ਸ਼੍ਰੀ ਦਸਮ ਗ੍ਰੰਥ

ਅੰਗ - 810


ਸਭੈ ਸਾਧੂਅਨ ਕੋ ਮਹਾ ਮੋਹ ਟਾਰ੍ਯੋ ॥੧੩॥

ਅਤੇ ਸਾਰਿਆਂ ਸਾਧੂਆਂ ਦੇ ਮਹਾ ਮੋਹ ਨੂੰ ਹਟਾਣ ਵਾਲੀ ਹੈਂ ॥੧੩॥

ਤੁਹੀ ਆਪ ਕੋ ਰਕਤ ਦੰਤਾ ਕਹੈ ਹੈ ॥

ਤੂੰ ਹੀ ਆਪਣੇ ਨੂੰ ਲਾਲ ਦੰਦਾਂ ਵਾਲੀ ਅਖਵਾਂਦੀ ਹੈਂ।

ਤੁਹੀ ਬਿਪ੍ਰ ਚਿੰਤਾਨ ਹੂੰ ਕੋ ਚਬੈ ਹੈ ॥

ਤੂੰ ਹੀ ਬ੍ਰਾਹਮਣਾਂ ਦੀਆਂ ਚਿੰਤਾਵਾਂ ਨੂੰ ਚਬਣ ਵਾਲੀ ਹੈਂ।

ਤੁਹੀ ਨੰਦ ਕੇ ਧਾਮ ਮੈ ਔਤਰੈਗੀ ॥

ਤੂੰ ਹੀ ਨੰਦ ਦੇ ਘਰ (ਕ੍ਰਿਸ਼ਨ ਰੂਪ ਵਿਚ) ਅਵਤਾਰ ਲੈਣ ਵਾਲੀ ਹੈਂ।

ਤੁ ਸਾਕੰ ਭਰੀ ਸਾਕ ਸੋ ਤਨ ਭਰੈਗੀ ॥੧੪॥

ਤੂੰ ਸ਼ਕਤੀ ('ਸਾਕ') ਨਾਲ ਭਰਪੂਰ ਹੈਂ ਅਤੇ (ਹੋਰਨਾਂ ਦੇ) ਸ਼ਰੀਰ ਵੀ ਸ਼ਕਤੀ ਨਾਲ ਭਰ ਦੇਵੇਂਗੀ ॥੧੪॥

