ਯਾਦਵ ਸੈਨਾ ਤੋਂ ਇਕ (ਯੋਧਾ) ਰਣ-ਭੂਮੀ ਵਿਚ ਨਿਕਲਿਆ ਜਿਸ ਦਾ ਨਾਮ ਸੁੰਦਰ ਹੈ ਅਤੇ ਰੂਪ ਅਪਾਰ ਹੈ।
ਘੋੜੇ ਨੂੰ ਪ੍ਰੇਰ ਕੇ ਰਾਜੇ ਦੇ ਸਾਹਮਣੇ ਆਇਆ। ਰਾਜੇ ਨੇ ਉਸ ਦਾ ਸਿਰ ਕਟ ਦਿੱਤਾ ਅਤੇ ਕੁਝ ਵੀ ਦੇਰ ਨਾ ਲਗੀ।
ਧੜ ਤੋਂ ਸਿਰ ਇਸ ਤਰ੍ਹਾਂ ਵਖ ਹੋ ਕੇ ਧਰਤੀ ਉਤੇ ਡਿਗ ਪਿਆ, ਜਿਸ ਤਰ੍ਹਾਂ ਆਕਾਸ਼ ਤੋਂ ਤਾਰਾ ਟੁੱਟ ਕੇ ਧਰਤੀ ਉਤੇ ਆ ਡਿਗਦਾ ਹੈ ॥੧੧੪੪॥
(ਕਵੀ) ਸ਼ਿਆਮ ਕਹਿੰਦੇ ਹਨ, ਫਿਰ ਬਹੁਤ ਗੁੱਸਾ ਕਰ ਕੇ (ਅਣਗ ਸਿੰਘ) ਯਾਦਵੀ ਸੈਨਾ ਉਤੇ ਦੌੜ ਕੇ ਪੈ ਗਿਆ।
ਉਧਰੋਂ ਯਾਦਵ ਯੋਧੇ ਇਕੱਠੇ ਹੋ ਕੇ ਪਰਤ ਪਏ ਹਨ ਅਤੇ ਚਿਤ ਵਿਚ ਕ੍ਰੋਧ ਵਧਾ ਕੇ ਅਰੜਾ ਕੇ (ਆ ਪਏ ਹਨ)।
ਰਾਜੇ ਦੇ ਹੱਥ ਤੋਂ ਬੰਦੂਕ ਚਲੀ ਹੈ। (ਉਸ ਨਾਲ ਸੈਨਿਕ ਇੰਜ) ਸੜ ਗਏ ਹਨ ਮਾਨੋ ਅੱਗ ਵਿਚ ਕੱਖ ਸੜ ਜਾਂਦੇ ਹੋਣ।
ਬਹੁਤੇ ਯੋਧਿਆਂ ਦੇ ਅੰਗ ਕਟ ਗਏ ਹਨ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਯੱਗ ਦੇ ਮੰਡਲ ਵਿਚ ਕੁਸਾ (ਘਾਹ) ਪਿਆ ਹੋਵੇ ॥੧੧੪੫॥
ਕੰਨ ਤਕ ਕਮਾਨ ਖਿਚ ਕੇ ਅਤੇ ਸੂਰਮਿਆਂ ਨੂੰ ਨਿਸ਼ਾਨਾ ਬਣਾ ਕੇ ਬਾਣ ਚਲਾਉਂਦੇ ਹਨ।
ਜੋ ਬਾਣ ਇਨ੍ਹਾਂ ਉਪਰ ਆ ਕੇ ਪੈਂਦੇ ਹਨ, ਉਨ੍ਹਾਂ ਨੂੰ ਅੱਧ ਵਿਚਾਲਿਓਂ ਹੀ ਕਟ ਕੇ ਗਿਰਾ ਦਿੰਦੇ ਹਨ।
ਤਲਵਾਰਾਂ ('ਲੋਹ ਹਥੀ') ਅਤੇ ਕੁਹਾੜੇ ਲੈ ਕੇ ਕ੍ਰਿਸ਼ਨ ਦੇ ਸ਼ਰੀਰ ਉਤੇ ਸਟਾਂ ਮਾਰਦੇ ਹਨ।
ਯੁੱਧ ਵੇਲੇ ਥਕ ਕੇ ਅਤੇ ਅਕ ਕੇ ਕ੍ਰਿਸ਼ਨ ਨੂੰ ਵਾਰ ਸੰਭਾਲਣ ਦੀ ਵਾਰੀ ਹੀ ਨਹੀਂ ਆਉਂਦੀ ॥੧੧੪੬॥
ਜੋ ਸੂਰਮੇ ਇਨ੍ਹਾਂ ਉਪਰ ਆ ਕੇ ਪਏ ਹਨ, ਕ੍ਰੋਧ ਨਾਲ ਭਰੇ ਹੋਏ ਸੂਰਮਿਆਂ ਨੇ ਇਨ੍ਹਾਂ ਨੂੰ ਭਜਾ ਦਿੱਤਾ ਹੈ।
ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿਕ ਹਥਿਆਰ) ਪਕੜ ਕੇ ਰਥਾਂ ਵਾਲਿਆਂ ਨੂੰ ਰਥਾਂ ਤੋਂ ਬਿਨਾ ਕਰ ਦਿੱਤਾ ਹੈ।
ਕਰੋੜਾਂ ਘਾਇਲ (ਸੈਨਿਕ) ਯੁੱਧ-ਭੂਮੀ ਨੂੰ ਤਿਆਗ ਕੇ ਚਲੇ ਗਏ ਹਨ ਅਤੇ ਬਹੁਤ ਚੰਗੀ ਡੀਲ ਡੌਲ ਵਾਲੇ ਰਣ-ਭੂਮੀ ਵਿਚ ਮਾਰੇ ਗਏ ਹਨ।
ਇਸ ਤਰ੍ਹਾਂ ਦੀ ਉਪਮਾ (ਕਵੀ ਦੇ ਮਨ ਵਿਚ) ਉਪਜੀ ਹੈ, ਮਾਨੋ ਗਰੁੜ ਦੇ ਮਾਰੇ ਹੋਏ ਸੱਪ ਡਿਗੇ ਪਏ ਹੋਣ ॥੧੧੪੭॥
ਜਦ ਉਸ ਯੋਧੇ ਨੇ ਹੱਥ ਵਿਚ ਤਲਵਾਰ ਪਕੜ ਲਈ ਤਾਂ ਯਾਦਵ ਸੂਰਮਿਆਂ ਨਾਲ ਯੁੱਧ ਕੀਤਾ।
ਮਾਰ ਕੇ ਸੈਨਾ ਨੂੰ ਬਰਬਾਦ ਕਰ ਦਿੱਤਾ, ਕਵੀ ਰਾਮ ਕਹਿੰਦੇ ਹਨ, ਰਾਜਾ ਜ਼ੋਰ ਨਾਲ ਗਜਿਆ।
ਸਾਰੇ ਸੂਰਮੇ ਉਸ ਦੀ ਆਵਾਜ਼ ਸੁਣ ਕੇ ਭੈ-ਭੀਤ ਹੋ ਗਏ ਅਤੇ ਉਸ ਧੁਨ ਨੂੰ ਸੁਣ ਕੇ ਬਦਲ ਵੀ ਲਜਾ ਗਿਆ।
ਵੈਰੀ ਸੈਨਾ ਵਿਚ ਇੰਜ ਸ਼ੋਭਾ ਪਾ ਰਿਹਾ ਹੈ, ਮਾਨੋ ਹਿਰਨਾਂ ਦੇ ਬਨ ਵਿਚ ਸ਼ੇਰ ਸ਼ੋਭਦਾ ਹੋਵੇ ॥੧੧੪੮॥
ਫਿਰ ਹੱਥ ਵਿਚ ਤਲਵਾਰ ਸੰਭਾਲ ਕੇ ਸੈਨਾ ਨੂੰ ਮਾਰ ਸੁਟਿਆ ਅਤੇ ਕਰੋੜਾਂ ਹੀ ਰਾਜੇ ਮਾਰੇ ਗਏ।
ਪੰਜਾਹ ਹਜ਼ਾਰ ਘੋੜ ਸਵਾਰ ਮਾਰੇ ਹਨ ਅਤੇ ਰਥਾਂ ਨੂੰ ਕਟ ਕੇ ਰਥਾਂ ਵਾਲਿਆਂ ਨੂੰ ਬਿਨਾ ਰਥਾਂ ਦੇ ਕਰ ਦਿੱਤਾ ਹੈ।
ਕਿਤੇ ਘੋੜੇ ਡਿਗੇ ਪਏ ਹਨ, ਕਿਤੇ ਤਾਜ ਗਿਰੇ ਪਏ ਹਨ, ਕਿਤੇ ਹਾਥੀ ਡਿਗੇ ਪਏ ਹਨ ਅਤੇ ਕਿਤੇ ਰਾਜੇ ਪਏ ਹਨ।
ਰਾਜੇ ਦਾ ਰਥ ਭੂਮੀ ਉਤੇ ਖੜੋਤਾ ਨਹੀਂ ਰਹਿੰਦਾ, ਮਾਨੋ ਨਟ ਜ਼ੋਰ ਨਾਲ ਨਚ ਰਿਹਾ ਹੋਵੇ ॥੧੧੪੯॥
ਇਕ ਅਜਾਇਬ ਖ਼ਾਨ ਨਾਂ ਦਾ ਕ੍ਰਿਸ਼ਨ ਦਾ ਬਹਾਦਰ ਯੋਧਾ ਸੀ, ਉਸ ਨਾਲ ਰਾਜਾ ਆ ਕੇ ਅੜ ਖੜੋਤਾ।