ਸ਼੍ਰੀ ਦਸਮ ਗ੍ਰੰਥ

ਅੰਗ - 131


ਆਜਾਨ ਬਾਹੁ ਸਾਰੰਗਧਰ ਖੜਗਪਾਣ ਦੁਰਜਨ ਦਲਣ ॥

ਲੰਬੀਆਂ ਬਾਂਹਵਾਂ ਵਾਲੇ, ਹੱਥ ਵਿਚ ਸਾਰੰਗ ਧਨੁਸ਼ ਅਤੇ ਤਲਵਾਰ ਧਾਰਨ ਕਰਨ ਵਾਲੇ, ਵੈਰੀਆਂ ਨੂੰ ਦਲਣ ਵਾਲੇ,

ਨਰ ਵਰ ਨਰੇਸ ਨਾਇਕ ਨ੍ਰਿਪਣਿ ਨਮੋ ਨਵਲ ਜਲ ਥਲ ਰਵਣਿ ॥੪॥੩੫॥

ਸ੍ਰੇਸ਼ਠ ਪੁਰਸ਼ਾਂ ਦੇ ਰਾਜੇ, ਸੈਨਾਵਾਂ ਦੇ ਨਾਇਕ, ਨਵੇਂ ਸਰੂਪ ਵਾਲੇ ਅਤੇ ਜਲ ਥਲ ਵਿਚ ਰੰਮਣ ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੪॥੩੫॥

ਦੀਨ ਦਯਾਲ ਦੁਖ ਹਰਣ ਦੁਰਮਤ ਹੰਤਾ ਦੁਖ ਖੰਡਣ ॥

(ਹੇ) ਦੀਨਾਂ ਉਤੇ ਦਇਆ ਕਰਨ ਵਾਲੇ, ਦੁੱਖਾਂ ਨੂੰ ਹਰਨ ਵਾਲੇ, ਦੁਰਮਤ ਨੂੰ ਖ਼ਤਮ ਕਰਨ ਵਾਲੇ, ਦੁਖਾਂ ਨੂੰ ਖੰਡਣ ਵਾਲੇ,

ਮਹਾ ਮੋਨ ਮਨ ਹਰਨ ਮਦਨ ਮੂਰਤ ਮਹਿ ਮੰਡਨ ॥

ਸ਼ਾਂਤ ਰੂਪ ਵਾਲੇ, ਮਨ ਨੂੰ ਹਰਨ ਵਾਲੇ, ਕਾਮ ਸਰੂਪ, ਪ੍ਰਿਥਵੀ ਨੂੰ ਸ਼ਿੰਗਾਰਨ ਵਾਲੇ,

ਅਮਿਤ ਤੇਜ ਅਬਿਕਾਰ ਅਖੈ ਆਭੰਜ ਅਮਿਤ ਬਲ ॥

ਅਮਿਤ ਤੇਜ ਵਾਲੇ, ਵਿਕਾਰਾਂ ਤੋਂ ਰਹਿਤ, ਨਸ਼ਟ ਨਾ ਹੋਣ ਵਾਲੇ, ਨਾ ਭੰਨੇ ਜਾ ਸਕਣ ਵਾਲੇ, ਅਸੀਮ ਬਲ ਵਾਲੇ,

ਨਿਰਭੰਜ ਨਿਰਭਉ ਨਿਰਵੈਰ ਨਿਰਜੁਰ ਨ੍ਰਿਪ ਜਲ ਥਲ ॥

ਨਾ ਟੁੱਟਣ ਵਾਲੇ, ਨਿਡਰ, ਨਿਰਵੈਰ, ਅਰੋਗ, ਜਲ-ਥਲ ਦੇ ਰਾਜੇ,

ਅਛੈ ਸਰੂਪ ਅਛੂ ਅਛਿਤ ਅਛੈ ਅਛਾਨ ਅਛਰ ॥

ਸ੍ਰੇਸ਼ਠ ਸਰੂਪ ਵਾਲੇ, ਛੋਹ ਤੋਂ ਰਹਿਤ, ਹੋਂਦ-ਰਹਿਤ, ਨਸ਼ਟ ਨਾ ਹੋਣ ਵਾਲੇ, ਨਾ ਛੁਪਣ ਵਾਲੇ, ਨਾ ਛਲੇ ਜਾ ਸਕਣ ਵਾਲੇ,