ਤੁ ਬੌਧਾ ਤੁਹੀ ਮਛ ਕੋ ਰੂਪ ਕੈ ਹੈ ॥

ਤੂੰ ਹੀ ਬੌਧ (ਅਵਤਾਰ ਦੇ ਰੂਪ ਵਿਚ ਪ੍ਰਗਟ ਹੋਈ ਸੀ) ਤੂੰ ਹੀ ਮੱਛ ਦਾ ਰੂਪ ਧਾਰਿਆ ਸੀ।

ਤੁਹੀ ਕਛ ਹ੍ਵੈ ਹੈ ਸਮੁੰਦ੍ਰਹਿ ਮਥੈ ਹੈ ॥

ਤੂੰ ਹੀ ਕੱਛ ਅਵਤਾਰ ਹੋ ਕੇ ਸਮੁੰਦਰ ਨੂੰ ਮਥਿਆ ਸੀ।

ਤੁਹੀ ਆਪੁ ਦਿਜ ਰਾਮ ਕੋ ਰੂਪ ਧਰਿ ਹੈ ॥

ਤੂੰ ਹੀ ਆਪ ਬ੍ਰਾਹਮਣ ਪਰਸ਼ੁਰਾਮ ਦਾ ਰੂਪ ਧਾਰਨ ਕਰ ਕੇ

ਨਿਛਤ੍ਰਾ ਪ੍ਰਿਥੀ ਬਾਰ ਇਕੀਸ ਕਰਿ ਹੈ ॥੧੫॥

ਇਕੀ ਵਾਰ ਧਰਤੀ ਨੂੰ ਛਤ੍ਰੀਆਂ ਤੋਂ ਸਖਣਾ ਕੀਤਾ ਸੀ ॥੧੫॥

ਤੁਹੀ ਆਪ ਕੌ ਨਿਹਕਲੰਕੀ ਬਨੈ ਹੈ ॥

ਤੂੰ ਹੀ ਆਪਣੇ ਆਪ ਨੂੰ ਨਿਹਕਲੰਕੀ (ਅਵਤਾਰ) ਬਣਾਏਂਗੀ

ਸਭੈ ਹੀ ਮਲੇਛਾਨ ਕੋ ਨਾਸ ਕੈ ਹੈ ॥

ਅਤੇ ਸਾਰਿਆਂ ਮਲੇਛਾਂ ਦਾ ਨਾਸ਼ ਕਰੇਂਗੀ।

ਮਾਇਯਾ ਜਾਨ ਚੇਰੋ ਮਯਾ ਮੋਹਿ ਕੀਜੈ ॥

ਹੇ ਮਾਤਾ! (ਮੈਨੂੰ) ਆਪਣਾ ਸੇਵਕ ਸਮਝ ਕੇ ਮੇਰੇ ਉਤੇ ਕਿਰਪਾ ਕਰੋ।

ਚਹੌ ਚਿਤ ਮੈ ਜੋ ਵਹੈ ਮੋਹਿ ਦੀਜੈ ॥੧੬॥

ਮੈਂ ਜੋ ਚਿਤ ਵਿਚ ਚਾਹੁੰਦਾ ਹਾਂ, ਉਹੀ ਮੈਨੂੰ ਪ੍ਰਦਾਨ ਕਰੋ ॥੧੬॥

ਸਵੈਯਾ ॥

ਸਵੈਯਾ:

ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਯੋ ਗਲ ਮੈ ਅਸਿ ਭਾਰੋ ॥

(ਦੇਵੀ ਨੇ) ਮੁੰਡਾਂ ਦੀ ਮਾਲਾ, ਦਿਸ਼ਾਵਾਂ ਦੇ ਬਸਤ੍ਰ (ਭਾਵ-ਨਗਨ) ਅਤੇ ਖੱਬੇ ਪਾਸੇ ਭਾਰੀ ਤਲਵਾਰ ਧਾਰਨ ਕੀਤੀ ਹੋਈ ਹੈ।

ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ ॥

ਦੋਵੇਂ ਭਿਆਨਕ ਅੱਖਾਂ ਚਮਕਦੀਆਂ ਹਨ ਅਤੇ ਮੱਥੇ ਉਤੇ ਅਣੀਦਾਰ ਤੀਰਾਂ ਵਾਂਗ ਬਿਰਾਜ ਰਹੀਆਂ ਹਨ।

ਛੂਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜ੍ਯਾਰੋ ॥

ਭਿਆਨਕ ਵਿਸ਼ਾਲ ਕੇਸ ਖੁਲ੍ਹੇ ਹੋਏ ਹਨ ਅਤੇ ਉਜਲੇ ਦੰਦਾਂ ਦੀ ਪੰਕਤੀ ਚਮਕ ਰਹੀ ਹੈ।

ਛਾਡਤ ਜ੍ਵਾਲ ਲਏ ਕਰ ਬ੍ਰਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥੧੭॥

ਹੱਥ ਵਿਚ ਲਏ ਹੋਏ ਸੱਪ ਅੱਗ ਛਡ ਰਹੇ ਹਨ। (ਹੇ ਦੇਵੀ!) ਕਾਲ ਸਦਾ ਤੇਰਾ ਪ੍ਰਤਿਪਾਲਕ ਹੈ ॥੧੭॥

ਭਾਨ ਸੇ ਤੇਜ ਭਯਾਨਕ ਭੂਤਜ ਭੂਧਰ ਸੇ ਜਿਨ ਕੇ ਤਨ ਭਾਰੇ ॥

ਸੂਰਜ ਵਰਗੇ ਤੇਜ ਵਾਲੇ ਭਿਆਨਕ ਦੈਂਤ ('ਭੂਤਜ') ਜਿਨ੍ਹਾਂ ਦੇ ਸ਼ਰੀਰ ਪਹਾੜਾਂ ਵਰਗੇ ਭਾਰੇ ਸਨ।

ਭਾਰੀ ਗੁਮਾਨ ਭਰੇ ਮਨ ਭੀਤਰ ਭਾਰ ਪਰੇ ਨਹਿ ਸੀ ਪਗ ਧਾਰੇ ॥

ਜੋ ਮਨ ਵਿਚ ਭਾਰੀ ਗੁਮਾਨ ਨਾਲ ਇਤਨੇ ਭਰੇ ਹੋਏ ਸਨ ਕਿ ਧਰਤੀ ਉਤੇ ਪੈਰ ਨਹੀਂ ਧਰਦੇ ਸਨ।

ਭਾਲਕ ਜਯੋ ਭਭਕੈ ਬਿਨੁ ਭੈਰਨ ਭੈਰਵ ਭੇਰਿ ਬਜਾਇ ਨਗਾਰੇ ॥

ਜੋ ਭਾਲੂਆਂ ਵਾਂਗ ਭਭਕਦੇ ਸਨ ਅਤੇ ਬਿਨਾ ਭੈ ਰਣ-ਭੂਮੀ ਵਿਚ ਭਿਆਨਕ (ਮਾਰੂ) ਭੇਰੀਆਂ ਅਤੇ ਨਗਾਰੇ ਵਜਾਉਂਦੇ ਸਨ।

ਤੇ ਭਟ ਝੂਮਿ ਗਿਰੇ ਰਨ ਭੂਮਿ ਭਵਾਨੀ ਜੂ ਕੇ ਭਲਕਾਨ ਕੇ ਮਾਰੇ ॥੧੮॥

ਉਹ ਸੂਰਮੇ ਭਵਾਨੀ ਜੀ ਦੇ ਬਾਣਾਂ ਦੀ ਮਾਰ ਨਾਲ ਰਣ-ਭੂਮੀ ਵਿਚ ਘੁਮੇਰੀ ਖਾ ਕੇ ਡਿਗ ਪਏ ਹਨ ॥੧੮॥

ਓਟ ਕਰੀ ਨਹਿ ਕੋਟਿ ਭੁਜਾਨ ਕੀ ਚੋਟ ਪਰੇ ਰਨ ਕੋਟਿ ਸੰਘਾਰੇ ॥

ਜਿਨ੍ਹਾਂ ਨੇ ਕਰੋੜਾਂ ਭੁਜਾਵਾਂ ਦੀਆਂ ਸਟਾਂ ਵਜਣ ਤੇ ਵੀ ਓਟ ਨਹੀਂ ਲਈ ਅਤੇ ਰਣ ਵਿਚ ਕਰੋੜਾਂ ਨੂੰ ਸੰਘਾਰ ਦਿੱਤਾ ਸੀ।

ਕੋਟਨ ਸੇ ਜਿਨ ਕੇ ਤਨ ਰਾਜਿਤ ਬਾਸਵ ਸੌ ਕਬਹੂੰ ਨਹਿ ਹਾਰੇ ॥

ਜਿਨ੍ਹਾਂ ਦੇ ਸ਼ਰੀਰ ਕਿਲ੍ਹਿਆਂ ਵਾਂਗ ਸ਼ੋਭਦੇ ਸਨ ਅਤੇ ਇੰਦਰ ਤੋਂ ਵੀ ਕਦੇ ਹਾਰੇ ਨਹੀਂ ਸਨ।

ਰੋਸ ਭਰੇ ਨ ਫਿਰੇ ਰਨ ਤੇ ਤਨ ਬੋਟਿਨ ਲੈ ਨਭ ਗੀਧ ਪਧਾਰੇ ॥

ਜੋ ਕ੍ਰੋਧ ਨਾਲ ਭਰ ਕੇ ਰਣ-ਭੂਮੀ ਤੋਂ ਕਦੇ ਟਲੇ ਨਹੀਂ ਸਨ, ਭਾਵੇਂ ਉਨ੍ਹਾਂ ਦੇ ਸ਼ਰੀਰਾਂ ਦੀਆਂ ਬੋਟੀਆਂ ਲੈ ਕੇ ਗਿਰਝਾਂ ਆਕਾਸ਼ ਵਿਚ ਕਿਉਂ ਨਾ ਚਲੀਆਂ ਜਾਣ।

ਤੇ ਨ੍ਰਿਪ ਘੂਮਿ ਗਿਰੇ ਰਨ ਭੂਮਿ ਸੁ ਕਾਲੀ ਕੇ ਕੋਪ ਕ੍ਰਿਪਾਨ ਕੇ ਮਾਰੇ ॥੧੯॥

ਉਹ (ਦੈਂਤ) ਰਾਜੇ ਕਾਲੀ ਦੀ ਕ੍ਰੋਧ ਨਾਲ ਚਲਾਈ ਤਲਵਾਰ ਦੇ ਮਾਰੇ ਹੋਏ ਰਣ-ਭੂਮੀ ਵਿਚ ਡਿਗ ਪਏ ਸਨ ॥੧੯॥

