ਸ਼੍ਰੀ ਦਸਮ ਗ੍ਰੰਥ

ਅੰਗ - 426


ਉਹ ਕੋ ਬਹੁ ਅਸਤ੍ਰ ਸਹੈ ਤਨ ਮੈ ਅਪਨੇ ਉਹਿ ਊਪਰ ਸਸਤ੍ਰ ਕਰੈ ॥

ਉਸ ਦੇ ਬਹੁਤ ਅਸਤ੍ਰ (ਆਪਣੇ) ਤਨ ਉਤੇ ਸਹਾਰੇ ਅਤੇ ਉਸ ਉਤੇ ਆਪਣੇ ਸ਼ਸਤ੍ਰਾਂ ਦਾ ਵਾਰ ਕਰੇ।

ਨਿਜ ਪਾਨ ਮੈ ਪਾਨ ਧਰੇ ਘਨ ਸ੍ਯਾਮ ਸੁ ਕੋਇ ਨ ਬੀਰਨ ਲਾਜ ਧਰੈ ॥

ਆਪਣੇ ਹੱਥ ਵਿਚ ਪਾਨ (ਦਾ ਬੀੜਾ ਲਏ ਖੜੋਤੇ) ਕ੍ਰਿਸ਼ਨ (ਸੋਚ ਰਹੇ ਹਨ ਕਿ) ਇਨ੍ਹਾਂ ਵਿਚ ਕੋਈ ਵੀ ਸੂਰਮਾ ਲਾਜ ਪਾਲਣ ਵਾਲਾ ਨਹੀਂ ਹੈ।

ਰਨ ਮੈ ਜਸ ਕੋ ਸੋਊ ਟੀਕੋ ਲਹੈ ਸਮਰੇਸ ਕੇ ਜੁਧ ਤੇ ਨਾਹਿ ਟਰੈ ॥੧੨੯੦॥

ਰਣ-ਭੂਮੀ ਵਿਚ ਯਸ਼ ਦਾ ਟਿਕਾ ਓਹੀ ਲਵੇਗਾ ਜੋ ਸਮਰ ਸਿੰਘ ਨਾਲ ਯੁੱਧ ਕਰਨੋ ਨਹੀਂ ਟਲੇਗਾ ॥੧੨੯੦॥

ਦੋਹਰਾ ॥

ਦੋਹਰਾ:

ਬਹੁਤੁ ਜੁਧੁ ਸੁਭਟਨਿ ਕਰਿਯੋ ਕਹਾ ਕਰੈ ਬਲਵਾਨ ॥

ਬਹੁਤ ਬਲਵਾਨ ਯੋਧਿਆਂ ਨੇ (ਬਹੁਤ) ਯੁੱਧ ਕੀਤਾ ਸੀ, ਪਰ ਉਹ ਕਰਦੇ ਵੀ ਕੀ।

ਆਹਵ ਸਿੰਘ ਬਲੀ ਹੁਤੋ ਮਾਗ ਲੀਏ ਤਿਹ ਪਾਨ ॥੧੨੯੧॥

(ਆਖਿਰ ਇਕ) ਆਹਵ ਸਿੰਘ (ਨਾਂ ਵਾਲਾ) ਯੋਧਾ ਸੀ, ਉਸ ਨੇ (ਕ੍ਰਿਸ਼ਨ ਤੋਂ) ਪਾਨ (ਦਾ ਬੀੜਾ) ਮੰਗ ਲਿਆ ॥੧੨੯੧॥

ਕਬਿਯੋ ਬਾਚ ਦੋਹਰਾ ॥

ਕਵੀ ਨੇ ਕਿਹਾ ਦੋਹਰਾ:

ਕੋਊ ਪ੍ਰਸਨ ਇਹ ਠਾ ਕਰੈ ਕਿਉ ਨ ਲਰੈ ਬ੍ਰਿਜ ਰਾਜ ॥

ਇਥੇ ਕੋਈ ਸੁਆਲ ਕਰੇ ਕਿ ਕ੍ਰਿਸ਼ਨ (ਉਸ ਨਾਲ ਆਪ) ਕਿਉਂ ਨਹੀਂ ਲੜਦੇ।

ਯਹ ਉਤਰ ਹੈ ਤਾਹਿ ਕੋ ਕਉਤੁਕ ਦੇਖਨ ਕਾਜ ॥੧੨੯੨॥

ਉਨ੍ਹਾਂ ਨੂੰ ਇਹ ਉੱਤਰ ਹੈ ਕਿ (ਯੁੱਧ ਦਾ) ਕੌਤਕ ਵੇਖਣ ਲਈ (ਆਪ ਨਹੀਂ ਲੜ ਰਹੇ) ॥੧੨੯੨॥

ਸਵੈਯਾ ॥

ਸਵੈਯਾ:

ਆਹਵ ਸਿੰਘ ਬਲੀ ਹਰਿ ਕੋ ਭਟ ਸੋ ਤਿਹ ਉਪਰ ਕੋਪ ਕੈ ਧਾਯੋ ॥

ਸ੍ਰੀ ਕ੍ਰਿਸ਼ਨ ਦਾ ਸੂਰਮਾ ਆਹਵ ਸਿੰਘ, ਕ੍ਰੋਧ ਕਰ ਕੇ ਉਸ (ਸਮਰ ਸਿੰਘ) ਉਪਰ ਭਜ ਕੇ ਪਿਆ।

ਸੰਘਰ ਸਿੰਘ ਹਠੀ ਹਠਿ ਸਿਉ ਨ ਹਟਿਯੋ ਸੁ ਤਹਾ ਅਤਿ ਜੁਧੁ ਮਚਾਯੋ ॥

ਹਠੀ ਸੰਘਰ ਸਿੰਘ ਹਠ ਕਰ ਕੇ (ਡਟਿਆ ਰਿਹਾ ਅਤੇ ਯੁੱਧ ਤੋਂ) ਨਾ ਟਲਿਆ ਅਤੇ ਉਸ ਨੇ ਉਥੇ ਬਹੁਤ ਯੁੱਧ ਮਚਾਇਆ।

ਆਹਵ ਸਿੰਘ ਕੋ ਸੰਘਰ ਸਿੰਘ ਮਹਾ ਅਸਿ ਲੈ ਸਿਰ ਕਾਟਿ ਗਿਰਾਯੋ ॥

ਸੰਘਰ ਸਿੰਘ ਨੇ ਬਹੁਤ ਵੱਡੀ ਤਲਵਾਰ ਲੈ ਕੇ ਆਹਵ ਸਿੰਘ ਦਾ ਸਿਰ ਕਟ ਕੇ ਡਿਗਾ ਦਿੱਤਾ।

ਐਸੇ ਪਰਿਯੋ ਧਰਿ ਪੈ ਧਰ ਮਾਨਹੁ ਬਜ੍ਰ ਪਰਿਯੋ ਭੂਅ ਕੰਪੁ ਜਨਾਯੋ ॥੧੨੯੩॥

ਉਸ ਦਾ ਧੜ ਧਰਤੀ ਉਤੇ ਇੰਜ ਡਿਗ ਪਿਆ ਮਾਨੋ ਬਜ੍ਰ ਦੇ ਪੈਣ ਨਾਲ ਭੂਚਾਲ ਆ ਗਿਆ ਹੋਵੇ ॥੧੨੯੩॥

ਕਬਿਤੁ ॥

ਕਬਿੱਤ:

ਭੂਪ ਅਨਰੁਧ ਸਿੰਘ ਠਾਢੋ ਹੁਤੋ ਸ੍ਯਾਮ ਤੀਰ ਹਰਿ ਜੂ ਬਿਲੋਕ ਕੈ ਨਿਕਟਿ ਬੋਲਿ ਲਯੋ ਹੈ ॥

ਸ਼ਿਆਮ ਕੋਲ ਰਾਜਾ ਅਨਰੁਧ ਸਿੰਘ ਖੜੋਤਾ ਹੋਇਆ ਹੈ, ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਵੇਖ ਕੇ ਕੋਲ ਬੁਲਾ ਲਿਆ।

ਕੀਨੋ ਸਨਮਾਨ ਘਨ ਸ੍ਯਾਮ ਕਹਿਯੋ ਜਾਹੁ ਤੁਮ ਰਥਹਿ ਧਵਾਇ ਚਲਿਯੋ ਰਨ ਮਾਝ ਗਯੋ ਹੈ ॥

ਪਹਿਲਾਂ ਉਸ ਦਾ ਸਨਮਾਨ ਕੀਤਾ, (ਫਿਰ) ਕ੍ਰਿਸ਼ਨ ਨੇ ਕਿਹਾ, 'ਤੂੰ (ਜੰਗ ਕਰਨ ਲਈ) ਜਾ'। ਅਤੇ ਉਹ ਰਥ ਨੂੰ ਭਜਾ ਕੇ ਰਣ-ਭੂਮੀ ਵਿਚ ਚਲਾ ਗਿਆ।

ਤੀਰ ਤਰਵਾਰਨ ਕੋ ਸੈਥੀ ਜਮਦਾਰਨ ਕੋ ਘਟਕਾ ਦੁਇ ਤਿਹੀ ਠਉਰ ਮਹਾ ਜੁਧੁ ਭਯੋ ਹੈ ॥

ਤੀਰਾਂ, ਤਲਵਾਰਾਂ, ਸੈਹਥੀਆਂ ਅਤੇ ਕਟਾਰਾਂ ਨੂੰ (ਇਕ ਦੂਜੇ ਨੂੰ ਮਾਰ ਮਾਰ ਕੇ) ਦੋ ਘੜੀਆਂ ਤਕ ਉਥੇ ਘੋਰ ਯੁੱਧ ਕੀਤਾ।

