ਸ਼੍ਰੀ ਦਸਮ ਗ੍ਰੰਥ

ਅੰਗ - 454


ਪਾਚੋ ਭੂਪ ਮਾਰਿ ਤਿਹ ਲਏ ॥੧੫੬੬॥

ਅਤੇ ਉਨ੍ਹਾਂ ਪੰਜਾਂ ਨੂੰ ਰਾਜੇ ਨੇ ਮਾਰ ਲਿਆ ਹੈ ॥੧੫੬੬॥

ਦੋਹਰਾ ॥

ਦੋਹਰਾ:

ਫਤੇ ਸਿੰਘ ਅਰੁ ਫਉਜ ਸਿੰਘ ਚਿਤਿ ਅਤਿ ਕੋਪ ਬਢਾਇ ॥

ਫਤੇ ਸਿੰਘ ਅਤੇ ਫੌਜ ਸਿੰਘ, ਇਹ ਦੋਵੇਂ ਸੂਰਮੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਆ ਰਹੇ ਸਨ,

ਏ ਦੋਊ ਭਟ ਆਵਤ ਹੁਤੇ ਭੂਪਤਿ ਹਨੇ ਬਜਾਇ ॥੧੫੬੭॥

ਰਾਜੇ ਨੇ (ਉਨ੍ਹਾਂ ਨੂੰ ਧੌਂਸਾ) ਵਜਾ ਕੇ ਮਾਰ ਸੁਟਿਆ ਹੈ ॥੧੫੬੭॥

ਅੜਿਲ ॥

ਅੜਿਲ:

ਭੀਮ ਸਿੰਘ ਭੁਜ ਸਿੰਘ ਸੁ ਕੋਪ ਬਢਾਇਓ ॥

ਭੀਮ ਸਿੰਘ ਅਤੇ ਭੁਜ ਸਿੰਘ ਨੇ ਬਹੁਤ ਕ੍ਰੋਧ ਵਧਾਇਆ ਹੈ

ਮਹਾ ਸਿੰਘ ਸਿੰਘ ਮਾਨ ਮਦਨ ਸਿੰਘ ਧਾਇਓ ॥

ਅਤੇ ਮਹਾ ਸਿੰਘ, ਮਾਨ ਸਿੰਘ ਤੇ ਮਦਨ ਸਿੰਘ ਵੀ ਧਾਵਾ ਕਰ ਕੇ ਆ ਪਏ ਹਨ।

ਅਉਰ ਮਹਾ ਭਟ ਧਾਏ ਸਸਤ੍ਰ ਸੰਭਾਰ ਕੈ ॥

ਹੋਰ ਵੀ (ਬਹੁਤ ਸਾਰੇ) ਮਹਾਨ ਸੂਰਮੇ ਸ਼ਸਤ੍ਰ ਧਾਰਨ ਕਰ ਕੇ ਆ ਪਏ ਹਨ।

ਹੋ ਤੇ ਛਿਨ ਮੈ ਤਿਹ ਭੂਪਤਿ ਦਏ ਸੰਘਾਰ ਕੈ ॥੧੫੬੮॥

ਪਰ ਉਸੇ ਛਿਣ ਰਾਜੇ ਨੇ ਉਨ੍ਹਾਂ ਦਾ ਸੰਘਾਰ ਕਰ ਦਿੱਤਾ ਹੈ ॥੧੫੬੮॥

ਸੋਰਠਾ ॥

ਸੋਰਠਾ:

ਬਿਕਟਿ ਸਿੰਘ ਜਿਹ ਨਾਮ ਬਿਕਟਿ ਬੀਰ ਜਦੁਬੀਰ ਕੋ ॥

ਜਿਸ ਦਾ ਨਾਂ ਬਿਕਟ ਸਿੰਘ ਹੈ ਅਤੇ ਜੋ ਕ੍ਰਿਸ਼ਨ ਦਾ ਕਠੋਰ ਸੂਰਮਾ ਹੈ,

ਅਪੁਨੇ ਪ੍ਰਭ ਕੇ ਕਾਮ ਧਾਇ ਪਰਿਯੋ ਅਰਿ ਬਧ ਨਿਮਿਤ ॥੧੫੬੯॥

(ਉਹ) ਆਪਣੇ ਸੁਆਮੀ ਦੇ ਕੰਮ ਵਾਸਤੇ ਵੈਰੀ ਨੂੰ ਮਾਰਨ ਲਈ ਹਮਲਾਵਰ ਹੋ ਗਿਆ ਹੈ ॥੧੫੬੯॥

ਦੋਹਰਾ ॥

ਦੋਹਰਾ:

ਬਿਕਟ ਸਿੰਘ ਆਵਤ ਲਖਿਯੋ ਖੜਗ ਸਿੰਘ ਧਨੁ ਤਾਨਿ ॥

ਬਿਕਟ ਸਿੰਘ ਨੂੰ ਆਉਂਦਿਆਂ ਵੇਖ ਕੇ ਖੜਗ ਸਿੰਘ ਨੇ ਧਨੁਸ਼ ਕਸ ਲਈ ਹੈ

ਮਾਰਿਓ ਸਰ ਉਰਿ ਸਤ੍ਰ ਕੇ ਲਾਗਤ ਤਜੇ ਪਰਾਨ ॥੧੫੭੦॥

ਅਤੇ ਵੈਰੀ ਦੀ ਹਿਕ ਵਿਚ ਬਾਣ ਮਾਰ ਦਿੱਤਾ ਹੈ (ਜਿਸ ਦੇ) ਲਗਦਿਆਂ ਹੀ (ਉਸ ਨੇ) ਪ੍ਰਾਣ ਤਿਆਗ ਦਿੱਤੇ ਹਨ ॥੧੫੭੦॥

ਸੋਰਠਾ ॥

ਸੋਰਠਾ:

ਰੁਦ੍ਰ ਸਿੰਘ ਇਕ ਬੀਰ ਠਾਢ ਹੁਤੋ ਜਦੁਬੀਰ ਢਿਗ ॥

ਰੁਦ੍ਰ ਸਿੰਘ ਨਾਂ ਦਾ ਇਕ ਸੂਰਮਾ ਸ੍ਰੀ ਕ੍ਰਿਸ਼ਨ ਕੋਲ ਖੜੋਤਾ ਸੀ।

ਮਹਾਰਥੀ ਰਣ ਧੀਰ ਰਿਸ ਕਰਿ ਨ੍ਰਿਪ ਸਉਹੈ ਭਯੋ ॥੧੫੭੧॥

(ਉਹ) ਮਹਾ ਰਥੀ ਅਤੇ ਰਣਧੀਰ ਕ੍ਰੋਧਿਤ ਹੋ ਕੇ ਰਾਜਾ (ਖੜਗ ਸਿੰਘ) ਦੇ ਸਾਹਮਣੇ ਹੋਇਆ ॥੧੫੭੧॥

ਚੌਪਈ ॥

ਚੌਪਈ:

ਖੜਗ ਸਿੰਘ ਤਬ ਧਨੁਖ ਸੰਭਾਰਿਯੋ ॥

ਖੜਗ ਸਿੰਘ ਨੇ ਤਦ ਧਨੁਸ਼ ਧਾਰਨ ਕਰ ਲਿਆ

ਰੁਦ੍ਰ ਸਿੰਘ ਜਬ ਨੈਨ ਨਿਹਾਰਿਯੋ ॥

ਜਦ (ਉਸ ਨੇ) ਰੁਦ੍ਰ ਸਿੰਘ ਨੂੰ ਅੱਖਾਂ ਨਾਲ ਵੇਖਿਆ।

ਛਾਡਿ ਬਾਨ ਭੁਜ ਬਲ ਸੋ ਦਯੋ ॥

ਅਜਿਹੇ ਭੁਜ ਬਲ ਨਾਲ ਬਾਣ ਛਡ ਦਿੱਤਾ

ਆਵਤ ਸਤ੍ਰ ਮਾਰ ਤਿਹ ਲਯੋ ॥੧੫੭੨॥

ਅਤੇ ਆਉਂਦੇ ਹੋਏ ਦੁਸ਼ਮਨ ਨੂੰ (ਰਸਤੇ ਵਿਚ ਹੀ) ਮਾਰ ਮੁਕਾਇਆ ॥੧੫੭੨॥

ਸਵੈਯਾ ॥

ਸਵੈਯਾ:

ਹਿੰਮਤ ਸਿੰਘ ਮਹਾ ਰਿਸ ਸਿਉ ਇਹ ਭੂਪਤਿ ਪੈ ਤਰਵਾਰ ਚਲਾਈ ॥

ਹਿੰਮਤ ਸਿੰਘ ਨੇ ਬਹੁਤ ਕ੍ਰੋਧ ਕੀਤਾ ਅਤੇ ਉਸ ਨੇ ਇਸ ਰਾਜੇ (ਖੜਗ ਸਿੰਘ) ਉਤੇ ਤਲਵਾਰ ਚਲਾਈ।

ਹਾਥ ਸੰਭਾਲ ਕੈ ਢਾਲ ਲਈ ਤਬ ਹੀ ਸੋਊ ਆਵਤ ਹੀ ਸੁ ਬਚਾਈ ॥

ਤਦ ਹੀ (ਰਾਜੇ ਨੇ ਆਪਣੇ ਆਪ ਨੂੰ) ਸੰਭਾਲ ਕੇ ਹੱਥ ਵਿਚ ਢਾਲ ਲੈ ਲਈ ਅਤੇ ਆਉਂਦੀ ਹੋਈ (ਤਲਵਾਰ ਦਾ ਵਾਰ) ਬਚਾ ਲਿਆ।

ਫੂਲਹੁ ਪੈ ਕਰਵਾਰ ਲਗੀ ਚਿਨਗਾਰਿ ਜਗੀ ਉਪਮਾ ਕਬਿ ਗਾਈ ॥

(ਢਾਲ ਦੇ) ਫੁਲਾਂ ਉਤੇ ਤਲਵਾਰ ਲਗੀ (ਅਤੇ ਉਸ ਵਿਚੋਂ) ਚਿਣਗਾਂ ਨਿਕਲੀਆਂ (ਜਿਸ ਦੀ) ਉਪਮਾ ਕਵੀ ਨੇ ਇਸ ਤਰ੍ਹਾਂ ਗਾਈ ਹੈ।

ਬਾਸਵ ਪੈ ਸਿਵ ਕੋਪ ਕੀਓ ਮਾਨੋ ਤੀਸਰੇ ਨੈਨ ਕੀ ਜ੍ਵਾਲ ਦਿਖਾਈ ॥੧੫੭੩॥

ਮਾਨੋ ਇੰਦਰ ਉਤੇ ਸ਼ਿਵ ਨੇ ਕ੍ਰੋਧ ਕੀਤਾ ਹੈ ਅਤੇ ਤੀਜੇ ਨੈਣ ਵਿਚੋਂ (ਕ੍ਰੋਧ ਦੀ) ਅਗਨੀ ਕਢ ਕੇ ਵਿਖਾਈ ਹੈ ॥੧੫੭੩॥

