ਸ਼੍ਰੀ ਦਸਮ ਗ੍ਰੰਥ

ਅੰਗ - 513


ਭੇਦ ਲਹਿਯੋ ਨਹੀ ਨੈਕੁ ਚਲੇ ਮਦ ਮਤਿ ਸੁ ਸ੍ਯਾਮ ਪੈ ਘੂਮਤ ਧਾਏ ॥੨੧੪੭॥

(ਬਦਲਾਂ ਨੇ) ਭੇਦ (ਦੀ ਗੱਲ) ਨੂੰ ਬਿਲਕੁਲ ਨਾ ਸਮਝਿਆ ਅਤੇ ਮਸਤੀ ਵਿਚ ਆ ਕੇ ਸ੍ਰੀ ਕ੍ਰਿਸ਼ਨ ਦਾ ਘੇਰਾ ਪਾਉਂਦੇ ਹੋਏ ਹਮਲਾਵਰ ਹੋਏ ॥੨੧੪੭॥

ਆਵਤ ਹੀ ਮਿਲਿ ਕੈ ਸਭ ਹੂ ਜਦੁਬੀਰ ਕੈ ਊਪਰ ਸਿੰਧਰ ਪੇਲੇ ॥

ਆਉਂਦਿਆਂ ਹੀ ਸਾਰਿਆਂ ਨੇ ਮਿਲ ਕੇ ਸ੍ਰੀ ਕ੍ਰਿਸ਼ਨ ਉਪਰ ਹਾਥੀ ਚੜ੍ਹਾ ਦਿੱਤੇ। (ਉਹ ਇਸ ਤਰ੍ਹਾਂ ਪ੍ਰਤੀਤ ਹੋ ਰਹੇ ਸਨ)

ਪੰਖ ਸੁਮੇਰ ਚਲੇ ਕਰਿ ਕੈ ਤਿਨ ਕੇ ਰਿਸ ਸੋ ਟੁਕ ਦਾਤ ਕੇ ਠੇਲੇ ॥

ਜਿਵੇਂ ਸੁਮੇਰ ਪਰਬਤ ਖੰਭ ਲਾ ਕੇ ਚਲ ਰਿਹਾ ਹੈ, ਜਿਨ੍ਹਾਂ ਨੇ ਕ੍ਰੋਧ ਕਰ ਕੇ ਦੰਦਾਂ ਨਾਲ (ਕਠੋਰ ਤੋ ਕਠੋਰ ਨੂੰ) ਟੋਟੇ ਕਰ ਦਿੱਤਾ ਹੈ।

ਸੁੰਡ ਕਟੇ ਤਿਨ ਕੇ ਬ੍ਰਿਜਨਾਥ ਕ੍ਰਿਪਾਨਿਧਿ ਸੋ ਝਟਿ ਦੈ ਜਿਮ ਕੇਲੇ ॥

ਸ੍ਰੀ ਕ੍ਰਿਸ਼ਨ ਨੇ ਪਹਿਲਾਂ ਉਨ੍ਹਾਂ ਦੇ ਸੁੰਡ ਕਟ ਦਿੱਤੇ, (ਫਿਰ) ਕ੍ਰਿਪਾਨਿਧੀ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਝਟਕ ਦਿੱਤਾ ਜਿਵੇਂ ਕੇਲੇ (ਦੇ ਪੌਧੇ ਨੂੰ ਝਟਕਿਆ ਜਾਂਦਾ ਹੈ)।

ਸ੍ਰਉਨ ਭਰੇ ਰਮਨੀਯ ਰਮਾਪਤਿ ਫਾਗੁਨ ਅੰਤਿ ਬਸੰਤ ਸੇ ਖੇਲੇ ॥੨੧੪੮॥

ਲਹੂ ਨਾਲ ਲਿਬੜੇ ਸ੍ਰੀ ਕ੍ਰਿਸ਼ਨ (ਅਜਿਹੇ) ਰਮਣੀਕ ਲਗ ਰਹੇ ਸਨ (ਮਾਨੋ) ਫਗਣ (ਦੇ ਮਹੀਨੇ) ਦੇ ਅੰਤ ਵਿਚ ਬਸੰਤ ਖੇਡ ਰਹੇ ਹੋਣ ॥੨੧੪੮॥

ਸ੍ਰੀ ਬ੍ਰਿਜ ਨਾਇਕ ਬੈਰਨ ਸੋ ਜਬ ਹੀ ਰਿਸ ਮਾਡਿ ਕੀਯੋ ਖਰਕਾ ॥

ਸ੍ਰੀ ਕ੍ਰਿਸ਼ਨ ਨੇ ਜਦੋਂ ਕ੍ਰੋਧ ਕਰ ਕੇ ਵੈਰੀਆਂ ਨਾਲ ਖੜਕਾ ਕੀਤਾ (ਅਰਥਾਤ ਯੁੱਧ ਕੀਤਾ)

ਬਹੁ ਬੀਰ ਭਏ ਬਿਨੁ ਪ੍ਰਾਨ ਤਬੈ ਜਬ ਨਾਦ ਪ੍ਰਚੰਡ ਸੁਨਿਯੋ ਹਰਿ ਕਾ ॥

ਤਦ ਬਹੁਤ ਸਾਰੇ ਯੁੱਧਵੀਰ ਬਿਨਾ ਪ੍ਰਾਣਾ ਦੇ ਹੋ ਗਏ ਜਦ (ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਦਾ ਪ੍ਰਚੰਡ ਨਾਦ ਸੁਣਿਆ।

ਜਦੁਬੀਰ ਫਿਰਾਵਤ ਭਯੋ ਗਹਿ ਕੈ ਗਜ ਸੁੰਡਨ ਸੋ ਬਰ ਕੈ ਕਰ ਕਾ ॥

ਸ੍ਰੀ ਕ੍ਰਿਸ਼ਨ ਨੇ ਹਾਥੀਆਂ ਨੂੰ ਸੁੰਡਾਂ ਤੋਂ ਪਕੜ ਕੇ ਹੱਥ ਦੇ ਜ਼ੋਰ ਨਾਲ ਘੁੰਮਾਇਆ।

ਉਪਮਾ ਉਪਜੀ ਕਬਿ ਕੇ ਮਨ ਯੌ ਘਿਸੂਆ ਮਨੋ ਫੇਰਤ ਹੈ ਲਰਕਾ ॥੨੧੪੯॥

ਕਵੀ ਦੇ ਮਨ ਵਿਚ (ਇਸ ਦ੍ਰਿਸ਼ ਦੀ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਮਾਨੋ (ਕੋਈ) ਲੜਕਾ ਘੁੰਮਾਨੀ ('ਘਿਸੂਆ') ਘੁੰਮਾ ਰਿਹਾ ਹੋਵੇ ॥੨੧੪੯॥

ਜੀਵਤ ਸੋ ਨ ਦਯੋ ਗ੍ਰਿਹ ਜਾਨ ਜੋਊ ਬ੍ਰਿਜਨਾਥ ਕੇ ਸਾਮੁਹੇ ਆਯੋ ॥

ਉਸ ਨੂੰ ਜੀਉਂਦਿਆਂ ਘਰ ਨਹੀਂ ਜਾਣ ਦਿੱਤਾ ਜਿਹੜਾ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆਇਆ।

ਜੀਤਿ ਸੁਰੇਸ ਦਿਵਾਕਰਿ ਦ੍ਵਾਦਸ ਆਨੰਦ ਕੈ ਚਿਤਿ ਸੰਖ ਬਜਾਯੋ ॥

ਇੰਦਰ ਅਤੇ ਬਾਰ੍ਹਾਂ ਸੂਰਜਾਂ ਨੂੰ ਜਿੱਤ ਕੇ ਅਤੇ ਮਨ ਵਿਚ ਆਨੰਦਿਤ ਹੋ ਕੇ (ਸ੍ਰੀ ਕ੍ਰਿਸ਼ਨ ਨੇ) ਸੰਖ ਵਜਾਇਆ।

ਰੂਖ ਚਲੋ ਤੁਮ ਹੀ ਹਮਰੇ ਗ੍ਰਿਹ ਲੈ ਉਨ ਕੋ ਇਹ ਭਾਤਿ ਸੁਨਾਯੋ ॥

(ਫਿਰ ਸ੍ਰੀ ਕ੍ਰਿਸ਼ਨ ਨੇ ਕਿਹਾ) 'ਹੇ ਕਲਪ ਬ੍ਰਿਛ! ਤੂੰ ਸਾਡੇ ਨਾਲ ਘਰ ਨੂੰ ਚਲ', (ਉਸ ਬ੍ਰਿਛ ਨੂੰ) ਲੈ ਕੇ ਅਤੇ ਇਸ ਤਰ੍ਹਾਂ ਕਹਿ ਕੇ ਉਸ ਨੂੰ ਸੁਣਾਇਆ।

ਸੋ ਤਰੁ ਲੈ ਹਰਿ ਸੰਗ ਚਲੇ ਸੁ ਕਬਿਤਨ ਭੀਤਰ ਸ੍ਯਾਮ ਬਨਾਯੋ ॥੨੧੫੦॥

ਇਸ ਤਰ੍ਹਾਂ ਉਸ ਬ੍ਰਿਛ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਚਲ ਪਏ। (ਇਸ ਪ੍ਰਸੰਗ ਨੂੰ ਕਵੀ) ਸ਼ਿਆਮ ਨੇ ਕਬਿੱਤਾਂ (ਕਵਿਤਾ) ਵਿਚ ਰਚਿਆ ਹੈ ॥੨੧੫੦॥

ਸ੍ਰੀ ਬ੍ਰਿਜਨਾਥ ਰੁਕਮਨ ਕੇ ਗ੍ਰਿਹ ਆਵਤ ਭੇ ਤਰੁ ਸੁੰਦਰ ਲੈ ਕੈ ॥

ਸ੍ਰੀ ਕ੍ਰਿਸ਼ਨ ਸੁੰਦਰ ਬ੍ਰਿਛ ਲੈ ਕੇ ਰੁਕਮਨੀ ਦੇ ਘਰ ਆ ਗਏ।

ਲਾਲ ਲਗੇ ਜਿਨ ਧਾਮਨ ਕੋ ਬ੍ਰਹਮਾ ਰਹੈ ਦੇਖਤ ਜਾਹਿ ਲੁਭੈ ਕੈ ॥

ਜਿਨ੍ਹਾਂ ਘਰਾਂ ਵਿਚ ਲਾਲ ਜੜ੍ਹੇ ਹੋਏ ਹਨ, (ਉਨ੍ਹਾਂ ਨੂੰ) ਵੇਖ ਕੇ ਬ੍ਰਹਮਾ ਵੀ ਲੁਭਾਇਮਾਨ ਹੋ ਰਿਹਾ ਹੈ।

ਤਉਨ ਸਮੈ ਸੋਊ ਸ੍ਯਾਮ ਕਥਾ ਜਦੁਬੀਰ ਕਹੀ ਤਿਨ ਕਉ ਸੁ ਸੁਨੈ ਕੈ ॥

ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਉਹ (ਸਾਰੀ) ਕਥਾ ਉਨ੍ਹਾਂ ਸਾਰੀਆਂ (ਇਸਤਰੀਆਂ) ਨੂੰ ਸੁਣਾ ਕੇ ਕਹੀ।

ਸੋ ਕਬਿ ਸ੍ਯਾਮ ਕਬਿਤਨ ਬੀਚ ਕਹੀ ਸੁਨਿਓ ਸਭ ਹੇਤੁ ਬਢੈ ਕੈ ॥੨੧੫੧॥

ਉਹੀ (ਕਥਾ) ਕਵੀ ਸ਼ਿਆਮ ਨੇ ਕਬਿੱਤਾਂ (ਕਵਿਤਾ) ਵਿਚ ਕਹੀ ਹੈ, ਸਾਰੇ ਇਸ ਨੂੰ ਪ੍ਰੇਮ ਪੂਰਵਕ ਸੁਣਨ ॥੨੧੫੧॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਇੰਦ੍ਰ ਕੋ ਜੀਤ ਕਰ ਕਲਪ ਬ੍ਰਿਛ ਲਿਆਵਤ ਪਏ ॥

ਇਥੇ ਸ੍ਰੀ ਦਸਮ ਸਿਕੰਧ ਪੁਰਾਣ, ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦਾ ਇੰਦਰ ਨੂੰ ਜਿੱਤ ਕੇ ਕਲਪ ਬ੍ਰਿਛ ਲਿਆਉਣ ਦਾ ਪ੍ਰਸੰਗ ਸਮਾਪਤ ॥

ਰੁਕਮਿਨਿ ਸਾਥ ਕਾਨ੍ਰਹ ਜੀ ਹਾਸੀ ਕਰਨ ਕਥਨੰ ॥

ਰੁਕਮਨੀ ਨਾਲ ਕਾਨ੍ਹ ਜੀ ਦੀ ਹਾਸੀ ਕਰਨ ਦਾ ਕਥਨ:

ਸਵੈਯਾ ॥

ਸਵੈਯਾ:

ਸ੍ਰੀ ਬ੍ਰਿਜਨਾਥ ਕਹਿਓ ਤ੍ਰੀਅ ਸੋ ਮੁਹਿ ਭੋਜਨ ਗੋਪਿਨ ਧਾਮਿ ਕਰਿਯੋ ॥

ਸ੍ਰੀ ਕ੍ਰਿਸ਼ਨ ਨੇ ਇਸਤਰੀ (ਰੁਕਮਨੀ) ਨੂੰ ਕਿਹਾ ਕਿ (ਬਚਪਨ ਵਿਚ) ਮੈਂ ਗਵਾਲਿਆਂ ਦੇ ਘਰ ਭੋਜਨ ਕਰਦਾ ਸਾਂ।

ਸੁਨਿ ਸੁੰਦਰਿ ਤਾ ਦਿਨ ਤੇ ਹਮਰੋ ਬਿਚੀਆ ਦਧਿ ਕੋ ਫੁਨਿ ਨਾਮ ਪਰਿਯੋ ॥

ਹੇ ਸੁੰਦਰੀ! ਸੁਣ ਫਿਰ ਉਸ ਦਿਨ ਤੋਂ ਮੇਰਾ ਨਾਂ ਦਹੀ (ਆਦਿ ਦੁੱਧ ਤੋਂ ਬਣੇ ਪਦਾਰਥਾਂ) ਨੂੰ ਵੇਚਣ ਵਾਲਾ (ਗਵਾਲਾ) ਪੈ ਗਿਆ ਹੈ।

ਜਬ ਸੰਧ ਜਰਾ ਦਲੁ ਸਾਜ ਚੜਾਯੋ ਭਜ ਗੇ ਤਬ ਨੈਕੁ ਨ ਧੀਰ ਧਰਿਯੋ ॥

ਜਦ ਜਰਾਸੰਧ ਸੈਨਾ ਤਿਆਰ ਕਰ ਕੇ ਚੜ੍ਹ ਆਇਆ ਤਦ (ਮੈਂ) ਭਜ ਗਿਆ, ਜ਼ਰਾ ਵੀ ਧੀਰਜ ਨਾ ਧਰ ਸਕਿਆ।

ਤਿਹ ਤੇ ਤੁਮਰੀ ਮਤਿ ਕੋ ਅਬ ਕਾ ਕਹੀਐ ਹਮ ਸਉ ਕਹਿ ਆਨਿ ਬਰਿਯੋ ॥੨੧੫੨॥

ਉਸ ਕਾਰਨ ਹੁਣ ਤੇਰੀ ਮਤ ਨੂੰ ਕੀ ਆਖੀਏ (ਜਿਸ ਨੇ) ਮੇਰੇ ਵਰਗੇ (ਤੁਛ ਬੰਦੇ ਨਾਲ) ਆ ਕੇ ਵਿਆਹ ਕਰ ਲਿਆ ॥੨੧੫੨॥

ਰਾਜ ਸਮਾਜ ਨਹੀ ਸੁਨਿ ਸੁੰਦਰਿ ਨ ਧਨ ਕਾਹੂ ਤੇ ਮਾਗਿ ਲਯੋ ਏ ॥

ਹੇ ਸੁੰਦਰੀ! (ਮੇਰੇ ਪਾਸ) ਰਾਜ ਦਾ ਠਾਠ-ਬਾਠ ਨਹੀਂ ਹੈ, ਨਾ ਹੀ ਧਨ ਹੈ, (ਸਭ ਕੁਝ) ਕਿਸੇ ਤੋਂ ਮੰਗਿਆ ਹੋਇਆ ਹੈ।

ਸੂਰ ਨਹੀ ਜਿਨ ਤਿਆਗ ਕੈ ਆਪਨੋ ਦੇਸ ਸਮੁੰਦ੍ਰ ਮੋ ਬਾਸ ਕਯੋ ਹੈ ॥

(ਮੈਂ) ਸੂਰਮਾ ਵੀ ਨਹੀਂ ਹਾਂ ਜਿਸ ਨੇ ਆਪਣਾ ਦੇਸ਼ ਤਿਆਗ ਕੇ (ਦੁਸ਼ਮਣ ਤੋਂ ਡਰਦਿਆਂ) ਸਮੁੰਦਰ ਵਿਚ ਨਿਵਾਸ ਕੀਤਾ ਹੈ।

ਚੋਰ ਪਰਿਯੋ ਮਨਿ ਕੋ ਫੁਨਿ ਨਾਮ ਸੁ ਯਾਹੀ ਤੇ ਕ੍ਰੁਧਿਤ ਭ੍ਰਾਤ ਭਯੋ ਹੈ ॥

ਫਿਰ ਮਣੀ (ਦੇ ਚੋਰੀ ਹੋ ਜਾਣ ਕਰ ਕੇ ਮੇਰਾ) ਨਾਂ ਚੋਰ ਪੈ ਗਿਆ ਅਤੇ ਇਸ (ਮਣੀ ਦੀ ਘਟਨਾ) ਕਰ ਕੇ ਭਰਾ ਵੀ ਨਾਰਾਜ਼ ਹੋ ਗਿਆ ਹੈ।

ਤਾਹੀ ਤੇ ਮੋ ਤਜਿ ਕੈ ਬਰੁ ਆਨਹਿ ਤੇਰੋ ਕਛੂ ਅਬ ਲਉ ਨ ਗਯੋ ਹੈ ॥੨੧੫੩॥

ਇਸ ਕਰ ਕੇ ਮੈਨੂੰ ਛਡ ਕੇ ਕਿਸੇ ਹੋਰ ਨੂੰ ਵਰ ਲੈ, ਅਜੇ ਤਕ ਤੇਰਾ ਕੁਝ ਵੀ ਨਹੀਂ ਵਿਗੜਿਆ ਹੈ ॥੨੧੫੩॥

ਰੁਕਮਿਨੀ ਬਾਚ ਸਖੀ ਸੋ ॥

ਰੁਕਮਨੀ ਨੇ ਸਖੀ ਨੂੰ ਕਿਹਾ:

ਸਵੈਯਾ ॥

ਸਵੈਯਾ:

ਚਿੰਤ ਕਰੀ ਮਨ ਮੈ ਹਮ ਸੋ ਨ ਥੀ ਜਾਨਤ ਸ੍ਯਾਮ ਇਤੀ ਕਰਿ ਹੈ ॥

ਮੈਂ ਆਪਣੇ ਮਨ ਵਿਚ ਬਹੁਤ ਸੋਚ ਕੀਤੀ ਹੈ, ਮੈਂ ਨਹੀਂ ਸਾਂ ਜਾਣਦੀ ਕਿ ਕ੍ਰਿਸ਼ਨ (ਮੇਰੇ ਨਾਲ) ਇਸ ਤਰ੍ਹਾਂ ਕਰਨਗੇ

ਬਰੁ ਮੋ ਤਜਿ ਕੈ ਤੁਮ ਆਨਹਿ ਕਉ ਬਚਨਾ ਇਹ ਭਾਤਿ ਕੇ ਉਚਰਿ ਹੈ ॥

ਅਤੇ ਇਸ ਤਰ੍ਹਾਂ ਬਚਨ ਕਹਿਣਗੇ ਕਿ ਮੈਨੂੰ ਛਡ ਕੇ ਕਿਸੇ ਹੋਰ ਨੂੰ ਵਰ ਲੈ।

ਹਮਰੋ ਮਰਿਬੋ ਈ ਬਨਿਯੋ ਇਹ ਠਾ ਜੀਅ ਹੈ ਨ ਆਵਸਿ ਅਬੈ ਮਰਿ ਹੈ ॥

ਮੇਰਾ ਤਾਂ ਹੁਣ ਇਸੇ ਥਾਂ ਮਰਨਾ ਹੀ ਬਣਦਾ ਹੈ, ਜੀਉਣਾ ਨਹੀਂ ਚਾਹੁੰਦੀ, ਹੁਣ ਅਵੱਸ਼ ਹੀ ਮਰਾਂਗੀ।

ਮਰਿਬੋ ਜੁ ਨ ਜਾਤ ਭਲੇ ਸਜਨੀ ਅਪੁਨੇ ਪਤਿ ਸੋ ਹਠਿ ਕੈ ਜਰਿ ਹੈ ॥੨੧੫੪॥

ਹੇ ਸਖੀ! ਜੇ ਮਰਨਾ ਉਚਿਤ ਨਹੀਂ ਹੈ (ਤਾਂ) ਆਪਣੇ ਪਤੀ ਨਾਲ ਹਠ ਕਰ ਕੇ (ਵਿਯੋਗ ਦੀ ਅਗਨੀ ਵਿਚ) ਸੜ ਕੇ ਮਰਦੀ ਹਾਂ ॥੨੧੫੪॥

ਤ੍ਰੀਅ ਕਾਨ੍ਰਹ ਸੋ ਚਿੰਤਤ ਹੁਇ ਮਨ ਮੈ ਮਰਿਬੋ ਈ ਬਨਿਯੋ ਚਿਤ ਬੀਚ ਬਿਚਾਰਿਯੋ ॥

ਸ੍ਰੀ ਕ੍ਰਿਸ਼ਨ ਦੀ ਇਸਤਰੀ ਨੇ ਚਿੰਤਾਵਾਨ ਹੋ ਕੇ ਮਨ ਵਿਚ ਵਿਚਾਰਿਆ ਕਿ (ਹੁਣ) ਮਰਨਾ ਹੀ ਬਣਦਾ ਹੈ।

ਮੋ ਸੰਗਿ ਕਉ ਬ੍ਰਿਜਨਾਥ ਅਬੈ ਕਬਿ ਸ੍ਯਾਮ ਕਹੈ ਕਟੁ ਬੈਨ ਉਚਾਰਿਯੋ ॥

ਕਵੀ ਸ਼ਿਆਮ ਕਹਿੰਦੇ ਹਨ, (ਰੁਕਮਨੀ ਵਿਚਾਰ ਕਰਦੀ ਹੈ ਕਿ) ਸ੍ਰੀ ਕ੍ਰਿਸ਼ਨ ਨੇ ਹੁਣ ਮੇਰੇ ਪ੍ਰਤਿ (ਇਸ ਤਰ੍ਹਾਂ ਦੇ) ਕੌੜੇ ਬਚਨ ਕਹੇ ਹਨ।

ਕ੍ਰੋਧ ਸੋ ਖਾਇ ਤਵਾਰ ਧਰਾ ਪਰ ਝੂਮਿ ਗਿਰੀ ਨਹੀ ਨੈਕੁ ਸੰਭਾਰਿਯੋ ॥

(ਰੁਕਮਨੀ) ਕ੍ਰੋਧ ਨਾਲ ਪਛਾੜ ਖਾ ਕੇ ਧਰਤੀ ਉਤੇ ਝੂਲਦੀ ਹੋਈ ਡਿਗ ਪਈ ਅਤੇ (ਆਪਣੇ ਆਪ ਨੂੰ) ਬਿਲਕੁਲ ਸੰਭਾਲ ਨਾ ਸਕੀ।

ਯੌ ਉਪਮਾ ਉਪਜੀ ਜੀਅ ਮੈ ਜਨੁ ਟੂਟ ਗਯੋ ਰੁਖ ਬ੍ਰਯਾਰ ਕੋ ਮਾਰਿਯੋ ॥੨੧੫੫॥

(ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਮਾਨੋ ਹਵਾ ਦਾ ਮਾਰਿਆ ਬ੍ਰਿਛ ਡਿਗ ਪਿਆ ਹੋਵੇ ॥੨੧੫੫॥

ਦੋਹਰਾ ॥

ਦੋਹਰਾ:

ਅੰਕ ਲੀਓ ਭਰ ਕਾਨ੍ਰਹ ਤਿਹ ਦੂਰ ਕਰਨ ਕੋ ਕ੍ਰੋਧ ॥

ਕ੍ਰੋਧ ਨੂੰ ਦੂਰ ਕਰਨ ਲਈ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਜਫੀ ਵਿਚ ਲੈ ਲਿਆ।

ਸਵਾਧਾਨ ਕਰਿ ਰੁਕਮਿਨੀ ਜਦੁਪਤਿ ਕੀਓ ਪ੍ਰਬੋਧ ॥੨੧੫੬॥

ਰੁਕਮਨੀ ਨੂੰ ਸਾਵਧਾਨ ਕਰ ਕੇ ਸ੍ਰੀ ਕ੍ਰਿਸ਼ਨ ਨੇ ਉਪਦੇਸ਼ ਕੀਤਾ ॥੨੧੫੬॥

ਸਵੈਯਾ ॥

ਸਵੈਯਾ:

ਤੇਰੇ ਹੀ ਧਰਮ ਤੇ ਮੈ ਸੁਨਿ ਸੁੰਦਰਿ ਕੇਸਨ ਤੇ ਗਹਿ ਕੰਸ ਪਛਾਰਿਯੋ ॥

ਹੇ ਸੁੰਦਰੀ! ਸੁਣ, ਤੇਰੇ ਹੀ (ਇਸਤਰੀ) ਧਰਮ (ਦੇ ਆਧਾਰ ਤੇ) ਕੇਸ਼ਾਂ ਤੋਂ ਪਕੜ ਕੇ ਕੰਸ ਨੂੰ ਪਛਾੜਿਆ ਸੀ।

ਤੇਰੇ ਹੀ ਧਰਮ ਤੇ ਸੰਧਿ ਜਰਾ ਹੂ ਕੋ ਸੈਨ ਸਭੈ ਛਿਨ ਮਾਹਿ ਸੰਘਾਰਿਯੋ ॥

ਤੇਰੇ ਹੀ ਧਰਮ (ਦੇ ਬਲ ਤੇ) ਜਰਾਸੰਧ ਦੀ ਸੈਨਾ ਨੂੰ ਛਿਣ ਭਰ ਵਿਚ ਨਸ਼ਟ ਕਰ ਦਿੱਤਾ ਸੀ।

ਤੇਰੇ ਹੀ ਧਰਮ ਜਿਤਿਯੋ ਮਘਵਾ ਅਰੁ ਤੇਰੇ ਹੀ ਧਰਮ ਭੂਮਾਸੁਰ ਮਾਰਿਯੋ ॥

ਤੇਰੀ ਹੀ ਧਰਮ-ਸਾਧਨਾ ਕਰ ਕੇ ਮੈਂ ਇੰਦਰ ਨੂੰ ਜਿਤਿਆ ਸੀ ਅਤੇ ਤੇਰੇ ਹੀ ਧਰਮ ਕਾਰਨ ਭੂਮਾਸੁਰ ਨੂੰ ਮਾਰਿਆ ਸੀ।

ਤੋ ਸੋ ਕੀਓ ਉਪਹਾਸ ਅਬੈ ਮੁਹਿ ਤੈ ਅਪਨੇ ਜੀਅ ਸਾਚ ਬਿਚਾਰਿਯੋ ॥੨੧੫੭॥

ਮੈਂ ਤਾਂ ਹੁਣ ਤੇਰੇ ਨਾਲ ਮਖ਼ੌਲ ਕੀਤਾ ਸੀ, (ਪਰ) ਤੂੰ ਆਪਣੇ ਮਨ ਵਿਚ (ਉਸ ਨੂੰ) ਸੱਚਾ ਸਮਝ ਲਿਆ ਸੀ ॥੨੧੫੭॥

ਰੁਕਮਿਨੀ ਬਾਚ ॥

ਰੁਕਮਨੀ ਨੇ ਕਿਹਾ:

ਸਵੈਯਾ ॥

ਸਵੈਯਾ:


Flag Counter