ਅਦ੍ਵੈ ਸਰੂਪ ਅਦ੍ਵਿਯ ਅਮਰ ਅਭਿਬੰਦਤ ਸੁਰ ਨਰ ਅਸੁਰ ॥੫॥੩੬॥

ਅਦ੍ਵੈਤ ਸਰੂਪ ਵਾਲੇ, ਅਦੁੱਤੀ, ਅਮਰ, ਦੇਵਤਿਆਂ, ਦੈਂਤਾਂ ਅਤੇ ਮਨੁੱਖਾਂ ਦੁਆਰਾ (ਤੁਸੀਂ) ਪੂਜਿਤ ਹੈ ॥੫॥੩੬॥

ਕੁਲ ਕਲੰਕ ਕਰਿ ਹੀਨ ਕ੍ਰਿਪਾ ਸਾਗਰ ਕਰੁਣਾ ਕਰ ॥

(ਹੇ) ਸਭ ਨੂੰ ਕਲੰਕ ਤੋਂ ਰਹਿਤ ਕਰਨ ਵਾਲੇ! (ਤੁਸੀਂ) ਕ੍ਰਿਪਾ ਦੇ ਸਮੁੰਦਰ ਅਤੇ ਕਰੁਣਾ ਦੀ ਖਾਣ ਹੋ;

ਕਰਣ ਕਾਰਣ ਸਮਰਥ ਕ੍ਰਿਪਾ ਕੀ ਸੂਰਤ ਕ੍ਰਿਤ ਧਰ ॥

ਕਰਨ ਅਤੇ ਕਾਰਨ ਵਿਚ ਸਮਰਥ, ਕ੍ਰਿਪਾ ਦੀ ਮੂਰਤ ਅਤੇ ਸਿਰਜੀ ਹੋਈ (ਸ੍ਰਿਸ਼ਟੀ) ਦਾ ਆਧਾਰ

ਕਾਲ ਕਰਮ ਕਰ ਹੀਨ ਕ੍ਰਿਆ ਜਿਹ ਕੋਇ ਨ ਬੁਝੈ ॥

ਅਤੇ ਕਾਲ ਦੇ ਕਰਮਾਂ ਨੂੰ ਖ਼ਤਮ ਕਰਨ ਵਾਲੇ ਹੋ; ਜਿਸ ਦੀ ਕ੍ਰਿਆ ਨੂੰ ਬੁਝਿਆ ਨਹੀਂ ਜਾ ਸਕਦਾ

ਕਹਾ ਕਹੈ ਕਹਿ ਕਰੈ ਕਹਾ ਕਾਲਨ ਕੈ ਸੁਝੈ ॥

ਕੀ ਕਹਿੰਦਾ ਹੈ, ਕੀ ਕਰਦਾ ਹੈ ਅਤੇ ਕਿੰਨਾ ਗੱਲਾਂ ਕਰਕੇ (ਉਸ ਦੀ) ਸੋਝੀ ਹੁੰਦੀ ਹੈ;

ਕੰਜਲਕ ਨੈਨ ਕੰਬੂ ਗ੍ਰੀਵਹਿ ਕਟਿ ਕੇਹਰ ਕੁੰਜਰ ਗਵਨ ॥

ਕਮਲ-ਵਰਗੀਆਂ ਅੱਖਾਂ ਵਾਲੇ, ਸੰਖ (ਕੰਬੂ) ਵਰਗੀ ਗਰਦਨ ਵਾਲੇ, ਸ਼ੇਰ ਵਰਗੇ ਲਕ ਵਾਲੇ, ਹਾਥੀ ਵਰਗੀ ਚਾਲ ਵਾਲੇ,

ਕਦਲੀ ਕੁਰੰਕ ਕਰਪੂਰ ਗਤ ਬਿਨ ਅਕਾਲ ਦੁਜੋ ਕਵਨ ॥੬॥੩੭॥

ਕੇਲੇ (ਵਰਗੀਆਂ ਟੰਗਾਂ ਵਾਲੇ) ਹਰਨ (ਵਰਗੀ ਚੁਸਤੀ ਵਾਲੇ) ਕਫ਼ੂਰ (ਵਰਗੀ ਸੁਗੰਧ ਵਾਲੇ) (ਅਜਿਹੀ) ਚਾਲ-ਢਾਲ ਵਾਲਾ ਭਲਾ ਅਕਾਲ ਤੋਂ ਬਿਨਾ ਹੋਰ ਦੂਜਾ ਕੌਣ ਹੋ ਸਕਦਾ ਹੈ? ॥੬॥੩੭॥