ਪੁਨਿ ਹਿੰਮਤ ਸਿੰਘ ਮਹਾਬਲੁ ਕੈ ਇਹ ਭੂਪ ਕੇ ਊਪਰਿ ਘਾਉ ਕੀਓ ॥

ਫਿਰ ਹਿੰਮਤ ਸਿੰਘ ਨੇ ਬਹੁਤ ਬਲ ਨਾਲ ਇਸ ਰਾਜੇ ਉਪਰ ਘਾਉ ਲਗਾਇਆ।

ਕਰਿ ਵਾਰ ਫਿਰਿਓ ਅਪੁਨੇ ਦਲੁ ਕੋ ਨ੍ਰਿਪ ਤਉ ਲਲਕਾਰਿ ਹਕਾਰ ਲੀਓ ॥

ਵਾਰ ਕਰ ਕੇ (ਜਦ ਉਹ) ਆਪਣੇ ਦਲ ਵਲ ਮੁੜਿਆ ਤਾਂ ਰਾਜੇ ਨੇ ਲਲਕਾਰਾ ਮਾਰ ਕੇ ਬੁਲਾ ਲਿਆ।

ਸਿਰ ਮਾਝ ਕ੍ਰਿਪਾਨ ਕੀ ਤਾਨ ਦਈ ਬਿਬਿ ਖੰਡ ਹੁਇ ਭੂਮਿ ਗਿਰਿਓ ਨ ਜੀਓ ॥

(ਰਾਜੇ ਨੇ) ਉਸ ਦੇ ਸਿਰ ਵਿਚ ਕ੍ਰਿਪਾਨ ਦੀ ਸਟ ਮਾਰ ਦਿੱਤੀ। (ਉਹ) ਦੋ ਫਾੜ ਹੋ ਕੇ ਧਰਤੀ ਉਤੇ ਡਿਗ ਪਿਆ ਅਤੇ ਜੀਉਂਦਾ ਨਾ ਰਿਹਾ।

ਸਿਰਿ ਤੇਗ ਬਹੀ ਚਪਲਾ ਸੀ ਮਨੋ ਅਧ ਬੀਚ ਤੇ ਭੂਧਰ ਚੀਰਿ ਦੀਓ ॥੧੫੭੪॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਜਲੀ ਵਾਂਗ ਤਲਵਾਰ ਚਲੀ ਹੋਵੇ ਅਤੇ ਅੱਧ ਵਿਚੋਂ ਪਰਬਤ ਨੂੰ ਚੀਰ ਦਿੱਤਾ ਹੋਵੇ ॥੧੫੭੪॥

ਹਿੰਮਤ ਸਿੰਘ ਹਨਿਓ ਜਬ ਹੀ ਤਬ ਹੀ ਸਬ ਹੀ ਭਟ ਕੋਪ ਭਰੇ ॥

ਹਿੰਮਤ ਸਿੰਘ ਜਦ ਮਾਰਿਆ ਗਿਆ ਤਦ (ਉਸ ਦੇ) ਸਾਰੇ ਯੋਧੇ ਕ੍ਰੋਧ ਨਾਲ ਭਰ ਗਏ।

ਮਹਾ ਰੁਦ੍ਰ ਤੇ ਆਦਿਕ ਬੀਰ ਜਿਤੇ ਇਹ ਪੈ ਇਕ ਬਾਰ ਹੀ ਟੂਟਿ ਪਰੇ ॥

'ਮਹਾ ਰੁਦ੍ਰ' ਆਦਿਕ ਜਿਤਨੇ ਯੁੱਧਵੀਰ ਸਨ, ਇਸ ਉਤੇ ਇਕੋ ਵਾਰ ਟੁਟ ਪਏ।

ਧਨੁ ਬਾਨ ਕ੍ਰਿਪਾਨ ਗਦਾ ਬਰਛੀਨ ਕੇ ਸ੍ਯਾਮ ਭਨੈ ਬਹੁ ਵਾਰ ਕਰੇ ॥

(ਕਵੀ) ਸ਼ਿਆਮ ਕਹਿੰਦੇ ਹਨ (ਉਨ੍ਹਾਂ ਨੇ ਰਲ ਕੇ) ਧਨੁਸ਼-ਬਾਣ, ਕ੍ਰਿਪਾਨ, ਗਦਾ ਅਤੇ ਬਰਛੀ (ਆਦਿਕ ਸ਼ਸਤ੍ਰਾਂ) ਦੇ ਬਹੁਤ ਵਾਰ ਕੀਤੇ ਹਨ।

ਨ੍ਰਿਪ ਘਾਇ ਬਚਾਇ ਸਭੈ ਤਿਨ ਕੇ ਇਹ ਪਉਰਖ ਦੇਖ ਕੈ ਸਤ੍ਰ ਡਰੇ ॥੧੫੭੫॥

ਰਾਜੇ ਨੇ ਉਨ੍ਹਾਂ ਦੇ ਸਾਰੇ ਵਾਰ ਬਚਾ ਲਏ ਹਨ। (ਉਸ ਦੀ) ਇਸ ਬਹਾਦਰੀ ਨੂੰ ਵੇਖ ਕੇ ਵੈਰੀ (ਯਾਦਵ) ਡਰ ਗਏ ਹਨ ॥੧੫੭੫॥

