ਸ਼੍ਰੀ ਦਸਮ ਗ੍ਰੰਥ

ਅੰਗ - 1192


ਅਪਨੋ ਬਿਪ ਕਹ ਸੀਸ ਝੁਕਾਵੈ ॥

ਤਾਂ ਆਪਣਾ ਸਿਰ ਬ੍ਰਾਹਮਣ ਅਗੇ ਝੁਕਾਉਂਦੇ।

ਜੋ ਸਿਖ੍ਯਾ ਦਿਜ ਦੇਤ ਸੁ ਲੇਹੀ ॥

ਜੋ ਸਿਖਿਆ ਬ੍ਰਾਹਮਣ ਦਿੰਦਾ ਸੀ, ਉਹੀ ਪ੍ਰਾਪਤ ਕਰਦੇ ਸਨ

ਅਮਿਤ ਦਰਬ ਪੰਡਿਤ ਕਹ ਦੇਹੀ ॥੮॥

ਅਤੇ ਬ੍ਰਾਹਮਣ ਨੂੰ ਬਹੁਤ ਧਨ ਦਿੰਦੇ ਸਨ ॥੮॥

ਇਕ ਦਿਨ ਕੁਅਰਿ ਅਗਮਨੋ ਗਈ ॥

ਇਕ ਦਿਨ ਰਾਜ ਕੁਮਾਰੀ ਪਹਿਲਾਂ ਚਲੀ ਗਈ

ਦਿਜ ਕਹ ਸੀਸ ਝੁਕਾਵਤ ਭਈ ॥

ਅਤੇ ਬ੍ਰਾਹਮਣ ਨੂੰ ਸਿਰ ਝੁਕਾਇਆ।

ਸਾਲਿਗ੍ਰਾਮ ਪੂਜਤ ਥਾ ਦਿਜਬਰ ॥

ਬ੍ਰਾਹਮਣ ਭਾਂਤ ਭਾਂਤ ਨਾਲ ਸਿਰ ਨਿਵਾ ਕੇ

ਭਾਤਿ ਭਾਤਿ ਤਿਹ ਸੀਸ ਨ੍ਯਾਇ ਕਰਿ ॥੯॥

ਸਾਲਗ੍ਰਾਮ ਦੀ ਪੂਜਾ ਕਰ ਰਿਹਾ ਸੀ ॥੯॥

ਤਾ ਕੌ ਨਿਰਖਿ ਕੁਅਰਿ ਮੁਸਕਾਨੀ ॥

ਉਸ ਨੂੰ ਵੇਖ ਕੇ ਰਾਜ ਕੁਮਾਰੀ ਹਸ ਪਈ

ਸੋ ਪ੍ਰਤਿਮਾ ਪਾਹਨ ਪਹਿਚਾਨੀ ॥

ਅਤੇ ਉਸ ਮੂਰਤੀ ਨੂੰ ਪੱਥਰ ਸਮਝਿਆ।

ਤਾਹਿ ਕਹਾ ਪੂਜਤ ਕਿਹ ਨਮਿਤਿਹ ॥

ਉਸ (ਬ੍ਰਾਹਮਣ) ਨੂੰ ਪੁੱਛਣ ਲਗੀ ਕਿ ਇਸ ਨੂੰ ਕਿਸ ਨਿਮਿਤ ਪੂਜ ਰਹੇ ਹੋ

ਸਿਰ ਨਾਵਤ ਕਰ ਜੋਰਿ ਕਾਜ ਜਿਹ ॥੧੦॥

ਅਤੇ ਕਿਸ ਲਈ ਹੱਥ ਜੋੜ ਕੇ ਸਿਰ ਨਿਵਾ ਰਹੇ ਹੋ ॥੧੦॥

ਦਿਜ ਬਾਚ ॥

ਬ੍ਰਾਹਮਣ ਨੇ ਕਿਹਾ:

