ਸ਼੍ਰੀ ਦਸਮ ਗ੍ਰੰਥ

ਅੰਗ - 1289


ਤਾ ਕੋ ਮਾਰਿ ਕਾਟਿ ਸਿਰ ਲਿਯੋ ॥

ਬੀਰਮ ਦੇਵ ਨੂੰ ਮਾਰ ਕੇ ਉਸ ਦਾ ਸਿਰ ਕਟ ਲਿਆ

ਲੈ ਹਾਜਿਰ ਹਜਰਤਿ ਕੇ ਕਿਯੋ ॥

ਅਤੇ ਲਿਆ ਕੇ ਬਾਦਸ਼ਾਹ ਦੇ ਪੇਸ਼ ਕੀਤਾ।

ਤਬ ਪਿਤ ਪਠੈ ਸੁਤਾ ਪਹਿ ਦੀਨਾ ॥

ਤਦ ਪਿਤਾ ਨੇ (ਉਹ ਸਿਰ) ਪੁੱਤਰੀ ਵਲ ਭੇਜ ਦਿੱਤਾ।

ਅਧਿਕ ਦੁਖਿਤ ਹ੍ਵੈ ਦਹੁਤਾ ਚੀਨਾ ॥੪੪॥

ਪੁੱਤਰੀ (ਉਸ ਨੂੰ) ਪਛਾਣ ਕੇ ਬਹੁਤ ਦੁਖੀ ਹੋਈ ॥੪੪॥

ਦੋਹਰਾ ॥

ਦੋਹਰਾ:

ਜਬ ਬੇਗਮ ਤਿਹ ਸ੍ਵਾਰ ਕੌ ਦੇਖਾ ਸੀਸ ਉਘਾਰਿ ॥

ਜਦ ਬੇਗਮ (ਬਾਦਸ਼ਾਹ ਦੀ ਪੁੱਤਰੀ) ਨੇ ਸਵਾਰ ਦੇ ਸਿਰ ਤੋਂ (ਕਪੜਾ) ਚੁਕ ਕੇ ਵੇਖਿਆ।

ਪਲਟਿ ਪਰਾ ਤਬ ਮੂੰਡ ਨ੍ਰਿਪ ਤਉ ਨ ਕਬੂਲੀ ਨਾਰਿ ॥੪੫॥

ਤਾਂ ਰਾਜੇ ਦਾ ਸਿਰ ਪਿਛੇ ਨੂੰ ਡਿਗ ਪਿਆ ਅਤੇ (ਅਜਿਹੀ ਅਵਸਥਾ ਵਿਚ ਵੀ) ਉਸ ਨੇ (ਮੁਸਲਮਾਣ) ਇਸਤਰੀ ਨੂੰ ਪ੍ਰਵਾਨ ਨਾ ਕੀਤਾ ॥੪੫॥

ਚੌਪਈ ॥

ਚੌਪਈ:

