ਸ਼੍ਰੀ ਦਸਮ ਗ੍ਰੰਥ

ਅੰਗ - 987


ਸਾਠਿ ਸਹਸ੍ਰ ਰਥੀ ਹੂੰ ਕੂਟੇ ॥੨੧॥

ਅਤੇ ਸੱਠ ਹਜ਼ਾਰ ਰਥੀ ਵੀ ਮਾਰ ਦਿੱਤੇ ਹਨ ॥੨੧॥

ਦੋਹਰਾ ॥

ਦੋਹਰਾ:

ਏਤੀ ਸੈਨ ਸੰਘਾਰਿ ਕੈ ਪੈਦਲ ਹਨ੍ਯੋ ਅਪਾਰ ॥

ਇਤਨੀ ਸੈਨਾ ਮਾਰ ਕੇ ਬੇਸ਼ੁਮਾਰ ਪੈਦਲ ਮਾਰ ਦਿੱਤੇ,

ਜਨੁ ਕਰਿ ਜਏ ਨ ਕਾਖਿ ਤੇ ਆਏ ਨਹਿ ਸੰਸਾਰ ॥੨੨॥

ਮਾਨੋ (ਇਹ ਮਾਵਾਂ ਦੀਆਂ) ਕੁਖਾਂ ਤੋਂ ਜਨਮ ਲੈ ਕੇ ਸੰਸਾਰ ਵਿਚ ਆਏ ਹੀ ਨਾ ਹੋਣ ॥੨੨॥

ਚੌਪਈ ॥

ਚੌਪਈ:

ਸਭ ਹੀ ਬੀਰ ਜੁਧ ਕਰਿ ਹਾਰੇ ॥

ਸਾਰੇ ਸੂਰਮੇ ਯੁੱਧ ਕਰ ਕੇ ਹਾਰ ਗਏ।

ਤਿਨ ਤੇ ਗਏ ਨ ਦਾਨੌ ਮਾਰੈ ॥

ਉਨ੍ਹਾਂ ਕੋਲੋਂ ਦੈਂਤ ਨਾ ਮਾਰਿਆ ਗਿਆ।

ਖੇਤ ਛੋਰਿ ਸਭ ਹੀ ਘਰ ਗਏ ॥

ਰਣਭੂਮੀ ਛਡ ਕੇ ਸਭ ਘਰ ਚਲੇ ਗਏ।

ਮਤੋ ਕਰਤ ਐਸੀ ਬਿਧਿ ਭਏ ॥੨੩॥

ਇਸ ਪ੍ਰਕਾਰ ਦਾ ਮਤਾ ਪਕਾਉਣ ਲਗੇ ॥੨੩॥

ਸਵੈਯਾ ॥

ਸਵੈਯਾ:

