ਸ਼੍ਰੀ ਦਸਮ ਗ੍ਰੰਥ

ਅੰਗ - 222


ਨਿਲਜ ਨਾਰੀ ॥

ਹੇ ਲੱਜਾ-ਹੀਣ ਇਸਤਰੀ!

ਕੁਕਰਮ ਕਾਰੀ ॥

ਹੇ ਕੁਕਰਮ ਕਰਨ ਵਾਲੀ!

ਅਧਰਮ ਰੂਪਾ ॥

'ਹੇ ਅਧਰਮ ਰੂਪ ਵਾਲੀ!

ਅਕਜ ਕੂਪਾ ॥੨੧੬॥

ਨ ਕੱਜੇ ਜਾਣ ਵਾਲੇ (ਪਾਪਾਂ ਦੇ) ਖੂਹ (ਦੇ ਰੂਪ) ਵਾਲੀ! ॥੨੧੬॥

ਪਹਪਿਟਆਰੀ ॥

ਹੇ ਪਾਪਾਂ ਦੀ ਪਿਟਾਰੀ!

ਕੁਕਰਮ ਕਾਰੀ ॥

ਹੇ ਕੁਕਰਮ ਕਰਨ ਵਾਲੀ!

ਮਰੈ ਨ ਮਰਣੀ ॥

ਹੇ ਮਰਿਆਂ ਨ ਮਰਨ ਵਾਲੀ!