ਬੇਗਮ ਸੋਕਮਾਨ ਤਬ ਹ੍ਵੈ ਕੈ ॥

ਤਦ ਬਾਦਸ਼ਾਹ ਦੀ ਪੁੱਤਰੀ ਨੇ ਗ਼ਮਗੀਨ ਹੋ ਕੇ

ਜਮਧਰ ਹਨਾ ਉਦਰ ਕਰ ਲੈ ਕੈ ॥

ਹੱਥ ਵਿਚ ਜਮਧਰ ਲੈ ਕੇ ਪੇਟ ਵਿਚ ਮਾਰ ਲਈ।

ਪ੍ਰਾਨ ਮਿਤ੍ਰ ਕੇ ਲੀਨੇ ਦੀਨਾ ॥

(ਅਤੇ ਕਹਿਣ ਲਗੀ ਕਿ) ਮੇਰੇ ਮਿਤਰ ਦੇ ਪ੍ਰਾਣ 'ਦੀਨ' (ਇਸਲਾਮ ਧਰਮ) ਨੇ ਲੈ ਲਏ ਹਨ।

ਧ੍ਰਿਗ ਮੋ ਕੌ ਜਿਨ ਅਸ ਕ੍ਰਮ ਕੀਨਾ ॥੪੬॥

ਮੈਨੂੰ ਧਿੱਕਾਰ ਹੈ ਜਿਸ ਨੇ ਅਜਿਹਾ ਕੰਮ ਕੀਤਾ ਹੈ ॥੪੬॥

ਦੋਹਰਾ ॥

ਦੋਹਰਾ:

ਬੀਰਮ ਦੇ ਰਾਜਾ ਨਿਮਿਤ ਬੇਗਮ ਤਜੇ ਪਰਾਨ ॥

ਬੀਰਮ ਦੇਵ ਰਾਜੇ ਲਈ ਬਾਦਸ਼ਾਹ ਦੀ ਪੁੱਤਰੀ ਨੇ ਪ੍ਰਾਣ ਤਿਆਗ ਦਿੱਤੇ।

ਸੁ ਕਬਿ ਸ੍ਯਾਮ ਯਾ ਕਥਾ ਕੋ ਤਬ ਹੀ ਭਯੋ ਨਿਦਾਨ ॥੪੭॥

ਕਵੀ ਸ਼ਿਆਮ ਕਹਿੰਦੇ ਹਨ, ਤਦ ਹੀ ਇਸ ਕਥਾ ਦਾ ਅੰਤ ਹੋ ਗਿਆ ॥੪੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੫॥੬੨੯੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੫॥੬੨੯੫॥ ਚਲਦਾ॥

ਚੌਪਈ ॥

ਚੌਪਈ:

ਰਾਜ ਸੈਨ ਇਕ ਸੁਨਾ ਨ੍ਰਿਪਤਿ ਬਰ ॥

ਰਾਜ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ।

ਰਾਜ ਦੇਇ ਰਾਨੀ ਤਾ ਕੇ ਘਰ ॥

ਉਸ ਦੇ ਘਰ ਰਾਜ ਦੇਈ ਨਾਂ ਦੀ ਰਾਣੀ ਸੀ।

ਰੰਗਝੜ ਦੇ ਦੁਹਿਤਾ ਤਹ ਸੋਹੈ ॥

ਉਨ੍ਹਾਂ ਦੇ ਘਰ ਰੰਗਝੜ ਦੇ (ਦੇਈ) ਨਾਂ ਦੀ ਪੁੱਤਰੀ ਸ਼ੋਭਦੀ ਸੀ

ਸੁਰ ਨਰ ਨਾਗ ਅਸੁਰ ਮਨ ਮੋਹੈ ॥੧॥

ਜੋ ਦੇਵਤਿਆਂ, ਨਰਾਂ, ਨਾਗਾਂ ਅਤੇ ਦੈਂਤਾਂ ਦਾ ਮਨ ਮੋਹ ਲੈਂਦੀ ਸੀ ॥੧॥

ਬਢਤ ਬਢਤ ਅਬਲਾ ਜਬ ਬਢੀ ॥

ਜਦ ਬਾਲਿਕਾ ਵੱਧਦੀ ਵੱਧਦੀ ਜਵਾਨ ਹੋ ਗਈ

ਮਦਨ ਸੁ ਨਾਰ ਆਪੁ ਜਨੁ ਗਢੀ ॥

(ਤਾਂ ਇੰਜ ਪ੍ਰਤੀਤ ਹੋਣ ਲਗਾ) ਮਾਨੋ ਕਾਮ ਦੇਵ ਨੇ ਆਪ ਇਹ ਇਸਤਰੀ ਬਣਾਈ ਹੋਵੇ।

ਮਾਤ ਪਿਤਾ ਚਰਚਾ ਭਈ ਜੋਈ ॥

(ਜਦ) ਉਹ ਮਾਤਾ ਪਿਤਾ ਦੀ ਚਰਚਾ ਦਾ ਕਾਰਨ ਬਣੀ,

ਪ੍ਰਚੁਰ ਭਈ ਜਗ ਭੀਤਰਿ ਸੋਈ ॥੨॥

ਤਾਂ ਉਹ ਸਾਰੇ ਜਗਤ ਵਿਚ (ਸੁੰਦਰਤਾ ਕਰ ਕੇ) ਪ੍ਰਸਿੱਧ ਹੋ ਗਈ ॥੨॥

ਮਾਤੈ ਕਹੀ ਸੁਤਾ ਕੇ ਸੰਗਾ ॥

ਮਾਂ ਨੇ ਪੁੱਤਰੀ ਨੂੰ (ਇਕ ਦਿਨ) ਕਿਹਾ,

ਚੰਚਲਤਾ ਜਿਨ ਕਰੁ ਸੁੰਦ੍ਰੰਗਾ ॥

ਹੇ ਸੁੰਦਰ ਅੰਗਾਂ ਵਾਲੀਏ! ਚੰਚਲਤਾ ਨਾ ਕਰ।

ਕਹਾ ਬਿਸੇਸ ਧੁਜਹਿ ਤੂ ਬਰਿ ਹੈ ॥

(ਫਿਰ) ਕਿਹਾ, ਕਿ ਤੂੰ ਬਿਸੇਸ ਧੁਜ ਨਾਲ ਵਿਆਹ ਕਰ ਲੈ

ਤਾ ਕੋ ਜੀਤਿ ਦਾਸ ਲੈ ਕਰਿ ਹੈ ॥੩॥

ਅਤੇ ਉਸ ਨੂੰ ਜਿਤ ਕੇ ਆਪਣਾ ਦਾਸ ਬਣਾ ਲੈ ॥੩॥

ਸੁਨਤ ਬਾਤ ਤਾ ਕਹ ਲਗਿ ਗਈ ॥

ਮਾਂ ਦੀ ਗੱਲ ਸੁਣ ਕੇ (ਉਸ ਦੇ ਦਿਲ) ਨੂੰ ਲਗ ਗਈ।

ਰਾਖੀ ਗੂੜ ਨ ਭਾਖਤ ਭਈ ॥

(ਉਸ ਨੇ) ਗੁਪਤ ਹੀ ਰਖੀ (ਅਤੇ ਕਿਸੇ ਨੂੰ) ਨਾ ਦਸੀ।

ਜਬ ਅਬਲਾ ਨਿਸਿ ਕੌ ਘਰ ਆਈ ॥

ਜਦ ਅਬਲਾ ਰਾਤ ਵੇਲੇ ਘਰ ਆਈ,

ਚਲੀ ਤਹਾ ਨਰ ਭੇਸ ਬਨਾਈ ॥੪॥

(ਤਦ) ਮਰਦਾਵੇਂ ਬਸਤ੍ਰ ਪਾ ਕੇ ਉਥੋਂ ਚਲ ਪਈ ॥੪॥

ਚਲਤ ਚਲਤ ਬਹੁ ਚਿਰ ਤਹ ਗਈ ॥

(ਉਹ) ਬਹੁਤ ਚਿਰ ਤਕ ਚਲਦਿਆਂ ਚਲਦਿਆਂ ਉਥੇ ਜਾ ਪਹੁੰਚੀ,

ਜਹਾ ਬਿਲਾਸਵਤੀ ਨਗਰਈ ॥

ਜਿਥੇ ਬਿਲਾਸਵਤੀ ਨਗਰੀ ਸੀ।

ਤਵਨ ਨਗਰ ਚਲਿ ਜੂਪ ਮਚਾਯੋ ॥

ਉਥੇ ਜਾ ਕੇ ਉਸ ਨੇ ਜੂਆ (ਖੇਡਣ ਦੀ) ਧੁੰਮ ਮਚਾ ਦਿੱਤੀ

ਊਚ ਨੀਚ ਸਭ ਹੀ ਨਹਰਾਯੋ ॥੫॥

ਅਤੇ ਉੱਚੇ ਨੀਵੇਂ ਸਭ ਨੂੰ ਝੁਕਾ ਦਿੱਤਾ (ਅਰਥਾਤ ਹਰਾ ਦਿੱਤਾ) ॥੫॥

ਬਡੇ ਬਡੇ ਜੂਪੀ ਜਬ ਹਾਰੇ ॥

ਜਦ ਵੱਡੇ ਵੱਡੇ ਜੁਆਰੀਏ ਹਾਰ ਗਏ

ਮਿਲਿ ਰਾਜਾ ਕੇ ਤੀਰ ਪੁਕਾਰੇ ॥

ਤਾਂ ਸਾਰਿਆਂ ਨੇ ਮਿਲ ਕੇ ਰਾਜੇ ਅਗੇ ਪੁਕਾਰ ਕੀਤੀ

ਇਕ ਹ੍ਯਾਂ ਐਸ ਜੁਆਰੀ ਆਯੋ ॥

ਕਿ ਇਥੇ ਇਕ ਅਜਿਹਾ ਜੁਆਰੀਆ ਆਇਆ ਹੈ

ਕਿਸੂ ਪਾਸ ਨਹਿ ਜਾਤ ਹਰਾਯੋ ॥੬॥

ਜੋ ਕਿਸੇ ਕੋਲੋਂ ਹਰਾਇਆ ਨਹੀਂ ਜਾ ਸਕਿਆ ॥੬॥

ਇਹ ਬਿਧਿ ਸੁਨੇ ਬਚਨ ਜਬ ਰਾਜਾ ॥

ਜਦ ਰਾਜੇ ਨੇ ਇਸ ਤਰ੍ਹਾਂ ਦੇ ਬੋਲ ਸੁਣੇ,

ਆਪਨ ਸਜਿਯੋ ਜੂਪ ਕੋ ਸਾਜਾ ॥

ਤਾਂ ਆਪ ਜੂਆ ਖੇਡਣ ਦੀ ਵਿਵਸਥਾ ਕੀਤੀ।

ਕਹਿਯੋ ਤਾਹਿ ਹ੍ਯਾਂ ਲੇਹੁ ਬੁਲਾਇ ॥

(ਰਾਜੇ ਨੇ) ਕਿਹਾ, ਉਸ ਨੂੰ ਇਥੇ ਬੁਲਾ ਲੌ,

ਜਿਨ ਜੂਪੀ ਸਭ ਲਏ ਹਰਾਇ ॥੭॥

ਜਿਸ ਨੇ ਸਾਰਿਆਂ ਜੁਆਰੀਆਂ ਨੂੰ ਹਰਾ ਦਿੱਤਾ ਹੈ ॥੭॥

ਭ੍ਰਿਤ ਸੁਨਿ ਬਚਨ ਪਹੂੰਚੇ ਤਹਾ ॥

ਸੇਵਕ (ਰਾਜੇ ਦੇ) ਬੋਲ ਸੁਣ ਕੇ ਉਥੇ ਪਹੁੰਚੇ,

ਜੂਪਿਨ ਕੁਅਰਿ ਹਰਾਵਤ ਜਹਾ ॥

ਜਿਥੇ ਜੁਆਰੀਆਂ ਨੂੰ ਕੁਮਾਰੀ ਹਰਾ ਰਹੀ ਸੀ।

ਕਹਿਯੋ ਤਾਹਿ ਤੁਹਿ ਰਾਇ ਬੁਲਾਯੋ ॥

ਕਹਿਣ ਲਗੇ ਕਿ ਤੈਨੂੰ ਰਾਜੇ ਨੇ ਬੁਲਾਇਆ ਹੈ