ਅਲਖ ਰੂਪ ਅਲੇਖ ਅਬੈ ਅਨਭੂਤ ਅਭੰਜਨ ॥

(ਜੋ) ਨਾ ਜਾਣੇ ਜਾਣ ਵਾਲੇ ਰੂਪ ਵਾਲਾ, ਲੇਖੇ ਵਿਚ ਨਾ ਆਉਣ ਵਾਲਾ, ਸਦਾ ਇਕਰਸ ਰਹਿਣ ਵਾਲਾ ('ਅਬੈ') ਤੱਤ੍ਵਾਂ ਤੋਂ ਰਹਿਤ, ਭੰਜਨ-ਰਹਿਤ,

ਆਦਿ ਪੁਰਖ ਅਬਿਕਾਰ ਅਜੈ ਅਨਗਾਧ ਅਗੰਜਨ ॥

ਆਦਿ ਪੁਰਖ, ਵਿਕਾਰਾਂ ਤੋਂ ਮੁਕਤ, ਨਾ ਜਿਤੇ ਜਾ ਸਕਣ ਵਾਲਾ, ਥਾਹ ਨਾ ਪਾਏ ਜਾ ਸਕਣ ਵਾਲਾ, ਨਸ਼ਟ ਨਾ ਹੋਣ ਵਾਲਾ,

ਨਿਰਬਿਕਾਰ ਨਿਰਜੁਰ ਸਰੂਪ ਨਿਰ ਦ੍ਵੈਖ ਨਿਰੰਜਨ ॥

ਵਿਕਾਰ ਤੋਂ ਰਹਿਤ, ਅਰੋਗ ਸਰੂਪ ਵਾਲਾ, ਦ੍ਵੈਤ ਭਾਵ ਤੋਂ ਰਹਿਤ, ਮਾਇਆ ਦੇ ਪ੍ਰਭਾਵ ਤੋਂ ਪਰੇ,

ਅਭੰਜਾਨ ਭੰਜਨ ਅਨਭੇਦ ਅਨਭੂਤ ਅਭੰਜਨ ॥

ਨਾ ਭੰਨ੍ਹੇ ਜਾ ਸਕਣ ਵਾਲਿਆਂ ਨੂੰ ਭੰਨਣ ਵਾਲਾ, ਭੇਦ ਤੋਂ ਰਹਿਤ, ਪੰਜ ਭੂਤਾਂ ਤੋਂ ਬਿਨਾ, ਨਾ ਟੁੱਟਣ ਵਾਲਾ,

ਸਾਹਾਨ ਸਾਹ ਸੁੰਦਰ ਸੁਮਤ ਬਡ ਸਰੂਪ ਬਡਵੈ ਬਖਤ ॥

ਬਾਦਸ਼ਾਹਾਂ ਦਾ ਬਾਦਸ਼ਾਹ, ਸੁੰਦਰ ਸਰੂਪ ਅਤੇ ਚੰਗੀ ਮਤ ਵਾਲਾ, ਮਹਾਨ ਸਰੂਪ ਵਾਲਾ ਅਤੇ ਸ੍ਰੇਸ਼ਠ ਭਾਗਾਂ ਵਾਲਾ ਹੈ।

ਕੋਟਕਿ ਪ੍ਰਤਾਪ ਭੂਅ ਭਾਨ ਜਿਮ ਤਪਤ ਤੇਜ ਇਸਥਿਤ ਤਖਤ ॥੭॥੩੮॥

ਜਿਵੇਂ ਤਖ਼ਤ ਉਤੇ ਬੈਠੇ ਸੂਰਜ ਦਾ ਤੇਜ ਤਪਦਾ ਹੈ ਤਿਵੇਂ ਕਰੋੜਾਂ ਸੂਰਜਾਂ ਜਿੰਨਾ ਉਸ ਦਾ ਪ੍ਰਤਾਪ ਹੈ ॥੭॥੩੮॥

ਛਪੈ ਛੰਦ ॥ ਤ੍ਵਪ੍ਰਸਾਦਿ ॥

ਛਪੈ ਛੰਦ: ਤੇਰੀ ਕ੍ਰਿਪਾ ਨਾਲ:

ਚਕ੍ਰਤ ਚਾਰ ਚਕ੍ਰਵੈ ਚਕ੍ਰਤ ਚਉਕੁੰਟ ਚਵਗਨ ॥

ਚੌਹਾਂ ਚੱਕਾਂ ਦੇ ਸੁੰਦਰ ਚਕ੍ਰਵਰਤੀ ਰਾਜੇ (ਉਸ ਦੇ) ਰੂਪ ਤੋਂ ਹੈਰਾਨ ਹੋਏ ਫਿਰਦੇ ਹਨ।

ਕੋਟ ਸੂਰ ਸਮ ਤੇਜ ਤੇਜ ਨਹੀ ਦੂਨ ਚਵਗਨ ॥

(ਜਿਸ ਦਾ) ਕਰੋੜਾਂ ਸੂਰਜਾਂ ਵਰਗਾ ਤੇਜ ਹੀ ਨਹੀਂ (ਸਗੋਂ) ਦੁਗੁਣਾ ਚੌਗੁਣਾ ਹੈ।

ਕੋਟ ਚੰਦ ਚਕ ਪਰੈ ਤੁਲ ਨਹੀ ਤੇਜ ਬਿਚਾਰਤ ॥

ਕਰੋੜਾਂ ਚੰਦ੍ਰਮਾ ਹੈਰਾਨ ਹਨ (ਕਿਉਂਕਿ ਉਹ ਆਪਣਾ) ਤੇਜ (ਉਸ ਦੇ ਤੇਜ ਦੇ) ਬਰਾਬਰ ਨਹੀਂ ਸਮਝਦੇ।

ਬਿਆਸ ਪਰਾਸਰ ਬ੍ਰਹਮ ਭੇਦ ਨਹਿ ਬੇਦ ਉਚਾਰਤ ॥

ਵਿਆਸ, ਪਰਾਸ਼ਰ, ਬ੍ਰਹਮਾ ਅਤੇ ਵੇਦ (ਵੀ ਉਸ ਦੇ) ਭੇਦ ਨੂੰ ਨਹੀਂ ਦਸ ਸਕਦੇ।

ਸਾਹਾਨ ਸਾਹ ਸਾਹਿਬ ਸੁਘਰਿ ਅਤਿ ਪ੍ਰਤਾਪ ਸੁੰਦਰ ਸਬਲ ॥

(ਉਹ) ਸ਼ਾਹਾਂ ਦਾ ਸ਼ਾਹ, ਸੁਘੜਤਾ ਦਾ ਸੁਆਮੀ, ਵੱਡੇ ਪ੍ਰਤਾਪ ਵਾਲਾ, ਸੁੰਦਰ ਅਤੇ ਬਲਵਾਨ,

ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛੈ ਅਛਲ ॥੮॥੩੯॥

ਰਾਜਿਆਂ ਦਾ ਰਾਜਾ, ਬਲਵਾਨਾਂ ਦਾ ਸੁਆਮੀ, ਅਸੀਮ ਤੇਜ ਵਾਲਾ, ਨਾ ਨਸ਼ਟ ਹੋਣ ਵਾਲਾ ਅਤੇ ਨਾ ਛਲਿਆ ਜਾ ਸਕਣ ਵਾਲਾ ਹੈ ॥੮॥੩੯॥

ਕਬਿਤੁ ॥ ਤ੍ਵਪ੍ਰਸਾਦਿ ॥

ਕਬਿੱਤ: ਤੇਰੀ ਕ੍ਰਿਪਾ ਨਾਲ:

ਗਹਿਓ ਜੋ ਨ ਜਾਇ ਸੋ ਅਗਾਹ ਕੈ ਕੈ ਗਾਈਅਤੁ ਛੇਦਿਓ ਜੋ ਨ ਜਾਇ ਸੋ ਅਛੇਦ ਕੈ ਪਛਾਨੀਐ ॥

ਜਿਸ ਨੂੰ ਪਕੜਿਆ ਨਾ ਜਾ ਸਕੇ, ਉਸ ਨੂੰ 'ਅਗਾਹ' ਕਿਹਾ ਜਾਂਦਾ ਹੈ, ਜੋ ਛੇਦਿਆ ਨਾ ਜਾ ਸਕੇ ਉਸ ਨੂੰ 'ਅਛੇਦ' ਨਾਂ ਨਾਲ ਪਛਾਣਨਾ ਚਾਹੀਦਾ ਹੈ।

ਗੰਜਿਓ ਜੋ ਨ ਜਾਇ ਸੋ ਅਗੰਜ ਕੈ ਕੈ ਜਾਨੀਅਤੁ ਭੰਜਿਓ ਜੋ ਨ ਜਾਇ ਸੋ ਅਭੰਜ ਕੈ ਕੈ ਮਾਨੀਐ ॥

ਜੋ ਤੋੜਿਆ ਨਾ ਜਾ ਸਕੇ ਉਸ ਨੂੰ 'ਅਗੰਜ' ਵਜੋਂ ਜਾਣਿਆ ਜਾਂਦਾ ਹੈ, ਜੋ ਭੰਨਿਆ ਨਾ ਜਾ ਸਕੇ ਉਸ ਨੂੰ 'ਅਭੰਜ' ਨਾਂ ਨਾਲ ਮੰਨਣਾ ਚਾਹੀਦਾ ਹੈ।

ਸਾਧਿਓ ਜੋ ਨ ਜਾਇ ਸੋ ਅਸਾਧਿ ਕੈ ਕੈ ਸਾਧ ਕਰ ਛਲਿਓ ਜੋ ਨ ਜਾਇ ਸੋ ਅਛਲ ਕੈ ਪ੍ਰਮਾਨੀਐ ॥

ਜੋ ਸਾਧਿਆ ਨਾ ਜਾ ਸਕੇ ਉਸ ਨੂੰ 'ਅਸਾਧ' ਕਿਹਾ ਜਾਂਦਾ ਹੈ, ਜੋ ਛਲਿਆ ਨਾ ਜਾ ਸਕੇ, ਉਸ ਨੂੰ 'ਅਛਲ' ਨਾਂ ਨਾਲ ਯਾਦ ਕਰਨਾ ਚਾਹੀਦਾ ਹੈ।

ਮੰਤ੍ਰ ਮੈ ਨ ਆਵੈ ਸੋ ਅਮੰਤ੍ਰ ਕੈ ਕੈ ਮਾਨੁ ਮਨ ਜੰਤ੍ਰ ਮੈ ਨ ਆਵੈ ਸੋ ਅਜੰਤ੍ਰ ਕੈ ਕੈ ਜਾਨੀਐ ॥੧॥੪੦॥

ਜੋ ਮੰਤਰਾਂ ਵਿਚ ਨਾ ਆ ਸਕੇ, ਉਸ ਨੂੰ 'ਅਮੰਤ੍ਰ' ਕਰਕੇ ਮੰਨਿਆ ਜਾਂਦਾ ਹੈ, ਜੋ ਯੰਤਰ ਵਿਚ ਨਾ ਆ ਸਕੇ, ਉਸ ਨੂੰ 'ਅਜੰਤ੍ਰ' ਨਾਂ ਨਾਲ ਜਾਣਨਾ ਚਾਹੀਦਾ ਹੈ ॥੧॥੪੦॥

ਜਾਤ ਮੈ ਨ ਆਵੈ ਸੋ ਅਜਾਤ ਕੈ ਕੈ ਜਾਨ ਜੀਅ ਪਾਤ ਮੈ ਨ ਆਵੈ ਸੋ ਅਪਾਤ ਕੈ ਬੁਲਾਈਐ ॥

(ਜੋ ਕਿਸੇ) ਜਾਤਿ ਵਿਚ ਨਹੀਂ ਆਉਂਦਾ, ਉਸ ਨੂੰ 'ਅਜਾਤਿ' ਕਰ ਕੇ ਦਿਲ ਵਿਚ ਜਾਣੀਦਾ ਹੈ ਅਤੇ ਜੋ ਪਾਤਿ (ਪੰਕਤੀ) ਵਿਚ ਨਹੀਂ ਆਉਂਦਾ, ਉਸ ਨੂੰ 'ਅਪਾਤ' ਕਹਿ ਕੇ ਬੁਲਾਈਦਾ ਹੈ।

ਭੇਦ ਮੈ ਨ ਆਵੈ ਸੋ ਅਭੇਦ ਕੈ ਕੈ ਭਾਖੀਅਤੁ ਛੇਦ੍ਯੋ ਜੋ ਨ ਜਾਇ ਸੋ ਅਛੇਦ ਕੈ ਸੁਨਾਈਐ ॥

(ਜੋ) ਭੇਦ ਵਿਚ ਨਹੀਂ ਆਉਂਦਾ, ਉਸ ਨੂੰ 'ਅਭੇਦ' ਕਹਿ ਕੇ ਬੁਲਾਈਦਾ ਹੈ ਅਤੇ ਜੋ ਛੇਦਿਆ ਨਹੀਂ ਜਾ ਸਕਦਾ, ਉਸ ਨੂੰ 'ਅਛੇਦ' ਕਹਿਣਾ ਚਾਹੀਦਾ ਹੈ।