ਅਕਾਜ ਕਰਣੀ ॥੨੧੭॥

ਹੇ ਬੁਰੇ ਕੰਮ ਕਰਮ ਕਰਨ ਵਾਲੀ! ॥੨੧੭॥

ਕੇਕਈ ਬਾਚ ॥

ਕੈਕਈ ਨੇ ਕਿਹਾ-

ਨਰੇਸ ਮਾਨੋ ॥

ਹੇ ਰਾਜਨ! (ਮੇਰਾ ਕਿਹਾ) ਮੰਨੋ

ਕਹਯੋ ਪਛਾਨੋ ॥

(ਆਪਣਾ) ਕਿਹਾ ਯਾਦ ਕਰੋ

ਬਦਯੋ ਸੁ ਦੇਹੂ ॥

ਜੇ ਕਿਹਾ ਸੀ, ਉਸ ਅਨੁਸਾਰ

ਬਰੰ ਦੁ ਮੋਹੂ ॥੨੧੮॥

ਮੈਨੂੰ ਦੋ ਵਰ ਦਿਓ ॥੨੧੮॥

ਚਿਤਾਰ ਲੀਜੈ ॥

ਚੇਤੇ ਕਰ ਲਵੋ,

ਕਹਯੋ ਸੁ ਦੀਜੈ ॥

ਜੋ ਕਿਹਾ ਹੋਇਆ ਹੈ, ਉਹੀ ਦਿਓ,

ਨ ਧਰਮ ਹਾਰੋ ॥

ਧਰਮ ਨ ਹਾਰੋ,

ਨ ਭਰਮ ਟਾਰੋ ॥੨੧੯॥

ਭਰਮ (ਦੇ ਵਿੱਚ ਪੈ ਕੇ ਬਚਨ ਨੂੰ) ਨਾ ਟਾਲੋ ॥੨੧੯॥

ਬੁਲੈ ਬਸਿਸਟੈ ॥

ਵਸ਼ਿਸ਼ਟ ਨੂੰ ਬੁਲਾ ਲਵੋ

ਅਪੂਰਬ ਇਸਟੈ ॥

ਜੋ ਅਦੁੱਤੀ ਇਸ਼ਟ ਹੈ।

ਕਹੀ ਸੀਏਸੈ ॥

ਸੀਤਾ ਦੇ ਪਤੀ (ਰਾਮ ਚੰਦਰ) ਨੂੰ (ਇਹ ਗੱਲ) ਕਹੋ

ਨਿਕਾਰ ਦੇਸੈ ॥੨੨੦॥

ਅਤੇ ਦੇਸੋਂ ਕੱਢ ਦਿਓ ॥੨੨੦॥

ਬਿਲਮ ਨ ਕੀਜੈ ॥

ਦੇਰੀ ਨ ਕਰੋ,

ਸੁ ਮਾਨ ਲੀਜੈ ॥

(ਮੇਰੀ ਬੇਨਤੀ) ਮੰਨ ਲਵੋ,

ਰਿਖੇਸ ਰਾਮੰ ॥

ਰਾਮ ਨੂੰ ਰਿਸ਼ੀ ਭੇਸ (ਧਾਰਨ ਕਰਾ ਕੇ)

ਨਿਕਾਰ ਧਾਮੰ ॥੨੨੧॥

ਘਰ ਤੋਂ ਕੱਢ ਦਿਓ ॥੨੨੧॥

ਰਹੇ ਨ ਇਆਨੀ ॥

(ਰਾਜੇ ਨੇ ਕਿਹਾ-) ਹੇ ਇਆਣੀ! (ਚੁੱਪ ਕਿਉਂ) ਨਹੀਂ ਰਹਿੰਦੀ?

ਭਈ ਦਿਵਾਨੀ ॥

(ਕੀ) ਦਿਵਾਨੀ ਹੋ ਗਈ ਹੈਂ?

ਚੁਪੈ ਨ ਬਉਰੀ ॥

ਹੇ ਪਗਲੀਏ! ਚੁੱਪ (ਕਿਉਂ) ਨਹੀਂ ਕਰਦੀ?

ਬਕੈਤ ਡਉਰੀ ॥੨੨੨॥

ਹੇ ਬਕਵਾਦਣੇ! ਬਕਦੀ ਜਾਂਦੀ ਹੈਂ ॥੨੨੨॥

ਧ੍ਰਿਗੰਸ ਰੂਪਾ ॥

ਤੇਰੇ ਰੂਪ ਨੂੰ ਧ੍ਰਿਕਾਰ ਹੈ,

ਨਿਖੇਧ ਕੂਪਾ ॥

(ਤੂੰ) ਨੀਚਤਾ ਦਾ ਖੂਹ ਹੈ,

ਦ੍ਰੁਬਾਕ ਬੈਣੀ ॥

ਬੁਰੇ ਬੋਲ ਬੋਲਣ ਵਾਲੀ ਹੈਂ

ਨਰੇਸ ਛੈਣੀ ॥੨੨੩॥

ਅਤੇ ਰਾਜੇ (ਨੂੰ ਨਸ਼ਟ ਕਰਨ ਵਾਲੀ) ਛੈਣੀ ਹੈ ॥੨੨੩॥

ਨਿਕਾਰ ਰਾਮੰ ॥

ਘਰ ਦੇ ਆਸਰਾ ਰੂਪ ਰਾਮ ਨੂੰ

ਅਧਾਰ ਧਾਮੰ ॥

ਕੱਢ ਦਿੱਤਾ ਹੈ

ਹਤਯੋ ਨਿਜੇਸੰ ॥

ਅਤੇ ਆਪਣੇ ਸੁਆਮੀ ('ਨਿਜੇਸ') ਨੂੰ ਮਾਰਿਆ ਹੈ,

ਕੁਕਰਮ ਭੇਸੰ ॥੨੨੪॥

ਭੈੜੇ ਕਰਮ ਦੇ ਸਰੂਪ ਵਾਲੀ ਹੈਂ ॥੨੨੪॥

ਉਗਾਥਾ ਛੰਦ ॥

ਉਗਾਥਾ ਛੰਦ

ਅਜਿਤ ਜਿਤੇ ਅਬਾਹ ਬਾਹੇ ॥

(ਇਸਤਰੀਆਂ ਨੇ) ਨ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਲਿਆ, ਨ ਬਾਹੇ ਜਾ ਸਕਣ ਵਾਲਿਆਂ ਨੂੰ ਬਾਹ ਲਿਆ,

