ਜਿਸ ਮੂਰਖ ਨੂੰ ਸਥਿਤੀ ਦਾ ਹੀ ਪਤਾ ਨਹੀਂ ॥੪੯॥
ਇਸ ਤਰ੍ਹਾਂ ਕਹਿ ਕੇ ਸਾਰੇ ਪਠਾਣ ਭਜਦੇ ਆਏ
ਅਤੇ ਟੋਲੇ ਬੰਨ੍ਹ ਕੇ ਚਾਓ ਨਾਲ (ਭਰੇ ਹੋਏ) ਸ਼ਰੀਰਾਂ ਨਾਲ ਆਏ।
ਸ਼ਮਸਦੀਨ ਨੂੰ ਜਿਥੇ ਲੱਛਮਣ ਨੇ ਮਾਰਿਆ ਸੀ,
ਉਸ ਥਾਂ ਤੇ ਸਾਰੀ ਸੈਨਾ ਮਿਲ ਕੇ ਆ ਗਈ ॥੫੦॥
ਲੋਦੀ, ਸੂਰ (ਪਠਾਣਾਂ ਦੀ ਇਕ ਜਾਤਿ) ਨਿਆਜ਼ੀ
ਆਪਣੇ ਨਾਲ ਚੰਗੇ ਚੰਗੇ ਸੂਰਮੇ ਲੈ ਕੇ ਚਲ ਪਏ।
(ਇਨ੍ਹਾਂ ਤੋਂ ਇਲਾਵਾ) ਦਾਓਜ਼ਈ ('ਦਾਊਦਜ਼ਈ' ਪਠਾਣਾਂ ਦੀ ਇਕ ਸ਼ਾਖ਼) ਰੁਹੇਲੇ,
ਅਫ਼ੀਰਦੀ (ਪਠਾਣਾਂ) ਨੇ ਵੀ (ਆਪਣੇ) ਘੋੜੇ ਨਚਾਏ ॥੫੧॥
ਦੋਹਰਾ:
ਬਾਵਨ ਖੇਲ ਪਠਾਣ (ਬਵੰਜਾ ਖ਼ਾਨਦਾਨਾਂ ਵਾਲੇ ਪਠਾਣ) ਸਾਰੇ ਉਥੇ ਅਰੜਾ ਕੇ ਪੈ ਗਏ।
(ਉਨ੍ਹਾਂ ਨੇ) ਭਾਂਤ ਭਾਂਤ ਦੇ ਬਾਣੇ ਸਜਾਏ ਹੋਏ ਸਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੫੨॥
ਚੌਪਈ:
ਘੋੜ ਸਵਾਰ ਦਰਵਾਜ਼ੇ ਵਿਚ ਸਮਾ ਨਹੀਂ ਰਹੇ ਸਨ।
ਸੂਰਮੇ ਜਿਥੇ ਕਿਥੇ ਘੋੜੇ ਨਚਾ ਰਹੇ ਸਨ।
ਉਥੇ ਬਾਣਾਂ ਦੀ ਹਨੇਰੀ ਜਿਹੀ ਆ ਗਈ,
(ਜਿਸ ਕਰ ਕੇ) ਹੱਥ ਪਸਾਰਿਆਂ ਵੀ ਨਜ਼ਰ ਨਹੀਂ ਸੀ ਆਉਂਦਾ ॥੫੩॥
ਇਸ ਤਰ੍ਹਾਂ ਨਗਰ ਵਿਚ ਸ਼ੋਰ ਪੈ ਗਿਆ। (ਇੰਜ ਪ੍ਰਤੀਤ ਹੋਣ ਲਗਾ)
ਮਾਨੋ ਸੂਰਜ ਉਲਟ ਪੁਲਟ ਗਿਆ ਹੋਵੇ,
ਜਾਂ ਜਿਵੇਂ ਸਮੁੰਦਰ ਪਾਣੀ ਨੂੰ ਉਲਦਦਾ ਹੋਵੇ (ਭਾਵ ਜਵਾਰਭਾਟਾ ਆ ਗਿਆ ਹੋਵੇ)
ਜਾਂ ਜਿਵੇਂ ਮੱਛਲੀਆਂ ਉਛਲ ਉਛਲ ਕੇ ਮਰ ਰਹੀਆਂ ਹੋਣ ॥੫੪॥
ਜਿਵੇਂ ਨਦੀ ਦੀ ਧਾਰਾ ਵਿਚ ਨੌਕਾ
ਰੁੜਦੀ ਜਾ ਰਹੀ ਹੋਵੇ ਅਤੇ ਕੋਈ ਰਖਵਾਲਾ ਨਾ ਹੋਵੇ।
ਉਸ ਤਰ੍ਹਾਂ ਹੀ ਨਗਰ ਦੀ ਹਾਲਤ ਹੋ ਗਈ।
(ਇੰਜ ਲਗਦਾ ਸੀ) ਮਾਨੋ ਸਚੀ ਇੰਦਰ ਤੋਂ ਬਿਨਾ ਹੋ ਗਈ ਹੋਵੇ ॥੫੫॥
ਦੋਹਰਾ:
ਇਸ ਪਾਸੇ ਤੋਂ ਸਭ ਛਤ੍ਰੀ ਚੜ੍ਹੇ ਸਨ ਅਤੇ ਉਸ ਪਾਸੇ ਤੋਂ ਪਠਾਣ ਚੜ੍ਹੇ ਸਨ।
ਹੇ ਸੰਤੋ! ਸਾਰੇ ਚਿਤ ਲਾ ਕੇ ਸੁਣੋ, ਜਿਸ ਤਰ੍ਹਾਂ (ਸਾਰੇ ਸ਼ੋਰ ਸ਼ਰਾਬੇ ਦਾ) ਅੰਤ ਹੋਇਆ ॥੫੬॥
ਭੁਜੰਗ ਪ੍ਰਯਾਤ ਛੰਦ:
ਜਦ ਬਾਣਾਂ ਨੂੰ (ਕਮਾਨਾਂ ਨਾਲ) ਜੋੜ ਕੇ ਪਠਾਣਾਂ ਦੀ ਸੈਨਾ ਆਈ
ਤਾਂ ਇਧਰੋਂ ਸਾਰੇ ਛਤ੍ਰੀ ਸੂਰਮੇ ਰੋਹ ਵਿਚ ਆ ਕੇ ਚੜ੍ਹ ਆਏ।
ਦੋਹਾਂ ਪਾਸਿਆਂ ਤੋਂ ਅਜਿਹੇ ਭਾਰੇ ਤੀਰ ਚਲੇ
ਕਿ ਜਿਸ ਦੇ ਸ਼ਰੀਰ ਵਿਚ ਲਗੇ, (ਫਿਰ) ਕੱਢੇ ਨਹੀਂ ਜਾ ਸਕੇ ॥੫੭॥
ਤਦ ਲੱਛਮਣ ਕੁਮਾਰ ਨੇ ਕ੍ਰੋਧਿਤ ਹੋ ਕੇ
ਮੁਖੀ ('ਬਾਨੀ') ਪਠਾਣਾਂ ਨੂੰ ਸ਼ਸਤ੍ਰ ਲੈ ਕੇ ਮਾਰ ਦਿੱਤਾ।
ਕਿਤੇ ਸੂਰਮੇ ਯੁੱਧ-ਭੂਮੀ ਵਿਚ ਇਸ ਤਰ੍ਹਾਂ ਮਾਰੇ ਹੋਏ ਪਏ ਸਨ
ਜਿਸ ਤਰ੍ਹਾਂ ਇੰਦਰ ਦੇ ਝੰਡੇ ਕਟੇ ਹੋਏ ਪਏ ਹੋਣ ॥੫੮॥
(ਯੁੱਧ-ਭੂਮੀ ਵਿਚ ਪਏ ਹੋਏ ਇਸ ਤਰ੍ਹਾਂ ਲਗ ਰਹੇ ਸਨ) ਮਾਨੋ ਮਲੰਗ ਭੰਗ ਪੀ ਕੇ ਪਏ ਹੋਣ।
ਕਿਤੇ ਅਨੇਕਾਂ ਹਾਥੀਆਂ ਦੇ ਸਿਰ ਡਿਗੇ ਪਏ ਸਨ।
ਕਿਤੇ ਮਾਰੇ ਹੋਏ ਊਠ ਰਣਭੂਮੀ ਵਿਚ ਪਰੁਚੇ ਹੋਏ ਦਿਖਦੇ ਸਨ।
ਕਿਤੇ ਰਣ-ਖੇਤਰ ਵਿਚ ਨੰਗੀਆਂ ਤਲਵਾਰਾਂ ਅਤੇ ਖੰਡੇ ਲਿਸ਼ਕਦੇ ਸਨ ॥੫੯॥
ਕਿਤੇ ਬਾਣਾਂ ਦੇ ਕਟੇ ਹੋਏ (ਸੂਰਮੇ) ਧਰਤੀ ਉਤੇ ਇੰਜ ਪਏ ਸਨ
ਜਿਵੇਂ ਕਿਸਾਨ ਨੇ ਬੀਜਣ ਲਈ ਗੰਨੇ (ਦੇ ਟੋਟੇ) ਕਢੇ ਹਨ।
ਕਿਤੇ ਪੇਟ ਵਿਚ ਕਟਾਰ ਇਸ ਤਰ੍ਹਾਂ ਚਮਕ ਰਹੀ ਸੀ,
ਮਾਨੋ ਜਾਲ ਵਿਚ ਫਸੀ ਹੋਈ ਮੱਛਲੀ ਸ਼ੋਭ ਰਹੀ ਹੋਵੇ ॥੬੦॥
ਕਿਤੇ ਯੁੱਧ-ਭੂਮੀ ਵਿਚ ਪਾਟੇ ਹੋਏ ਪੇਟਾਂ ਵਾਲੇ ਘੋੜੇ ਪਏ ਸਨ।
ਕਿਤੇ ਮਸਤ ਹਾਥੀ ਅਤੇ ਸਵਾਰਾਂ ਤੋਂ ਸਖਣੇ ਘੋੜੇ ਫਿਰ ਰਹੇ ਸਨ।
ਕਿਤੇ ਸ਼ਿਵ ('ਮੂੰਡ ਮਾਲੀ') ਸਿਰਾਂ ਦੀ ਮਾਲਾ ਪਰੋ ਰਿਹਾ ਸੀ।