ਅੰਜਨ ਸੇ ਤਨ ਉਗ੍ਰ ਉਦਾਯੁਧੁ ਧੂਮਰੀ ਧੂਰਿ ਭਰੇ ਗਰਬੀਲੇ ॥

ਉਨ੍ਹਾਂ ਗਰਬੀਲਿਆਂ ਦੇ ਸੁਰਮੇ ਵਰਗੇ ਸ਼ਰੀਰ ਸਨ, ਭਿਆਨਕ ਸ਼ਸਤ੍ਰ ਉਘਰੇ ਹੋਏ ਸਨ ਅਤੇ ਧੂੰਏ ਵਰਗੀ ਧੂੜ ਨਾਲ ਭਰੇ ਹੋਏ ਸਨ।

ਚੌਪਿ ਚੜੇ ਚਹੂੰ ਓਰਨ ਤੇ ਚਿਤ ਭੀਤਰਿ ਚੌਪਿ ਚਿਰੇ ਚਟਕੀਲੇ ॥

ਉਹ ਬਹਾਦਰ ਸੂਰਮੇ ਚਿਤ ਵਿਚ ਉਤਸਾਹ ਨਾਲ ਭਰ ਕੇ ਖਿਝੇ ਹੋਏ ਚੌਹਾਂ ਪਾਸਿਆਂ ਤੋਂ ਉਮਡ ਪਏ ਸਨ।

ਧਾਵਤ ਤੇ ਧੁਰਵਾ ਸੇ ਦਸੋ ਦਿਸਿ ਤੇ ਝਟ ਦੈ ਪਟਕੈ ਬਿਕਟੀਲੇ ॥

ਉਹ ਅਕੱਟ ਯੋਧੇ ਧੂੜ ਵਾਂਗ ਦਸਾਂ ਦਿਸ਼ਾਵਾਂ ਤੋਂ ਚੜ੍ਹ ਆਏ ਸਨ, (ਉਨ੍ਹਾਂ ਨੂੰ ਕਾਲੀ ਨੇ) ਭੂਮੀ ਉਤੇ ਪਟਕ ਦਿੱਤਾ ਸੀ।

ਰੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੦॥

ਯੁੱਧ-ਭੂਮੀ ਵਿਚ, ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਸਹਿਤ ਰਣ ਵਿਚ ਸ਼ੋਭਦੀ ਸੀ ॥੨੦॥

ਕੋਟਿਨ ਕੋਟ ਸੌ ਚੋਟ ਪਰੀ ਨਹਿ ਓਟ ਕਰੀ ਭਏ ਅੰਗ ਨ ਢੀਲੇ ॥

ਬਹੁਤ ਅਧਿਕ ਸਟਾਂ ਵਜਣ ਤੇ ਵੀ ਕੋਈ ਓਟ ਨਹੀਂ ਲਈ ਅਤੇ ਅੰਗਾਂ ਨੂੰ ਵੀ ਢਿਲਾ ਨਹੀਂ ਕੀਤਾ।

ਜੇ ਨਿਪਟੇ ਅਕਟੇ ਭਟ ਤੇ ਚਟ ਦੈ ਛਿਤ ਪੈ ਪਟਕੇ ਗਰਬੀਲੇ ॥

ਜਿਹੜੇ ਨਿਪਟ ਅਕੱਟ ਸੂਰਮੇ ਸਨ, (ਉਨ੍ਹਾਂ) ਹੰਕਾਰੀਆਂ ਨੂੰ ਛੇਤੀ ਹੀ ਧਰਤੀ ਉਤੇ ਪਟਕਾ ਮਾਰਿਆ।

ਜੇ ਨ ਹਟੇ ਬਿਕਟੇ ਭਟ ਕਾਹੂ ਸੌ ਤੇ ਚਟ ਦੈ ਚਟਕੇ ਚਟਕੀਲੇ ॥

ਜਿਹੜੇ ਵਿਕਟ ਯੋਧੇ ਕਿਸੇ ਤੋਂ ਵੀ (ਯੁੱਧ-ਭੂਮੀ ਵਿਚੋਂ) ਨਹੀਂ ਹਟਾਏ ਜਾ ਸਕੇ, ਉਨ੍ਹਾਂ ਨੂੰ ਛੇਤੀ ਹੀ (ਧਰਤੀ ਉਤੇ) ਸੁਟ ਦਿੱਤਾ।

ਗੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੧॥

ਯੁੱਧ ਵਿਚ ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਸਹਿਤ ਰਣ-ਭੂਮੀ ਵਿਚ ਸ਼ੋਭਦੀ ਸੀ ॥੨੧॥

ਧੂਮਰੀ ਧੂਰਿ ਭਰੇ ਧੁਮਰੇ ਤਨ ਧਾਏ ਨਿਸਾਚਰ ਲੋਹ ਕਟੀਲੇ ॥

ਧੂੰਏਂ ਵਰਗੀ ਧੂੜ ਨਾਲ ਭਰੇ ਹੋਏ ਸ਼ਰੀਰਾਂ ਵਾਲੇ ਅਤੇ ਲੋਹੇ ਨੂੰ ਕਟ ਸੁਟਣ ਵਾਲੇ ਦੈਂਤ ਧਾ ਕੇ ਪਏ ਸਨ।

ਮੇਚਕ ਪਬਨ ਸੇ ਜਿਨ ਕੇ ਤਨ ਕੌਚ ਸਜੇ ਮਦਮਤ ਜਟੀਲੇ ॥

ਜਿਨ੍ਹਾਂ ਦੇ ਸ਼ਰੀਰ ਪਰਬਤਾਂ ਵਰਗੇ (ਕਾਲੇ) ਸਨ, ਉਹ 'ਜਟੀਲੇ' (ਜਟਾਂ ਵਾਲੇ) ਕਵਚਾਂ ਨਾਲ ਸਜੇ ਹੋਏ ਮਦ ਮਸਤ ਸਨ।

ਰਾਮ ਭਨੈ ਅਤਿ ਹੀ ਰਿਸਿ ਸੋ ਜਗ ਨਾਇਕ ਸੌ ਰਨ ਠਾਟ ਠਟੀਲੇ ॥

ਕਵੀ ਰਾਮ ਕਹਿੰਦੇ ਹਨ (ਕਿ ਉਹ ਦੈਂਤ) ਅਤਿ ਕ੍ਰੋਧਿਤ ਹੋ ਕੇ ਜਗ ਦੇ ਨਾਇਕ ਨਾਲ ਵੀ ਜੰਗ ਕਰਨ ਦੇ ਠਾਠ ਬਣਾਉਂਦੇ ਸਨ।

ਤੇ ਝਟ ਦੈ ਪਟਕੇ ਛਿਤ ਪੈ ਰਨ ਰੌਰ ਪਰੇ ਰਨ ਸਿੰਘ ਰਜੀਲੇ ॥੨੨॥

ਉਨ੍ਹਾਂ ਨੂੰ (ਦੇਵੀ ਨੇ) ਝਟਕਾ ਦੇ ਕੇ ਰਣ ਵਿਚ ਪਟਕ ਦਿੱਤਾ। ਰੌਲਾ ਪੈਣ ਤੇ ਰਣ-ਭੂਮੀ ਵਿਚ ਸ਼ੇਰ ਸ਼ੋਭਦਾ ਸੀ ॥੨੨॥

ਬਾਜਤ ਡੰਕ ਅਤੰਕ ਸਮੈ ਲਖਿ ਦਾਨਵ ਬੰਕ ਬਡੇ ਗਰਬੀਲੇ ॥

(ਉਸ) ਡਰਾਉਣੇ ਸਮੇਂ ਵਿਚ ਬਹੁਤ ਹੰਕਾਰੀ ਅਤੇ ਵਿਕਟ ਦੈਂਤਾਂ ਨੂੰ ਵੇਖ ਕੇ (ਨਗਾਰਿਆਂ ਉਤੇ) ਡਗੇ ਵਜਣ ਲਗੇ।