ਜੈਸੇ ਸਿੰਘ ਮ੍ਰਿਗ ਕੋ ਸਿਚਾਨੋ ਜੈਸੇ ਚਿਰੀਆ ਕੋ ਤੈਸੇ ਹਰਿ ਬੀਰ ਕੋ ਸਮਰ ਸਿੰਘ ਹਯੋ ਹੈ ॥੧੨੯੪॥

ਜਿਵੇਂ ਸ਼ੇਰ ਹਿਰਨ ਨੂੰ, ਜਿਵੇਂ ਬਾਜ਼ ਚਿੜੀਆਂ ਨੂੰ (ਮਾਰ ਲੈਂਦਾ ਹੈ) ਉਸੇ ਤਰ੍ਹਾਂ ਸਮਰ ਸਿੰਘ ਨੇ ਕ੍ਰਿਸ਼ਨ ਦੇ ਸੂਰਮੇ ਨੂੰ ਮਾਰ ਦਿੱਤਾ ॥੧੨੯੪॥

ਜੈਸੇ ਕੋਊ ਅਉਖਦਿ ਕੇ ਬਲ ਕਬਿ ਸ੍ਯਾਮ ਕਹੈ ਦੂਰ ਕਰੇ ਸਤਿ ਬੈਦ ਰੋਗ ਸੰਨਿਪਾਤ ਕੋ ॥

ਕਵੀ ਸ਼ਿਆਮ ਕਹਿੰਦੇ ਹਨ, ਜਿਵੇਂ ਕੋਈ ਸਿਆਣਾ ਵੈਦ, ਔਸ਼ਧੀ ਦੇ ਬਲ ਤੇ ਸੰਨਪਾਤ (ਸਿਰਸਾਮ) ਦੇ ਰੋਗ ਨੂੰ ਦੂਰ ਕਰ ਦਿੰਦਾ ਹੈ।

ਜੈਸੇ ਕੋਊ ਸੁਕਬਿ ਕੁਕਬਿ ਕੇ ਕਬਿਤ ਸੁਨਿ ਸਭਾ ਬੀਚ ਦੂਖਿ ਕਰਿ ਮਾਨਤ ਨ ਬਾਤ ਕੋ ॥

ਜਿਵੇਂ ਕੋਈ ਚੰਗਾ ਕਵੀ, ਅਨਾੜੀ ਕਵੀ ਦੀ ਕਵਿਤਾ ਸੁਣ ਕੇ ਸਭਾ ਵਿਚ ਦੁਖ ਅਨੁਭਵ ਕਰਦਾ ਹੋਇਆ ਉਸ ਦੀ ਗੱਲ ਨੂੰ ਨਹੀਂ ਮੰਨਦਾ।

ਜੈਸੇ ਸਿੰਘ ਨਾਗ ਕੋ ਹਨਤ ਜਲ ਆਗ ਕੋ ਅਮਲ ਸੁਰ ਰਾਗ ਕੋ ਸਚਿੰਤ ਨਰ ਗਾਤ ਕੋ ॥

ਜਿਵੇਂ ਸ਼ੇਰ ਹਾਥੀ ਨੂੰ, ਜਲ ਅੱਗ ਨੂੰ, ਖਟਾਸ ਰਾਗ ਦੀ ਸੁਰ ਨੂੰ ਅਤੇ ਚਿੰਤਾ ਮਨੁੱਖ ਦੇ ਸ਼ਰੀਰ ਨੂੰ ਨਸ਼ਟ ਕਰਦੀ ਹੈ।

ਤੈਸੇ ਤਤਕਾਲ ਹਰਿ ਬੀਰ ਮਾਰ ਡਾਰਿਯੋ ਜੈਸੇ ਲੋਭ ਹੂੰ ਤੇ ਮਹਾ ਗੁਨਿ ਨਾਸੈ ਤਮ ਪ੍ਰਾਤ ਕੋ ॥੧੨੯੫॥

ਉਸੇ ਤਰ੍ਹਾਂ ਤੁਰਤ ਕ੍ਰਿਸ਼ਨ ਦੇ ਸੂਰਮਿਆਂ ਨੂੰ ਮਾਰ ਸੁਟਿਆ ਹੈ, ਜਿਸ ਤਰ੍ਹਾਂ ਲੋਭ ਤੋਂ ਉਤਮ ਗੁਣ ਅਤੇ ਪ੍ਰਭਾਤ ਤੋਂ ਹਨੇਰਾ ਭਜਦਾ ਹੈ ॥੧੨੯੫॥

ਬੀਰਭਦ੍ਰ ਸਿੰਘ ਬਾਸੁਦੇਵ ਸਿੰਘ ਬੀਰ ਸਿੰਘ ਬਲ ਸਿੰਘ ਕੋਪ ਕਰਿ ਅਰਿ ਸਮੁਹੇ ਭਏ ॥

ਬੀਰਭਦ੍ਰ ਸਿੰਘ, ਬਲਦੇਵ ਸਿੰਘ, ਬੀਰ ਸਿੰਘ ਅਤੇ ਬਲ ਸਿੰਘ ਕ੍ਰੋਧ ਕਰ ਕੇ ਵੈਰੀ ਦੇ ਸਾਹਮਣੇ ਹੋ ਗਏ।