ਸਾਲਗ੍ਰਾਮ ਠਾਕੁਰ ਏ ਬਾਲਾ ॥

ਹੇ ਰਾਜ ਕੁਮਾਰੀ! ਇਹ ਸਾਲਗ੍ਰਾਮ ਠਾਕੁਰ ਹੈ

ਪੂਜਤ ਜਿਨੈ ਬਡੇ ਨਰਪਾਲਾ ॥

ਜਿਸ ਨੂੰ ਵੱਡੇ ਵੱਡੇ ਰਾਜੇ ਪੂਜਦੇ ਹਨ।

ਤੈ ਅਗ੍ਯਾਨ ਇਹ ਕਹਾ ਪਛਾਨੈ ॥

ਤੂੰ ਮੂਰਖ ਇਸ ਨੂੰ ਕੀ ਸਮਝੇਂ।

ਪਰਮੇਸ੍ਵਰ ਕਹ ਪਾਹਨ ਜਾਨੈ ॥੧੧॥

ਪਰਮੇਸ਼੍ਵਰ ਨੂੰ ਪੱਥਰ ਸਮਝ ਰਹੀ ਹੈਂ ॥੧੧॥

ਰਾਜਾ ਸੁਤ ਬਾਚ ॥

ਰਾਜ ਕੁਮਾਰੀ ਨੇ ਕਿਹਾ:

ਸਵੈਯਾ ॥

ਸਵੈਯਾ:

ਤਾਹਿ ਪਛਾਨਤ ਹੈ ਨ ਮਹਾ ਜੜ ਜਾ ਕੋ ਪ੍ਰਤਾਪ ਤਿਹੂੰ ਪੁਰ ਮਾਹੀ ॥

ਹੇ ਮਹਾ ਮੂਰਖ! ਤੂੰ ਉਸ ਨੂੰ ਨਹੀਂ ਪਛਾਣਦਾ ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿਚ (ਪਸਰਿਆ ਹੋਇਆ) ਹੈ।

ਪੂਜਤ ਹੈ ਪ੍ਰਭੁ ਕੈ ਤਿਸ ਕੌ ਜਿਨ ਕੇ ਪਰਸੇ ਪਰਲੋਕ ਪਰਾਹੀ ॥

ਉਸ ਨੂੰ ਪ੍ਰਭੂ ਕਰ ਕੇ ਪੂਜਦਾ ਹੈਂ, ਜਿਸ ਦੇ ਪੂਜਣ ਨਾਲ ਪਰਲੋਕ (ਹੋਰ ਵੀ) ਦੂਰ ਹੋ ਜਾਂਦਾ ਹੈ।

ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਡਰਾਹੀ ॥

ਪਰਮਾਰਥ ਲਈ ਪਾਪ ਕਰਦਾ ਹੈਂ, ਜਿਨ੍ਹਾਂ ਪਾਪਾਂ ਨੂੰ ਵੇਖ ਕੇ ਪਾਪ ਵੀ ਬਹੁਤ ਡਰਦੇ ਹਨ।

ਪਾਇ ਪਰੋ ਪਰਮੇਸ੍ਵਰ ਕੇ ਪਸੁ ਪਾਹਨ ਮੈ ਪਰਮੇਸ੍ਵਰ ਨਾਹੀ ॥੧੨॥

ਹੇ ਮੂਰਖ! ਪਰਮੇਸ਼੍ਵਰ ਦੇ ਪੈਰਾਂ ਵਿਚ ਪੈ, ਪੱਥਰਾਂ ਵਿਚ ਪਰਮਾਤਮਾ ਨਹੀਂ ਹੈ ॥੧੨॥

ਬਿਜੈ ਛੰਦ ॥

ਬਿਜੈ ਛੰਦ:

ਜੀਵਨ ਮੈ ਜਲ ਮੈ ਥਲ ਮੈ ਸਭ ਰੂਪਨ ਮੈ ਸਭ ਭੂਪਨ ਮਾਹੀ ॥

(ਉਹ ਪਰਮਾਤਮਾ) ਸਾਰਿਆਂ ਜੀਵਾਂ ਵਿਚ, ਜਲ ਵਿਚ, ਥਲ ਵਿਚ, ਸਭ ਰੂਪਾਂ ਵਿਚ ਅਤੇ ਸਾਰਿਆਂ ਰਾਜਿਆਂ ਵਿਚ,

ਸੂਰਜ ਮੈ ਸਸਿ ਮੈ ਨਭ ਮੈ ਜਹ ਹੇਰੌ ਤਹਾ ਚਿਤ ਲਾਇ ਤਹਾ ਹੀ ॥

ਸੂਰਜ ਵਿਚ, ਚੰਦ੍ਰਮਾ ਵਿਚ, ਆਕਾਸ਼ ਵਿਚ, ਜਿਥੇ ਵੇਖੋ, ਉਥੇ ਚਿਤ ਟਿਕਾਉਣ ਨਾਲ (ਪ੍ਰਾਪਤ ਕੀਤਾ ਜਾ ਸਕਦਾ ਹੈ)।

