ਦੋਹਰਾ:
ਉਥੇ ਤੁਹਾਨੂੰ ਸੰਬੋਧਿਤ ਆਕਾਸ਼ ਬਾਣੀ ਹੋਵੇਗੀ।
ਤਦ ਤੁਸੀਂ ਸਚ ਸਮਝਣਾ ਕਿ ਜੋਗੀ ਆ ਪਹੁੰਚਿਆ ਹੈ ॥੫੬॥
ਚੌਪਈ:
ਰਾਣੀ ਨੇ ਬਨ ਵਿਚ ਇਕ ਭਵਨ ਬਣਵਾਇਆ।
ਉਸ ਦੀ ਛਤ ਵਿਚ ਇਕ ਝਰੋਖਾ ਰਖਿਆ।
ਜਿਸ ਵਿਚ ਮਨੁੱਖ ਛੁਪ ਸਕੇ
ਅਤੇ ਜੋ ਚਿਤ ਵਿਚ ਚਾਹੇ, ਕਹਿ ਸਕੇ ॥੫੭॥
(ਉਹ) ਬੈਠਾ ਹੋਇਆ ਹੇਠਾਂ ਨਜ਼ਰ ਨਾ ਆ ਸਕੇ
ਅਤੇ (ਉਸ ਦੇ) ਬੋਲ ਆਕਾਸ਼ ਬਾਣੀ ਵਾਂਗ ਲਗਣ।
ਰਾਣੀ ਨੇ ਉਥੇ ਇਕ ਬੰਦੇ ਨੂੰ ਬਿਠਾਇਆ।
ਉਸ ਨੂੰ ਬੇਹਿਸਾਬ ਧਨ ਦੇ ਕੇ (ਚੰਗੀ ਤਰ੍ਹਾਂ ਨਾਲ) ਸਿਖਾ ਦਿੱਤਾ ॥੫੮॥
ਦੋਹਰਾ:
(ਉਸ ਰਾਣੀ ਦਾ) ਅਨੂਪ ਸਿੰਘ ਨਾਂ ਦਾ ਇਕ ਨੌਕਰ ਸੀ।
ਉਸ ਦੀ ਉਮਰ ਅਤੇ ਸ਼ਕਲ ਸੂਰਤ ਉਸ ਜੋਗੀ ਵਰਗੀ ਸੀ ॥੫੯॥
ਚੌਪਈ:
ਉਸ ਨੂੰ ਕਿਹਾ (ਕਿ ਕਿਸੇ ਤਰ੍ਹਾਂ) ਤੂੰ ਰਾਜੇ ਨੂੰ ਸਮਝਾਕੇ
ਅਤੇ ਆਪਣੇ ਆਪ ਨੂੰ ਜੋਗੀ ਦਸਕੇ।
ਜਿਵੇਂ ਕਿਵੇਂ ਰਾਜੇ ਨੂੰ ਘਰ ਵਲ ਮੋੜ ਲਿਆਉਣਾ ਹੈ।
ਜੋ ਕੁਝ ਵੀ ਮੁਖੋਂ ਮੰਗੋਗੇ, ਉਹੀ ਪ੍ਰਾਪਤ ਕਰੋਗੇ ॥੬੦॥
ਦੋਹਰਾ:
ਜਦ ਰਾਣੀ ਨੇ ਬੁਲਾ ਕੇ ਉਸ ਨੂੰ ਇਸ ਤਰ੍ਹਾਂ ਗੱਲ ਕਹੀ,
ਤਾਂ ਉਹ ਬੰਦਾ ਅਗੇ ਹੀ ਸਿਆਣਾ ਸੀ, ਸਾਰਾ ਭੇਦ ਸਮਝ ਗਿਆ ॥੬੧॥
ਚੌਪਈ:
ਤਦ ਰਾਣੀ ਰਾਜੇ ਕੋਲ ਆਈ
ਅਤੇ ਦੋ ਕੰਥਾਂ ਬਣਵਾ ਲਿਆਈ।
(ਰਾਜੇ ਨੂੰ ਆ ਕੇ ਕਿਹਾ ਕਿ) ਇਕ ਤੁਸੀਂ ਧਾਰਨ ਕਰੋ ਅਤੇ ਇਕ ਮੈਂ ਧਾਰਨ ਕਰਾਂਗੀ।
(ਮੈਂ ਵੀ) ਤੁਹਾਡੇ ਨਾਲ ਤਪਸਿਆ ਕਰਾਂਗੀ ॥੬੨॥
ਦੋਹਰਾ:
ਜਦ ਰਾਣੀ ਨੇ ਇਸ ਤਰ੍ਹਾਂ ਕਹਾ ਤਾਂ ਰਾਜਾ ਮੁਸਕਰਾਇਆ (ਅਤੇ ਕਹਿਣ ਲਗਾ ਕਿ)
ਉਸ ਨਾਲ ਜੋ (ਤੇਰੀਆਂ) ਗੱਲਾਂ ਹੋਈਆਂ ਸਨ, ਉਹ ਤੂੰ (ਮੈਨੂੰ) ਕਹਿ ਕੇ ਸੁਣਾ ॥੬੩॥
ਸਵੈਯਾ:
(ਰਾਜੇ ਨੇ ਹੋਰ ਕਿਹਾ) ਹੇ ਸੁੰਦਰੀ! ਬਨ ਵਿਚ ਵਸਣਾ ਦੁਖਦਾਈ ਹੈ, ਦਸ ਤੂੰ ਕਿਸ ਤਰ੍ਹਾਂ ਸਾਥ ਦੇ ਸਕੇਂਗੀ।
ਠੰਢ ਅਤੇ ਕੋਹਰਾ ਸ਼ਰੀਰ ਉਤੇ ਪਏਗਾ, ਇਸ ਕਰ ਕੇ (ਉਥੇ ਰਹਿਣ ਦਾ) ਹਠ ਨਾ ਧਾਰਨ ਕਰ।
(ਉਥੇ) ਸਾਲ ਅਤੇ ਤਮਾਲ (ਬ੍ਰਿਛਾਂ) ਵਰਗੇ ਸੱਪ ਹਨ, ਉਨ੍ਹਾਂ ਨੂੰ ਵੇਖ ਕੇ ਬਹੁਤ ਵਿਰਲਾਪ ਕਰੇਂਗੀ।
ਤੈਨੂੰ ਪਰਮਾਤਮਾ ਨੇ ਬਹੁਤ ਕੋਮਲ ਬਣਾਇਆ ਹੈ (ਜੇ ਤੂੰ) ਡਿਗ ਪਈ ਤਾਂ ਤੈਨੂੰ ਕੌਣ ਉਠਾਏਗਾ ॥੬੪॥
ਰਾਣੀ ਨੇ ਕਿਹਾ:
ਹੇ ਨਾਥ! (ਮੈਂ) ਸ਼ਰੀਰ ਉਤੇ ਠੰਡੀ ਹਵਾ ਸਹਿਨ ਕਰਾਂਗੀ, ਪਰ ਹੁਣ ਤੁਹਾਨੂੰ ਛਡ ਕੇ ਨਹੀਂ ਜਾਵਾਂਗੀ।
ਸਾਲ ਅਤੇ ਤਮਾਲ (ਬ੍ਰਿਛਾਂ) ਵਰਗੇ ਸੱਪਾਂ ਨੂੰ ਵੇਖ ਕੇ ਬਿਲਕੁਲ ਨਹੀਂ ਡਰਾਂਗੀ।
ਰਾਜ ਦੀ ਸਾਜ ਸਜਾਵਟ ਨੂੰ ਛਡ ਕੇ ਤਪਸਿਆ ਦੇ ਧਨ ਦੀ ਮਰਯਾਦਾ ਨੂੰ ਧਾਰਨ ਕਰਾਂਗੀ ਅਤੇ ਆਪਣੇ ਸੁਆਮੀ ਦੇ ਨਾਲ ਜਾਵਾਂਗੀ।
(ਮੁਕਦੀ) ਗੱਲ ਇਹ ਹੈ (ਕਿ ਮੈਂ) ਸ਼ਰੀਰ ਉਤੇ ਦੁਖ ਸਹਿਨ ਕਰਾਂਗੀ ਅਤੇ ਬਨ ਵਿਚ (ਆਪਣੇ) ਪਤੀ ਦੀ ਸੰਗਤ ਵਿਚ ਪੱਤੇ ਚਬਾ ਕੇ (ਜੀਵਨ ਦਾ ਨਿਰਵਾਹ ਕਰਾਂਗੀ) ॥੬੫॥
ਰਾਜੇ ਨੇ ਕਿਹਾ:
ਦੋਹਰਾ:
(ਤੂੰ ਪਿਛੇ ਰਹਿ ਕੇ) ਚੰਗੀ ਤਰ੍ਹਾਂ ਰਾਜ ਦੀ ਰਾਖੀ ਕਰੀਂ ਅਤੇ (ਆਪਣੇ) ਪਤੀ ਨੂੰ ਨਿੱਤ ਯਾਦ ਕਰਦੀ ਰਹੀਂ।
(ਮੇਰੇ) ਬਚਨ ਚਿਤ ਵਿਚ ਧਾਰਨ ਕਰ ਕੇ ਸਦਾ ਪੁੱਤਰ ਦੀ ਸੇਵਾ ਕਰੀਂ ॥੬੬॥
ਸਵੈਯਾ:
ਰਾਜ ਸਾਜ ਛਡ ਕੇ ਤਪਸਿਆ ਰੂਪ ਧਨ ਪ੍ਰਾਪਤ ਕਰਨ ਲਈ ਇੰਦਰ ਦਾ ਰਾਜ ਵੀ ਮੇਰੇ ਕਿਸੇ ਕੰਮ ਦਾ ਨਹੀਂ।
ਘੋੜੇ, ਪੈਦਲ ਅਤੇ ਹਾਥੀ ਆਦਿ ਦੀ (ਜੋ ਸ਼ਾਹੀ) ਸਾਜ ਸਜਾਵਟ ਬਣੀ ਹੋਈ ਹੈ, (ਇਸ ਪ੍ਰਕਾਰ ਦੀ) ਕੋਈ ਪ੍ਰਭੁਤਾ ਨਹੀਂ ਚਾਹੀਦੀ।