ਰੁਦ੍ਰ ਤੇ ਆਦਿ ਜਿਤੇ ਗਨ ਦੇਵ ਤਿਤੇ ਮਿਲ ਕੈ ਨ੍ਰਿਪ ਊਪਰਿ ਧਾਏ ॥

ਰੁਦ੍ਰ ਆਦਿਕ ਜਿਤਨੇ ਗਣ ਅਤੇ ਦੇਵਤੇ ਸਨ, ਉਨ੍ਹਾਂ ਨੇ ਮਿਲ ਕੇ ਰਾਜੇ ਉਤੇ ਧਾਵਾ ਬੋਲ ਦਿੱਤਾ ਹੈ।

ਤੇ ਸਬ ਆਵਤ ਦੇਖਿ ਬਲੀ ਧਨੁ ਤਾਨਿ ਹਕਾਰ ਕੈ ਬਾਨ ਲਗਾਏ ॥

ਉਨ੍ਹਾਂ ਸਾਰਿਆਂ ਨੂੰ ਆਉਂਦਿਆਂ ਵੇਖ ਕੇ ਬਲੀ (ਰਾਜੇ ਨੇ) ਧਨੁਸ਼ ਨੂੰ ਕਸ ਕੇ ਅਤੇ ਵੰਗਾਰ ਕੇ ਬਾਣ ਚਲਾਏ ਹਨ।

ਏਕ ਗਿਰੇ ਤਹ ਘਾਇਲ ਹੁਇ ਇਕ ਤ੍ਰਾਸ ਭਰੇ ਤਜਿ ਜੁਧੁ ਪਰਾਏ ॥

(ਉਨ੍ਹਾਂ ਵਿਚੋਂ) ਕਈ ਤਾਂ ਉਥੇ ਹੀ ਘਾਇਲ ਹੋ ਕੇ ਡਿਗ ਪਏ ਹਨ ਅਤੇ ਕਈ ਡਰ ਦੇ ਮਾਰੇ ਯੁੱਧ ਨੂੰ ਛਡ ਕੇ ਭਜ ਗਏ ਹਨ।

ਏਕ ਲਰੈ ਨ ਡਰੈ ਬਲਵਾਨ ਨਿਦਾਨ ਸੋਊ ਨ੍ਰਿਪ ਮਾਰਿ ਗਿਰਾਏ ॥੧੫੭੬॥

ਕਈ ਬਲਵਾਨ ਲੜ ਰਹੇ ਹਨ ਅਤੇ ਡਰਦੇ ਨਹੀਂ ਹਨ, ਪਰ ਅੰਤ ਵਿਚ ਉਨ੍ਹਾਂ ਨੂੰ ਰਾਜੇ ਨੇ ਮਾਰ ਸੁਟਿਆ ਹੈ ॥੧੫੭੬॥

ਸਿਵ ਕੇ ਦਸ ਸੈ ਗਨ ਜੀਤ ਲਏ ਰਿਸ ਸੋ ਪੁਨਿ ਲਛਕ ਜਛ ਸੰਘਾਰੇ ॥

(ਰਾਜੇ ਨੇ) ਸ਼ਿਵ ਦੇ ਦਸ ਹਜ਼ਾਰ ਗਣ ਜਿਤ ਲਏ ਹਨ ਅਤੇ ਫਿਰ ਕ੍ਰੋਧ ਕਰ ਕੇ ਉਸ ਨੇ ਲਖ ਕੁ ਯਕਸ਼ ਮਾਰ ਦਿੱਤੇ ਹਨ।

ਰਾਛਸ ਤੇਈਸ ਲਾਖ ਹਨੇ ਕਬਿ ਸ੍ਯਾਮ ਭਨੈ ਜਮ ਧਾਮ ਸਿਧਾਰੇ ॥

ਕਵੀ ਸ਼ਿਆਮ ਕਹਿੰਦੇ ਹਨ (ਉਨ੍ਹਾਂ ਤੋਂ ਇਲਾਵਾ) ਤੇਈ ਲਖ ਰਾਖਸ਼ ਮਾਰ ਦਿੱਤੇ ਹਨ, ਜੋ ਯਮਲੋਕ ਨੂੰ ਚਲੇ ਗਏ ਹਨ।

