ਕਿਤੇ ਭਜੇ ਜਾਂਦੇ ਸੂਰਮੇ ਦੁਖੀ ('ਆਰਤ') ਹੋ ਕੇ ਪੁਕਾਰ ਰਹੇ ਹਨ।
ਕਿਤਨੇ ਹੀ ਯੋਧੇ ਦਲਾਂ ਨੂੰ ਗਾਹੁੰਦੇ ਫਿਰਦੇ ਹਨ।
ਕਿਤਨੇ ਹੀ ਜੂਝ ਮੋਏ ਹਨ ਅਤੇ ਉਨ੍ਹਾਂ ਨੂੰ ਅਪੱਛਰਾਵਾਂ ਵਿਆਹ ਰਹੀਆਂ ਹਨ ॥੪੦੦॥
ਕਿਤੇ ਯੋਧੇ ਤੀਰ ਮਾਰਦੇ ਫਿਰਦੇ ਹਨ।
ਕਿਤੇ ਸੂਰਮੇ ਬਹੁਤ ਦੁਖੀ ਹੋ ਕੇ ਰਣਭੂਮੀ ਵਿਚੋਂ ਭਜੇ ਜਾ ਰਹੇ ਹਨ।
ਕਈ ਯੋਧੇ ਡਰ ਨੂੰ ਤਿਆਗ ਕੇ ਯੁੱਧ-ਭੂਮੀ ਵਿਚ (ਵੈਰੀ ਨੂੰ) ਸੰਘਾਰਦੇ ਹਨ।
ਕਈ ਕ੍ਰੋਧਵਾਨ ਹੋ ਕੇ ਮੂੰਹ ਤੋਂ 'ਮਾਰੋ-ਮਾਰੋ' ਪੁਕਾਰਦੇ ਹਨ ॥੪੦੧॥
ਕਈ ਛਤ੍ਰੀ ਰਣ-ਭੂਮੀ ਵਿਚ ਤਲਵਾਰ ਨਾਲ ਟੋਟੇ ਟੋਟੇ ਹੋ ਕੇ ਡਿਗ ਰਹੇ ਹਨ।
ਕਈ ਅਸਤ੍ਰਧਾਰੀ ('ਅਤ੍ਰੀ') ਡਰ ਦੇ ਮਾਰੇ ਭਜ ਚਲੇ ਹਨ।
ਕਈ ਨਿਝਕ ('ਨਿਭ੍ਰਮ') ਹੋ ਕੇ ਯੁੱਧ ਮਚਾ ਰਹੇ ਹਨ।
ਯੁੱਧ-ਭੂਮੀ ਵਿਚ ਸਿਝ ਕੇ ਸਵਰਗ ਦੀ ਪ੍ਰਾਪਤੀ ਕਰਦੇ ਹਨ ॥੪੦੨॥
ਕਈ ਰਣ-ਮੰਡਲ ਵਿਚ ਜੂਝ ਕੇ ਮਰ ਗਏ ਹਨ।
ਕਈ ਇਕ ਬ੍ਰਹਮੰਡਲ ਨੂੰ ਭੇਦ ਕੇ ਚਲੇ ਗਏ ਹਨ।
ਕਈ ਇਕ ਆ ਕੇ ਬਰਛਿਆਂ ਦਾ ਵਾਰ ਕਰਦੇ ਹਨ।
ਕਈਆਂ ਦੇ ਅੰਗ ਭੰਗ ਹੋ ਕੇ ਡਿਗ ਰਹੇ ਹਨ ॥੪੦੩॥
ਬਿਸੇਖ ਛੰਦ:
ਸਾਰੇ ਸੂਰਮੇ ਅਣਖ-ਹੀਨ ਹੋ ਕੇ ਉਥੇ ਸਾਰਾ ਸਾਜ ਤਿਆਗ ਕੇ ਭਜ ਚਲੇ ਹਨ।
ਉਥੇ ਭੂਤਾਂ, ਪਿਸਾਚਾਂ, ਦੈਂਤਾਂ ਦਾ ਰਾਜਾ ਨਚ ਰਿਹਾ ਹੈ।
ਦੇਵਤੇ ਅਤੇ ਦੈਂਤ ਮਹਾਨ ਯੁੱਧ ਨੂੰ ਵੇਖਦੇ ਹਨ, (ਇਸ ਦਾ ਭਲਾ) ਵਣਨ ਕੌਣ ਕਰ ਸਕਦਾ ਹੈ?
ਉਸ ਤਰ੍ਹਾਂ (ਇਨ੍ਹਾਂ ਦਾ) ਯੁੱਧ ਹੋਇਆ ਜਿਵੇਂ ਅਰਜਨ ('ਪਾਰਥ') ਦਾ ਕਰਨ ਰਾਜੇ ਨਾਲ (ਹੋਇਆ ਸੀ) ॥੪੦੪॥
ਮਹਾਨ ਹਠੀ ਯੋਧੇ ਹਠ ਧਾਰ ਕੇ ਕ੍ਰੋਧ ਨਾਲ ਦਾਓ ਵਰਤਦੇ ਹਨ।
ਕ੍ਰੋਧ ਦੇ ਇਸ ਤਰ੍ਹਾਂ ਨਾਲ ਭਰੇ ਹੋਏ ਹਨ, ਮਾਨੋ ਭੱਠੀ ਦੀ ਅਗਨੀ ਹੋਵੇ।
ਕ੍ਰੋਧ ਨਾਲ ਭਰੇ ਹੋਏ ਛਤ੍ਰੀ ਅਸਤ੍ਰਾਂ ਨੂੰ ਚਲਾਉਂਦੇ ਹਨ।
ਭਜਦੇ ਨਹੀਂ ਹਨ ਅਤੇ ਪੈਰ (ਟਿਕਾ ਕੇ) 'ਮਾਰੋ ਮਾਰੋ' ਪੁਕਾਰਦੇ ਹਨ ॥੪੦੫॥