ਪਾਵਕ ਮੈ ਅਰੁ ਪੌਨ ਹੂੰ ਮੈ ਪ੍ਰਿਥਵੀ ਤਲ ਮੈ ਸੁ ਕਹਾ ਨਹਿ ਜਾਹੀ ॥

ਅਗਨੀ ਵਿਚ, ਪੌਣ ਵਿਚ, ਧਰਤੀ ਉਤੇ, (ਅਤੇ ਉਹ) ਕਿਹੜੀ ਥਾਂ ਤੇ ਨਹੀਂ ਹੈ।

ਬ੍ਯਾਪਕ ਹੈ ਸਭ ਹੀ ਕੇ ਬਿਖੈ ਕਛੁ ਪਾਹਨ ਮੈ ਪਰਮੇਸ੍ਵਵਰ ਨਾਹੀ ॥੧੩॥

(ਉਹ) ਸਭ ਵਿਚ ਵਿਆਪਕ ਹੈ, ਬਸ ਪੱਥਰਾਂ ਵਿਚ ਪਰਮਾਤਮਾ ਨਹੀਂ ਹੈ ॥੧੩॥

ਕਾਗਜ ਦੀਪ ਸਭੈ ਕਰਿ ਕੈ ਅਰੁ ਸਾਤ ਸਮੁੰਦ੍ਰਨ ਕੀ ਮਸੁ ਕੈਯੈ ॥

ਸਾਰੇ ਦੀਪਾਂ (ਟਾਪੂਆਂ) ਨੂੰ ਕਾਗ਼ਜ਼ ਬਣਾ ਕੇ ਅਤੇ ਸੱਤ ਸਮੁੰਦਰਾਂ ਦੀ ਸਿਆਹੀ ਕਰ ਲਈਏ।

ਕਾਟਿ ਬਨਾਸਪਤੀ ਸਿਗਰੀ ਲਿਖਬੇ ਹੂੰ ਕੌ ਲੇਖਨਿ ਕਾਜ ਬਨੈਯੈ ॥

ਸਾਰੀ ਬਨਸਪਤੀ ਨੂੰ ਕਟ ਕੇ ਲਿਖਣ ਲਈ ਕਲਮਾਂ ਬਣਾ ਲਈਏ।

ਸਾਰਸ੍ਵਤੀ ਬਕਤਾ ਕਰਿ ਕੈ ਸਭ ਜੀਵਨ ਤੇ ਜੁਗ ਸਾਠਿ ਲਿਖੈਯੈ ॥

ਸਰਸਵਤੀ ਨੂੰ ਬੋਲਣ ਵਾਲਾ ਕਰ ਕੇ ਸਾਰਿਆਂ ਜੀਵਾਂ ਤੋਂ ਸਠ ਯੁਗਾਂ ਤਕ ਲਿਖਵਾਇਆ ਜਾਏ

ਜੋ ਪ੍ਰਭੁ ਪਾਯੁਤ ਹੈ ਨਹਿ ਕੈਸੇ ਹੂੰ ਸੋ ਜੜ ਪਾਹਨ ਮੌ ਠਹਰੈਯੈ ॥੧੪॥

(ਤਦ ਵੀ) ਜਿਸ ਪ੍ਰਭੂ ਨੂੰ ਕਿਸੇ ਤਰ੍ਹਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਹੇ ਮੂਰਖ! ਉਸ ਨੂੰ ਪੱਥਰਾਂ ਵਿਚ ਸਥਿਤ ਕਰ ਰਿਹਾ ਹੈਂ ॥੧੪॥

ਚੌਪਈ ॥

ਚੌਪਈ:

