ਅਨੇਕ ਵੈਰੀਆਂ ਦਾ ਦੇਹਾਂਤ ਹੋ ਗਿਆ।
ਪਰ (ਉਨ੍ਹਾਂ ਵਿਚੋਂ) ਫਿਰ (ਹੋਰ ਦੈਂਤ) ਪੈਦਾ ਹੋ ਕੇ ਉਠ ਖੜੋਤੇ ॥੨੯੧॥
ਕਾਲ ਨੇ ਫਿਰ ਕ੍ਰੋਧਿਤ ਹੋ ਕੇ ਬਾਣ ਚਲਾਏ
ਜੋ ਦੈਂਤਾਂ ਨੂੰ ਵਿੰਨ੍ਹ ਕੇ ਪਾਰ ਹੋ ਗਏ।
ਦੈਂਤਾਂ ਨੇ ਤਦ ਬਹੁਤ ਕ੍ਰੋਧਿਤ ਹੋ ਕੇ
ਮਹਾ ਕਾਲ ਨਾਲ ਯੁੱਧ ਸ਼ੁਰੂ ਕਰ ਦਿੱਤਾ ॥੨੯੨॥
ਮਹਾ ਕਾਲ ਨੇ ਤਦ ਤੀਰ ਚਲਾਏ
ਅਤੇ ਇਕ ਇਕ ਕਰ ਕੇ ਦੈਂਤਾਂ ਨੂੰ ਮਾਰ ਦਿੱਤਾ।
ਉਨ੍ਹਾਂ ਤੋਂ (ਰਣ-ਭੂਮੀ ਵਿਚ ਫਿਰ) ਹੋਰ ਪੈਦਾ ਹੋ ਗਏ
ਅਤੇ ਮਹਾ ਕਾਲ ਦੇ ਸਾਹਮਣੇ ਆ ਡੱਟੇ ॥੨੯੩॥
ਜਿਤਨੇ ਵੀ (ਦੈਂਤ) ਧਾ ਕੇ ਆਏ, ਉਤਨੇ ਹੀ ਕਲਿ (ਮਹਾ ਕਾਲ) ਨੇ ਮਾਰ ਦਿੱਤੇ।
ਰਥਾਂ ਵਾਲਿਆਂ ਅਤੇ ਹਾਥੀਆਂ ਵਾਲਿਆਂ ਨੂੰ ਤਿਲ ਤਿਲ ਕਰ ਕੇ ਸੁਟ ਦਿੱਤਾ।
ਉਨ੍ਹਾਂ ਤੋਂ ਫਿਰ ਅਨੇਕਾਂ ਪੈਦਾ ਹੋ ਕੇ ਡਟ ਗਏ
ਅਤੇ ਰਥਾਂ ਵਾਲੇ, ਹਾਥੀਆਂ ਅਤੇ ਘੋੜਿਆਂ ਵਾਲੇ ਬਣ ਕੇ ਸਜ ਗਏ ॥੨੯੪॥
ਫਿਰ ਕਾਲ ਨੇ ਗੁੱਸੇ ਵਿਚ ਆ ਕੇ ਵਾਰ ਕੀਤਾ।
(ਫਲਸਰੂਪ) ਅਨੇਕ ਦੈਂਤ ਯਮ ਦੇ ਘਰ ਨੂੰ ਚਲੇ ਗਏ।
ਮਹਾ ਕਾਲ ਨੇ ਫਿਰ ਧਨੁਸ਼ (ਬਾਣ) ਫੜ ਲਿਆ
ਅਤੇ ਇਕ ਇਕ ਬਾਣ ਨਾਲ ਸੌ ਸੌ ਨੂੰ ਮਾਰ ਦਿੱਤਾ ॥੨੯੫॥
ਸੌ ਸੌ ਨੂੰ ਇਕ ਇਕ ਬਾਣ ਮਾਰਿਆ
(ਜਿਨ੍ਹਾਂ ਵਿਚੋਂ) ਲਹੂ ਦੀਆਂ ਸੌ ਸੌ ਤਤੀਰੀਆਂ ਚਲ ਪਈਆਂ।
(ਫਿਰ) ਸੌ ਸੌ ਦੈਂਤ ਪੈਦਾ ਹੋ ਕੇ ਡਟ ਗਏ।
(ਉਹ) ਤਲਵਾਰਧਾਰੀ, ਹਾਥੀ ਸਵਾਰ, ਕਵਚਧਾਰੀ ਬਲ ਪੂਰਵਕ ਗਡ ਗਏ ॥੨੯੬॥