ਅਖੰਡ ਖੰਡੇ ਅਦਾਹ ਦਾਹੇ ॥

ਨ ਖੰਡੇ ਜਾ ਸਕਣ ਵਾਲਿਆਂ ਨੂੰ ਖੰਡ ਦਿੱਤਾ,

ਅਭੰਡ ਭੰਡੇ ਅਡੰਗ ਡੰਗੇ ॥

ਨ ਡੰਗੇ ਜਾ ਸਕਣ ਵਾਲਿਆਂ ਨੂੰ ਡੰਗ ਦਿੱਤਾ,

ਅਮੁੰਨ ਮੁੰਨੇ ਅਭੰਗ ਭੰਗੇ ॥੨੨੫॥

ਨ ਮੁੰਨੇ ਜਾ ਸਕਣ ਵਾਲਿਆਂ ਨੂੰ ਮੁੰਨ ਦਿੱਤਾ, ਨ ਭੰਗ ਹੋਣ ਵਾਲਿਆਂ ਦਾ ਭੰਗਨ ਕਰ ਦਿੱਤਾ ॥੨੨੫॥

ਅਕਰਮ ਕਰਮੰ ਅਲਖ ਲਖੇ ॥

ਨ ਕੀਤੇ ਜਾ ਸਕਣ ਵਾਲਿਆਂ (ਕੰਮਾਂ) ਨੂੰ ਕਰ ਲਿਆ, ਨ ਲਖੇ ਜਾ ਸਕਣ ਵਾਲਿਆਂ ਨੂੰ ਲਖ ਲਿਆ,

ਅਡੰਡ ਡੰਡੇ ਅਭਖ ਭਖੇ ॥

ਨ ਡੰਡੇ ਜਾ ਸਕਣ ਵਾਲਿਆਂ ਨੂੰ ਡੰਡ ਦਿੱਤਾ, ਨ ਖਾਧੇ ਜਾ ਸਕਣ ਵਾਲਿਆਂ ਨੂੰ ਖਾ ਲਿਆ,

ਅਥਾਹ ਥਾਹੇ ਅਦਾਹ ਦਾਹੇ ॥

ਨ ਥਾਹ ਪਾਏ ਜਾ ਸਕਣ ਵਾਲਿਆਂ ਨੂੰ ਥਾਹ ਪਾ ਲਈ, ਨ ਸੜਨ ਵਾਲਿਆਂ ਨੂੰ ਸਾੜ ਦਿੱਤਾ,

ਅਭੰਗ ਭੰਗੇ ਅਬਾਹ ਬਾਹੇ ॥੨੨੬॥

ਨ ਭੱਜਣ ਵਾਲਿਆਂ ਨੂੰ ਭੰਨ ਦਿੱਤਾ ਹੈ, ਨ ਫੜੇ ਜਾ ਸਕਣ ਵਾਲਿਆਂ ਨੂੰ ਫੜ ਲਿਆ ॥੨੨੬॥

ਅਭਿਜ ਭਿਜੇ ਅਜਾਲ ਜਾਲੇ ॥

ਨ ਭਿੱਜਣ ਵਾਲਿਆਂ ਨੂੰ ਭਿਗੋ ਦਿੱਤਾ, ਨ ਫਸਣ ਵਾਲਿਆਂ ਨੂੰ ਫਸਾ ਲਿਆ,

ਅਖਾਪ ਖਾਪੇ ਅਚਾਲ ਚਾਲੇ ॥

ਨ ਖੱਪ ਸਕਣ ਵਾਲਿਆਂ ਨੂੰ ਖਪਾ ਦਿੱਤਾ, ਨ ਚਲ ਸਕਣ ਵਾਲਿਆਂ ਨੂੰ ਚਲਾ ਦਿੱਤਾ,