ਸ਼੍ਰੀ ਦਸਮ ਗ੍ਰੰਥ

ਅੰਗ - 473


ਮਾਰੂ ਰਾਗ ਬਜਾਵਤ ਧਾਯੋ ॥

(ਉਹ) ਮਾਰੂ ਰਾਗ ਵਜਾਉਂਦਾ ਹੋਇਆ ਹਮਲਾਵਰ ਹੋਇਆ

ਦ੍ਵਾਦਸ ਛੂਹਣਿ ਲੈ ਦਲੁ ਆਯੋ ॥੧੭੫੯॥

ਅਤੇ ਬਾਰ੍ਹਾਂ ਅਛੋਹਣੀਆਂ ਦਲ ਨਾਲ ਲੈ ਕੇ ਆਇਆ ॥੧੭੫੯॥

ਦੋਹਰਾ ॥

ਦੋਹਰਾ:

ਸੰਕਰਖਣ ਹਰਿ ਸੋ ਕਹਿਯੋ ਕਰੀਐ ਕਵਨ ਉਪਾਇ ॥

ਬਲਰਾਮ ਨੇ ਕ੍ਰਿਸ਼ਨ ਨੂੰ ਕਿਹਾ, (ਦਸੋ) ਹੁਣ ਕੀ ਉਪਾ ਕਰੀਏ?

ਸੁਮਤਿ ਮੰਤ੍ਰਿ ਦਲ ਪ੍ਰਬਲ ਲੈ ਰਨ ਮਧਿ ਪਹੁੰਚਿਯੋ ਆਇ ॥੧੭੬੦॥

ਸੁਮਤਿ ਮੰਤਰੀ ਪ੍ਰਬਲ ਦਲ ਲੈ ਕੇ ਯੁੱਧ-ਭੂਮੀ ਵਿਚ ਪਹੁੰਚ ਗਿਆ ਹੈ ॥੧੭੬੦॥

ਸੋਰਠਾ ॥

ਸੋਰਠਾ:

ਤਬ ਬੋਲਿਓ ਜਦੁਬੀਰ ਢੀਲ ਤਜੋ ਬਲਿ ਹਲਿ ਗਹੋ ॥

ਤਦ ਕਿਸ਼ਨ ਨੇ ਕਿਹਾ, ਹੇ ਬਲਰਾਮ! ਢਿਲ ਨੂੰ ਛਡ ਕੇ ਹਲ ਨੂੰ ਧਾਰਨ ਕਰ।

ਰਹੀਯੋ ਤੁਮ ਮਮ ਤੀਰ ਆਗੈ ਪਾਛੈ ਜਾਹੁ ਜਿਨਿ ॥੧੭੬੧॥

ਮੇਰੇ ਨੇੜੇ ਰਹੀਂ, ਅਗੇ ਪਿਛੇ ਨਾ ਜਾਈਂ ॥੧੭੬੧॥

ਸਵੈਯਾ ॥

ਸਵੈਯਾ:

ਰਾਮ ਲੀਯੋ ਧਨੁ ਪਾਨਿ ਸੰਭਾਰਿ ਧਸ੍ਰਯੋ ਤਿਨ ਮੈ ਮਨਿ ਕੋਪੁ ਬਢਾਯੋ ॥

ਬਲਰਾਮ ਹੱਥ ਵਿਚ ਧਨੁਸ਼ ਧਾਰਨ ਕਰ ਕੇ ਅਤੇ ਕ੍ਰੋਧਿਤ ਹੋ ਕੇ ਉਨ੍ਹਾਂ ਵਿਚ ਜਾ ਵੜਿਆ।

ਬੀਰ ਅਨੇਕ ਹਨੇ ਤਿਹ ਠਉਰ ਘਨੋ ਅਰਿ ਸਿਉ ਤਬ ਜੁਧੁ ਮਚਾਯੋ ॥

ਉਸ ਥਾਂ ਤੇ ਅਨੇਕ ਵੀਰ ਯੋਧੇ ਮਾਰ ਦਿੱਤੇ ਹਨ ਅਤੇ ਉਸ ਵੇਲੇ ਵੈਰੀ ਨਾਲ ਘੋਰ ਯੁੱਧ ਮਚਾਇਆ ਹੈ।

ਜੋ ਕੋਊ ਆਇ ਭਿਰਿਯੋ ਬਲਿ ਸਿਉ ਅਤਿ ਹੀ ਸੋਊ ਘਾਇਨ ਕੇ ਸੰਗ ਘਾਯੋ ॥

ਜੇ ਕੋਈ ਬਲਰਾਮ ਨਾਲ ਆ ਕੇ ਲੜਿਆ ਹੈ, ਉਸ ਨੂੰ ਅਤਿ ਅਧਿਕ ਘਾਓਆਂ ਨਾਲ ਘਾਇਲ ਕਰ ਦਿੱਤਾ ਹੈ।

ਮੂਰਛ ਭੂਮਿ ਗਿਰੇ ਭਟ ਝੂਮਿ ਰਹੇ ਰਨ ਮੈ ਤਿਹ ਸਾਮੁਹੇ ਧਾਯੋ ॥੧੭੬੨॥

ਘੁੰਮੇਰੀਆਂ ਖਾ ਕੇ ਅਤੇ ਮੂਰਛਿਤ ਹੋ ਕੇ ਯੋਧੇ ਧਰਤੀ ਉਤੇ ਡਿਗੇ ਪਏ ਹਨ ਅਤੇ (ਜੋ) ਰਣ ਵਿਚ ਰਹਿ ਗਏ ਹਨ (ਉਹ ਬਲਰਾਮ ਦੇ) ਸਾਹਮਣੇ ਭਜ ਕੇ ਆਏ ਹਨ ॥੧੭੬੨॥

ਕਾਨ੍ਰਹ ਕਮਾਨ ਲੀਏ ਕਰ ਮੈ ਰਨ ਮੈ ਜਬ ਕੇਹਰਿ ਜਿਉ ਭਭਕਾਰੇ ॥

ਸ੍ਰੀ ਕ੍ਰਿਸ਼ਨ ਹੱਥ ਵਿਚ ਕਮਾਨ ਲੈ ਕੇ ਜਦ ਸ਼ੇਰ ਵਾਂਗ ਭਬਕ ਮਾਰਦਾ ਹੈ,

ਕੋ ਪ੍ਰਗਟਿਓ ਭਟ ਐਸੇ ਬਲੀ ਜਗਿ ਧੀਰ ਧਰੇ ਹਰਿ ਸੋ ਰਨ ਪਾਰੇ ॥

(ਤਦ) ਕਿਹੜਾ ਅਜਿਹਾ ਬਲੀ ਸੂਰਮਾ ਜਗਤ ਵਿਚ ਪ੍ਰਗਟ ਹੋਇਆ ਹੈ, (ਜੋ) ਧੀਰਜ ਧਾਰਨ ਕਰ ਕੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਮਚਾਏ।