ਕਲਿ (ਮਹਾ ਕਾਲ) ਹਜ਼ਾਰ ਹਜ਼ਾਰ ਰੂਪ ਧਾਰਨ ਕਰ ਕੇ
ਅਪਾਰ ਬਲ ਨਾਲ ਗਰਜਣ ਲਗਿਆ।
ਵਿਕਰਾਲ ਕਾਲ 'ਕਹ ਕਹ' ਕਰ ਕੇ ਹਸਿਆ।
ਦੰਦ ਕਢ ਕੇ ਮੂੰਹ ਵਿਚੋਂ ਅੱਗ ਉਗਲਣ ਲਗਾ ॥੨੯੭॥
(ਉਸ ਨੇ) ਰਣ-ਭੂਮੀ ਵਿਚ ਇਕ ਇਕ ਬਾਣ ਚਲਾਇਆ
ਅਤੇ ਹਜ਼ਾਰ ਹਜ਼ਾਰ ਦੈਂਤਾਂ ਨੂੰ ਮਾਰ ਦਿੱਤਾ।
ਕਿਤਨਿਆਂ ਸੂਰਮਿਆਂ ਨੂੰ ਪਕੜ ਕੇ ਦਾੜ੍ਹਾਂ ਹੇਠਾਂ ਚਬਾ ਲਿਆ
ਅਤੇ ਕਿਤਨਿਆਂ ਸੂਰਮਿਆਂ ਨੂੰ ਪੈਰਾਂ ਹੇਠਾਂ ਦਬ ਦਿੱਤਾ ॥੨੯੮॥
ਕਈਆਂ ਨੂੰ ਪਕੜ ਕੇ ਖਾ ਲਿਆ।
ਉਨ੍ਹਾਂ ਤੋਂ ਇਕ ਵੀ ਹੋਰ ਪੈਦਾ ਨਾ ਹੋ ਸਕਿਆ।
ਕਿਤਨਿਆਂ ਨੂੰ ਦ੍ਰਿਸ਼ਟੀ ਨਾਲ ਖਿਚ ਲਿਆ
ਅਤੇ ਸਾਰਿਆਂ ਦਾ ਲਹੂ ਖਿਚ ਲਿਆ ॥੨੯੯॥
ਜਦੋਂ ਦੈਂਤ ਲਹੂ-ਰਹਿਤ ਹੋ ਗਏ,
(ਤਦ) ਹੋਰ ਦੈਂਤ ਪੈਦਾ ਹੋਣੋ ਰਹਿ ਗਏ।
ਬਹੁਤ ਥਕ ਕੇ ਉਹ ਸੁਆਸ ਛਡਦੇ ਸਨ
ਜਿਸ ਤੋਂ (ਹੋਰ) ਦੈਂਤ ਪ੍ਰਗਟ ਹੁੰਦੇ ਸਨ ॥੩੦੦॥
ਤਦ ਕਾਲ ਨੇ ਪਵਨ ਨੂੰ (ਆਪਣੇ ਵਲ) ਖਿਚਿਆ,
ਜਿਸ ਨਾਲ ਭਿਆਨਕ ਵੈਰੀ ਵਧਣ ਤੋਂ ਘਟ ਗਏ (ਭਾਵ ਰੁਕ ਗਏ)।
ਇਸ ਤਰ੍ਹਾਂ ਨਾਲ ਜਦ ਆਕਰਸ਼ਣ ('ਆਕਰਖਨ') ਕੀਤਾ
(ਤਦ) ਦੈਂਤਾਂ ਦਾ ਸਾਰਾ ਬਲ ਹਰ ਲਿਆ ॥੩੦੧॥
ਦੈਂਤ ਜੋ 'ਮਾਰੋ ਮਾਰੋ' ਪੁਕਾਰਦੇ ਸਨ,
ਉਸ ਤੋਂ ਹੋਰ ਅਨੇਕ ਦੈਂਤ ਸ਼ਰੀਰ ਧਾਰਨ ਕਰਦੇ ਸਨ।
ਤਦ ਕਾਲ ਨੇ ਉਨ੍ਹਾਂ ਦੀ ਬਾਣੀ ('ਬਾਚ') ਨੂੰ ਵੀ ਖਿਚ ਲਿਆ,
(ਜਿਸ ਕਰ ਕੇ) ਦੈਂਤ ਬੋਲਣੋ ਰਹਿ ਗਏ ॥੩੦੨॥
ਜਦ ਦੈਂਤ ਬੋਲਣੋ ਰਹਿ ਗਏ
ਤਾਂ ਮਨ ਵਿਚ ਚਿੰਤਾ ਕਰਨ ਲਗੇ।
