ਸ਼੍ਰੀ ਦਸਮ ਗ੍ਰੰਥ

ਅੰਗ - 72


ਦੀਨਸਾਹ ਇਨ ਕੋ ਪਹਿਚਾਨੋ ॥

ਇਨ੍ਹਾਂ ਨੂੰ ਧਰਮ ਦਾ ਬਾਦਸ਼ਾਹ ਸਮਝੋ

ਦੁਨੀਪਤਿ ਉਨ ਕੋ ਅਨੁਮਾਨੋ ॥੯॥

ਅਤੇ ਉਨ੍ਹਾਂ ਨੂੰ ਦੁਨੀਆ ਦਾ ਬਾਦਸ਼ਾਹ ਵਿਚਾਰੋ ॥੯॥

ਜੋ ਬਾਬੇ ਕੋ ਦਾਮ ਨ ਦੈ ਹੈ ॥

ਜੋ ਬਾਬੇ (ਦੇ ਧਰਮ-ਪ੍ਰਚਾਰ) ਲਈ ਧਨ ਭੇਟ ਨਹੀਂ ਕਰਨਗੇ,

ਤਿਨ ਤੇ ਗਹਿ ਬਾਬਰ ਕੇ ਲੈ ਹੈ ॥

ਉਨ੍ਹਾਂ ਤੋਂ ਬਾਬਰ ਵਾਲੇ ਪਕੜ ਕੇ ਲੈ ਲੈਣਗੇ।

ਦੈ ਦੈ ਤਿਨ ਕੋ ਬਡੀ ਸਜਾਇ ॥

ਉਨ੍ਹਾਂ ਨੂੰ ਵੱਡੀ ਸਜ਼ਾ ਦੇ ਦੇ ਕੇ,

ਪੁਨਿ ਲੈ ਹੈ ਗ੍ਰਹਿ ਲੂਟ ਬਨਾਇ ॥੧੦॥

ਫਿਰ (ਉਨ੍ਹਾਂ ਦੇ) ਘਰ ਚੰਗੀ ਤਰ੍ਹਾਂ ਲੁਟ ਲੈਣਗੇ ॥੧੦॥

ਜਬ ਹ੍ਵੈ ਹੈ ਬੇਮੁਖ ਬਿਨਾ ਧਨ ॥

ਜਦ (ਉਹ) ਬੇਮੁਖ (ਮਸੰਦ) ਧਨ ਤੋਂ ਵਾਂਝੇ ਜਾਣਗੇ,

ਤਬਿ ਚੜਿ ਹੈ ਸਿਖਨ ਕਹ ਮਾਗਨ ॥

ਤਦ ਫਿਰ (ਉਹ) ਸਿੱਖਾਂ ਪਾਸੋਂ ਮੰਗਣ ਚੜ੍ਹਨਗੇ।

ਜੇ ਜੇ ਸਿਖ ਤਿਨੈ ਧਨ ਦੈ ਹੈ ॥

ਜਿਹੜੇ ਜਿਹੜੇ ਸਿੱਖ ਉਨ੍ਹਾਂ ਨੂੰ ਧਨ ਦੇਣਗੇ,

ਲੂਟਿ ਮਲੇਛ ਤਿਨੂ ਕੌ ਲੈ ਹੈ ॥੧੧॥

ਉਨ੍ਹਾਂ ਨੂੰ ਮਲੇਛ ਲੁਟ ਲੈਣਗੇ ॥੧੧॥

ਜਬ ਹੁਇ ਹੈ ਤਿਨ ਦਰਬ ਬਿਨਾਸਾ ॥

ਜਦੋਂ ਉਨ੍ਹਾਂ ਦਾ ਧਨ ਨਸ਼ਟ ਹੋ ਜਾਵੇਗਾ,

ਤਬ ਧਰਿ ਹੈ ਨਿਜਿ ਗੁਰ ਕੀ ਆਸਾ ॥

ਤਦੋਂ (ਉਹ) ਆਪਣੇ ਗੁਰੂ ਦੀ ਆਸ ਕਰਨਗੇ (ਅਰਥਾਤ ਗੁਰੂ ਦੀ ਸ਼ਰਨ ਵਿਚ ਆਉਣਗੇ)।

ਜਬ ਤੇ ਗੁਰ ਦਰਸਨ ਕੋ ਐ ਹੈ ॥

ਜਦ ਉਹ ਗੁਰੂ-ਦਰਸ਼ਨਾਂ ਲਈ ਆਉਣਗੇ,

ਤਬ ਤਿਨ ਕੋ ਗੁਰ ਮੁਖਿ ਨ ਲਗੈ ਹੈ ॥੧੨॥

ਤਦ ਉਨ੍ਹਾਂ ਨੂੰ ਗੁਰੂ ਮੂੰਹ ਨਹੀਂ ਲਗਾਵੇਗਾ ॥੧੨॥

ਬਿਦਾ ਬਿਨਾ ਜੈ ਹੈ ਤਬ ਧਾਮੰ ॥

ਤਦ (ਉਹ ਸਿੱਖ ਗੁਰੂ ਦੀ) ਆਗਿਆ ਤੋਂ ਬਿਨਾ ਘਰਾਂ ਨੂੰ ਪਰਤਣਗੇ,

ਸਰਿ ਹੈ ਕੋਈ ਨ ਤਿਨ ਕੋ ਕਾਮੰ ॥

ਉਨ੍ਹਾਂ ਦਾ ਕੋਈ ਕੰਮ ਵੀ ਸਿਰੇ ਨਹੀਂ ਚੜ੍ਹੇਗਾ।

ਗੁਰ ਦਰਿ ਢੋਈ ਨ ਪ੍ਰਭੁ ਪੁਰਿ ਵਾਸਾ ॥

(ਜਿਨ੍ਹਾਂ ਨੂੰ) ਗੁਰੂ ਦੇ ਦਰ ਉਤੇ ਢੋਈ ਨਹੀਂ (ਮਿਲਦੀ ਉਨ੍ਹਾਂ ਨੂੰ) ਪ੍ਰਭੂ ਦੇ ਦੁਆਰ ਉਤੇ ਵੀ ਨਿਵਾਸ ਨਹੀਂ ਮਿਲਦਾ।

