ਉਥੇ ਬਾਂਕੇ ਸੂਰਮਿਆਂ ਨੂੰ ਚੰਗੀ ਤਰ੍ਹਾਂ ਮਾਰ ਦਿੱਤਾ।
(ਕੇਵਲ ਉਹੀ) ਬਚੇ ਜੋ ਪ੍ਰਾਣ ਲੈ ਕੇ ਭਜ ਗਏ ॥੧੦॥
ਉਥੇ ਸੰਗੋ ਸ਼ਾਹ ਨੇ ਯੁੱਧ (ਦੇ ਕਰਤਬ ਵਿਖਾਉਣ ਲਈ) ਅਖਾੜਾ ਬਣਾ ਦਿੱਤਾ
ਅਤੇ ਬਹੁਤ ਸਾਰੇ ਖ਼ੂਨਖ਼ਾਰ ਪਠਾਣਾਂ ਨੂੰ ਮਿਧ ਦਿੱਤਾ।
(ਉਸ ਵੇਲੇ ਗੁਲੇਰੀਆ) ਰਾਜਾ ਗੋਪਾਲ ਯੁੱਧ-ਭੂਮੀ ਵਿਚ ਖੜੋ ਕੇ ਗਜ ਰਿਹਾ ਸੀ
ਮਾਨੋ ਹਿਰਨਾਂ ਦੇ ਝੁੰਡ ਵਿਚ ਸ਼ੇਰ ਸੋਭ ਰਿਹਾ ਹੋਵੇ ॥੧੧॥
ਉਦੋਂ ਇਕ ਸੂਰਮੇ ਹਰੀ ਚੰਦ ਨੇ ਕ੍ਰੋਧ ਕੀਤਾ
ਅਤੇ ਚੰਗੀ ਤਰ੍ਹਾਂ ਨਾਲ ਯੁੱਧ-ਭੂਮੀ ਵਿਚ ਪੈਰ ਗਡ ਦਿੱਤੇ।
(ਉਸ ਨੇ) ਬਹੁਤ ਕ੍ਰੋਧ ਕਰ ਕੇ ਤਿਖੇ ਤੀਰ ਚਲਾਏ
ਕਿ ਜਿਨ੍ਹਾਂ ਨੂੰ ਲਗੇ ਉਹ (ਸੰਸਾਰ ਤੋਂ) ਪਰਲੇ ਪਾਸੇ ਚਲੇ ਗਏ ॥੧੨॥
ਰਸਾਵਲ ਛੰਦ:
ਹਰੀ ਚੰਦ ਨੇ ਕ੍ਰੋਧ ਕਰ ਕੇ
ਚੰਗੇ ਸੂਰਮੇ ਮਾਰ ਦਿੱਤੇ।
ਉਸ ਨੇ ਤੀਰਾਂ ਦੀ ਚੰਗੀ ਵਾਛੜ ਲਗਾਈ
ਅਤੇ ਵਡੇ ਵਡੇ ਸੈਨਿਕਾਂ ਨੂੰ ਮਿਧ ਸੁਟਿਆ ॥੧੩॥
(ਉਹ) ਰੌਦਰ ਰਸ ਵਿਚ (ਪੂਰੀ ਤਰ੍ਹਾਂ) ਮਗਨ ਸੀ,
(ਇਸ ਲਈ) ਘੋਰ ਯੁੱਧ ਹੋਇਆ ਸੀ।
ਸ਼ਸਤ੍ਰ-ਧਾਰੀਆਂ ਨੂੰ (ਉਸ ਨੇ) ਮਾਰ ਦਿੱਤਾ
ਅਤੇ ਵਡੇ ਵਡੇ ਰਾਜਿਆਂ ਨੂੰ (ਧਰਤੀ ਉਤੇ) ਲਿਟਾ ਦਿੱਤਾ ॥੧੪॥
ਤਦੋਂ (ਸਾਡੇ ਸੂਰਮੇ) ਜੀਤ ਮੱਲ ਨੇ
ਭਾਲਾ ਲੈ ਕੇ ਹਰੀ ਚੰਦ ਦੇ
ਹਿਰਦੇ ਵਿਚ ਤਣ ਕੇ ਮਾਰਿਆ
ਅਤੇ ਉਸ ਨੂੰ ਭੁੰਜੇ ਸੁਟ ਦਿੱਤਾ ॥੧੫॥
ਵੀਰ-ਯੋਧਿਆਂ ਨੂੰ ਤੀਰ ਲਗਦੇ
ਅਤੇ ਉਹ ਅਗਨੀ ਵਾਂਗ (ਤੇਜਿ ਮਾਣੰ) ਲਹੂ ਨਾਲ ਲਾਲ ਹੋ ਜਾਂਦੇ।
ਉਹ ਸਾਰੇ ਘੋੜਿਆਂ ਨੂੰ ਛਡ ਕੇ
ਸੁਅਰਗ ਨੂੰ ਸਿਧਾਰ ਜਾਂਦੇ ॥੧੬॥
ਭੁਜੰਗ ਪ੍ਰਯਾਤ ਛੰਦ:
ਖ਼ੂਨਖ਼ਾਰ ਪਠਾਣਾਂ ਨੇ ਖੁਰਾਸਾਨ ਦੀਆਂ ਨੰਗੀਆਂ ਤਲਵਾਰਾਂ (ਸੂਤੀਆਂ ਹੋਈਆਂ ਸਨ)
ਅਤੇ ਸ਼ਸਤ੍ਰਾਂ ਦੇ (ਇਕ ਦੂਜੇ ਉਤੇ) ਵਜਣ ਨਾਲ ਅੱਗ ਦੀਆਂ ਚਿੰਗਾਰੀਆਂ ਨਿਕਲਦੀਆਂ ਸਨ।
(ਆਕਾਸ਼ ਵਿਚ) ਤੀਰਾਂ ਦੀ ਭੀੜ ਲਗ ਗਈ ਸੀ ਅਤੇ ਕਮਾਨਾਂ ਕੜ ਕੜ ਕਰਨ ਲਗੀਆਂ ਸਨ।
ਧੀਰਜ ਵਾਲੇ ਸੂਰਮਿਆਂ ਦੇ ਧੱਕੇ ਵਜਣ ਨਾਲ ਕਈ ਅਰਬੀ ਘੋੜੇ ਡਿਗ ਰਹੇ ਸਨ ॥੧੭॥
ਭੇਰੀਆਂ ਭੂੰ-ਭੂੰ ਕਰ ਕੇ ਵਜ ਰਹੀਆਂ ਸਨ ਅਤੇ ਨਗਾਰੇ ਧੁੰਕਾਰ (ਪਾ ਰਹੇ ਸਨ)।
ਦੋਹਾਂ ਪਾਸਿਆਂ ਤੋਂ ਬਾਂਕੇ ਵੀਰ ਲਲਕਾਰੇ ਮਾਰ ਰਹੇ ਸਨ,
ਬਾਂਹਵਾਂ ਨੂੰ ਉਲਾਰ ਕੇ ਸ਼ਸਤ੍ਰਾਂ ਨਾਲ ਸਟ ਮਾਰਦੇ ਸਨ
(ਅਤੇ ਯੁੱਧ-ਸਥਲ ਵਿਚ) ਡਾਕਣੀਆਂ ਡਕਾਰ ਰਹੀਆਂ ਸਨ ਅਤੇ ਚਾਮੁੰਡੀਆਂ ਚੀਕਾਂ ਮਾਰ ਰਹੀਆਂ ਸਨ ॥੧੮॥
ਦੋਹਰਾ:
ਕਿਥੋਂ ਤਕ ਵਰਣਨ ਕਰਾਂ, ਭਿਆਨਕ ਯੁੱਧ ਹੋਇਆ ਸੀ।
ਜਿਹੜੇ (ਸੂਰਮੇ) ਲੜੇ ਸਨ (ਉਹ) ਸਾਰੇ ਮਾਰੇ ਗਏ ਸਨ ਅਤੇ ਹਜ਼ਾਰਾਂ ਯੋਧੇ (ਯੁੱਧ-ਭੂਮੀ ਵਿਚੋਂ) ਭਜ ਗਏ ਸਨ ॥੧੯॥
ਭੁਜੰਗ ਪ੍ਰਯਾਤ ਛੰਦ:
(ਆਖਰ) ਪਹਾੜੀ ਰਾਜਾ (ਫਤਿਹ ਸ਼ਾਹ) ਘੋੜੇ ਨੂੰ ਟਪੋਸੀ ਮਰਵਾ ਕੇ ਭਜ ਗਿਆ।
ਭਜੇ ਜਾਂਦੇ ਉਤੇ (ਸਾਡੇ) ਵੀਰਾਂ ਨੇ (ਕੋਈ) ਤੀਰ ਨਾ ਚਲਾਇਆ।
(ਉਸ ਪਿਛੋਂ) ਜਸੋ ਵਾਲੀਆ ਅਤੇ ਡੱਡਵਾਲੀਆ ਮਧੁਕਰ ਸ਼ਾਹ (ਯੁੱਧ ਲਈ ਨਾ ਡਟ ਸਕੇ ਅਤੇ)
ਆਪਣੀ ਸਾਰੀ ਸੈਨਾ ਲੈ ਕੇ ਭਜ ਗਏ ॥੨੦॥
(ਇਸ ਸਥਿਤੀ ਤੋਂ) ਹੈਰਾਨ ਹੋ ਕੇ ਯੁੱਧ-ਵੀਰ ਚੰਦੇਲੀਆ (ਰਾਜਾ) ਜੋਸ਼ ਵਿਚ ਆਇਆ।
(ਉਧਰੋਂ) ਹਠੀ ਹਰੀਚੰਦ ਹੱਥ ਵਿਚ ਬਰਛਾ ਫੜ ਕੇ (ਆਇਆ)।
ਅਧਿਕ ਗੁੱਸੇ ਵਿਚ ਆ ਉਸ ਨੇ ਸੁਆਮੀ ਪ੍ਰਤਿ ਵਫ਼ਾਦਾਰੀ ਨੂੰ ਨਿਭਾਇਆ
ਅਤੇ ਲੜਦੇ ਹੋਇਆਂ ਟੋਟੇ ਟੋਟੇ ਹੋ ਕੇ ਡਿਗ ਪਿਆ ॥੨੧॥