ਉਸ (ਚਿੰਤਾ) ਤੋਂ ਹੀ ਬਹੁਤ ਦੈਂਤ ਪੈਦਾ ਹੋ ਗਏ
ਅਤੇ ਮਹਾ ਕਾਲ ਦੇ ਸਾਹਮਣੇ ਆ ਕੇ ਡਟ ਗਏ ॥੩੦੩॥
ਉਨ੍ਹਾਂ ਨੇ ਅਸਤ੍ਰ ਸ਼ਸਤ੍ਰ ਪਕੜ ਕੇ ਕ੍ਰੋਧ ਨਾਲ ਵਾਰ ਕੀਤੇ
(ਜਿਸ ਨਾਲ) ਮਹਾਬੀਰ ਯੋਧੇ ਡਰਾ ਦਿੱਤੇ।
ਮਹਾ ਕਾਲ ਨੇ ਤਦ ਗੁਰਜ ਨੂੰ ਸੰਭਾਲਿਆ
ਅਤੇ ਬਹੁਤ ਸਾਰੇ (ਦੈਂਤਾਂ ਦੀ) ਮਿਝ ਕਢ ਦਿੱਤੀ ॥੩੦੪॥
ਉਨ੍ਹਾਂ ਦੀ ਜੋ ਮਿਝ ਧਰਤੀ ਉਤੇ ਪਈ,
ਉਸ ਤੋਂ ਵੱਡੀ ਸੈਨਾ ਹੋਂਦ ਵਿਚ ਆ ਗਈ।
'ਮਾਰੋ ਮਾਰੋ' ਕਰਦੇ ਬੇਸ਼ੁਮਾਰ ਵਿਕਰਾਲ ਦੈਂਤ
ਕ੍ਰੋਧਵਾਨ ਹੋ ਕੇ ਜਾਗ ਪਏ (ਅਰਥਾਤ ਤਿਆਰ ਹੋ ਗਏ) ॥੩੦੫॥
ਕਲਿ (ਮਹਾ ਕਾਲ) ਨੇ ਉਨ੍ਹਾਂ ਦੇ ਸਿਰ ਪਾੜ ਦਿੱਤੇ।
ਉਨ੍ਹਾਂ ਦੀ ਜੋ ਮਿਝ ਧਰਤੀ ਉਤੇ ਪਈ,
ਉਸ ਤੋਂ 'ਮਾਰੋ ਮਾਰੋ' ਕਰਦੇ ਰਣ ਵਿਚ ਦੈਂਤ ਜਾਗ ਪਏ
(ਜੋ) ਬਹੁਤ ਵੱਡੇ ਸੂਰਮੇ ਅਤੇ ਬਹਾਦਰ ਸਨ ॥੩੦੬॥
ਕਾਲ ਨੇ ਫਿਰ ਕ੍ਰੋਧਿਤ ਹੋ ਕੇ ਹੱਥ ਵਿਚ ਗਦਾ ਪਕੜ ਲਈ
ਅਤੇ ਵੈਰੀਆਂ ਦੀਆਂ ਖੋਪੜੀਆਂ ਚੂਰ ਚੂਰ ਕਰ ਦਿੱਤੀਆਂ।
ਖੋਪੜੀਆਂ ਦੇ ਜਿਤਨੇ ਵੀ ਟੁਕੜੇ ਡਿਗੇ,
ਉਤਨੇ ਹੀ ਦੈਂਤਾਂ ਨੇ ਰੂਪ ਧਾਰਨ ਕਰ ਲਏ ॥੩੦੭॥
ਕਿਤਨੇ ਹੀ ਹੱਥਾਂ ਵਿਚ ਗੁਰਜ ਪਕੜ ਕੇ ਆ ਧਸੇ।
ਕਿਤਨੇ ਹੱਥ ਵਿਚ ਤਲਵਾਰਾਂ ਲੈ ਕੇ ਆ ਪਹੁੰਚੇ।
'ਮਾਰੋ ਮਾਰੋ' ਕਰਦੇ ਉਹ ਗੁੱਸਾ ਕਢ ਰਹੇ ਸਨ,
ਮਾਨੋ ਪਰਲੋ ਕਾਲ (ਮਹਾਕਾਲ) ਦੇ ਬਦਲ ਗਰਜ ਰਹੇ ਹੋਣ ॥੩੦੮॥
ਉਹ ਇਕ ਇਕ ਸੂਰਮਾ ਹਜ਼ਾਰਾਂ ਹਥਿਆਰ ਲੈ ਕੇ
ਕਾਲ ਉਤੇ ਹਮਲਾ ਕਰ ਰਿਹਾ ਸੀ।