਪਏ ਹਨ ਅਤੇ ਕਈ ਪ੍ਰਾਣਾਂ ਤੋਂ ਹੀਣ ਹੋ ਕੇ ਮਰੇ ਪਏ ਹਨ।
(ਕਿਤੇ) ਉਨ੍ਹਾਂ ਦੇ ਪੈਰ ਕਟੇ ਹੋਏ ਹਨ ਅਤੇ ਕਿਤੇ ਹੱਥ ਪਏ ਹੋਏ ਹਨ ਤੇ (ਕਿਤੇ ਉਨ੍ਹਾਂ ਦੇ ਮੁਰਦੇ) ਪਏ ਹਨ।
ਕਈ ਇਕ ਯੋਧੇ ਡਰ ਮੰਨ ਕੇ ਉਸ ਵੇਲੇ ਰਣ-ਭੂਮੀ ਨੂੰ ਤਿਆਗ ਕੇ ਚਲੇ ਗਏ ਹਨ।
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਜਿਤ ਹੋਈ ਹੈ। ਜੋ ਮਲੇਛ ਸਨ, ਉਹ ਇਸ ਤਰ੍ਹਾਂ ਹਾਰ ਗਏ ਹਨ ॥੧੯੧੦॥
ਵਾਹਦ ਖ਼ਾਨ, ਫਰਜੁਲਹ ਖ਼ਾਨ ਅਤੇ ਨਿਜਾਬਤ ਖ਼ਾਨ (ਨਾਂ ਦੇ) ਬਹਾਦਰ ਯੋਧਿਆਂ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ।
ਜਾਹਦ ਖ਼ਾਨ, ਲਫਤੁਲਹ ਖ਼ਾਨ (ਆਦਿ) ਨੂੰ ਟੋਟੇ ਟੋਟੇ ਕਰ ਸੁਟਿਆ ਹੈ।
ਹਿੰਮਤ ਖ਼ਾਨ ਅਤੇ ਫਿਰ ਜਾਫ਼ਰ ਖ਼ਾਨ (ਆਦਿ) ਨੂੰ ਬਲਰਾਮ ਨੇ ਗਦਾ ਨਾਲ ਮਾਰ ਦਿੱਤਾ ਹੈ।
ਇਸ ਤਰ੍ਹਾਂ ਨਾਲ ਸ੍ਰੀ ਕ੍ਰਿਸ਼ਨ ਦੀ ਜਿਤ ਹੋਈ ਹੈ ਅਤੇ ਮਲੇਛਾਂ ਦੀ ਸਾਰੀ ਸੈਨਾ ਇੰਜ ਮਾਰੀ ਗਈ ਹੈ। (ਅਰਥਾਤ ਹਾਰ ਗਈ ਹੈ) ॥੧੯੧੧॥
ਇਨ੍ਹਾਂ ਮੁੱਖੀਆਂ ਨੂੰ ਸ੍ਰੀ ਕ੍ਰਿਸ਼ਨ ਨੇ ਮਾਰਿਆ ਹੈ ਅਤੇ ਕ੍ਰੋਧਿਤ ਹੋ ਕੇ ਹੋਰ ਬਹੁਤ ਸਾਰੀ ਸੈਨਾ ਮਾਰ ਦਿੱਤੀ ਹੈ।
ਜੋ ਵੀ ਇਨ੍ਹਾਂ ਉਤੇ (ਹਮਲਾ ਕਰ ਕੇ) ਆਇਆ ਹੈ, ਉਹ ਘਰ ਨੂੰ ਜੀਉਂਦਾ ਨਹੀਂ ਜਾ ਸਕਿਆ ਹੈ।
ਜਿਵੇਂ ਦੁਪਹਿਰੀ ਦਾ ਸੂਰਜ ਤਪਦਾ ਹੈ, ਉਸੇ ਤਰ੍ਹਾਂ (ਤਪ ਕੇ ਕ੍ਰਿਸ਼ਨ ਨੇ ਆਪਣਾ) ਤੇਜ ਵਧਾ ਲਿਆ ਹੈ।
ਮਲੇਛਾਂ ਦੇ ਟੋਲਿਆਂ ਦੇ ਟੋਲੇ ਭਜ ਗਏ ਹਨ। ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਯੁੱਧ ਕਰਨ ਲਈ) ਇਕ ਵੀ ਨਹੀਂ ਆਇਆ ਹੈ ॥੧੯੧੨॥
ਸ੍ਰੀ ਕ੍ਰਿਸ਼ਨ ਨੇ ਇਸ ਪ੍ਰਕਾਰ ਦਾ ਯੁੱਧ ਕੀਤਾ ਹੈ ਕਿ ਉਸ ਨਾਲ ਲੜਨ ਲਈ ਇਕ (ਮਲੇਛ ਵੀ) ਨਹੀਂ ਨਿਤਰਿਆ।
ਸਥਿਤੀ ਨੂੰ ਵੇਖ ਕੇ ਉਸ ਵੇਲੇ ਕਾਲ ਜਮਨ ਨੇ ਕਈ ਕਰੋੜ ਸੈਨਾ ਹੋਰ ਭੇਜ ਦਿੱਤੀ ਹੈ।
ਉਹ ਵੀ ਇਕ ਦੋ ਮਹੂਰਤ ਲੜੀ ਹੈ (ਪਰ) ਟਿਕ ਨਹੀਂ ਸਕੀ ਹੈ ਅਤੇ ਫਿਰ ਯਮਲੋਕ ਨੂੰ ਚਲੀ ਗਈ ਹੈ।
ਸਾਰੇ ਦੇਵਤੇ ਖੁਸ਼ ਹੋ ਗਏ ਹਨ ਅਤੇ ਇਸ ਤਰ੍ਹਾਂ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ ਬਹੁਤ ਚੰਗਾ ਯੁੱਧ ਕੀਤਾ ਹੈ ॥੧੯੧੩॥
ਕਈ ਇਕ ਯਾਦਵ ਸ਼ਸਤ੍ਰ ਨੂੰ ਗ੍ਰਹਿਣ ਕਰ ਕੇ ਅਤੇ ਕ੍ਰੋਧਿਤ ਹੋ ਕੇ
ਆਪਣੇ ਬਰਾਬਰ ਦੀ ਸ਼ਕਤੀ ਵਾਲੇ ਸੂਰਮੇ ਵੇਖ ਕੇ ਉਸ ਨਾਲ ਚਾਉ ਨਾਲ ਯੁੱਧ ਕਰਨ ਲਈ ਜਾਂਦੇ ਹਨ।
ਕ੍ਰੋਧਵਾਨ ਹੋ ਕੇ ਲੜਦੇ ਹਨ ਅਤੇ ਉਥੋਂ ਟਲਦੇ ਨਹੀਂ ਹਨ ਅਤੇ ਦੁਅੰਦ ਯੁੱਧ ਕਰਨ ਵਾਲੇ ਸੂਰਮੇ 'ਮਾਰ ਲੌ, ਮਾਰ ਲੌ' ਹੀ ਪੁਕਾਰਦੇ ਹਨ।
ਕ੍ਰਿਪਾਨ ਦੇ ਵਜਣ ਨਾਲ ਸਿਰ ਕਟ ਜਾਂਦੇ ਹਨ ਅਤੇ ਕੁਝ ਦੇਰ ਖੜੇ ਰਹਿ ਕੇ ਉਨ੍ਹਾਂ ਦੇ ਸ਼ਰੀਰ ਵੀ ਡਿਗ ਪੈਂਦੇ ਹਨ ॥੧੯੧੪॥
ਜਦ ਸ੍ਰੀ ਕ੍ਰਿਸ਼ਨ ਨੇ ਰਣ-ਭੂਮੀ ਵਿਚ ਸ਼ਸਤ੍ਰ ਨਾਲ ਯੁੱਧ ਮਚਾਇਆ,
ਤਦ ਯੋਧਿਆਂ ਦੇ ਬਸਤ੍ਰ (ਇਸ ਤਰ੍ਹਾਂ) ਲਾਲ ਹੋ ਗਏ, ਮਾਨੋ ਬ੍ਰਹਮਾ ਨੇ (ਕੋਈ) ਲਾਲ ਲੋਕ ਰਚਿਆ ਹੋਵੇ।
(ਅਤੇ) ਉਸ ਭਿਆਨਕ ਯੁੱਧ ਨੂੰ ਵੇਖ ਕੇ (ਆਪਣੀਆਂ) ਸਾਰੀਆਂ ਜਟਾਵਾਂ ਨੂੰ ਖੋਲ੍ਹ ਕੇ ਸ਼ਿਵ ਨਚਿਆ ਸੀ।
ਫਿਰ ਮਲੇਛਾਂ ਦੀ ਉਸ ਸਾਰੀ ਸੈਨਾ ਵਿਚੋਂ, ਕਵੀ ਸ਼ਿਆਮ ਕਹਿੰਦੇ ਹਨ, ਇਕ ਵੀ ਨਹੀਂ ਬਚਿਆ ਸੀ ॥੧੯੧੫॥
ਦੋਹਰਾ:
(ਕਾਲ ਜਮਨ) ਜੋ ਸੈਨਾ ਨਾਲ ਲਿਆਇਆ ਸੀ, ਉਨ੍ਹਾਂ ਵਿਚ ਇਕ ਵੀ ਯੋਧਾ ਨਹੀਂ ਬਚਿਆ ਸੀ।
ਤਦ ਯੁੱਧ ਕਰਨ ਲਈ ਕਾਲ ਜਮਨ ਨੇ ਖੁਦ ਹਿੰਮਤ ਕੀਤੀ ॥੧੯੧੬॥
ਸਵੈਯਾ:
ਜੰਗ (ਦੇ ਮੈਦਾਨ) ਵਿਚ ਕਾਲ ਜਮਨ ਆਇਆ ਅਤੇ ਕਹਿਣ ਲਗਿਆ ਕਿ ਮੈਂ ਇਸ ਫੌਜ ਦਾ ਸ਼ਾਹ (ਅਰਥਾਤ ਸੁਆਮੀ) ਹਾਂ।
(ਅਤੇ ਫਿਰ) ਕਿਹਾ, (ਹੇ ਕ੍ਰਿਸ਼ਨ!) ਮੇਰੇ ਨਾਲ ਆ ਕੇ ਜੰਗ ਕਰ, ਦਿਲ ਵਿਚ ਜ਼ਰਾ ਜਿੰਨਾ ਵੀ ਵਹਿਮ ਨਾ ਕਰ।