ਕੈਸੇ ਹੂੰ ਮਾਰਿਯੋ ਮਰੈ ਨ ਨਿਸਾਚਰ ਜੁਧ ਸਭੈ ਕਰਿ ਕੈ ਭਟ ਹਾਰੇ ॥

ਸਾਰੇ ਹੀ ਸੈਨਿਕ ਯੁੱਧ ਕਰ ਕੇ ਥਕ ਗਏ ਹਨ, ਪਰ ਕਿਸੇ ਤਰ੍ਹਾਂ ਵੀ ਦੈਂਤ ਮਾਰਿਆ ਨਹੀਂ ਜਾ ਰਿਹਾ।

ਬਾਨ ਕ੍ਰਿਪਾਨ ਗਦਾ ਬਰਛੀਨ ਕੇ ਭਾਤਿ ਅਨੇਕਨ ਘਾਇ ਪ੍ਰਹਾਰੇ ॥

ਬਾਣਾਂ, ਕ੍ਰਿਪਾਨਾਂ, ਗਦਾਵਾਂ, ਬਰਛੀਆਂ ਨਾਲ ਅਨੇਕ ਤਰ੍ਹਾਂ ਨਾਲ ਵਾਰ ਕੀਤੇ ਗਏ ਹਨ।

ਸੋ ਨਹਿ ਭਾਜਤ ਗਾਜਤ ਹੈ ਰਨ ਹੋਤ ਨਿਵਰਤਨ ਕ੍ਯੋ ਹੂੰ ਨਿਵਾਰੇ ॥

ਪਰ ਉਹ ਭਜਦਾ ਨਹੀਂ, ਰਣ ਵਿਚ (ਡਟ ਕੇ) ਗਜਦਾ ਹੈ। (ਉਹ) ਕਿਸੇ ਤਰ੍ਹਾਂ ਵੀ (ਯੁੱਧ-ਭੂਮੀ ਵਿਚ) ਹਟਾਇਆਂ ਹਟਦਾ ਨਹੀਂ।

ਦੇਸ ਤਜੈ ਕਹੂੰ ਜਾਇ ਬਸੈ ਕਹ ਆਵਤ ਹੈ ਮਨ ਮੰਤ੍ਰ ਤਿਹਾਰੇ ॥੨੪॥

ਕੀ ਦੇਸ਼ ਛਡ ਕੇ ਕਿਤੇ ਹੋਰ ਜਾ ਵਸੀਏ, ਤੁਹਾਡੇ ਮਨ ਵਿਚ ਕੀ ਸੋਚ ਆਉਂਦੀ ਹੈ ॥੨੪॥

ਚੌਪਈ ॥

ਚੌਪਈ:

ਇੰਦ੍ਰਮਤੀ ਬੇਸ੍ਵਾ ਤਹ ਰਹਈ ॥

ਇੰਦ੍ਰਮਤੀ ਨਾਂ ਦੀ ਇਕ ਵੇਸਵਾ ਉਥੇ ਰਹਿੰਦੀ ਸੀ।

ਅਧਿਕ ਰੂਪ ਤਾ ਕੌ ਜਗ ਕਹਈ ॥

ਸਾਰਾ ਸੰਸਾਰ ਉਸ ਨੂੰ ਅਤਿ ਸੁੰਦਰ ਕਹਿੰਦਾ ਸੀ।

ਸੂਰਜ ਚੰਦ੍ਰ ਜੋਤਿ ਜੋ ਧਾਰੀ ॥

ਮਾਨੋ ਸੂਰਜ ਅਤੇ ਚੰਦ੍ਰਮਾ ਨੇ ਜੋ ਜੋਤਿ ਧਾਰੀ ਹੋਈ ਹੈ,

ਜਨੁ ਯਾਹੀ ਤੇ ਲੈ ਉਜਿਯਾਰੀ ॥੨੫॥

ਉਹ ਸ਼ਾਇਦ (ਇਨ੍ਹਾਂ ਨੇ) ਉਸੇ ਤੋਂ ਹੀ ਲਈ ਹੋਵੇ ॥੨੫॥

ਦੋਹਰਾ ॥

ਦੋਹਰਾ:

ਤਿਨ ਬੀਰਾ ਤਹ ਤੇ ਲਯੋ ਚਲੀ ਤਹਾ ਕਹ ਧਾਇ ॥

(ਸਾਰਿਆਂ ਦੁਆਰਾ ਨਾ ਕੀਤੇ ਜਾ ਸਕਣ ਕਰ ਕੇ) ਉਸ (ਇੰਦ੍ਰਮਤੀ) ਨੇ ਬੀੜਾ ਚੁਕਿਆ (ਅਤੇ ਦੈਂਤ ਨੂੰ ਨਸ਼ਟ ਕਰਨ ਲਈ) ਉਥੋਂ ਲਈ ਚਲ ਪਈ।

ਬਸਤ੍ਰ ਪਹਿਰਿ ਤਿਤ ਕੌ ਚਲੀ ਜਿਤ ਅਸੁਰਨ ਕੋ ਰਾਇ ॥੨੬॥

(ਉਹ) ਬਸਤ੍ਰ ਪਾ ਕੇ ਉਸ ਪਾਸੇ ਵਲ ਚਲ ਪਈ ਜਿਥੇ ਦੈਂਤਾਂ ਦਾ ਰਾਜਾ (ਬੈਠਾ ਹੋਇਆ) ਸੀ ॥੨੬॥

ਚੌਪਈ ॥

ਚੌਪਈ:

