ਸ਼੍ਰੀ ਦਸਮ ਗ੍ਰੰਥ

ਅੰਗ - 105


ਲਯੋ ਬੇੜਿ ਪਬੰ ਕੀਯੋ ਨਾਦ ਉਚੰ ॥

(ਉਸ ਨੇ) ਪਰਬਤ ਨੂੰ ਘੇਰਾ ਪਾ ਕੇ ਉੱਚਾ ਨਾਦ ਕੀਤਾ

ਸੁਣੇ ਗਰਭਣੀਆਨਿ ਕੇ ਗਰਭ ਮੁਚੰ ॥੧੮॥੫੬॥

ਜਿਸ ਨੂੰ ਸੁਣ ਕੇ ਗਰਭਵਤੀ ਇਸਤਰੀਆਂ ਦੇ ਗਰਭ-ਪਾਤ ਹੋ ਜਾਂਦੇ ਸਨ ॥੧੮॥੫੬॥

ਸੁਣਿਯੋ ਨਾਦ ਸ੍ਰਵਣੰ ਕੀਯੋ ਦੇਵਿ ਕੋਪੰ ॥

ਦੇਵੀ (ਨੇ ਕੰਨਾਂ ਨਾਲ ਨਾਦ ਸੁਣ ਕੇ) ਬਹੁਤ ਕ੍ਰੋਧਵਾਨ ਹੋਈ

ਸਜੇ ਚਰਮ ਬਰਮੰ ਧਰੇ ਸੀਸਿ ਟੋਪੰ ॥

ਅਤੇ ਸਿਰ ਉਤੇ (ਲੋਹੇ ਦਾ) ਟੋਪ ਰਖ ਕੇ ਢਾਲ ਅਤੇ ਕਵਚ ਸਜਾ ਲਿਆ।

ਭਈ ਸਿੰਘ ਸੁਆਰੰ ਕੀਯੋ ਨਾਦ ਉਚੰ ॥

(ਉਹ) ਸ਼ੇਰ ਉਤੇ ਸਵਾਰ ਹੋ ਗਈ ਅਤੇ ਉੱਚਾ ਨਾਦ ਕੀਤਾ

ਸੁਨੇ ਦੀਹ ਦਾਨਵਾਨ ਕੇ ਮਾਨ ਮੁਚੰ ॥੧੯॥੫੭॥

(ਜਿਸ ਨੂੰ) ਸੁਣ ਕੇ ਵਡੇ ਵਡੇ ਰਾਖਸ਼ਾਂ ਦੀ ਹੈਂਕੜ ਨਸ਼ਟ ਹੋ ਗਈ ॥੧੯॥੫੭॥

ਮਹਾ ਕੋਪਿ ਦੇਵੀ ਧਸੀ ਸੈਨ ਮਧੰ ॥

ਦੇਵੀ ਬਹੁਤ ਕ੍ਰੋਧਵਾਨ ਹੋ ਕੇ ਸੈਨਾ ਵਿਚ ਧਸ ਗਈ

ਕਰੇ ਬੀਰ ਬੰਕੇ ਤਹਾ ਅਧੁ ਅਧੰ ॥

ਅਤੇ ਉਥੇ ਸਜੀਲੇ ਯੋਧਿਆਂ ਨੂੰ ਅਧੋ-ਅਧ ਵਢ ਦਿੱਤਾ।

ਜਿਸੈ ਧਾਇ ਕੈ ਸੂਲ ਸੈਥੀ ਪ੍ਰਹਾਰਿਯੋ ॥

ਜਿਸ ਉਤੇ (ਵੀ ਦੇਵੀ ਨੇ) ਭਜ ਕੇ ਤ੍ਰਿਸ਼ੂਲ ਜਾਂ ਸੈਹੱਥੀ ਚਲਾਈ,

ਤਿਨੇ ਫੇਰਿ ਪਾਣੰ ਨ ਬਾਣੰ ਸੰਭਾਰਿਯੋ ॥੨੦॥੫੮॥

ਉਸ ਨੇ ਫਿਰ ਹੱਥ ਵਿਚ ਬਾਣ ਨੂੰ ਨਾ ਫੜਿਆ ॥੨੦॥੫੮॥

ਰਸਾਵਲ ਛੰਦ ॥

ਰਸਾਵਲ ਛੰਦ:

ਜਿਸੈ ਬਾਣ ਮਾਰ੍ਯੋ ॥

ਜਿਸ ਨੂੰ ਵੀ (ਦੇਵੀ ਨੇ) ਬਾਣ ਮਾਰਿਆ,

ਤਿਸੈ ਮਾਰਿ ਡਾਰ੍ਯੋ ॥

ਉਸ ਨੂੰ ਮਾਰ ਸੁਟਿਆ।

ਜਿਤੈ ਸਿੰਘ ਧਾਯੋ ॥

ਜਿਧਰ ਵਲ ਸ਼ੇਰ ਜਾਂਦਾ ਹੈ,

ਤਿਤੈ ਸੈਨ ਘਾਯੋ ॥੨੧॥੫੯॥

ਉਧਰ ਹੀ ਫ਼ੌਜ ਨਸ਼ਟ ਹੋ ਜਾਂਦੀ ਹੈ ॥੨੧॥੫੯॥

ਜਿਤੈ ਘਾਇ ਡਾਲੇ ॥

ਜਿਤਨੇ ਵੀ (ਦੈਂਤ) ਮਾਰੇ ਗਏ,

ਤਿਤੈ ਘਾਰਿ ਘਾਲੇ ॥

ਉਤਨਿਆਂ ਨੂੰ ਹੀ (ਪਰਬਤਾਂ ਦੀਆਂ) ਦਰਾੜਾਂ ਵਿਚ ਸੁਟ ਦਿੱਤਾ (ਅਥਵਾ ਬੈਕੁੰਠ ਵਾਲੇ ਘਰ ਵਿਚ ਭੇਜ ਦਿੱਤਾ)।

ਸਮੁਹਿ ਸਤ੍ਰੁ ਆਯੋ ॥

ਜਿਤਨੇ ਵੀ ਵੈਰੀ ਸਾਹਮਣੇ ਆਏ,

ਸੁ ਜਾਨੇ ਨ ਪਾਯੋ ॥੨੨॥੬੦॥

ਉਹ ਪਰਤ ਨਾ ਸਕੇ ॥੨੨॥੬੦॥

ਜਿਤੇ ਜੁਝ ਰੁਝੇ ॥

ਜਿਤਨੇ ਵੀ ਯੁੱਧ ਵਿਚ ਲਗੇ,

ਤਿਤੇ ਅੰਤ ਜੁਝੇ ॥

ਉਹ ਸਾਰੇ ਅੰਤ ਵਿਚ ਮਾਰੇ ਗਏ।

ਜਿਨੈ ਸਸਤ੍ਰ ਘਾਲੇ ॥

ਜਿਤਨਿਆਂ ਨੇ ਵੀ ਸ਼ਸਤ੍ਰ ਫੜੇ ਹੋਏ ਸਨ,

ਤਿਤੇ ਮਾਰ ਡਾਲੇ ॥੨੩॥੬੧॥

ਉਤਨਿਆਂ ਨੂੰ ਹੀ (ਦੇਵੀ ਨੇ) ਮਾਰ ਦਿੱਤਾ ॥੨੩॥੬੧॥

ਤਬੈ ਮਾਤ ਕਾਲੀ ॥

ਤਦੋਂ ਕਾਲੀ ਮਾਤਾ ਅਗਨੀ ਦੇ

ਤਪੀ ਤੇਜ ਜੁਵਾਲੀ ॥

ਤੇਜ ਵਾਂਗ ਤਪ ਉਠੀ।

ਜਿਸੈ ਘਾਵ ਡਾਰਿਯੋ ॥

ਜਿਸ ਨੂੰ (ਉਸ ਨੇ) ਘਾਇਲ ਕੀਤਾ,

ਸੁ ਸੁਰਗੰ ਸਿਧਾਰਿਯੋ ॥੨੪॥੬੨॥

ਉਹ ਸੁਅਰਗ ਸਿਧਾਰ ਗਿਆ ॥੨੪॥੬੨॥

ਘਰੀ ਅਧ ਮਧੰ ॥

(ਦੈਂਤਾਂ ਦੀ) ਸਾਰੀ ਸੈਨਾ ਨੂੰ

ਹਨਿਯੋ ਸੈਨ ਸੁਧੰ ॥

ਅੱਧੀ ਘੜੀ ਵਿਚ ਮਾਰ ਦਿੱਤਾ।

ਹਨਿਯੋ ਧੂਮ੍ਰ ਨੈਣੰ ॥

ਧੂਮ੍ਰ ਨੈਣ ਨੂੰ ਮਾਰ ਦਿੱਤਾ।

ਸੁਨਿਯੋ ਦੇਵ ਗੈਣੰ ॥੨੫॥੬੩॥

(ਇਹ ਗੱਲ) ਦੇਵਤਿਆਂ ਨੇ ਆਕਾਸ਼ ਵਿਚ ਸੁਣੀ ॥੨੫॥੬੩॥

ਦੋਹਰਾ ॥

ਦੋਹਰਾ:

ਭਜੀ ਬਿਰੂਥਨਿ ਦਾਨਵੀ ਗਈ ਭੂਪ ਕੇ ਪਾਸ ॥

ਦੈਂਤਾਂ ਦੀ ਫ਼ੌਜ ('ਬਿਰੂਥਨਿ') ਭਜ ਕੇ (ਆਪਣੇ) ਰਾਜੇ ਕੋਲ ਗਈ

ਧੂਮ੍ਰਨੈਣ ਕਾਲੀ ਹਨਿਯੋ ਭਜੀਯੋ ਸੈਨ ਨਿਰਾਸ ॥੨੬॥੬੪॥

(ਅਤੇ ਜਾ ਕੇ ਕਹਿਣ ਲਗੀ ਕਿ) ਕਾਲੀ ਨੇ ਧੂਮ੍ਰ ਨੈਣ ਨੂੰ ਮਾਰ ਦਿੱਤਾ ਹੈ ਅਤੇ (ਸਾਡੀ) ਸੈਨਾ ਨਿਰਾਸ ਹੋ ਕੇ ਭਜ ਆਈ ਹੈ ॥੨੬॥੬੪॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰ ਧੂਮ੍ਰਨੈਨ ਬਧਤ ਦੁਤੀਆ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੨॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ-ਚਰਿਤ੍ਰ ਪ੍ਰਸੰਗ ਦੇ 'ਧੂਮ੍ਰਨੈਣ ਬਧ' ਨਾਂ ਵਾਲੇ ਦੂਜੇ ਅਧਿਆਇ ਦੀ ਸੁਭ ਸਮਾਪਤੀ ॥੨॥

ਅਥ ਚੰਡ ਮੁੰਡ ਜੁਧ ਕਥਨੰ ॥

ਹੁਣ ਚੰਡ ਅਤੇ ਮੁੰਡ ਦੇ ਯੁੱਧ ਦਾ ਕਥਨ

ਦੋਹਰਾ ॥

ਦੋਹਰਾ:

ਇਹ ਬਿਧ ਦੈਤ ਸੰਘਾਰ ਕਰ ਧਵਲਾ ਚਲੀ ਅਵਾਸ ॥

ਇਸ ਤਰ੍ਹਾਂ ਦੈਂਤਾਂ ਨੂੰ ਮਾਰ ਕੇ ਦੁਰਗਾ ਆਪਣੇ ਨਿਵਾਸ ਨੂੰ ਚਲੀ ਗਈ।

ਜੋ ਯਹ ਕਥਾ ਪੜੈ ਸੁਨੈ ਰਿਧਿ ਸਿਧਿ ਗ੍ਰਿਹਿ ਤਾਸ ॥੧॥੬੫॥

ਜੋ (ਵਿਅਕਤੀ) ਇਸ ਕਥਾ ਨੂੰ ਪੜ੍ਹੇ ਜਾਂ ਸੁਣੇਗਾ, ਉਸ ਦੇ ਘਰ ਵਿਚ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਹੋਵੇਗੀ ॥੧॥੬੫॥

ਚੌਪਈ ॥

ਚੌਪਈ:

ਧੂਮ੍ਰਨੈਣ ਜਬ ਸੁਣੇ ਸੰਘਾਰੇ ॥

(ਸੁੰਭ ਨੇ) ਜਦੋਂ ਧੂਮ੍ਰਨੈਣ ਦੇ ਮਾਰੇ ਜਾਣ ਬਾਰੇ ਸੁਣਿਆ

ਚੰਡ ਮੁੰਡ ਤਬ ਭੂਪਿ ਹਕਾਰੇ ॥

ਤਾਂ ਰਾਜੇ ਨੇ ਚੰਡ ਅਤੇ ਮੁੰਡ ਨੂੰ (ਯੁੱਧ ਲਈ) ਬੁਲਾਇਆ।

ਬਹੁ ਬਿਧਿ ਕਰ ਪਠਏ ਸਨਮਾਨਾ ॥

(ਉਨ੍ਹਾਂ ਦਾ) ਬਹੁਤ ਤਰ੍ਹਾਂ ਨਾਲ ਸਨਮਾਨ ਕਰਕੇ

ਹੈ ਗੈ ਪਤਿ ਦੀਏ ਰਥ ਨਾਨਾ ॥੨॥੬੬॥

ਘੋੜਿਆਂ, ਹਾਥੀਆਂ ਅਤੇ ਅਨੇਕ ਤਰ੍ਹਾਂ ਦੇ ਰਥਾਂ ਨਾਲ ਸੁਸਜਿਤ ਕੀਤਾ ॥੨॥੬੬॥

ਪ੍ਰਿਥਮ ਨਿਰਖਿ ਦੇਬੀਅਹਿ ਜੇ ਆਏ ॥

ਜਿਹੜੇ ਪਹਿਲਾਂ ਦੇਵੀ ਨੂੰ ਵੇਖ ਆਏ ਸਨ,

ਤੇ ਧਵਲਾ ਗਿਰਿ ਓਰਿ ਪਠਾਏ ॥

ਉਨ੍ਹਾਂ ਨੂੰ ਕੈਲਾਸ਼ ਪਰਬਤ ਵਲ (ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ) ਭੇਜਿਆ।

ਤਿਨ ਕੀ ਤਨਿਕ ਭਨਕ ਸੁਨਿ ਪਾਈ ॥

ਉਨ੍ਹਾਂ ਦੇ (ਆਉਣ ਦੀ) ਮਾੜੀ ਜਿਨੀ ਭਿਣਕ ਦੇਵੀ ਦੇ ਕੰਨਾਂ ਵਿਚ ਪਈ

ਨਿਸਿਰੀ ਸਸਤ੍ਰ ਅਸਤ੍ਰ ਲੈ ਮਾਈ ॥੩॥੬੭॥

ਤਾਂ ਉਹ ਅਸਤ੍ਰ-ਸ਼ਸਤ੍ਰ ਲੈ ਕੇ (ਯੁੱਧ ਲਈ) ਨਿਕਲ ਪਈ ॥੩॥੬੭॥


Flag Counter