ਸ੍ਰੀ ਬ੍ਰਿਜਨਾਥ ਕੀਓ ਬਿਰਥੀ ਬਹੁ ਦਾਰੁਕ ਕੇ ਤਨਿ ਘਾਉ ਪ੍ਰਹਾਰੇ ॥

ਸ੍ਰੀ ਕ੍ਰਿਸ਼ਨ ਨੂੰ ਵੀ ਰਥ ਤੋਂ ਵਾਂਝਿਆ ਕਰ ਦਿੱਤਾ ਹੈ ਅਤੇ ਰਥਵਾਨ ਦੇ ਸ਼ਰੀਰ ਉਤੇ ਬਹੁਤ ਘਾਉ ਕਰ ਦਿੱਤੇ ਹਨ।

ਦ੍ਵਾਦਸ ਸੂਰ ਨਿਹਾਰਿ ਨਿਸੇਸ ਧਨੇਸ ਜਲੇਸ ਪਸ੍ਵੇਸ ਪਧਾਰੇ ॥੧੫੭੭॥

ਬਾਰ੍ਹਾਂ ਸੂਰਜ, ਚੰਦ੍ਰਮਾ, ਕੁਬੇਰ, ਵਰੁਨ ਅਤੇ ਸ਼ਿਵ (ਯੁੱਧ ਨੂੰ ਵੇਖ ਕੇ) ਖਿਸਕ ਗਏ ਹਨ ॥੧੫੭੭॥

ਬਹੁਰੋ ਅਯੁਤ ਗਜ ਮਾਰਤ ਭਯੋ ਪੁਨਿ ਤੀਸ ਹਜਾਰ ਰਥੀ ਰਿਸਿ ਘਾਯੋ ॥

ਫਿਰ ਦਸ ਹਜ਼ਾਰ ਹਾਥੀਆਂ ਨੂੰ ਮਾਰ ਦਿੱਤਾ ਹੈ ਅਤੇ ਫਿਰ ਤੀਹ ਹਜ਼ਾਰ ਰਥਾਂ ਵਾਲੇ ਯੋਧਿਆਂ ਨੂੰ ਕ੍ਰੋਧ ਕਰ ਕੇ ਸੰਘਾਰ ਦਿੱਤਾ ਹੈ।

ਛਤੀਸ ਲਾਖ ਸੁ ਪਤ੍ਰਯ ਹਨੇ ਦਸ ਲਾਖ ਸ੍ਵਾਰਨ ਮਾਰਿ ਗਿਰਾਯੋ ॥

ਛੱਤੀ ਲਖ ਪੈਦਲ ਸੈਨਾ ਮਾਰ ਦਿੱਤੀ ਹੈ ਅਤੇ ਦਸ ਲਖ (ਘੋੜਿਆਂ ਦੇ) ਸੁਆਰਾਂ ਨੂੰ ਖ਼ਤਮ ਕਰ ਸੁਟਿਆ ਹੈ।

ਭੂਪਤਿ ਲਛ ਹਨੇ ਬਹੁਰੋ ਦਲ ਜਛ ਪ੍ਰਤਛਹਿ ਮਾਰਿ ਭਜਾਯੋ ॥

ਫਿਰ (ਇਕ) ਲਖ ਰਾਜਿਆਂ ਨੂੰ ਮਾਰ ਦਿੱਤਾ ਹੈ ਅਤੇ ਯਕਸ਼ਾਂ ਨੂੰ ਪ੍ਰਤੱਖ ਤੌਰ ਤੇ ਮਾਰ ਕੇ ਭਜਾ ਦਿੱਤਾ ਹੈ।

ਦ੍ਵਾਦਸ ਸੂਰਨ ਗਿਆਰਹ ਰੁਦ੍ਰਨ ਕੇ ਦਲ ਕਉ ਹਨਿ ਕੈ ਪੁਨਿ ਧਾਯੋ ॥੧੫੭੮॥

ਬਾਰ੍ਹਾਂ ਸੂਰਜਾਂ, ਗਿਆਰ੍ਹਾਂ ਰੁਦ੍ਰਾਂ ਦੇ ਦਲਾਂ ਨੂੰ ਮਾਰ ਕੇ ਫਿਰ ਵੀ (ਅਗੇ) ਵਧੀ ਜਾ ਰਿਹਾ ਹੈ ॥੧੫੭੮॥


Flag Counter