ਸ਼੍ਰੀ ਦਸਮ ਗ੍ਰੰਥ

ਅੰਗ - 941


ਅਧਿਕ ਰੀਝਿ ਨਿਸਚਰਹਿ ਉਚਾਰੋ ॥

ਦੈਂਤ ਨੇ ਅਧਿਕ ਪ੍ਰਸੰਨ ਹੋ ਕੇ ਕਿਹਾ

ਦੇਉ ਵਹੈ ਜੋ ਹ੍ਰਿਦੈ ਬਿਚਾਰੋ ॥੯॥

ਕਿ ਤੂੰ ਜੋ ਮਨ ਵਿਚ ਸੋਚੇਂਗੀ, ਉਹੀ ਦਿਆਂਗਾ ॥੯॥

ਜਬ ਦੋ ਤੀਨਿ ਬਾਰ ਤਿਨ ਕਹਿਯੋ ॥

ਜਦ ਉਸ ਨੇ ਦੋ ਤਿੰਨ ਵਾਰ ਕਿਹਾ

ਤਾ ਪੈ ਅਧਿਕ ਰੀਝਿ ਕੈ ਰਹਿਯੋ ॥

ਅਤੇ ਉਸ ਉਤੇ ਬਹੁਤ ਰੀਝ ਗਿਆ।

ਕਹਿਯੋ ਅਸੁਰ ਲਾਗਯੋ ਇਕ ਤ੍ਰਿਯਾ ਕੋ ॥

(ਤਾਂ ਇਸਤਰੀ ਨੇ) ਕਿਹਾ ਕਿ ਇਕ ਇਸਤਰੀ ਨੂੰ ਦੈਂਤ ਚੰਬੜਿਆ ਹੋਇਆ ਹੈ,

ਸਕੈ ਦੂਰਿ ਕਰ ਤੂ ਨਹਿ ਤਾ ਕੋ ॥੧੦॥

(ਪਰ) ਤੂੰ ਉਸ ਨੂੰ ਦੂਰ ਨਹੀਂ ਕਰ ਸਕਦਾ ॥੧੦॥

ਤਬ ਤਿਨ ਜੰਤ੍ਰ ਤੁਰਤੁ ਲਿਖਿ ਲੀਨੋ ॥

ਤਦ ਉਸ ਨੇ ਇਕ ਜੰਤ੍ਰ ਲਿਖ ਲਿਆ

ਲੈ ਤਾ ਕੋ ਕਰ ਭੀਤਰ ਦੀਨੋ ॥

ਅਤੇ ਲਿਖ ਕੇ ਉਸ ਦੇ ਹੱਥ ਵਿਚ ਦੇ ਦਿੱਤਾ

ਜਾ ਕੋ ਤੂ ਇਕ ਬਾਰ ਦਿਖੈ ਹੈ ॥

(ਅਤੇ ਕਿਹਾ) ਕਿ ਜਿਸ ਨੂੰ (ਤੂੰ ਇਹ ਜੰਤ੍ਰ) ਇਕ ਵਾਰ ਵਿਖਾਏਂਗੀ,

ਜਰਿ ਬਰਿ ਢੇਰ ਭਸਮਿ ਸੋ ਹ੍ਵੈ ਹੈ ॥੧੧॥

ਉਹ ਸੜ ਬਲ ਕੇ ਸੁਆਹ ਦਾ ਢੇਰ ਹੋ ਜਾਏਗਾ ॥੧੧॥

ਤਾ ਕੈ ਕਰ ਤੇ ਜੰਤ੍ਰ ਲਿਖਾਯੋ ॥

ਉਸ ਨੇ ਉਸ ਦੇ ਹੱਥੋਂ ਇਕ ਜੰਤ੍ਰ ਲਿਖਵਾਇਆ

ਲੈ ਕਰ ਮੈ ਤਹਿ ਕੋ ਦਿਖਰਾਯੋ ॥

ਅਤੇ ਹੱਥ ਵਿਚ ਲੈ ਕੇ ਉਸ ਨੂੰ ਵਿਖਾ ਦਿੱਤਾ।

ਜਬ ਸੁ ਜੰਤ੍ਰ ਦਾਨੋ ਲਖਿ ਲਯੋ ॥

ਜਦੋਂ ਉਹ ਜੰਤ੍ਰ ਦੈਂਤ ਨੇ ਵੇਖ ਲਿਆ

ਸੋ ਜਰਿ ਢੇਰ ਭਸਮ ਹ੍ਵੈ ਗਯੋ ॥੧੨॥

(ਤਦ) ਉਹ ਸੜ ਕੇ ਸੁਆਹ ਦਾ ਢੇਰ ਹੋ ਗਿਆ ॥੧੨॥

ਦੋਹਰਾ ॥

ਦੋਹਰਾ:

ਦੇਵਰਾਜ ਜਿਹ ਦੈਤ ਕੌ ਜੀਤ ਸਕਤ ਨਹਿ ਜਾਇ ॥

ਦੇਵਰਾਜ (ਇੰਦਰ) ਵੀ ਜਿਸ ਦੈਂਤ ਨੂੰ ਜਿਤ ਨਾ ਸਕਿਆ।

ਸੋ ਅਬਲਾ ਇਹ ਛਲ ਭਏ ਜਮ ਪੁਰ ਦਯੋ ਪਠਾਇ ॥੧੩॥

ਉਸ ਨੂੰ ਇਸ ਇਸਤਰੀ ਨੇ ਛਲ ਨਾਲ ਜਮਲੋਕ ਭੇਜ ਦਿੱਤਾ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌਵੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੦॥੧੮੫੬॥ਅਫਜੂੰ॥

ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੦੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੦॥੧੮੫੬॥ ਚਲਦਾ॥

ਚੌਪਈ ॥

ਚੌਪਈ:

ਰਾਵੀ ਤੀਰ ਜਾਟ ਇਕ ਰਹੈ ॥

ਰਾਵੀ (ਨਦੀ) ਦੇ ਕੰਢੇ ਉਤੇ ਇਕ ਜੱਟ ਰਹਿੰਦਾ ਸੀ,

ਮਹੀਵਾਲ ਨਾਮ ਜਗ ਕਹੈ ॥

ਜਿਸ ਦਾ ਨਾਂ ਲੋਕੀਂ ਮੇਹੀਂਵਾਲ ਕਹਿੰਦੇ ਸਨ।

ਨਿਰਖਿ ਸੋਹਨੀ ਬਸਿ ਹ੍ਵੈ ਗਈ ॥

ਉਸ ਨੂੰ ਵੇਖ ਕੇ ਸੋਹਣੀ (ਉਸ ਦੇ) ਵਸ ਵਿਚ ਹੋ ਗਈ

ਤਾ ਪੈ ਰੀਝਿ ਸੁ ਆਸਿਕ ਭਈ ॥੧॥

ਅਤੇ ਉਸ ਉਤੇ ਰੀਝ ਕੇ ਆਸ਼ਕ ਹੋ ਗਈ ॥੧॥

ਜਬ ਹੀ ਭਾਨ ਅਸਤ ਹ੍ਵੈ ਜਾਵੈ ॥

ਜਦੋਂ ਸੂਰਜ ਡੁਬ ਜਾਂਦਾ,

ਤਬ ਹੀ ਪੈਰਿ ਨਦੀ ਤਹ ਆਵੈ ॥

ਤਦੋਂ ਉਹ ਨਦੀ ਤਰ ਕੇ ਉਥੇ ਆ ਜਾਂਦੀ।

ਦ੍ਰਿੜ ਗਹਿ ਘਟ ਉਰ ਕੇ ਤਰ ਧਰੈ ॥

ਉਹ ਘੜੇ ਨੂੰ ਛਾਤੀ ਹੇਠਾਂ ਕਰ ਕੇ ਚੰਗੀ ਤਰ੍ਹਾਂ ਪਕੜ ਲੈਂਦੀ

ਛਿਨ ਮਹਿ ਪੈਰ ਪਾਰ ਤਿਹ ਪਰੈ ॥੨॥

ਅਤੇ ਛਿਣ ਵਿਚ (ਨਦੀ) ਤਰ ਕੇ ਪਾਰ ਹੋ ਜਾਂਦੀ ॥੨॥

ਏਕ ਦਿਵਸ ਉਠਿ ਕੈ ਜਬ ਧਾਈ ॥

ਇਕ ਦਿਨ ਜਦੋਂ ਉਹ ਉਠ ਕੇ ਤੁਰੀ

ਸੋਵਤ ਹੁਤੋ ਬੰਧੁ ਲਖਿ ਪਾਈ ॥

ਤਾਂ ਸੁਤੇ ਪਏ ਭਰਾ ਨੇ ਉਸ ਨੂੰ ਵੇਖ ਲਿਆ।

ਪਾਛੈ ਲਾਗਿ ਭੇਦ ਤਿਹ ਚਹਿਯੋ ॥

ਉਸ ਨੇ ਪਿਛੇ ਲਗ ਕੇ ਭੇਦ ਪਾਣਾ ਚਾਹਿਆ,

ਕਛੂ ਸੋਹਨੀ ਤਾਹਿ ਨ ਲਹਿਯੋ ॥੩॥

ਪਰ ਸੋਹਣੀ ਨੂੰ (ਇਸ ਗੱਲ ਦਾ) ਪਤਾ ਨਾ ਚਲਿਆ ॥੩॥

ਭੁਜੰਗ ਛੰਦ ॥

ਭੁਜੰਗ ਛੰਦ:

ਛਕੀ ਪ੍ਰੇਮ ਬਾਲਾ ਤਿਸੀ ਠੌਰ ਧਾਈ ॥

ਪ੍ਰੇਮ ਵਿਚ ਮਗਨ (ਉਹ) ਇਸਤਰੀ ਉਸ ਥਾਂ ਤੇ ਪਹੁੰਚੀ

ਜਹਾ ਦਾਬਿ ਕੈ ਬੂਟ ਮੈ ਮਾਟ ਆਈ ॥

ਜਿਥੇ ਉਹ ਬ੍ਰਿਛ ਹੇਠਾਂ ਘੜਾ ਲੁਕਾ ਕੇ ਆਈ ਸੀ।

ਲੀਯੌ ਹਾਥ ਤਾ ਕੌ ਧਸੀ ਨੀਰ ਮ੍ਯਾਨੇ ॥

ਉਸ (ਘੜੇ) ਨੂੰ ਹੱਥ ਵਿਚ ਲੈ ਕੇ ਉਹ ਪਾਣੀ ਵਿਚ ਵੜ ਗਈ

ਮਿਲੀ ਜਾਇ ਤਾ ਕੌ ਯਹੀ ਭੇਦ ਜਾਨੇ ॥੪॥

ਅਤੇ ਉਸ (ਪ੍ਰੇਮੀ) ਨੂੰ ਜਾ ਕੇ ਮਿਲੀ। (ਉਸ ਦੇ ਭਰਾ ਨੇ) ਇਹ ਸਾਰਾ ਭੇਦ ਪਾ ਲਿਆ ॥੪॥

ਮਿਲੀ ਜਾਇ ਤਾ ਕੌ ਫਿਰੀ ਫੇਰਿ ਬਾਲਾ ॥

ਜਦੋਂ ਉਸ ਨੂੰ ਮਿਲ ਕੇ ਇਸਤਰੀ ਵਾਪਸ ਪਰਤੀ,

ਦਿਪੈ ਚਾਰਿ ਸੋਭਾ ਮਨੋ ਆਗਿ ਜ੍ਵਾਲਾ ॥

ਤਾਂ ਉਸ ਦੀ ਪ੍ਰਭਾ ਬਹੁਤ ਜੋਤੀਮਾਨ ਸੀ ਮਾਨੋ ਅੱਗ (ਦੀ ਲਾਟ) ਹੋਵੇ।

ਲਏ ਹਾਥ ਮਾਟਾ ਨਦੀ ਪੈਰਿ ਆਈ ॥

(ਉਹ) ਹੱਥ ਵਿਚ ਘੜਾ ਲੈ ਕੇ ਨਦੀ ਦੇ ਇਸ ਪਾਰ ਆ ਗਈ।

ਕੋਊ ਨਾਹਿ ਜਾਨੈ ਤਿਨੀ ਬਾਤ ਪਾਈ ॥੫॥

(ਉਹ) ਸਮਝ ਰਹੀ ਸੀ ਕਿ ਉਸ ਦਾ ਭੇਦ ਕਿਸੇ ਨੇ ਨਹੀਂ ਪਾਇਆ ॥੫॥

ਭਯੋ ਪ੍ਰਾਤ ਲੈ ਕਾਚ ਮਾਟਾ ਸਿਧਾਯੋ ॥

ਸਵੇਰ ਹੁੰਦਿਆਂ ਹੀ (ਉਸ ਦਾ ਭਰਾ) ਕੱਚਾ ਘੜਾ ਲੈ ਕੇ (ਉਥੇ) ਗਿਆ।

ਤਿਸੈ ਡਾਰਿ ਦੀਨੋ ਉਸੇ ਰਾਖਿ ਆਯੋ ॥

(ਉਸ ਨੇ ਪਹਿਲੇ ਨੂੰ ਪਰੇ) ਸੁਟ ਦਿੱਤਾ ਅਤੇ ਕੱਚਾ ਘੜਾ ਉਥੇ ਰਖ ਆਇਆ।

ਭਏ ਸੋਹਨੀ ਰੈਨਿ ਜਬ ਹੀ ਸਿਧਾਈ ॥

ਜਦੋਂ ਰਾਤ ਪਈ ਤਾਂ ਸੋਹਣੀ ਤੁਰ ਪਈ

ਵਹੈ ਮਾਟ ਲੈ ਕੇ ਛਕੀ ਪ੍ਰੇਮ ਆਈ ॥੬॥

ਅਤੇ ਉਹੋ (ਕੱਚਾ) ਘੜਾ ਲੈ ਕੇ ਪ੍ਰੇਮ ਵਿੱਚ ਮਸਤ ਹੋ ਕੇ (ਦਰਿਆ ਦੇ ਕਿਨਾਰੇ) ਆ ਗਈ ॥੬॥

ਦੋਹਰਾ ॥

ਦੋਹਰਾ:

ਅਧਿਕ ਜਬ ਸਰਿਤਾ ਤਰੀ ਮਾਟਿ ਗਯੋ ਤਬ ਫੂਟਿ ॥

(ਦੂਜੇ ਦਿਨ ਜਦੋਂ ਸੋਹਣੀ ਕੱਚਾ ਘੜਾ ਲੈ ਕੇ ਨਦੀ ਵਿਚ ਠਿਲ੍ਹੀ ਅਤੇ) ਜਦੋਂ ਕਾਫ਼ੀ ਨਦੀ ਤਰ ਲਈ ਤਾਂ ਕੱਚਾ ਘੜਾ ਖੁਰ ਗਿਆ।

ਡੁਬਕੀ ਲੇਤੇ ਤਨ ਗਯੋ ਪ੍ਰਾਨ ਬਹੁਰਿ ਗੇ ਛੂਟਿ ॥੭॥

ਡੁਬਕੀਆਂ ਲੈਂਦਿਆਂ ਉਸ ਦਾ ਸ਼ਰੀਰ ਗ਼ਰਕ ਹੋ ਗਿਆ ਅਤੇ ਫਿਰ ਪ੍ਰਾਣ ਨਿਕਲ ਗਏ ॥੭॥

ਚੌਪਈ ॥

ਚੌਪਈ: