ਸ਼੍ਰੀ ਦਸਮ ਗ੍ਰੰਥ

ਅੰਗ - 1336


ਪਤੀਬ੍ਰਤਾ ਨਾਰੀ ਕਹ ਜਾਨ੍ਯੋ ॥

ਅਤੇ ਆਪਣੀ ਇਸਤਰੀ ਨੂੰ ਪਤਿਬ੍ਰਤਾ ਸਮਝਣ ਲਗਾ।

ਸਿਰ ਪਰ ਧਰਿ ਪਲਕਾ ਪਰ ਨਚਾ ॥

ਸਿਰ ਉਤੇ ਮੰਜੀ ਨੂੰ ਚੁਕ ਕੇ ਨਚਣ ਲਗਾ।

ਇਹ ਬਿਧਿ ਜਾਰਿ ਨਾਰਿ ਜੁਤ ਬਚਾ ॥੯॥

ਇਸ ਤਰ੍ਹਾਂ ਯਾਰ ਨਾਰੀ ਸਮੇਤ ਬਚ ਗਿਆ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤਿਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੩॥੬੮੭੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੩॥੬੮੭੨॥ ਚਲਦਾ॥

ਚੌਪਈ ॥

ਚੌਪਈ:

ਸਦਾ ਸਿੰਘ ਇਕ ਭੂਪ ਮਹਾ ਮਨਿ ॥

ਸਦਾ ਸਿੰਘ ਨਾਂ ਦਾ ਇਕ ਉਦਾਰ ਮਨ ਵਾਲਾ ਰਾਜਾ ਸੀ।

ਸਦਾਪੁਰੀ ਜਾ ਕੀ ਪਛਿਮ ਭਨਿ ॥

ਉਸ ਦੀ ਸਦਾਪੁਰੀ (ਨਾਂ ਦੀ ਨਗਰੀ) ਪੱਛਮ ਵਿਚ ਦਸੀ ਜਾਂਦੀ ਸੀ।

ਸ੍ਰੀ ਸੁਲੰਕ ਦੇ ਤਾ ਕੀ ਨਾਰੀ ॥

ਸੁਲੰਕ ਦੇ (ਦੇਈ) ਉਸ ਦੀ ਇਸਤਰੀ ਸੀ।

ਜਨੁਕ ਚੰਦ੍ਰ ਤੇ ਚੀਰਿ ਨਿਕਾਰੀ ॥੧॥

(ਉਹ ਇਤਨੀ ਸੁੰਦਰ ਸੀ) ਮਾਨੋ ਚੰਦ੍ਰਮਾ ਨੂੰ ਚੀਰ ਕੇ ਕਢੀ ਹੋਵੇ ॥੧॥

ਤਹ ਇਕ ਹੋਤ ਸਾਹ ਧਨਵਾਨਾ ॥

ਉਥੇ ਇਕ ਧਨਵਾਨ ਸ਼ਾਹ ਸੀ,

ਨਿਰਧਨ ਕਰਿ ਡਾਰਿਯੋ ਭਗਵਾਨਾ ॥

ਜਿਸ ਨੂੰ ਪਰਮਾਤਮਾ ਨੇ ਗ਼ਰੀਬ ਕਰ ਦਿੱਤਾ।

ਅਧਿਕ ਚਤੁਰਿ ਤਾ ਕੀ ਇਕ ਨਾਰੀ ॥

ਉਸ ਦੀ ਇਕ ਬਹੁਤ ਚਾਲਾਕ ਇਸਤਰੀ ਸੀ।

ਤਿਨ ਤਾ ਸੌ ਇਹ ਭਾਤਿ ਉਚਾਰੀ ॥੨॥

ਉਸ ਨੇ ਸ਼ਾਹ ਨੂੰ ਇਸ ਤਰ੍ਹਾਂ ਕਿਹਾ ॥੨॥

ਕਰਿ ਹੌ ਬਹੁਰਿ ਤੁਮੈ ਧਨਵੰਤਾ ॥

ਜੇ ਪਰਮਾਤਮਾ ਨੇ ਕ੍ਰਿਪਾ ਕੀਤੀ

ਕ੍ਰਿਪਾ ਕਰੈ ਜੋ ਸ੍ਰੀ ਭਗਵੰਤਾ ॥

ਤਾਂ ਤੈਨੂੰ ਫਿਰ ਧਨਵਾਨ ਬਣਾ ਦਿਆਂਗੀ।

ਆਪਨ ਭੇਸ ਪੁਰਖ ਕੋ ਧਾਰੋ ॥