ਛੂਟਤ ਬਾਨ ਕਮਾਨਨ ਕੇ ਤਨ ਕੈ ਨ ਭਏ ਤਿਨ ਕੇ ਤਨ ਢੀਲੇ ॥

ਕਮਾਨਾਂ ਤੋਂ ਬਾਣ ਛੁਟਣ ਲਗੇ (ਪਰ) ਉਨ੍ਹਾਂ ਦੇ ਸ਼ਰੀਰ ਢਿਲੇ ਨਹੀਂ ਹੋਏ।

ਤੇ ਜਗ ਮਾਤ ਚਿਤੈ ਚਪਿ ਕੈ ਚਟਿ ਦੈ ਛਿਤ ਪੈ ਚਟਕੇ ਚਟਕੀਲੇ ॥

ਜਗ ਮਾਤ ਨੇ ਚਿਤ ਵਿਚ ਖਿਝ ਕੇ (ਉਨ੍ਹਾਂ) ਗਰਬੀਲੇ ਦੈਂਤਾਂ ਨੂੰ ਤੁਰਤ ਧਰਤੀ ਉਤੇ ਸੁਟ ਦਿੱਤਾ।

ਰੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੩॥

ਰਣ-ਭੂਮੀ ਵਿਚ ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਸਹਿਤ ਰਣ ਵਿਚ ਸ਼ੋਭਦੀ ਸੀ ॥੨੩॥

ਜੰਗ ਜਗੇ ਰਨ ਰੰਗ ਸਮੈ ਅਰਿਧੰਗ ਕਰੇ ਭਟ ਕੋਟਿ ਦੁਸੀਲੇ ॥

ਰਣ-ਭੂਮੀ ਵਿਚ ਯੁੱਧ ਸ਼ੁਰੂ ਹੋਣ ਤੇ (ਦੇਵੀ ਨੇ) ਕਰੋੜਾਂ ਵੀਰਾਂ ਨੂੰ ਦੋ ਦੋ ਹਿੱਸਿਆਂ ਵਿਚ ਕਟ ਸੁਟਿਆ।

ਰੁੰਡਨ ਮੁੰਡ ਬਿਥਾਰ ਘਨੇ ਹਰ ਕੌ ਪਹਿਰਾਵਤ ਹਾਰ ਛਬੀਲੇ ॥

ਬਹੁਤ ਸਾਰੇ ਧੜਾਂ ਅਤੇ ਸਿਰਾਂ ਨੂੰ ਖਿਲਾਰ ਦਿੱਤਾ (ਅਤੇ ਉਨ੍ਹਾਂ ਦੇ) ਸ਼ਿਵ ਜੀ ਨੂੰ ਸੁੰਦਰ ਹਾਰ ਪਵਾਏ ਗਏ।

ਧਾਵਤ ਹੈ ਜਿਤਹੀ ਤਿਤਹੀ ਅਰਿ ਭਾਜਿ ਚਲੇ ਕਿਤਹੀ ਕਰਿ ਹੀਲੇ ॥

ਜਿਧਰ ਨੂੰ (ਦੁਰਗਾ) ਜਾਂਦੀ ਹੈ, ਉਧਰੋਂ ਵੈਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਭਜੀ ਜਾ ਰਹੇ ਸਨ।

ਰੌਰ ਪਰੇ ਰਨ ਰਾਵਿਜ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੪॥

ਯੁੱਧ-ਭੂਮੀ ਵਿਚ ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਨਾਲ ਰਣ ਵਿਚ ਸ਼ੋਭਦੀ ਸੀ ॥੨੪॥

ਸੁੰਭ ਨਿਸੁੰਭ ਤੇ ਆਦਿਕ ਸੂਰ ਸਭੇ ਉਮਡੇ ਕਰਿ ਕੋਪ ਅਖੰਡਾ ॥

ਸੁੰਭ ਅਤੇ ਨਿਸੁੰਭ ਆਦਿਕ ਸਾਰੇ ਸੂਰਮੇ ਅਖੰਡ ਕ੍ਰੋਧ ਨਾਲ ਉਮਡ ਪਏ।

ਕੌਚ ਕ੍ਰਿਪਾਨ ਕਮਾਨਨ ਬਾਨ ਕਸੇ ਕਰ ਧੋਪ ਫਰੀ ਅਰੁ ਖੰਡਾ ॥

ਉਨ੍ਹਾਂ ਨੇ ਕਵਚ ਅਤੇ ਕ੍ਰਿਪਾਨਾਂ ਧਾਰਨ ਕੀਤੀਆਂ ਹੋਈਆਂ ਹਨ ਅਤੇ ਕਮਾਨਾਂ ਉਤੇ ਬਾਣ ਕਸੇ ਹੋਏ ਹਨ ਅਤੇ ਹੱਥ ਵਿਚ ਤਲਵਾਰਾਂ ਅਤੇ ਖੰਡੇ ਪਕੜੇ ਹੋਏ ਹਨ।