ਸ਼੍ਰੀ ਦਸਮ ਗ੍ਰੰਥ

ਅੰਗ - 83


ਕਾਨ ਸੁਨੀ ਧੁਨਿ ਦੇਵਨ ਕੀ ਸਭ ਦਾਨਵ ਮਾਰਨ ਕੋ ਪ੍ਰਨ ਕੀਨੋ ॥

(ਜਦ ਚੰਡੀ ਨੇ) ਦੇਵਤਿਆਂ ਦੀ ਕੁਰਲਾਹਟ ਕੰਨਾਂ ਨਾਲ ਸੁਣੀ (ਤਦ) ਸਾਰਿਆਂ ਦੈਂਤਾਂ ਨੂੰ ਮਾਰਨ ਦੀ ਪ੍ਰਤਿਗਿਆ ਕੀਤੀ।

ਹੁਇ ਕੈ ਪ੍ਰਤਛ ਮਹਾ ਬਰ ਚੰਡਿ ਸੁ ਕ੍ਰੁਧ ਹ੍ਵੈ ਜੁਧ ਬਿਖੈ ਮਨ ਦੀਨੋ ॥

ਮਹਾ ਬਲਵਾਨ ਚੰਡੀ ਪ੍ਰਤਖ ਹੋਈ ਅਤੇ ਕ੍ਰੋਧਵਾਨ ਹੋ ਕੇ ਯੁੱਧ ਵਲ ਮਨ ਨੂੰ ਮੋੜਿਆ।

ਭਾਲ ਕੋ ਫੋਰ ਕੈ ਕਾਲੀ ਭਈ ਲਖਿ ਤਾ ਛਬਿ ਕੋ ਕਬਿ ਕੋ ਮਨ ਭੀਨੋ ॥

(ਦੁਰਗਾ ਦਾ) ਮੱਥਾ ਫੋੜ ਕੇ ਕਾਲੀ ਪ੍ਰਗਟ ਹੋਈ ਜਿਸ ਦੀ ਛਵੀ ਨੂੰ ਵੇਖ ਕੇ ਕਵੀ ਦਾ ਮਨ (ਇਹ ਉਪਮਾ ਦੇਣ ਲਈ) ਲਲਚਾਇਆ;

ਦੈਤ ਸਮੂਹਿ ਬਿਨਾਸਨ ਕੋ ਜਮ ਰਾਜ ਤੇ ਮ੍ਰਿਤ ਮਨੋ ਭਵ ਲੀਨੋ ॥੭੪॥

ਮਾਨੋ ਦੈਂਤਾਂ ਦੇ ਸਮੂਹ ਦਾ ਵਿਨਾਸ਼ ਕਰਨ ਲਈ ਯਮ-ਰਾਜ ਤੋਂ ਮ੍ਰਿਤੂ ਨੇ ਜਨਮ ਲਿਆ ਹੋਵੇ ॥੭੪॥

ਪਾਨ ਕ੍ਰਿਪਾਨ ਧਰੇ ਬਲਵਾਨ ਸੁ ਕੋਪ ਕੈ ਬਿਜੁਲ ਜਿਉ ਗਰਜੀ ਹੈ ॥

ਬਲਵਾਨ (ਕਾਲੀ) ਹੱਥ ਵਿਚ ਤਲਵਾਰ ਫੜ ਕੇ ਕ੍ਰੋਧ ਨਾਲ ਬਿਜਲੀ ਵਾਂਗ ਗਰਜੀ ਹੈ।

ਮੇਰੁ ਸਮੇਤ ਹਲੇ ਗਰੂਏ ਗਿਰ ਸੇਸ ਕੇ ਸੀਸ ਧਰਾ ਲਰਜੀ ਹੈ ॥

(ਉਸ ਦੀ ਗਰਜਨਾ ਨਾਲ) ਸੁਮੇਰ ਪਰਬਤ ਸਮੇਤ ਵਡੇ ਵਡੇ ('ਗਰੂਏ') ਪਹਾੜ ਹਿਲ ਗਏ ਹਨ ਅਤੇ ਸ਼ੇਸ਼-ਨਾਗ ਦੇ ਸਿਰ ਉਤੇ ਟਿਕੀ ਧਰਤੀ ਵੀ ਕੰਬ ਗਈ ਹੈ।

ਬ੍ਰਹਮ ਧਨੇਸ ਦਿਨੇਸ ਡਰਿਓ ਸੁਨ ਕੈ ਹਰਿ ਕੀ ਛਤੀਆ ਤਰਜੀ ਹੈ ॥

(ਉਸ ਗਰਜ ਨੂੰ) ਸੁਣ ਕੇ ਬ੍ਰਹਮਾ, ਕੁਬੇਰ, ਸੂਰਜ ਆਦਿ ਡਰ ਗਏ ਹਨ ਅਤੇ ਵਿਸ਼ਣੂ (ਹਰਿ) ਦੀ ਛਾਤੀ ਵੀ ਧੜਕਣ ਲਗ ਗਈ ਹੈ।

ਚੰਡ ਪ੍ਰਚੰਡ ਅਖੰਡ ਲੀਏ ਕਰਿ ਕਾਲਿਕਾ ਕਾਲ ਹੀ ਜਿਉ ਅਰਜੀ ਹੈ ॥੭੫॥

ਪ੍ਰਚੰਡ ਤਿਖੀ ਅਖੰਡ (ਤਲਵਾਰ) ਹੱਥ ਵਿਚ ਲੈ ਕੇ ਕਾਲਕਾ ਕਾਲ ਵਾਂਗ ਪ੍ਰਗਟ ਹੋਈ ਹੈ ॥੭੫॥

ਦੋਹਰਾ ॥

ਦੋਹਰਾ:

ਨਿਰਖ ਚੰਡਕਾ ਤਾਸ ਕੋ ਤਬੈ ਬਚਨ ਇਹ ਕੀਨ ॥

ਚੰਡਿਕਾ ਨੇ ਉਸ (ਕਾਲਕਾ) ਨੂੰ ਵੇਖ ਕੇ ਤਦੋਂ ਇਹ ਬਚਨ ਕੀਤਾ

ਹੇ ਪੁਤ੍ਰੀ ਤੂੰ ਕਾਲਿਕਾ ਹੋਹੁ ਜੁ ਮੁਝ ਮੈ ਲੀਨ ॥੭੬॥

ਕਿ ਹੇ ਪੁੱਤਰੀ ਕਾਲਕਾ! ਤੂੰ ਮੇਰੇ ਵਿਚ ਲੀਨ ਹੋ ਜਾ ॥੭੬॥

ਸੁਨਤ ਬਚਨ ਯਹ ਚੰਡਿ ਕੋ ਤਾ ਮਹਿ ਗਈ ਸਮਾਇ ॥

ਚੰਡੀ ਦੇ ਇਹ ਬਚਨ ਸੁਣ ਕੇ (ਕਾਲਕਾ) ਉਸ ਵਿਚ ਸਮਾ ਗਈ

ਜਿਉ ਗੰਗਾ ਕੀ ਧਾਰ ਮੈ ਜਮੁਨਾ ਪੈਠੀ ਧਾਇ ॥੭੭॥

ਜਿਵੇਂ ਗੰਗਾ ਦੇ ਵਹਿਣ ਵਿਚ ਜਮਨਾ ਜਾ ਮਿਲਦੀ ਹੈ ॥੭੭॥

ਸ੍ਵੈਯਾ ॥

ਸ੍ਵੈਯਾ:

ਬੈਠ ਤਬੈ ਗਿਰਿਜਾ ਅਰੁ ਦੇਵਨ ਬੁਧਿ ਇਹੈ ਮਨ ਮਧਿ ਬਿਚਾਰੀ ॥

ਤਦ ਦੁਰਗਾ ਅਤੇ ਦੇਵਤਿਆਂ ਨੇ ਬੈਠ ਕੇ ਮਨ ਵਿਚ ਵਿਚਾਰ ਕੀਤਾ

ਜੁਧ ਕੀਏ ਬਿਨੁ ਫੇਰ ਫਿਰੈ ਨਹਿ ਭੂਮਿ ਸਭੈ ਅਪਨੀ ਅਵਧਾਰੀ ॥

ਕਿ ਯੁੱਧ ਕੀਤੇ ਬਿਨਾ ਫਿਰ (ਉਹ) ਸਾਰੀ ਭੂਮੀ ਨਹੀਂ ਪਰਤਦੀ (ਜਿਸ ਉਤੇ) ਆਪਣਾ ਅਧਿਕਾਰ ਸੀ।

ਇੰਦ੍ਰ ਕਹਿਓ ਅਬ ਢੀਲ ਬਨੇ ਨਹਿ ਮਾਤ ਸੁਨੋ ਯਹ ਬਾਤ ਹਮਾਰੀ ॥

ਇੰਦਰ ਨੇ ਕਿਹਾ ਕਿ ਹੇ ਮਾਤਾ! ਮੇਰੀ ਇਹ ਗੱਲ ਸੁਣੋ, ਹੁਣ ਢਿਲ ਕੀਤਿਆਂ ਨਹੀਂ ਬਣਦੀ।

ਦੈਤਨ ਕੇ ਬਧ ਕਾਜ ਚਲੀ ਰਣਿ ਚੰਡ ਪ੍ਰਚੰਡ ਭੁਜੰਗਨਿ ਕਾਰੀ ॥੭੮॥

(ਫਲਸਰੂਪ) ਕਾਲੀ ਸੱਪਣੀ ਵਾਂਗ ਪ੍ਰਚੰਡ ਚੰਡੀ ਦੈਂਤ ਦੇ ਸੰਘਾਰ ਲਈ ਯੁੱਧਭੂਮੀ ਨੂੰ ਚਲ ਪਈ ॥੭੮॥

ਕੰਚਨ ਸੇ ਤਨ ਖੰਜਨ ਸੇ ਦ੍ਰਿਗ ਕੰਜਨ ਕੀ ਸੁਖਮਾ ਸਕੁਚੀ ਹੈ ॥

(ਦੇਵੀ ਦਾ) ਸੋਨੇ ਵਰਗਾ (ਚਮਕਦਾਰ) ਸ਼ਰੀਰ, ਮਮੋਲੇ (ਪੰਛੀ) ਵਰਗੀਆਂ (ਸੁੰਦਰ) ਅੱਖਾਂ ਹਨ ਅਤੇ (ਉਸ ਦੀ) ਸੁੰਦਰਤਾ ਨੂੰ ਵੇਖ ਕੇ ਕਮਲ ਦੀ ਕੋਮਲਤਾ ਸ਼ਰਮਾ ਰਹੀ ਹੈ।

ਲੈ ਕਰਤਾਰ ਸੁਧਾ ਕਰ ਮੈ ਮਧ ਮੂਰਤਿ ਸੀ ਅੰਗ ਅੰਗ ਰਚੀ ਹੈ ॥

(ਇੰਜ ਪ੍ਰਤੀਤ ਹੁੰਦਾ ਹੈ ਕਿ) ਕਰਤਾਰ ਨੇ ਅੰਮ੍ਰਿਤ ('ਸੁਧਾ') ਨੂੰ ਹੱਥ ਵਿਚ ਲੈ ਕੇ ਉਸ ਦੀ ਪੁਤਲੀ ਬਣਾ ਕੇ ਅੰਗ-ਅੰਗ ਦੀ ਰਚਨਾ ਕੀਤੀ ਹੋਵੇ।

ਆਨਨ ਕੀ ਸਰ ਕੋ ਸਸਿ ਨਾਹਿਨ ਅਉਰ ਕਛੂ ਉਪਮਾ ਨ ਬਚੀ ਹੈ ॥

(ਉਸ ਦੇ) ਮੁਖ ਦੇ ਬਰਾਬਰ ਚੰਦ੍ਰਮਾ ਨਹੀਂ ਹੈ ਅਤੇ (ਇਸ ਤੋਂ ਛੁਟ) ਹੋਰ ਕੋਈ ਉਪਮਾ (ਬਾਕੀ) ਬਚੀ ਨਹੀਂ ਹੈ।

ਸ੍ਰਿੰਗ ਸੁਮੇਰ ਕੇ ਚੰਡਿ ਬਿਰਾਜਤ ਮਾਨੋ ਸਿੰਘਾਸਨ ਬੈਠੀ ਸਚੀ ਹੈ ॥੭੯॥

(ਅਜਿਹੀ) ਚੰਡੀ ਸੁਮੇਰ ਪਰਬਤ ਦੀ ਚੋਟੀ ਉਤੇ ਬੈਠੀ ਹੈ ਮਾਨੋ ਸਿੰਘਾਸਨ ਉਤੇ ਸਚੀ (ਇੰਦਰ ਦੀ ਪਤਨੀ) ਬੈਠੀ ਹੋਵੇ ॥੭੯॥

ਦੋਹਰਾ ॥

ਦੋਹਰਾ:

ਐਸੇ ਸ੍ਰਿੰਗ ਸੁਮੇਰ ਕੇ ਸੋਭਤ ਚੰਡਿ ਪ੍ਰਚੰਡ ॥

ਸੁਮੇਰ ਪਰਬਤ ਉਤੇ ਪ੍ਰਚੰਡ ਚੰਡੀ ਹੱਥ ਵਿਚ ਸੁੰਦਰ ਤਲਵਾਰ ਧਾਰਨ ਕੀਤੇ ਹੋਇਆਂ

ਚੰਦ੍ਰਹਾਸ ਕਰਿ ਬਰ ਧਰੇ ਜਨ ਜਮ ਲੀਨੇ ਦੰਡ ॥੮੦॥

ਇੰਜ ਸੁਸ਼ੋਭਿਤ ਹੈ ਮਾਨੋ ਯਮਰਾਜ ਨੇ ਹੱਥ ਵਿਚ ਡੰਡਾ ਲਿਆ ਹੋਇਆ ਹੋਵੇ ॥੮੦॥

ਕਿਸੀ ਕਾਜ ਕੋ ਦੈਤ ਇਕ ਆਇਓ ਹੈ ਤਿਹ ਠਾਇ ॥

ਉਸ ਵੇਲੇ ਕੋਈ ਦੈਂਤ ਕਿਸੇ ਕੰਮ ਉਥੇ ਆ ਗਿਆ

ਨਿਰਖ ਰੂਪ ਬਰੁ ਚੰਡਿ ਕੋ ਗਿਰਿਓ ਮੂਰਛਾ ਖਾਹਿ ॥੮੧॥

ਅਤੇ ਚੰਡੀ ਦੇ ਸੁੰਦਰ ਸਰੂਪ ਨੂੰ ਵੇਖ ਕੇ ਬੇਸੁਧ ਹੋ ਕੇ ਡਿਗ ਪਿਆ ॥੮੧॥

ਉਠਿ ਸੰਭਾਰਿ ਕਰ ਜੋਰ ਕੈ ਕਹੀ ਚੰਡ ਸੋ ਬਾਤ ॥

(ਉਹ ਆਪਣੇ ਆਪ ਨੂੰ) ਸੰਭਾਲ ਕੇ ਉਠਿਆ ਅਤੇ ਹੱਥ ਜੋੜ ਕੇ ਚੰਡੀ ਨੂੰ ਬੇਨਤੀ ਕੀਤੀ

ਨ੍ਰਿਪਤਿ ਸੁੰਭ ਕੋ ਭਾਤ ਹੌ ਕਹ੍ਯੋ ਬਚਨ ਸੁਕਚਾਤ ॥੮੨॥

ਕਿ ਮੈਂ ਰਾਜੇ ਸੁੰਭ ਦਾ ਭਰਾ ਹਾਂ। ਫਿਰ ਝਕਦੇ ਹੋਇਆਂ ਬੋਲਿਆ ॥੮੨॥

ਤੀਨ ਲੋਕ ਜਿਨਿ ਬਸਿ ਕੀਏ ਅਤਿ ਬਲ ਭੁਜਾ ਅਖੰਡ ॥

ਕਿ ਜਿਸ ਨੇ ਆਪਣੀਆਂ ਦ੍ਰਿੜ੍ਹ ਭੁਜਾਵਾਂ ਦੇ ਬਲ ਨਾਲ ਤਿੰਨ ਲੋਕਾਂ ਨੂੰ ਵਸ ਵਿਚ ਕਰ ਲਿਆ ਹੈ,

ਐਸੋ ਭੂਪਤਿ ਸੁੰਭ ਹੈ ਤਾਹਿ ਬਰੇ ਬਰਿ ਚੰਡ ॥੮੩॥

ਅਜਿਹੇ ਰਾਜੇ ਸੁੰਭ ਨੂੰ ਹੇ ਸੁੰਦਰ ਦੇਵੀ! ਤੂੰ ਵਰ ਲੈ ॥੮੩॥

ਸੁਨਿ ਰਾਕਸ ਕੀ ਬਾਤ ਕੋ ਦੇਵੀ ਉਤਰ ਦੀਨ ॥

(ਉਸ) ਦੈਂਤ ਦੀ ਗੱਲ ਸੁਣ ਕੇ ਦੇਵੀ ਨੇ ਉਤਰ ਦਿੱਤਾ

ਜੁਧ ਕਰੈ ਬਿਨੁ ਨਹਿ ਬਰੋ ਸੁਨਹੁ ਦੈਤ ਮਤਹੀਨ ॥੮੪॥

ਕਿ ਹੇ ਬੁੱਧੀ-ਹੀਨ ਦੈਂਤ! ਸੁਣ, ਮੈਂ ਯੁੱਧ ਕੀਤੇ ਬਿਨਾ (ਉਸ ਨੂੰ) ਨਹੀਂ ਵਰਾਂਗੀ (ਭਾਵ ਯੁੱਧ ਵਿਚ ਜਿਤ ਕੇ ਹੀ ਮੈਨੂੰ ਵਰਿਆ ਜਾ ਸਕਦਾ ਹੈ) ॥੮੪॥

ਇਹ ਸੁਨਿ ਦਾਨਵ ਚਪਲ ਗਤਿ ਗਇਓ ਸੁੰਭ ਕੇ ਪਾਸ ॥

ਇਹ (ਗੱਲ) ਸੁਣ ਕੇ ਦੈਂਤ ਬਿਜਲੀ ਦੀ ਗਤੀ ਨਾਲ ਸੁੰਭ ਕੋਲ ਗਿਆ।

ਪਰਿ ਪਾਇਨ ਕਰ ਜੋਰ ਕੈ ਕਰੀ ਏਕ ਅਰਦਾਸ ॥੮੫॥

ਪੈਰੀਂ ਪੈ ਕੇ ਅਤੇ ਹੱਥ ਜੋੜ ਕੇ (ਉਸ ਨੇ) ਇਕ ਅਰਜ਼ ਕੀਤੀ ॥੮੫॥

ਅਉਰ ਰਤਨ ਨ੍ਰਿਪ ਧਾਮ ਤੁਅ ਤ੍ਰੀਆ ਰਤਨ ਤੇ ਹੀਨ ॥

ਹੇ ਰਾਜਨ! ਤੇਰੇ ਘਰ ਵਿਚ ਹੋਰ ਸਾਰੇ ਰਤਨ ਹਨ, ਪਰ (ਤੇਰਾ ਘਰ) ਇਸਤਰੀ ਰਤਨ ਤੋਂ ਸਖਣਾ ਹੈ।

ਬਧੂ ਏਕ ਬਨ ਮੈ ਬਸੈ ਤਿਹ ਤੁਮ ਬਰੋ ਪ੍ਰਬੀਨ ॥੮੬॥

ਇਕ ਇਸਤਰੀ ਬਨ ਵਿਚ ਵਸਦੀ ਹੈ, ਹੇ ਪ੍ਰਬੀਨ (ਰਾਜੇ)! ਤੁਸੀਂ ਉਸ ਨੂੰ ਵਰ ਲਵੋ ॥੮੬॥

ਸੋਰਠਾ ॥

ਸੋਰਠਾ:

ਸੁਨੀ ਮਨੋਹਰਿ ਬਾਤ ਨ੍ਰਿਪ ਬੂਝਿਓ ਪੁਨਿ ਤਾਹਿ ਕੋ ॥

ਰਾਜੇ ਸੁੰਭ ਨੇ ਇਹ ਮਨਮੋਹਕ ਗੱਲ ਸੁਣੀ (ਤਾਂ ਉਸ ਨੇ) ਫਿਰ ਪੁਛਿਆ

ਮੋ ਸੋ ਕਹਿਯੈ ਭ੍ਰਾਤ ਬਰਨਨ ਤਾਹਿ ਸਰੀਰ ਕੋ ॥੮੭॥

ਕਿ ਹੇ ਭਰਾ! ਤੂੰ ਮੈਨੂੰ ਉਸ ਦੇ ਸ਼ਰੀਰ (ਦੀ ਸੁੰਦਰਤਾ ਦਾ) ਬ੍ਰਿੱਤਾਂਤ ਸੁਣਾ ॥੮੭॥

ਸ੍ਵੈਯਾ ॥

ਸ੍ਵੈਯਾ:

ਹਰਿ ਸੋ ਮੁਖ ਹੈ ਹਰਿਤੀ ਦੁਖ ਹੈ ਅਲਿਕੈ ਹਰ ਹਾਰ ਪ੍ਰਭਾ ਹਰਿਨੀ ਹੈ ॥

(ਉਸ ਇਸਤਰੀ ਦਾ) ਮੁਖ ਚੰਦ੍ਰਮਾ ਵਰਗਾ ਹੈ, ਦੁਖ ਨੂੰ ਦੂਰ ਕਰਨ ਵਾਲੀ ਹੈ ਅਤੇ (ਉਸ ਦੀਆਂ ਲੰਬੀਆਂ) ਜ਼ੁਲਫ਼ਾਂ ਸ਼ਿਵ ਦੇ (ਗਲ ਵਿਚ ਪਏ ਹੋਏ ਸੱਪਾਂ ਦੇ) ਹਾਰ ਦੀ ਸੁੰਦਰਤਾ ਨੂੰ ਮਾਤ ਪਾਉਂਦੀਆਂ ਹਨ।

ਲੋਚਨ ਹੈ ਹਰਿ ਸੇ ਸਰਸੇ ਹਰਿ ਸੇ ਭਰੁਟੇ ਹਰਿ ਸੀ ਬਰੁਨੀ ਹੈ ॥

(ਉਸ ਦੀਆਂ) ਅੱਖਾਂ ਖਿੜੇ ਹੋਏ ਕਮਲ ਦੇ ਫੁਲ ਵਰਗੀਆਂ ਹਨ, ਭਰਵਟੇ ਕਮਾਨ ਵਰਗੇ ਹਨ ਅਤੇ ਦ੍ਰਿਸ਼ਟੀ ਤੀਰ ਵਰਗੀ ਹੈ।

ਕੇਹਰਿ ਸੋ ਕਰਿਹਾ ਚਲਬੋ ਹਰਿ ਪੈ ਹਰਿ ਕੀ ਹਰਿਨੀ ਤਰਨੀ ਹੈ ॥

ਲਕ ਸ਼ੇਰ ਵਰਗਾ (ਪਤਲਾ) ਹੈ, ਚਾਲ ਹਾਥੀ ਵਰਗੀ ਹੈ ਅਤੇ ਕਾਮਦੇਵ ਦੀ ਪਤਨੀ ਰਤਿ ਦੀ ਸ਼ੋਭਾ ਨੂੰ ਦੂਰ ਕਰਨ ਵਾਲੀ ਹੈ (ਭਾਵ ਉਸ ਤੋਂ ਅਧਿਕ ਸੁੰਦਰ ਹੈ)।

ਹੈ ਕਰ ਮੈ ਹਰਿ ਪੈ ਹਰਿ ਸੋ ਹਰਿ ਰੂਪ ਕੀਏ ਹਰ ਕੀ ਧਰਨੀ ਹੈ ॥੮੮॥

(ਉਸ ਦੇ) ਹੱਥ ਵਿਚ ਤਲਵਾਰ ਹੈ, ਸ਼ੇਰ ਉਤੇ (ਸਵਾਰ) ਹੈ, ਸੂਰਜ ਵਰਗੇ ਤੇਜਸਵੀ ਰੂਪ ਵਾਲੀ ਹੈ ਅਤੇ ਸ਼ਿਵ ਦੀ ਪਤਨੀ ਹੈ ॥੮੮॥

ਕਬਿਤੁ ॥

ਕਬਿੱਤ:

ਮੀਨ ਮੁਰਝਾਨੇ ਕੰਜ ਖੰਜਨ ਖਿਸਾਨੇ ਅਲਿ ਫਿਰਤ ਦਿਵਾਨੇ ਬਨਿ ਡੋਲੈ ਜਿਤ ਤਿਤ ਹੀ ॥

(ਹੇ ਰਾਜਨ! ਉਸ ਦੀਆਂ ਚੰਚਲ) ਅੱਖਾਂ ਨੂੰ (ਵੇਖ ਕੇ) ਮੱਛੀ ਸ਼ਰਮਾਉਂਦੀ ਹੈ, ਕਮਲ ਤੇ ਖੰਜਨ ਲਜਾਉਂਦੇ ਹਨ ਅਤੇ ਭੌਰੇ ਦਿਵਾਨੇ ਹੋਏ ਬਨ ਵਿਚ ਇਧਰ ਉਧਰ ਫਿਰਦੇ ਹਨ।

ਕੀਰ ਅਉ ਕਪੋਤ ਬਿੰਬ ਕੋਕਿਲਾ ਕਲਾਪੀ ਬਨਿ ਲੂਟੇ ਫੂਟੇ ਫਿਰੈ ਮਨਿ ਚੈਨ ਹੂੰ ਨ ਕਿਤ ਹੀ ॥

(ਨਕ ਨੂੰ ਵੇਖ ਕੇ) ਤੋਤੇ, (ਗਰਦਨ ਨੂੰ ਵੇਖ ਕੇ) ਕਬੂਤਰ, (ਹੋਠਾਂ ਨੂੰ ਵੇਖ ਕੇ) ਕੁੰਦਰੁ ਫਲ, (ਬੋਲਾਂ ਨੂੰ ਸੁਣ ਕੇ) ਕੋਇਲ, ਅਤੇ ਮੋਰ (ਕਲਾਪੀ) ਆਪਣੇ ਮਨ ਦਾ ਚੈਨ ਖੋਹ ਕੇ ਬਨ ਵਿਚ ਲੁਟੇ ਪੁਟੇ ਫਿਰਦੇ ਹਨ।


Flag Counter