(ਉਸ ਨੇ) ਆਪਣਾ ਭੇਸ ਪੁਰਸ਼ ਦਾ ਧਾਰਨ ਕੀਤਾ

ਰਾਜ ਬਾਟ ਪਰ ਹਾਟ ਉਸਾਰੋ ॥੩॥

ਅਤੇ ਰਾਜ-ਮਾਰਗ ਉਤੇ ਦੁਕਾਨ ਬਣਾ ਲਈ ॥੩॥

ਏਕਨ ਦਰਬ ਉਧਾਰੋ ਦਿਯੋ ॥

ਉਹ ਇਕਨਾਂ ਨੂੰ ਧਨ ਉਧਾਰ ਦਿੰਦੀ

ਏਕਨ ਤੇ ਰਾਖਨ ਹਿਤ ਲਿਯੋ ॥

ਅਤੇ ਇਕਨਾਂ ਤੋਂ ਰਖਣ ਲਈ ਲੈਂਦੀ।

ਅਧਿਕ ਆਪਨੀ ਪਤਿਹਿ ਚਲਾਯੋ ॥

ਉਸ ਨੇ ਆਪਣੀ ਬਹੁਤ ਪਤਿ (ਪ੍ਰਤਿਸ਼ਠਾ, ਸਾਖ) ਬਣਾ ਲਈ।

ਜਹ ਤਹ ਸਕਲ ਧਨਿਨ ਸੁਨਿ ਪਾਯੋ ॥੪॥

(ਇਹ ਗੱਲ) ਜਿਥੇ ਕਿਥੇ ਧਨਵਾਨਾਂ ਨੇ ਸੁਣ ਲਈ ॥੪॥

ਸੋਫੀ ਸੂਮ ਸਾਹ ਇਕ ਤਹਾ ॥

ਉਥੇ ਇਕ ਕੰਜੂਸ ਸੋਫ਼ੀ (ਪਰਹੇਜ਼ਗਾਰ) ਸ਼ਾਹ ਸੀ

ਜਾ ਕੇ ਘਰ ਸੁਨਿਯਤ ਧਨ ਮਹਾ ॥

ਜਿਸ ਦੇ ਘਰ ਬਹੁਤ ਅਧਿਕ ਧਨ ਸੁਣੀਂਦਾ ਸੀ।

ਸੁਤ ਤ੍ਰਿਯ ਕੋ ਨਹਿ ਕਰਤ ਬਿਸ੍ਵਾਸਾ ॥

(ਉਹ) ਪੁੱਤਰ, ਇਸਤਰੀ ਆਦਿ ਕਿਸੇ ਉਤੇ ਵੀ ਵਿਸ਼ਵਾਸ ਨਹੀਂ ਕਰਦਾ ਸੀ

ਰਾਖਤ ਦਰਬ ਆਪਨੇ ਪਾਸਾ ॥੫॥

ਅਤੇ ਧਨ ਨੂੰ ਆਪਣੇ ਕੋਲ ਹੀ ਰਖਦਾ ਸੀ ॥੫॥

ਸਾਹ ਸੁਈ ਤਿਹ ਨਾਰਿ ਤਕਾਯੋ ॥

ਉਸ ਸ਼ਾਹ ਨੂੰ ਉਸ ਇਸਤਰੀ ਨੇ ਵੇਖਿਆ

ਅਧਿਕ ਪ੍ਰੀਤ ਕਰਿ ਤਾਹਿ ਬੁਲਾਯੋ ॥

ਅਤੇ ਬਹੁਤ ਪ੍ਰੇਮ ਜਤਾ ਕੇ ਉਸ ਨੂੰ ਬੁਲਾਇਆ।

ਤ੍ਰਿਯ ਸੁਤ ਮਾਲ ਕਹਾ ਤਵ ਖੈ ਹੈ ॥

ਕਹਿਣ ਲਗੀ ਕਿ ਤੇਰੀ ਇਸਤਰੀ ਅਤੇ ਪੁੱਤਰ ਹੀ (ਸਾਰਾ) ਮਾਲ ਖਾ ਜਾਣਗੇ

ਏਕ ਦਾਮ ਫਿਰਿ ਤੁਮੈ ਨ ਦੈ ਹੈ ॥੬॥

ਅਤੇ ਤੈਨੂੰ ਫਿਰ ਇਕ ਦਾਮ ਵੀ ਨਹੀਂ ਦੇਣਗੇ ॥੬॥

ਸਾਹ ਮਾਲ ਕਹੂੰ ਅਨਤ ਰਖਾਇ ॥

(ਇਸ ਲਈ) ਹੇ ਸ਼ਾਹ ਜੀ! (ਤੁਸੀਂ ਆਪਣਾ) ਮਾਲ ਕਿਤੇ ਹੋਰ ਰਖ ਦਿਓ

ਸਰਖਤ ਤਾ ਤੇ ਲੇਹੁ ਲਿਖਾਇ ॥

ਅਤੇ ਉਸ ਤੋਂ ਰਸੀਦ ('ਸਰਖਤ') ਲਿਖਵਾ ਲਵੋ।

ਮਾਤ ਪੂਤ ਕੋਈ ਭੇਦ ਨ ਪਾਵੈ ॥

ਮਾਤਾ ਅਤੇ ਪੁੱਤਰ ਨੂੰ ਬਿਲਕੁਲ ਪਤਾ ਨਾ ਲਗੇ

ਤੁਮ ਹੀ ਚਹਹੁ ਤਬੈ ਧਨ ਆਵੈ ॥੭॥

ਅਤੇ ਜਦੋਂ ਤੁਸੀਂ ਚਾਹੋ, ਤਦੋਂ ਧਨ ਆ ਜਾਵੇ ॥੭॥

ਬਚਨ ਬਹੁਰਿ ਤਿਨ ਸਾਹ ਬਖਾਨੋ ॥

ਫਿਰ ਸ਼ਾਹ ਨੇ ਬਚਨ ਕਿਹਾ,

ਤੁਮ ਤੇ ਔਰ ਭਲੋ ਨਹਿ ਜਾਨੋ ॥

ਮੈਂ ਤੁਹਾਡੇ ਵਰਗਾ ਭਲਾ (ਮਨੁੱਖ) ਹੋਰ ਕੋਈ ਨਹੀਂ ਜਾਣਦਾ।

ਮੇਰੋ ਸਕਲ ਦਰਬੁ ਤੈ ਲੇਹਿ ॥

ਤੁਸੀਂ ਮੇਰਾ ਸਾਰਾ ਧਨ ਲੈ ਲਵੋ

ਸਰਖਤ ਗੁਪਤ ਮੁਝੈ ਲਿਖਿ ਦੇਹਿ ॥੮॥

ਅਤੇ ਮੈਨੂੰ ਗੁਪਤ ਰੂਪ ਵਿਚ ਰਸੀਦ ਲਿਖ ਦਿਓ ॥੮॥

ਬੀਸ ਲਾਖ ਤਾ ਤੇ ਧਨ ਲਿਯਾ ॥

ਉਸ ਤੋਂ ਵੀਹ ਲੱਖ (ਰੁਪੈਯੇ) ਧਨ ਵਜੋਂ ਲੈ ਲਏ

ਸਰਖਤ ਏਕ ਤਾਹਿ ਲਿਖਿ ਦਿਯਾ ॥

ਅਤੇ ਉਸ ਨੂੰ ਇਕ ਰਸੀਦ ਲਿਖੀ ਦਿੱਤੀ।

ਬਾਜੂ ਬੰਦ ਬੀਚ ਇਹ ਰਖਿਯਹੁ ॥

(ਉਸ ਇਸਤਰੀ ਨੇ ਸਮਝਾਇਆ ਕਿ) ਇਸ (ਰਸੀਦ) ਨੂੰ ਬਾਜੂਬੰਦ ਵਿਚ ਰਖਣਾ

ਅਵਰ ਪੁਰਖ ਸੌ ਭੇਵ ਨ ਭਖਿਯਹੁ ॥੯॥

ਅਤੇ ਹੋਰ ਕਿਸੇ ਪੁਰਸ਼ ਨੂੰ ਭੇਦ ਨਾ ਦਸਣਾ ॥੯॥

ਦੈ ਧਨ ਸਾਹ ਜਬੈ ਘਰ ਗਯੋ ॥

ਜਦ ਸ਼ਾਹ ਧਨ ਦੇ ਕੇ ਘਰ ਗਿਆ,

ਭੇਖ ਮਜੂਰਨ ਕੋ ਤਿਨ ਲਯੋ ॥

ਤਾਂ ਉਸ (ਇਸਤਰੀ) ਨੇ ਮਜ਼ਦੂਰਨ ਦਾ ਭੇਸ ਧਾਰਨ ਕਰ ਲਿਆ।

ਧਾਮ ਤਿਸੀ ਕੇ ਕਿਯਾ ਪਯਾਨਾ ॥

ਉਸ ਦੇ ਘਰ ਵਲ ਹੀ ਚਲ ਪਈ।

ਭੇਦ ਅਭੇਦ ਤਿਨ ਮੂੜ ਨ ਜਾਨਾ ॥੧੦॥

ਉਸ ਮੂਰਖ (ਸ਼ਾਹ) ਨੇ ਭੇਦ ਅਭੇਦ ਨਾ ਸਮਝਿਆ ॥੧੦॥

ਕਹੀ ਕਿ ਏਕ ਟੂਕ ਮੁਹਿ ਦੇਹੁ ॥

(ਉਸ ਨੇ ਸ਼ਾਹ ਨੂੰ) ਕਿਹਾ ਕਿ ਮੈਨੂੰ ਰੋਟੀ ਦਾ ਇਕ ਟੁਕੜਾ ਦੇਣਾ

ਪਾਨ ਭਰਾਇਸ ਗਰਦਨਿ ਲੇਹੁ ॥

ਅਤੇ ਗਰਦਨ ਉਪਰ ਪਾਣੀ ਭਰਵਾਉਣ (ਦਾ ਕੰਮ) ਲੈਣਾ।

ਖਰਚ ਜਾਨਿ ਥੋਰੋ ਤਿਨ ਕਰੋ ॥

ਇਸ ਤਰ੍ਹਾਂ ਆਪਣਾ ਥੋੜਾ ਖਰਚ ਕਰੋ।