ਅਉਰ ਸੁ ਕਉਨ ਤਿਹੂੰ ਪੁਰ ਮੈ ਬਲਿ ਸ੍ਯਾਮ ਸਿਉ ਬੈਰ ਕੋ ਭਾਉ ਬਿਚਾਰੇ ॥

ਹੋਰ ਕੌਣ ਹੈ ਤਿੰਨਾਂ ਲੋਕਾਂ ਵਿਚ (ਜੋ) ਕ੍ਰਿਸ਼ਨ ਅਤੇ ਬਲਰਾਮ ਨਾਲ ਵੈਰ ਦੇ ਭਾਵ ਨੂੰ ਵਿਚਾਰੇ।

ਜੋ ਹਠ ਕੈ ਕੋਊ ਜੁਧੁ ਕਰੈ ਸੁ ਮਰੈ ਪਲ ਮੈ ਜਮਲੋਕਿ ਸਿਧਾਰੇ ॥੧੭੬੩॥

ਜੋ ਕੋਈ ਹਠ ਪੂਰਵਕ ਯੁੱਧ ਕਰੇਗਾ, ਉਹ ਪਲ ਵਿਚ ਮਰ ਕੇ ਯਮ ਲੋਕ ਚਲਾ ਜਾਏਗਾ ॥੧੭੬੩॥

ਜਬ ਜੁਧੁ ਕੋ ਸ੍ਯਾਮ ਜੂ ਰਾਮ ਚਢੇ ਤਬ ਕਉਨ ਬਲੀ ਰਨ ਧੀਰ ਧਰੈ ॥

ਜਦ ਸ੍ਰੀ ਕ੍ਰਿਸ਼ਨ ਅਤੇ ਬਲਰਾਮ ਯੁੱਧ ਲਈ ਪ੍ਰਸਥਾਨ ਕਰਦੇ ਹਨ ਤਦ ਕੌਣ ਅਜਿਹਾ ਸੂਰਮਾ ਹੈ ਜੋ ਰਣ ਵਿਚ ਧੀਰਜ ਧਾਰਨ ਕਰ ਸਕਦਾ ਹੈ।

ਜੋਊ ਚਉਦਹ ਲੋਕਨ ਕੋ ਪ੍ਰਤਿਪਾਲ ਨ੍ਰਿਪਾਲ ਸੁ ਬਾਲਕ ਜਾਨਿ ਲਰੈ ॥

ਜੋ ਚੌਦਾਂ ਲੋਕਾਂ ਦੀ ਪਾਲਨਾ ਕਰਨ ਵਾਲਾ ਹੈ, ਉਸ ਨੂੰ ਬਾਲਕ ਜਾਣ ਕੇ ਰਾਜੇ ਯੁੱਧ ਕਰਦੇ ਹਨ।

ਜਿਹ ਨਾਮ ਪ੍ਰਤਾਪ ਤੇ ਪਾਪ ਟਰੈ ਤਿਹ ਕੋ ਰਨ ਭੀਤਰ ਕਉਨ ਹਰੈ ॥

ਜਿਸ ਦੇ ਨਾਮ ਦੇ ਪ੍ਰਤਾਪ ਨਾਲ ਪਾਪ ਮਿਟ ਜਾਂਦੇ ਹਨ, ਉਸ ਨੂੰ ਰਣ ਵਿਚ ਕੌਣ ਹਰਾ ਸਕਦਾ ਹੈ।

ਮਿਲਿ ਆਪਸਿ ਮੈ ਸਬ ਲੋਕ ਕਹੈ ਰਿਪੁ ਸੰਧਿ ਜਰਾ ਬਿਨੁ ਆਈ ਮਰੈ ॥੧੭੬੪॥

ਆਪਸ ਵਿਚ ਮਿਲ ਕੇ ਸਾਰੇ ਲੋਕ ਕਹਿੰਦੇ ਹਨ ਕਿ ਵੈਰੀ ਜਰਾਸੰਧ ਬਿਨਾ (ਮੌਤ ਦੇ) ਆਇਆਂ ਹੀ ਮਰ ਜਾਏਗਾ ॥੧੭੬੪॥

ਸੋਰਠਾ ॥

ਸੋਰਠਾ:

ਇਤ ਏ ਕਰਤ ਬਿਚਾਰਿ ਸੁਭਟ ਲੋਕ ਨ੍ਰਿਪ ਕਟਕ ਮੈ ॥

ਇਧਰ ਰਾਜੇ ਦੀ ਸੈਨਾ ਵਿਚ ਸੂਰਵੀਰ ਲੋਕ ਇਹ ਵਿਚਾਰ ਕਰਦੇ ਹਨ,

ਉਤ ਬਲਿ ਸਸਤ੍ਰ ਸੰਭਾਰਿ ਧਾਇ ਪਰਿਓ ਨਾਹਿਨ ਡਰਿਯੋ ॥੧੭੬੫॥

ਉਧਰ ਬਲਰਾਮ ਸ਼ਸਤ੍ਰ ਸੰਭਾਲ ਕੇ ਅਤੇ ਧਾਵਾ ਕਰਕੇ ਪੈ ਗਿਆ ਹੈ, (ਜ਼ਰਾ ਜਿੰਨਾ ਵੀ) ਡਰਿਆ ਨਹੀਂ ਹੈ ॥੧੭੬੫॥


Flag Counter