ਮੇਵਾ ਔਰ ਮਿਠਾਈ ਲਈ ॥

(ਵੇਸਵਾ ਨੇ) ਮੇਵੇ ਅਤੇ ਮਠਿਆਈ ਲੈ ਕੇ

ਮਾਟਨ ਮੋ ਧਰ ਪਰ ਭਰਿ ਦਈ ॥

ਮਟਕਿਆਂ ਵਿਚ ਭਰ ਕੇ ਧਰਤੀ ਉਤੇ ਰਖ ਦਿੱਤੀ।

ਜਹ ਫਲ ਖਾਤ ਅਸੁਰ ਕੋ ਰਾਈ ॥

ਜਿਥੇ ਦੈਂਤ ਰਾਜਾ ਫਲ ਖਾਂਦਾ ਸੀ,

ਤਿਨ ਲੈ ਬਨ ਸੌ ਸਕਲ ਲਗਾਈ ॥੨੭॥

ਉਸ ਸਭ ਨੂੰ ਲੈ ਕੇ (ਉਸ ਨੇ) ਬਨ ਵਿਚ (ਡੇਰਾ) ਲਗਾ ਦਿੱਤਾ ॥੨੭॥

ਜਬ ਦਾਨੋ ਕੌ ਭੂਖਿ ਸੰਤਾਯੋ ॥

ਜਦੋਂ ਦੈਂਤ ਨੂੰ ਭੁਖ ਲਗੀ,

ਤਬ ਬਨ ਕੇ ਭਛਨ ਫਲ ਆਯੋ ॥

ਤਦੋਂ ਬਨ ਵਿਚ ਫਲ ਖਾਣ ਲਈ ਆਇਆ।

ਮਾਟ ਫੋਰਿ ਪਕਵਾਨ ਚਬਾਇਸ ॥

ਮਟਕੇ ਫੋੜ ਕੇ ਪਕਵਾਨ ਖਾਧੇ

ਮਦਰਾ ਪਿਯਤ ਅਧਿਕ ਮਨ ਭਾਇਸ ॥੨੮॥

ਅਤੇ ਮਨ ਭਰ ਕੇ ਬਹੁਤ ਸ਼ਰਾਬ ਪੀਤੀ ॥੨੮॥

ਪੀ ਮਦਰਾ ਭਯੋ ਮਤ ਅਭਿਮਾਨੀ ॥

ਸ਼ਰਾਬ ਪੀ ਕੇ ਅਭਿਮਾਨੀ (ਦੈਂਤ) ਬੇਸੁੱਧ ਹੋ ਗਿਆ।

ਯਹ ਜਬ ਬਾਤ ਬੇਸੁਵਨ ਜਾਨੀ ॥

ਜਦ ਵੇਸਵਾ ਨੂੰ ਇਹ ਗੱਲ ਯਕੀਨੀ ਹੋ ਗਈ।

ਭਾਤਿ ਭਾਤਿ ਬਾਦਿਤ੍ਰ ਬਜਾਏ ॥

ਤਾਂ ਉਸ ਨੇ ਤਰ੍ਹਾਂ ਤਰ੍ਹਾਂ ਦੇ ਵਾਜੇ ਵਜਾਏ

ਗੀਤਿ ਅਨੇਕ ਤਾਨ ਕੈ ਗਾਏ ॥੨੯॥

ਅਤੇ ਅਨੇਕ ਤਾਨਾਂ ਵਾਲੇ ਗੀਤ ਗਏ ॥੨੯॥

ਜ੍ਯੋਂ ਜ੍ਯੋਂ ਪਾਤ੍ਰ ਨਾਚਤੀ ਆਵੈ ॥

ਜਿਉਂ ਜਿਉਂ ਵੇਸਵਾ ਨਚਦੀ ਆ ਰਹੀ ਸੀ

ਤ੍ਯੋਂ ਤ੍ਯੋਂ ਦਾਨੋ ਸੀਸ ਢੁਰਾਵੈ ॥

ਤਿਉਂ ਤਿਉਂ ਦੈਂਤ ਸਿਰ ਹਿਲਾ ਰਿਹਾ ਸੀ।

ਕੋਪ ਕਥਾ ਜਿਯ ਤੇ ਜਬ ਗਈ ॥

ਜਦ ਗੁੱਸੇ ਦੀ ਕਥਾ (ਅਰਥਾਤ ਜੰਗ ਦਾ ਜਨੂੰਨ) ਮਨ ਤੋਂ ਖ਼ਤਮ ਹੋ ਗਿਆ,

ਕਰ ਕੀ ਗਦਾ ਬਖਸਿ ਕਰ ਦਈ ॥੩੦॥

ਤਦ ਹੱਥ ਦੀ ਗਦਾ (ਵੇਸਵਾ ਨੂੰ) ਬਖ਼ਸ਼ ਦਿੱਤੀ ॥੩੦॥

ਆਈ ਨਿਕਟ ਲਖੀ ਜਬ ਪ੍ਯਾਰੀ ॥

ਜਦ ਉਸ ਨੇ ਪਿਆਰੀ ਨੂੰ ਨੇੜੇ ਆਇਆ ਵੇਖਿਆ

ਹੁਤੀ ਕ੍ਰਿਪਾਨ ਸੋਊ ਦੈ ਡਾਰੀ ॥

ਤਾਂ (ਉਸ ਪਾਸ ਜੋ ਕ੍ਰਿਪਾਨ) ਸੀ ਉਹ ਵੀ ਦੇ ਦਿੱਤੀ।

ਆਯੁਧ ਬਖਸਿ ਨਿਰਾਯੁਧ ਭਯੋ ॥

(ਉਹ) ਹਥਿਆਰ ਬਖ਼ਸ਼ ਕੇ ਸ਼ਸਤ੍ਰ-ਹੀਨ ਹੋ ਗਿਆ

ਯਹ ਸਭ ਭੇਦ ਤਿਨੈ ਲਖਿ ਲਯੋ ॥੩੧॥

ਅਤੇ ਇਹ ਸਾਰੀ ਗੱਲ ਉਸ (ਵੇਸਵਾ) ਨੇ ਜਾਣ ਲਈ ॥੩੧॥

ਨਾਚਤ ਨਿਕਟ ਦੈਂਤ ਕੇ ਆਈ ॥

(ਉਹ) ਨਚਦੀ ਹੋਈ ਦੈਂਤ ਦੇ ਕੋਲ ਆਈ

ਸਾਕਰ ਕਰ ਸੋਂ ਗਈ ਛੁਆਈ ॥

ਅਤੇ (ਉਸ ਦੇ) ਹੱਥ ਨਾਲ ਸੰਗਲ ਛੁਹਾ ਦਿੱਤਾ (ਭਾਵ ਬੰਨ੍ਹ ਲਿਆ)।

ਤਾ ਸੋ ਜੰਤ੍ਰ ਮੰਤ੍ਰ ਇਹ ਕੀਯੋ ॥

ਉਸ ਨਾਲ ਇਹ ਜੰਤ੍ਰ ਮੰਤ੍ਰ ਕੀਤਾ

ਭੇਟ੍ਯੋ ਤਨਿਕ ਕੈਦ ਕਰਿ ਲੀਯੋ ॥੩੨॥

ਅਤੇ ਜ਼ਰਾ ਜਿਹਾ ਮਿਲਣ ਨਾਲ ਹੀ ਉਸ ਨੂੰ ਕੈਦ ਕਰ ਲਿਆ ॥੩੨॥

ਦੋਹਰਾ ॥

ਦੋਹਰਾ: