ਸ਼੍ਰੀ ਦਸਮ ਗ੍ਰੰਥ

ਅੰਗ - 68


ਮਹਾ ਕੋਪ ਕੈ ਬੀਰ ਬ੍ਰਿੰਦੰ ਸੰਘਾਰੇ ॥

(ਉਸ ਨੇ) ਕ੍ਰੋਧ ਕਰ ਕੇ ਬਹੁਤ ਸੂਰਮੇ ਮਾਰ ਦਿੱਤੇ

ਬਡੋ ਜੁਧ ਕੈ ਦੇਵ ਲੋਕੰ ਪਧਾਰੇ ॥੩੧॥

ਅਤੇ ਬਹੁਤ ਤਕੜਾ ਯੁੱਧ ਕਰਕੇ ਸੁਅਰਗ ਚਲਾ ਗਿਆ ॥੩੧॥

ਹਠਿਯੋ ਹਿਮਤੰ ਕਿੰਮਤੰ ਲੈ ਕ੍ਰਿਪਾਨੰ ॥

(ਰਾਜਿਆਂ ਵਲੋਂ) ਹਿੰਮਤ ਸਿੰਘ ਅਤੇ ਕਿੰਮਤ ਸਿੰਘ ਨਾਂ ਦੇ ਕੜੀਅਲ ਯੋਧੇ ਕ੍ਰਿਪਾਨਾਂ ਲੈ ਕੇ ਆਏ।

ਲਏ ਗੁਰਜ ਚਲੰ ਸੁ ਜਲਾਲ ਖਾਨੰ ॥

(ਹੁਸੈਨੀ ਦੇ ਦਲ ਵਲੋਂ) ਜਲਾਲ ਖ਼ਾਨ ਗੁਰਜ ਲੈ ਕੇ ਚਲਿਆ।

ਹਠੇ ਸੂਰਮਾ ਮਤ ਜੋਧਾ ਜੁਝਾਰੰ ॥

ਉਹ ਜੁਝਾਰੂ ਯੋਧੇ ਅਭਿਮਾਨ ਨਾਲ ਮਸਤੇ ਹੋਏ ਖ਼ੂਬ ਲੜੇ।

ਪਰੀ ਕੁਟ ਕੁਟੰ ਉਠੀ ਸਸਤ੍ਰ ਝਾਰੰ ॥੩੨॥

(ਸ਼ਸਤ੍ਰਾਂ ਦੇ) ਲਗਾਤਾਰ ਵਾਰਾਂ ਨਾਲ ਸ਼ਸਤ੍ਰਾਂ ਤੋਂ ਚਿੰਗਾਰੀਆਂ ਨਿਕਲਣ ਲਗੀਆਂ ॥੩੨॥

ਰਸਾਵਲ ਛੰਦ ॥

ਰਸਾਵਲ ਛੰਦ:

ਜਸੰਵਾਲ ਧਾਏ ॥

ਜਸਵਾਲ (ਦਾ ਰਾਜਾ ਕੇਸਰੀ ਚੰਦ)

ਤੁਰੰਗੰ ਨਚਾਏ ॥

ਘੋੜਾ ਨਚਾਉਂਦਾ ਹੋਇਆ ਅਗੇ ਵਧਿਆ।

ਲਯੋ ਘੇਰਿ ਹੁਸੈਨੀ ॥

(ਉਸ ਨੇ) ਹੁਸੈਨੀ ਨੂੰ ਘੇਰ ਲਿਆ

ਹਨ੍ਯੋ ਸਾਗ ਪੈਨੀ ॥੩੩॥

ਅਤੇ ਤਿਖੀ ਬਰਛੀ ਦਾ ਵਾਰ ਕੀਤਾ ॥੩੩॥

ਤਿਨੂ ਬਾਣ ਬਾਹੇ ॥

ਹੁਸੈਨੀ ਨੇ (ਅਗੋਂ) ਤੀਰ ਚਲਾਏ

ਬਡੇ ਸੈਨ ਗਾਹੇ ॥

ਅਤੇ ਬਹੁਤ ਸੈਨਾ ਲਿਤਾੜ ਦਿੱਤੀ।

ਜਿਸੈ ਅੰਗਿ ਲਾਗ੍ਯੋ ॥

(ਤੀਰ) ਜਿਸ ਦੇ ਸ਼ਰੀਰ ਵਿਚ ਲਗਦਾ ਹੈ,

ਤਿਸੇ ਪ੍ਰਾਣ ਤ੍ਯਾਗ੍ਰਯੋ ॥੩੪॥

ਉਸੇ ਦੇ ਪ੍ਰਾਣ ਨਿਕਲ ਜਾਂਦੇ ਹਨ ॥੩੪॥

ਜਬੈ ਘਾਵ ਲਾਗ੍ਯੋ ॥

(ਜਿਸ ਕਿਸੇ ਨੂੰ) ਜਦੋਂ ਜ਼ਖਮ ਲਗਦਾ ਹੈ

ਤਬੈ ਕੋਪ ਜਾਗ੍ਯੋ ॥

ਤਾਂ (ਉਸ ਦਾ) ਕ੍ਰੋਧ ਭੜਕ ਪੈਂਦਾ ਹੈ।

ਸੰਭਾਰੀ ਕਮਾਣੰ ॥

(ਉਹ ਫਿਰ) ਕਮਾਨ ਸੰਭਾਲ ਕੇ

ਹਣੇ ਬੀਰ ਬਾਣੰ ॥੩੫॥

ਸੂਰਮਿਆਂ ਨੂੰ ਬਾਣਾਂ ਨਾਲ ਮਾਰੀ ਜਾਂਦਾ ਹੈ ॥੩੫॥

ਚਹੂੰ ਓਰ ਢੂਕੇ ॥

(ਸੂਰਮੇ) ਚੌਹਾਂ ਪਾਸਿਆਂ ਤੋਂ ਅਗੇ ਢੁਕਦੇ ਹਨ

ਮੁਖੰ ਮਾਰ ਕੂਕੇ ॥

ਅਤੇ ਮੂੰਹ ਤੋਂ ਮਾਰੋ-ਮਾਰੋ ਪੁਕਾਰਦੇ ਹਨ।

ਨ੍ਰਿਭੈ ਸਸਤ੍ਰ ਬਾਹੈ ॥

(ਉਹ) ਨਿਰਭੈ ਹੋ ਕੇ ਸ਼ਸਤ੍ਰ ਚਲਾਉਂਦੇ ਹਨ

ਦੋਊ ਜੀਤ ਚਾਹੈ ॥੩੬॥

ਅਤੇ ਦੋਵੇਂ (ਆਪਣੀ ਆਪਣੀ) ਜਿਤ ਪ੍ਰਾਪਤ ਕਰਨ ਦੇ ਚਾਹਵਾਨ ਹੁੰਦੇ ਹਨ ॥੩੬॥

ਰਿਸੇ ਖਾਨਜਾਦੇ ॥

ਪਠਾਣ ਸੈਨਿਕ ਕ੍ਰੋਧਿਤ ਹੋ ਗਏ।

ਮਹਾ ਮਦ ਮਾਦੇ ॥

ਹੈਂਕੜ ਨਾਲ ਹੰਕਾਰੇ ਗਏ।

ਮਹਾ ਬਾਣ ਬਰਖੇ ॥

ਤੀਰਾਂ ਦੀ ਬਰਖਾ ਹੋਣ ਲਗੀ।

ਸਭੇ ਸੂਰ ਹਰਖੇ ॥੩੭॥

ਸਾਰੇ ਸੂਰਮੇ ਪ੍ਰਸੰਨ ਹੋ ਗਏ ॥੩੭॥

ਕਰੈ ਬਾਣ ਅਰਚਾ ॥

(ਉਹ ਦ੍ਰਿਸ਼ ਅਜਿਹਾ ਸੀ) ਮਾਨੋ ਬਾਣ (ਸੁਗੰਧਿਤ ਪਦਾਰਥਾਂ ਦੀ) ਅਰਚਾ (ਛਿੜਕਾਉ) ਕਰ ਰਹੇ ਹੋਣ।

ਧਨੁਰ ਬੇਦ ਚਰਚਾ ॥

(ਧਨੁਸ਼ਾਂ ਦੀ ਟੰਕਾਰ ਨਾਲ) ਧਨੁਰ ਵੇਦ ਦਾ ਪਾਠ ਹੋ ਰਿਹਾ ਸੀ।

ਸੁ ਸਾਗੰ ਸਮ੍ਰਹਾਲੰ ॥

ਉਸ ਥਾਂ ਤੇ (ਵੇਦ-ਪਾਠ ਦਾ)

ਕਰੈ ਤਉਨ ਠਾਮੰ ॥੩੮॥

ਕੋਈ ਰੂਪਕ ਖੇਡਿਆ ਜਾ ਰਿਹਾ ਸੀ ॥੩੮॥

ਬਲੀ ਬੀਰ ਰੁਝੇ ॥

(ਉਸ ਕੰਮ ਵਿਚ) ਬਲਵਾਨ ਵੀਰ ਰੁਝੇ ਹੋਏ ਸਨ।

ਸਮੁਹ ਸਸਤ੍ਰ ਜੁਝੇ ॥

ਸਾਰੇ ਸ਼ਸਤ੍ਰਾਂ ਨਾਲ ਜੂਝ ਰਹੇ ਸਨ।

ਲਗੈ ਧੀਰ ਧਕੈ ॥

ਧੀਰਜਵਾਨ (ਸੂਰਮਿਆਂ) ਦੇ ਧਕੇ ਵਜ ਰਹੇ ਸਨ

ਕ੍ਰਿਪਾਣੰ ਝਨਕੈ ॥੩੯॥

ਅਤੇ ਕ੍ਰਿਪਾਨਾਂ ਛਣਕ ਰਹੀਆਂ ਸਨ ॥੩੯॥

ਕੜਕੈ ਕਮਾਣੰ ॥

ਕਮਾਨਾਂ ਕੜਕਦੀਆਂ ਸਨ।

ਝਣਕੈ ਕ੍ਰਿਪਾਣੰ ॥

ਕ੍ਰਿਪਾਨਾਂ ਛਣਕਦੀਆਂ ਸਨ।

ਕੜਕਾਰ ਛੁਟੈ ॥

ਕੜਾਕ ਕੜਾਕ (ਤੀਰ) ਚਲਦੇ ਸਨ।

ਝਣੰਕਾਰ ਉਠੈ ॥੪੦॥

(ਹਰ ਪਾਸੇ) ਝਣਕਾਰ (ਦਾ ਨਾਦ) ਪੈਦਾ ਹੋ ਰਿਹਾ ਸੀ ॥੪੦॥

ਹਠੀ ਸਸਤ੍ਰ ਝਾਰੇ ॥

ਹਠੀ (ਸੂਰਮੇ) ਸ਼ਸਤ੍ਰਾਂ ਦਾ ਵਾਰ ਕਰਦੇ ਸਨ।

ਨ ਸੰਕਾ ਬਿਚਾਰੇ ॥

(ਮਨ ਵਿਚ) ਕੋਈ ਸ਼ੰਕਾ ਨਹੀਂ ਵਿਚਾਰਦੇ ਸਨ।

ਕਰੇ ਤੀਰ ਮਾਰੰ ॥

ਤੀਰ (ਇਤਨੇ ਅਧਿਕ) ਚਲਾਏ ਜਾ ਰਹੇ ਸਨ

ਫਿਰੈ ਲੋਹ ਧਾਰੰ ॥੪੧॥

ਮਾਨੋ ਲੋਹੇ ਦੀ ਬਰਖਾ ਹੋ ਰਹੀ ਹੋਵੇ ॥੪੧॥

ਨਦੀ ਸ੍ਰੋਣ ਪੂਰੰ ॥

ਨਦੀ ਲਹੂ ਨਾਲ ਪੂਰੀ ਗਈ ਹੈ।

ਫਿਰੈ ਗੈਣਿ ਹੂਰੰ ॥

ਆਕਾਸ਼ ਵਿਚ ਹੂਰਾਂ ਵਿਚਰ ਰਹੀਆਂ ਹਨ।

ਉਭੇ ਖੇਤ ਪਾਲੰ ॥

ਦੋਹਾਂ ਪਾਸਿਆਂ ਤੋਂ ਮੁੱਖੀ ਸੂਰਮੇ

ਬਕੇ ਬਿਕਰਾਲੰ ॥੪੨॥

ਭਿਆਨਕ ਆਵਾਜ਼ਾਂ ਕਢ ਰਹੇ ਹਨ ॥੪੨॥

ਪਾਧੜੀ ਛੰਦ ॥

ਪਾਧੜੀ ਛੰਦ:

ਤਹ ਹੜ ਹੜਾਇ ਹਸੇ ਮਸਾਣ ॥

ਉਥੇ ਮਸਾਣ ਖਿੜ ਖਿੜ ਕੇ ਹਸ ਰਹੇ ਸਨ।

ਲਿਟੇ ਗਜਿੰਦ੍ਰ ਛੁਟੇ ਕਿਕਰਾਣ ॥

(ਕਿਤੇ) ਹਾਥੀ ਡਿਗੇ ਪਏ ਸਨ ਅਤੇ ਘੋੜੇ ਖੁਲ੍ਹੇ ਫਿਰਦੇ ਸਨ।

ਜੁਟੇ ਸੁ ਬੀਰ ਤਹ ਕੜਕ ਜੰਗ ॥

ਉਥੇ ਘੋਰ ਯੁੱਧ ਵਿਚ ਸੂਰਮੇ ਜੁਟੇ ਹੋਏ ਸਨ।

ਛੁਟੀ ਕ੍ਰਿਪਾਣ ਬੁਠੇ ਖਤੰਗ ॥੪੩॥

(ਕਿਤੇ) ਤਲਵਾਰਾਂ ਚਲ ਰਹੀਆਂ ਸਨ ਅਤੇ ਬਾਣ ਵਰ੍ਹ ਰਹੇ ਸਨ ॥੪੩॥

ਡਾਕਨ ਡਹਕਿ ਚਾਵਡ ਚਿਕਾਰ ॥

(ਕਿਤੇ) ਡਾਕਣੀਆਂ ਡਕਾਰ ਰਹੀਆਂ ਸਨ ਅਤੇ ਚਾਵੰਡੀਆਂ ਚੀਖ਼ ਰਹੀਆਂ ਸਨ।

ਕਾਕੰ ਕਹਕਿ ਬਜੈ ਦੁਧਾਰ ॥

ਕਿਤੇ ਕਾਂਵਾਂ ਦੀ ਕੁਰਲਾਹਟ ਪੈ ਰਹੀ ਸੀ ਅਤੇ ਕਿਤੇ ਦੁਧਾਰੇ (ਖੰਡੇ) ਵਜ ਰਹੇ ਸਨ।

ਖੋਲੰ ਖੜਕਿ ਤੁਪਕਿ ਤੜਾਕਿ ॥

(ਕਿਤੇ) ਲੋਹੇ ਦੇ ਟੋਪ ਖੜਕ ਰਹੇ ਸਨ ਅਤੇ (ਕਿਤੇ) ਬੰਦੂਕਾਂ ਤੜਾਕ ਰਹੀਆਂ ਸਨ।

ਸੈਥੰ ਸੜਕ ਧਕੰ ਧਹਾਕਿ ॥੪੪॥

(ਕਿਤੇ) ਸੈਹੱਥੀਆਂ ਸਰਕ ਰਹੀਆਂ ਸਨ ਅਤੇ (ਕਿਤੇ) ਧੱਕਮ-ਧੱਕੀ ਹੋ ਰਹੀ ਸੀ ॥੪੪॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਤਹਾ ਆਪ ਕੀਨੋ ਹੁਸੈਨੀ ਉਤਾਰੰ ॥

ਤਦੋਂ ਹੁਸੈਨੀ ਖੁਦ (ਜੰਗ ਕਰਨ ਲਈ) ਨਿਤਰਿਆ।

ਸਭੁ ਹਾਥਿ ਬਾਣੰ ਕਮਾਣੰ ਸੰਭਾਰੰ ॥

(ਉਸ ਦੇ) ਸਾਰੇ (ਸਾਥੀਆਂ ਨੇ) ਹੱਥਾਂ ਵਿਚ ਤੀਰ ਅਤੇ ਕਮਾਨਾਂ ਸੰਭਾਲੀਆਂ ਹੋਈਆ ਸਨ।

ਰੁਪੇ ਖਾਨ ਖੂਨੀ ਕਰੈ ਲਾਗ ਜੁਧੰ ॥

ਖ਼ੂਨਖ਼ਾਰ ਪਠਾਣ ਯੁੱਧ ਕਰਨ ਲਈ ਡਟ ਗਏ।

ਮੁਖੰ ਰਕਤ ਨੈਣੰ ਭਰੇ ਸੂਰ ਕ੍ਰੁਧੰ ॥੪੫॥

ਕ੍ਰੋਧ ਕਰ ਕੇ (ਸਾਰਿਆਂ) ਸੂਰਮਿਆਂ ਦੇ ਮੂੰਹ ਅਤੇ ਅੱਖਾਂ ਲਾਲ ਹੋ ਗਈਆਂ ਸਨ ॥੪੫॥

ਜਗਿਯੋ ਜੰਗ ਜਾਲਮ ਸੁ ਜੋਧੰ ਜੁਝਾਰੰ ॥

ਕਠੋਰ ਅਤੇ ਭਿਆਨਕ ਯੋਧਿਆਂ (ਦੇ ਮਨ ਵਿਚ) ਜੰਗ (ਦੀ ਬਿਰਤੀ) ਜਾਗ ਪਈ।

ਬਹੇ ਬਾਣ ਬਾਕੇ ਬਰਛੀ ਦੁਧਾਰੰ ॥

ਸੁੰਦਰ ਤਿਖੇ ਤੀਰ, ਬਰਛੀਆਂ ਅਤੇ ਦੁਧਾਰੇ (ਖੰਡੇ) ਚਲਦੇ ਹਨ।

ਮਿਲੇ ਬੀਰ ਬੀਰੰ ਮਹਾ ਧੀਰ ਬੰਕੇ ॥

ਵਡੇ ਵਡੇ ਸੂਰਮੇ ਧੀਰਜਵਾਨ ਬਾਂਕੇ ਸੂਰਮਿਆਂ ਨਾਲ ਗੁੱਥਮ-ਗੁੱਥਾ ਹੁੰਦੇ ਹਨ।

ਧਕਾ ਧਕਿ ਸੈਥੰ ਕ੍ਰਿਪਾਣੰ ਝਨੰਕੇ ॥੪੬॥

(ਕਿਤੇ) ਸੈਹੱਥੀਆਂ ਨਾਲ ਧਕਮ-ਧਕੀ ਹੋ ਰਹੀ ਹੈ, (ਕਿਤੇ) ਤਲਵਾਰਾਂ ਦੀ ਛਣਕਾਰ ਹੋ ਰਹੀ ਹੈ ॥੪੬॥

ਭਏ ਢੋਲ ਢੰਕਾਰ ਨਦੰ ਨਫੀਰੰ ॥

(ਕਿਤੇ) ਢੋਲਾਂ ਦੀ ਢਮਕਾਰ ਅਤੇ ਤੂਤੀਆਂ ਦੀ ਆਵਾਜ਼ ਪੈਦਾ ਹੋ ਰਹੀ ਹੈ।

ਉਠੇ ਬਾਹੁ ਆਘਾਤ ਗਜੈ ਸੁਬੀਰੰ ॥

(ਕਿਤੇ) ਬਾਂਹਵਾਂ ਦੀ ਸੱਟ (ਨਾਲ ਧੁਨ) ਉਠਦੀ ਹੈ ਅਤੇ (ਕਿਤੇ) ਸੂਰਬੀਰ ਗਜਦੇ ਹਨ।

ਨਵੰ ਨਦ ਨੀਸਾਨ ਬਜੇ ਅਪਾਰੰ ॥

ਧੌਂਸਿਆਂ ਦੇ ਵਜਣ ਤੋਂ ਕਈ ਪ੍ਰਕਾਰ ਦੀਆਂ ਨਵੇਕਲੀਆਂ ਆਵਾਜ਼ਾਂ ਨਿਕਲਦੀਆਂ ਹਨ।

ਰੁਲੇ ਤਛ ਮੁਛੰ ਉਠੀ ਸਸਤ੍ਰ ਝਾਰੰ ॥੪੭॥

ਵਢੇ ਟੁਕੇ (ਸੂਰਵੀਰ) ਰੁਲ ਰਹੇ ਹਨ ਅਤੇ ਸ਼ਸਤ੍ਰਾਂ (ਦੇ ਵਜਣ ਨਾਲ) ਚਿੰਗਾਰੀਆਂ ਉਠਦੀਆਂ ਹਨ ॥੪੭॥

ਟਕਾ ਟੁਕ ਟੋਪੰ ਢਕਾ ਢੁਕ ਢਾਲੰ ॥

(ਲੋਹੇ ਦੇ) ਟੋਪਾਂ ਦੀ ਟਕ-ਟਕ ਅਤੇ ਢਾਲਾਂ ਦੀ ਢਕ-ਢਕ (ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ)।

ਮਹਾ ਬੀਰ ਬਾਨੈਤ ਬਕੈ ਬਿਕ੍ਰਾਲੰ ॥

ਮਹਾਵੀਰ ਅਤੇ ਬਾਂਕੇ ਤੀਰ-ਅੰਦਾਜ਼ ਭਿਆਨਕ (ਰੂਪ ਧਾਰ ਰਹੇ ਹਨ)।

ਨਚੇ ਬੀਰ ਬੈਤਾਲਯੰ ਭੂਤ ਪ੍ਰੇਤੰ ॥

ਬੀਰ-ਬੈਤਾਲ, ਭੂਤ ਅਤੇ ਪ੍ਰੇਤ ਨਚ ਰਹੇ ਹਨ।