ਦੁਹੂੰ ਠਉਰ ਤੇ ਰਹੇ ਨਿਰਾਸਾ ॥੧੩॥

ਉਹ ਦੋਹਾਂ ਪਾਸਿਆਂ ਤੋਂ ਨਿਰਾਸ ਰਹਿੰਦੇ ਹਨ ॥੧੩॥

ਜੇ ਜੇ ਗੁਰ ਚਰਨਨ ਰਤ ਹ੍ਵੈ ਹੈ ॥

ਜੋ ਜੋ (ਲੋਕ) ਗੁਰੂ-ਚਰਨਾਂ ਦੇ ਨਾਲ ਪ੍ਰੀਤ ਲਗਾਉਂਦੇ ਹਨ,

ਤਿਨ ਕੋ ਕਸਟਿ ਨ ਦੇਖਨ ਪੈ ਹੈ ॥

ਉਨ੍ਹਾਂ ਵਲ ਕਸ਼ਟ ਵੇਖ ਵੀ ਨਹੀਂ ਸਕਦਾ।

ਰਿਧਿ ਸਿਧਿ ਤਿਨ ਕੇ ਗ੍ਰਿਹ ਮਾਹੀ ॥

ਉਨ੍ਹਾਂ ਦੇ ਘਰ ਵਿਚ ਰਿੱਧੀਆਂ ਸਿੱਧੀਆਂ ਸਦਾ ਮੌਜੂਦ ਰਹਿੰਦੀਆਂ ਹਨ।

ਪਾਪ ਤਾਪ ਛ੍ਵੈ ਸਕੈ ਨ ਛਾਹੀ ॥੧੪॥

ਪਾਪ ਅਤੇ ਤਾਪ (ਉਨ੍ਹਾਂ ਦੀ) ਪਰਛਾਈ ਨੂੰ ਵੀ ਛੋਹ ਨਹੀਂ ਸਕਦੇ ॥੧੪॥

ਤਿਹ ਮਲੇਛ ਛ੍ਵੈ ਹੈ ਨਹੀ ਛਾਹਾ ॥

ਮਲੇਛ (ਲੋਕ) ਉਨ੍ਹਾਂ ਦੀ ਛਾਇਆ ਨੂੰ ਵੀ ਛੋਹ ਨਹੀਂ ਸਕਦੇ।

ਅਸਟ ਸਿਧ ਹ੍ਵੈ ਹੈ ਘਰਿ ਮਾਹਾ ॥

ਅੱਠ ਸਿੱਧੀਆਂ (ਉਨ੍ਹਾਂ ਦੇ) ਘਰ ਵਿਚ ਰਹਿੰਦੀਆਂ ਹਨ।

ਹਾਸ ਕਰਤ ਜੋ ਉਦਮ ਉਠੈ ਹੈ ॥

ਹਾਸਾ ਕਰਦਿਆਂ (ਸਹਿਜ ਸੁਭਾਵਿਕ) ਜਿਹੜੇ ਉਦਮ (ਲਈ ਕਦਮ) ਉਠਾਉਂਦੇ ਹਨ,

ਨਵੋ ਨਿਧਿ ਤਿਨ ਕੇ ਘਰਿ ਐ ਹੈ ॥੧੫॥

ਨੌ ਨਿੱਧਾਂ ਉਨ੍ਹਾਂ ਦੇ ਘਰੀਂ ਆ ਜਾਂਦੀਆਂ ਹਨ ॥੧੫॥

ਮਿਰਜਾ ਬੇਗ ਹੁਤੋ ਤਿਹ ਨਾਮੰ ॥

ਉਸ (ਅਹਿਦੀਏ ਦਾ) ਨਾਂ ਮਿਰਜ਼ਾ ਬੇਗ ਸੀ

ਜਿਨਿ ਢਾਹੇ ਬੇਮੁਖਨ ਕੇ ਧਾਮੰ ॥

ਜਿਸ ਨੇ ਗੁਰੂ ਤੋਂ ਬੇਮੁਖ ਹੋਇਆਂ ਦੇ ਘਰ ਢਾਹੇ ਸਨ।

ਸਭ ਸਨਮੁਖ ਗੁਰ ਆਪ ਬਚਾਏ ॥

ਸਾਰੇ ਸਨਮੁਖ ਸਿੱਖਾਂ ਨੂੰ ਗੁਰੂ ਨੇ ਆਪ ਬਚਾ ਲਿਆ,

ਤਿਨ ਕੇ ਬਾਰ ਨ ਬਾਕਨ ਪਾਏ ॥੧੬॥

ਉਨ੍ਹਾਂ ਦਾ ਵਾਲ ਵੀ ਵਿੰਗਾ ਨਾ ਹੋ ਸਕਿਆ ॥੧੬॥

ਉਤ ਅਉਰੰਗ ਜੀਯ ਅਧਿਕ ਰਿਸਾਯੋ ॥

ਉਧਰ ਔਰੰਗਜ਼ੇਬ ਮਨ ਵਿਚ ਅਧਿਕ ਕ੍ਰੋਧਵਾਨ ਹੋਇਆ।

ਚਾਰ ਅਹਦੀਯਨ ਅਉਰ ਪਠਾਯੋ ॥

(ਉਸ ਨੇ) ਚਾਰ ਅਹਿਦੀਏ ਹੋਰ ਭੇਜ ਦਿੱਤੇ।

ਜੇ ਬੇਮੁਖ ਤਾ ਤੇ ਬਚਿ ਆਏ ॥

ਜੋ ਬੇਮੁਖ ਉਸ (ਮਿਰਜ਼ਾ ਬੇਗ) ਤੋਂ ਬਚ ਨਿਕਲੇ ਸਨ,

ਤਿਨ ਕੇ ਗ੍ਰਿਹ ਪੁਨਿ ਇਨੈ ਗਿਰਾਏ ॥੧੭॥

ਉਨ੍ਹਾਂ ਦੇ ਘਰ ਫਿਰ ਇਨ੍ਹਾਂ ਨੇ ਆ ਕੇ ਢਵਾ ਦਿੱਤੇ ॥੧੭॥

ਜੇ ਤਜਿ ਭਜੇ ਹੁਤੇ ਗੁਰ ਆਨਾ ॥

ਜਿਹੜੇ ਗੁਰੂ ਦੀ ਓਟ ਛਡ ਕੇ ਭਜੇ ਸਨ,

ਤਿਨ ਪੁਨਿ ਗੁਰੂ ਅਹਦੀਅਹਿ ਜਾਨਾ ॥

ਉਨ੍ਹਾਂ ਨੇ ਫਿਰ ਅਹਿਦੀਆਂ ਨੂੰ ਗੁਰੂ ਮੰਨ ਲਿਆ।

ਮੂਤ੍ਰ ਡਾਰ ਤਿਨ ਸੀਸ ਮੁੰਡਾਏ ॥

(ਅਹਿਦੀਆਂ ਨੇ) ਪਿਸ਼ਾਬ ਪਾ ਕੇ (ਉਨ੍ਹਾਂ ਦੇ) ਸਿਰ ਮੁੰਨਵਾ ਦਿੱਤੇ।

ਪਾਹੁਰਿ ਜਾਨਿ ਗ੍ਰਿਹਹਿ ਲੈ ਆਏ ॥੧੮॥

(ਇਸ ਨੂੰ) ਪਾਹੁਲ ਸਮਝ ਕੇ (ਉਹ) ਘਰਾਂ ਨੂੰ ਪਰਤੇ ॥੧੮॥

ਜੇ ਜੇ ਭਾਜਿ ਹੁਤੇ ਬਿਨੁ ਆਇਸੁ ॥

ਜਿਹੜੇ ਜਿਹੜੇ (ਗੁਰੂ ਦੀ) ਆਗਿਆ ਤੋਂ ਬਿਨਾ (ਆਨੰਦਪੁਰੋਂ) ਭਜੇ ਸਨ,

ਕਹੋ ਅਹਦੀਅਹਿ ਕਿਨੈ ਬਤਾਇਸੁ ॥

ਦਸੋ, (ਉਨ੍ਹਾਂ ਬਾਰੇ) ਅਹਿਦੀਆਂ ਨੂੰ ਕਿਸ ਨੇ ਦਸਿਆ (ਅਰਥਾਤ ਅਗੰਮੀ ਸ਼ਕਤੀ ਦੇ ਪ੍ਰੇਰੇ ਅਹਿਦੀਏ ਉਨ੍ਹਾਂ ਪਿਛੇ ਲਗ ਗਏ)।

ਮੂੰਡ ਮੂੰਡਿ ਕਰਿ ਸਹਰਿ ਫਿਰਾਏ ॥

(ਉਨ੍ਹਾਂ ਨੂੰ) ਮੁੰਨ ਮੁੰਨ ਕੇ ਸ਼ਹਿਰ ਵਿਚ ਫਿਰਾਇਆ,

ਕਾਰ ਭੇਟ ਜਨੁ ਲੈਨ ਸਿਧਾਏ ॥੧੯॥

ਮਾਨੋ ਕਾਰ-ਭੇਟ ਉਗਰਾਹੁਣ ਲਈ ਤੁਰੇ ਹੋਣ ॥੧੯॥

ਪਾਛੈ ਲਾਗਿ ਲਰਿਕਵਾ ਚਲੇ ॥

ਉਨ੍ਹਾਂ ਦੇ ਪਿਛੇ ਜੋ ਬੱਚੇ (ਓਇ ਓਇ ਕਰਦੇ) ਚਲ ਰਹੇ ਸਨ,

ਜਾਨੁਕ ਸਿਖ ਸਖਾ ਹੈ ਭਲੇ ॥

ਮਾਨੋ (ਉਹ ਉਨ੍ਹਾਂ ਦੇ) ਚੰਗੇ ਸਿੱਖ-ਸੇਵਕ ਹੋਣ।

ਛਿਕੇ ਤੋਬਰਾ ਬਦਨ ਚੜਾਏ ॥

(ਉਨ੍ਹਾਂ ਦੇ) ਮੂੰਹ ਉਤੇ ਤੋਬਰੇ ਖਿਚ ਕੇ ਚੜ੍ਹਾ ਦਿੱਤੇ ਸਨ,

ਜਨੁ ਗ੍ਰਿਹਿ ਖਾਨ ਮਲੀਦਾ ਆਏ ॥੨੦॥

ਮਾਨੋ ਘਰੋਂ ਮਲੀਦਾ (ਨਿਹਾਰੀ, ਰਾਤਬ) ਖਾਣ ਨੂੰ ਆਇਆ ਹੋਵੇ ॥੨੦॥

ਮਸਤਕਿ ਸੁਭੇ ਪਨਹੀਯਨ ਘਾਇ ॥

(ਉਨ੍ਹਾਂ ਸਾਰਿਆਂ ਦੇ ਮੱਥਿਆਂ ਉਤੇ ਜੁਤੀਆਂ (ਪੈਣ) ਦੇ ਨਿਸ਼ਾਨ ਸਨ,

ਜਨੁ ਕਰਿ ਟੀਕਾ ਦਏ ਬਲਾਇ ॥

ਮਾਨੋ (ਅਹਿਦੀਆਂ-ਗੁਰੂ ਨੇ ਉਨ੍ਹਾਂ ਨੂੰ) ਤਿਲਕ ਲਗਾਏ ਹੋਣ।


Flag Counter