ਖੰਡਿਓ ਜੋ ਨ ਜਾਇ ਸੋ ਅਖੰਡ ਜੂ ਕੋ ਖਿਆਲੁ ਕੀਜੈ ਖਿਆਲ ਮੈ ਨ ਆਵੈ ਗਮੁ ਤਾ ਕੋ ਸਦਾ ਖਾਈਐ ॥

ਜੋ ਖੰਡਿਆ ਨਾ ਜਾਏ, ਉਸ 'ਅਖੰਡ' ਜੀ ਦਾ ਧਿਆਨ ਕਰਨਾ ਚਾਹੀਦਾ ਹੈ ਅਤੇ (ਜੋ) ਖ਼ਿਆਲ ਵਿਚ ਨਾ ਆ ਸਕੇ, ਉਸ ਦਾ ਸਦਾ ਗ਼ਮ (ਚਿੰਤਾ) ਖਾਣਾ ਚਾਹੀਦਾ ਹੈ।

ਜੰਤ੍ਰ ਮੈ ਨ ਆਵੈ ਅਜੰਤ੍ਰ ਕੈ ਕੈ ਜਾਪੀਅਤੁ ਧਿਆਨ ਮੈ ਨ ਆਵੈ ਤਾ ਕੋ ਧਿਆਨੁ ਕੀਜੈ ਧਿਆਈਐ ॥੨॥੪੧॥

(ਜੋ) ਯੰਤਰ ਵਿਚ ਨਾ ਆ ਸਕੇ, ਉਸ ਨੂੰ 'ਅਜੰਤ੍ਰ' ਕਰ ਕੇ ਜਪਣਾ ਚਾਹੀਦਾ ਹੈ। ਅਤੇ (ਜੋ) ਧਿਆਨ ਵਿਚ ਨਾ ਆ ਸਕੇ, ਉਸ ਨੂੰ ਧਿਆਨ ਵਿਚ ਰਖ ਕੇ ਧਿਆਉਣਾ ਚਾਹੀਦਾ ਹੈ ॥੨॥੪੧॥

ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ ਛਿਤਨਾਥ ਛੌਣੀ ਕਰ ਛਾਇਆ ਬਰ ਛਤ੍ਰੀਪਤ ਗਾਈਐ ॥

(ਉਹ ਪ੍ਰਭੂ) ਛਤਰਧਾਰੀ, ਛਤਰਪਤਿ (ਛਤਰੀਆਂ ਦਾ ਸੁਆਮੀ) ਛੈਲ ਰੂਪ (ਸੁੰਦਰ ਰੂਪ) ਵਾਲਾ ਅਤੇ ਪ੍ਰਿਥਵੀ ਦਾ ਸੁਆਮੀ ਹੈ। (ਉਹ) ਪ੍ਰਿਥਵੀ (ਛੌਣੀ) ਦੇ ਕਰਨ ਵਾਲਾ, ਸੁੰਦਰ ਛਾਇਆ ਵਾਲਾ ਅਤੇ ਛਤਰੀ-ਪਤਿ (ਰਾਜਾ) ਕਰ ਕੇ ਗਾਵਿਆ ਜਾਂਦਾ ਹੈ।

ਬਿਸ੍ਵ ਨਾਥ ਬਿਸ੍ਵੰਭਰ ਬੇਦਨਾਥ ਬਾਲਾਕਰ ਬਾਜੀਗਰਿ ਬਾਨਧਾਰੀ ਬੰਧ ਨ ਬਤਾਈਐ ॥

ਵਿਸ਼ਵ ਦਾ ਨਾਥ, ਵਿਸ਼ਵ ਨੂੰ ਭਰਨ ਵਾਲਾ, ਵੇਦਾਂ ਦਾ ਨਾਥ ਅਤੇ ਉੱਚੇ ਸਰੂਪ ਵਾਲਾ ਹੈ। (ਉਹ) ਬਾਜੀਗਰ ਵਾਂਗ ਅਨੇਕ ਰੂਪ (ਬਾਨ) ਧਾਰਨ ਵਾਲਾ, (ਕਿਸੇ) ਬੰਧਨ ਵਿਚ ਨਾ ਪੈਣ ਵਾਲਾ ਦਸਣਾ ਚਾਹੀਦਾ ਹੈ।

ਨਿਉਲੀ ਕਰਮ ਦੂਧਾਧਾਰੀ ਬਿਦਿਆਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਨ ਪਾਈਐ ॥

ਨਿਉਲੀ ਕਰਮ ਕਰਨ ਵਾਲੇ, ਦੁੱਧ ਦੇ ਆਸਰੇ ਜੀਣ ਵਾਲੇ, ਵਿਦਿਆ ਨੂੰ ਧਾਰਨ ਕਰਨ ਵਾਲੇ ਅਤੇ ਬ੍ਰਹਮਚਾਰੀ (ਉਸੇ ਵਿਚ) ਧਿਆਨ ਲਗਾਉਂਦੇ ਹਨ, ਪਰ ਜ਼ਰਾ ਜਿੰਨਾ ਵੀ ਧਿਆਨ ਨੂੰ ਪ੍ਰਾਪਤ ਨਹੀਂ ਕਰ ਸਕਦੇ।

ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥੩॥੪੨॥

(ਉਹ) ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਹੈ, ਅਜਿਹੇ ਰਾਜੇ ਨੂੰ ਛਡ ਕੇ ਹੋਰ ਦੂਜੇ ਕਿਸ ਨੂੰ ਧਿਆਇਆ ਜਾਏ ॥੩॥੪੨॥

ਜੁਧ ਕੇ ਜਿਤਈਆ ਰੰਗ ਭੂਮ ਕੇ ਭਵਈਆ ਭਾਰ ਭੂਮ ਕੇ ਮਿਟਈਆ ਨਾਥ ਤੀਨ ਲੋਕ ਗਾਈਐ ॥

(ਉਹ) ਯੁੱਧ ਨੂੰ ਜਿਤਣ ਵਾਲਾ, ਰੰਗ-ਭੂਮੀ ਵਿਚ ਫਿਰਨ ਵਾਲਾ, ਧਰਤੀ ਦੇ ਭਾਰ ਨੂੰ ਮਿਟਾਉਣ ਵਾਲਾ ਅਤੇ ਤਿੰਨਾਂ ਲੋਕਾਂ ਦਾ ਸੁਆਮੀ ਕਿਹਾ ਜਾਂਦਾ ਹੈ।

ਕਾਹੂ ਕੇ ਤਨਈਆ ਹੈ ਨ ਮਈਆ ਜਾ ਕੇ ਭਈਆ ਕੋਊ ਛਉਨੀ ਹੂ ਕੇ ਛਈਆ ਛੋਡ ਕਾ ਸਿਉ ਪ੍ਰੀਤ ਲਾਈਐ ॥

ਜੋ ਕਿਸੇ ਦਾ ਪੁੱਤਰ (ਤਨਈਆ) ਨਹੀਂ ਹੈ, ਜਿਸ ਦੀ ਨਾ ਕੋਈ ਮਾਤਾ ਤੇ ਨਾ ਹੀ ਭਰਾਤਾ ਹੈ, ਧਰਤੀ ਨੂੰ ਧਾਰਨ ਕਰਨ ਵਾਲੇ (ਛੌਨੀ) ਦੀ ਛਾਇਆ ਨੂੰ ਛਡ ਕੇ (ਹੋਰ) ਕਿਸ ਨਾਲ ਪ੍ਰੀਤ ਲਗਾਈ ਜਾਏ

ਸਾਧਨਾ ਸਧਈਆ ਧੂਲ ਧਾਨੀ ਕੇ ਧੁਜਈਆ ਧੋਮ ਧਾਰ ਕੇ ਧਰਈਆ ਧਿਆਨ ਤਾ ਕੋ ਸਦਾ ਲਾਈਐ ॥

ਸਾਧਨਾ ਨੂੰ ਸਾਧਣ ਵਾਲੇ, ਧਰਤੀ ('ਧੂਲਧਾਨੀ') ਨੂੰ ਆਧਾਰ ('ਧੁਜਈਆ') ਪ੍ਰਦਾਨ ਕਰਨ ਵਾਲੇ, ਆਕਾਸ਼ ('ਧੋਮ-ਧਾਰ') ਨੂੰ ਟਿਕਾਉਣ ਵਾਲੇ ('ਧਰੱਯਾ') ਦਾ ਧਿਆਨ ਸਦਾ ਲਗਾਇਆ ਜਾਏ।

ਆਉ ਕੇ ਬਢਈਆ ਏਕ ਨਾਮ ਕੇ ਜਪਈਆ ਅਉਰ ਕਾਮ ਕੇ ਕਰਈਆ ਛੋਡ ਅਉਰ ਕਉਨ ਧਿਆਈਐ ॥੪॥੪੩॥

ਉਮਰ ਦੇ ਵਧਾਉਣ ਵਾਲੇ, ਇਕ ਨਾਮ ਨੂੰ ਜਪਾਉਣ ਵਾਲੇ, (ਸਾਰੇ) ਕੰਮਾਂ ਨੂੰ ਕਰਾਉਣ ਵਾਲੇ ਨੂੰ ਛਡ ਕੇ ਹੋਰ ਕਿਸ ਨੂੰ ਧਿਆਇਆ ਜਾਏ? ॥੪॥੪੩॥

ਕਾਮ ਕੋ ਕੁਨਿੰਦਾ ਖੈਰ ਖੂਬੀ ਕੋ ਦਿਹੰਦਾ ਗਜ ਗਾਜੀ ਕੋ ਗਜਿੰਦਾ ਸੋ ਕੁਨਿੰਦਾ ਕੈ ਬਤਾਈਐ ॥

(ਸਾਰੇ) ਕੰਮਾਂ ਨੂੰ ਕਰਨ ਵਾਲੇ ('ਕੁਨਿੰਦਾ') ਸੁਖ ਅਤੇ ਖ਼ੂਬੀਆਂ ਦੇਣ ਵਾਲੇ, ਹਾਥੀਆਂ ਤੇ ਗ਼ਾਜ਼ੀਆਂ ਨੂੰ ਗਜਾਣ ਵਾਲੇ, ਉਸ (ਪ੍ਰਭੂ) ਨੂੰ ਕਰਤਾ ਕਰਕੇ ਦਸਿਆ ਜਾਏ।

ਚਾਮ ਕੇ ਚਲਿੰਦਾ ਘਾਉ ਘਾਮ ਤੇ ਬਚਿੰਦਾ ਛਤ੍ਰ ਛੈਨੀ ਕੇ ਛਲਿੰਦਾ ਸੋ ਦਿਹੰਦਾ ਕੈ ਮਨਾਈਐ ॥

ਧਨੁਸ਼ ਦੇ ਚਲਾਉਣ ਵਾਲੇ, ਘਾਉ ਅਤੇ ਧੁਪ ਤੋਂ ਬਚਾਉਣ ਵਾਲੇ, ਪ੍ਰਿਥਵੀ ਦੇ ਛਤਰਧਾਰੀਆਂ ਨੂੰ ਛਲਣ ਵਾਲੇ ਉਸ ਨੂੰ ਦਾਤਾ ਕਰਕੇ ਮੰਨਿਆ ਜਾਏ।

ਜਰ ਕੇ ਦਿਹੰਦਾ ਜਾਨ ਮਾਨ ਕੋ ਜਨਿੰਦਾ ਜੋਤ ਜੇਬ ਕੋ ਗਜਿੰਦਾ ਜਾਨ ਮਾਨ ਜਾਨ ਗਾਈਐ ॥

ਦੌਲਤ (ਜ਼ਰ) ਨੂੰ ਦੇਣ ਵਾਲੇ, ਜਾਨ ਅਤੇ ਮਾਣ ਨੂੰ ਜਾਣਨ ਵਾਲੇ, ਜੋਤਿ ਅਤੇ ਸ਼ੋਭਾ (ਜ਼ੇਬ) ਨੂੰ ਜਗਾਉਣ ਵਾਲੇ, ਗਿਆਨ ਦੀ ਜਿੰਦ ਕਰ ਕੇ ਜਾਣੇ ਜਾਣ ਵਾਲੇ ਦਾ ਗੁਣਗਾਨ ਕੀਤਾ ਜਾਏ।

ਦੋਖ ਕੇ ਦਲਿੰਦਾ ਦੀਨ ਦਾਨਸ ਦਿਹੰਦਾ ਦੋਖ ਦੁਰਜਨ ਦਲਿੰਦਾ ਧਿਆਇ ਦੂਜੋ ਕਉਨ ਧਿਆਈਐ ॥੫॥੪੪॥

ਦੋਖਾਂ ਨੂੰ ਦਲਣ ਵਾਲੇ, ਧਰਮ ਅਤੇ ਅਕਲ ('ਦਾਨਸ਼') ਪ੍ਰਦਾਨ ਕਰਨ ਵਾਲੇ, ਦੁਖਾਂ ਅਤੇ ਵੈਰੀਆਂ ਨੂੰ ਦਲਣ ਵਾਲੇ ਨੂੰ ਧਿਆ ਕੇ (ਫਿਰ) ਹੋਰ ਕਿਸ ਨੂੰ ਧਿਆਇਆ ਜਾਏ? ॥੫॥੪੪॥


Flag Counter