ਏ ਜਨ ਭੇਵ ਨ ਹਰਿ ਕੋ ਪਾਵੈ ॥

ਜੋ ਪੱਥਰ ਵਿਚ ਪਰਮਾਤਮਾ ਨੂੰ ਸਥਿਤ ਮੰਨਦਾ ਹੈ,

ਪਾਹਨ ਮੈ ਹਰਿ ਕੌ ਠਹਰਾਵੈ ॥

ਉਹ ਵਿਅਕਤੀ ਪਰਮਾਤਮਾ ਦੇ ਭੇਦ ਨੂੰ ਨਹੀਂ ਸਮਝ ਸਕਦਾ।

ਜਿਹ ਕਿਹ ਬਿਧਿ ਲੋਗਨ ਭਰਮਾਹੀ ॥

(ਉਹ) ਜਿਵੇਂ ਕਿਵੇਂ ਲੋਕਾਂ ਨੂੰ ਭਰਮਾਉਂਦਾ ਹੈ

ਗ੍ਰਿਹ ਕੋ ਦਰਬੁ ਲੂਟਿ ਲੈ ਜਾਹੀ ॥੧੫॥

ਅਤੇ ਘਰ ਨੂੰ ਧਨ ਲੁਟ ਕੇ ਲੈ ਜਾਂਦਾ ਹੈ ॥੧੫॥

ਦੋਹਰਾ ॥

ਦੋਹਰਾ:

ਜਗ ਮੈ ਆਪੁ ਕਹਾਵਈ ਪੰਡਿਤ ਸੁਘਰ ਸੁਚੇਤ ॥

ਜਗਤ ਵਿਚ (ਤੂੰ) ਆਪਣੇ ਆਪ ਨੂੰ ਵਿਦਵਾਨ, ਸੁਘੜ ਅਤੇ ਸਚੇਤ ਅਖਵਾਉਂਦਾ ਹੈਂ,

ਪਾਹਨ ਕੀ ਪੂਜਾ ਕਰੈ ਯਾ ਤੇ ਲਗਤ ਅਚੇਤ ॥੧੬॥

ਪਰ ਪੱਥਰਾਂ ਦੀ ਪੂਜਾ ਕਰਦਾ ਹੈਂ, ਇਸ ਲਈ ਮੂਰਖ ਲਗਦਾ ਹੈਂ ॥੧੬॥

ਚੌਪਈ ॥

ਚੌਪਈ:

ਚਿਤ ਭੀਤਰ ਆਸਾ ਧਨ ਧਾਰੈਂ ॥

(ਤੂੰ) ਮਨ ਵਿਚ (ਧਨ ਆਦਿ ਦੀ) ਲਾਲਸਾ ਰਖਦਾ ਹੈਂ

ਸਿਵ ਸਿਵ ਸਿਵ ਮੁਖ ਤੇ ਉਚਾਰੈਂ ॥

ਅਤੇ ਮੂੰਹੋਂ 'ਸ਼ਿਵ ਸ਼ਿਵ' ਦਾ ਉਚਾਰਨ ਕਰਦਾ ਹੈਂ।

ਅਧਿਕ ਡਿੰਭ ਕਰਿ ਜਗਿ ਦਿਖਾਵੈਂ ॥

ਬਹੁਤ ਪਾਖੰਡ ਕਰ ਕੇ ਸੰਸਾਰ ਨੂੰ ਵਿਖਾਉਂਦਾ ਹੈਂ,

ਦ੍ਵਾਰ ਦ੍ਵਾਰ ਮਾਗਤ ਨ ਲਜਾਵੈਂ ॥੧੭॥

ਪਰ ਦੁਆਰ ਦੁਆਰ ਉਤੇ ਮੰਗਣੋ ਸ਼ਰਮਾਉਂਦਾ ਨਹੀਂ ਹੈਂ ॥੧੭॥

ਅੜਿਲ ॥

ਅੜਿਲ:

ਨਾਕ ਮੂੰਦਿ ਕਰਿ ਚਾਰਿ ਘਰੀ ਠਾਢੇ ਰਹੈ ॥

ਨਕ ਨੂੰ ਬੰਦ ਕਰ ਕੇ ਚਾਰ ਘੜੀਆਂ ਤਕ ਖੜੋਤਾ ਰਹਿੰਦਾ ਹੈਂ

ਸਿਵ ਸਿਵ ਸਿਵ ਹ੍ਵੈ ਏਕ ਚਰਨ ਇਸਥਿਤ ਕਹੈ ॥

ਅਤੇ ਇਕ ਚਰਨ ਉਤੇ ਟਿਕ ਕੇ 'ਸ਼ਿਵ ਸ਼ਿਵ' ਕਹਿੰਦਾ ਹੈਂ।

ਜੋ ਕੋਊ ਪੈਸਾ ਏਕ ਦੇਤ ਕਰਿ ਆਇ ਕੈ ॥

ਜੇ ਕੋਈ ਆ ਕੇ ਇਕ ਪੈਸਾ ਦਿੰਦਾ ਹੈ