ਸ਼੍ਰੀ ਦਸਮ ਗ੍ਰੰਥ

ਅੰਗ - 686


ਬਿਸਨਪਦ ॥ ਕਾਫੀ ॥

ਬਿਸਨਪਦ: ਕਾਫੀ:

ਚਹੁ ਦਿਸ ਮਾਰੂ ਸਬਦ ਬਜੇ ॥

ਚੌਹਾਂ ਪਾਸੇ ਮਾਰੂ ਸ਼ਬਦ ਵਜਣੇ ਸ਼ੁਰੂ ਹੋ ਗਏ ਹਨ।

ਗਹਿ ਗਹਿ ਗਦਾ ਗੁਰਜ ਗਾਜੀ ਸਬ ਹਠਿ ਰਣਿ ਆਨਿ ਗਜੇ ॥

ਸਾਰੇ ਗਾਜ਼ੀ (ਯੋਧੇ) ਹੱਥਾਂ ਵਿਚ ਗੁਰਜ ਅਤੇ ਗਦਾ ਪਕੜ ਪਕੜ ਕੇ ਹਠ ਪੂਰਵਕ ਯੁੱਧ-ਭੂਮੀ ਵਿਚ ਆਣ ਗਜੇ ਹਨ।

ਬਾਨ ਕਮਾਨ ਕ੍ਰਿਪਾਨ ਸੈਹਥੀ ਬਾਣ ਪ੍ਰਯੋਘ ਚਲਾਏ ॥

ਬਾਣ, ਕਮਾਨ, ਕ੍ਰਿਪਾਨ, ਸੈਹਥੀ ਅਤੇ ਬਹੁਤ ਅਧਿਕ ਤੀਰ ਚਲਾਏ ਹਨ।

ਜਾਨੁਕ ਮਹਾ ਮੇਘ ਬੂੰਦਨ ਜ੍ਯੋਂ ਬਿਸਿਖ ਬ੍ਰਯੂਹਿ ਬਰਸਾਏ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਹੁਤ ਘਣੇ ਬਦਲਾਂ ਵਿਚੋਂ ਕਣੀਆਂ ਵਾਂਗ ਵਿਸ਼ੈਲੇ ਤੀਰਾਂ ਦਾ ਹਰ ਪਾਸਿਓਂ ਮੀਂਹ ਵਸਾ ਦਿੱਤਾ ਹੈ।

ਚਟਪਟ ਚਰਮ ਬਰਮ ਸਬ ਬੇਧੇ ਸਟਪਟ ਪਾਰ ਪਰਾਨੇ ॥

ਝਟਪਟ ਢਾਲਾਂ, ਕਵਚਾਂ ਆਦਿ ਨੂੰ ਵਿੰਨ੍ਹ ਦਿੱਤਾ ਹੈ ਅਤੇ ਆਪਸ ਵਿਚ ਘਿਸਰ ਕੇ ਪਾਰ ਲੰਘ ਗਏ ਹਨ।

ਖਟਪਟ ਸਰਬ ਭੂਮਿ ਕੇ ਬੇਧੇ ਨਾਗਨ ਲੋਕ ਸਿਧਾਨੇ ॥

ਤਿਖੇ ਤੀਰ ਸਾਰੀ ਧਰਤੀ ਨੂੰ ਵਿੰਨ੍ਹ ਕੇ ਨਾਗਾਂ ਦੇ ਲੋਕ (ਪਾਤਾਲ) ਵਿਚ ਜਾ ਪਹੁੰਚੇ ਹਨ।

ਝਮਕਤ ਖੜਗ ਕਾਢਿ ਨਾਨਾ ਬਿਧਿ ਸੈਹਥੀ ਸੁਭਟ ਚਲਾਵਤ ॥

ਯੋਧੇ ਤਲਵਾਰਾਂ ਕਢ ਕੇ ਅਨੇਕ ਢੰਗਾਂ ਨਾਲ ਚਮਕਾਉਂਦੇ ਹਨ ਅਤੇ ਸੈਹਥੀਆਂ ਨੂੰ ਚਲਾਉਂਦੇ ਹਨ।

ਜਾਨੁਕ ਪ੍ਰਗਟ ਬਾਟ ਸੁਰ ਪੁਰ ਕੀ ਨੀਕੇ ਹਿਰਦੇ ਦਿਖਾਵਤ ॥੧੦੯॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਵਰਗ ਦਾ ਰਸਤਾ ਚੰਗੀ ਤਰ੍ਹਾਂ ਨਾਲ ਹਿਰਦੇ ਵਿਚ ਵਿਖਾ ਦਿੱਤਾ ਹੈ ॥੧੦੯॥

ਬਿਸਨਪਦ ॥ ਸੋਰਠਿ ॥

ਬਿਸਨਪਦ: ਸੋਰਠ:

ਬਾਨਨ ਬੇਧੇ ਅਮਿਤ ਸੰਨਿਆਸੀ ॥

ਅਣਗਿਣਤ ਸੰਨਿਆਸੀ ਬਾਣਾਂ ਨਾਲ ਵਿੰਨ੍ਹੇ ਗਏ ਹਨ।

ਤੇ ਤਜ ਦੇਹ ਨੇਹ ਸੰਪਤਿ ਕੋ ਭਏ ਸੁਰਗ ਕੇ ਬਾਸੀ ॥

ਉਹ ਦੇਹੀ ਅਤੇ ਸੰਪਤੀ ਦੇ ਨੇਹ ਨੂੰ ਤਿਆਗ ਕੇ ਸਵਰਗ ਦੇ ਵਾਸੀ ਹੋ ਗਏ ਹਨ।

ਚਰਮ ਬਰਮ ਰਥ ਧੁਜਾ ਪਤਾਕਾ ਬਹੁ ਬਿਧਿ ਕਾਟਿ ਗਿਰਾਏ ॥

ਢਾਲਾਂ, ਕਵਚ, ਰਥ, ਝੰਡੇ ਅਤੇ ਝੰਡੀਆਂ ਨੂੰ ਕਈ ਤਰ੍ਹਾਂ ਨਾਲ ਕਟ ਕਟ ਕੇ ਡਿਗਾ ਦਿੱਤਾ ਹੈ।

ਸੋਭਤ ਭਏ ਇੰਦ੍ਰ ਪੁਰ ਜਮ ਪੁਰ ਸੁਰ ਪੁਰ ਨਿਰਖ ਲਜਾਏ ॥

(ਉਹ ਇਸ ਤਰ੍ਹਾਂ) ਸ਼ੋਭਾ ਪਾ ਰਹੇ ਸਨ ਕਿ ਇੰਦਰਪੁਰੀ, ਜਮਪੁਰੀ ਅਤੇ ਦੇਵਪੁਰੀ ਵੇਖ ਕੇ ਲਜਾ ਰਹੀਆਂ ਹਨ।

ਭੂਖਨ ਬਸਤ੍ਰ ਰੰਗ ਰੰਗਨ ਕੇ ਛੁਟਿ ਛੁਟਿ ਭੂਮਿ ਗਿਰੇ ॥

ਗਹਿਣੇ ਅਤੇ ਰੰਗਾਂ ਰੰਗ ਦੇ ਬਸਤ੍ਰ ਛੁਟ ਛੁਟ ਕੇ ਧਰਤੀ ਉਤੇ ਡਿਗ ਪਏ ਹਨ।

ਜਨੁਕ ਅਸੋਕ ਬਾਗ ਦਿਵਪਤਿ ਕੇ ਪੁਹਪ ਬਸੰਤਿ ਝਰੇ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ ਅਸ਼ੋਕ ਬਾਗ ਵਿਚੋਂ ਬਸੰਤੀ ਫੁਲ ਝੜ ਪਏ ਹੋਣ।

ਕਟਿ ਕਟਿ ਗਿਰੇ ਗਜਨ ਕੁੰਭ ਸਥਲ ਮੁਕਤਾ ਬਿਥੁਰਿ ਪਰੇ ॥

ਕਟ ਕਟ ਕੇ ਡਿਗੇ ਹਾਥੀਆਂ ਦੇ ਸਿਰਾਂ (ਉਪਰ ਸਜੇ) ਮੋਤੀ ਖਿਲਰ ਗਏ ਹਨ।

ਜਾਨੁਕ ਅੰਮ੍ਰਿਤ ਕੁੰਡ ਮੁਖ ਛੁਟੈ ਜਲ ਕਨ ਸੁਭਗ ਝਰੇ ॥੧੧੦॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੰਮ੍ਰਿਤ ਕੁੰਡ ਦੇ ਮੂੰਹ ਦੇ ਖੁਲਣ ਨਾਲ ਸੁੰਦਰ ਜਲ-ਕਣ ਝੜ ਪਏ ਹੋਣ ॥੧੧੦॥

ਦੇਵ ਗੰਧਾਰੀ ॥

ਦੇਵ ਗੰਧਾਰੀ:

ਦੂਜੀ ਤਰਹ ॥

ਦੂਜੀ ਤਰਹ:

ਦੁਹ ਦਿਸ ਪਰੇ ਬੀਰ ਹਕਾਰਿ ॥

ਦੋਹਾਂ ਪਾਸਿਆਂ ਤੋਂ ਹੰਕਾਰੀ ਸੂਰਮੇ (ਇਕ ਦੂਜੇ ਉਤੇ) ਆ ਪਏ ਹਨ।

ਕਾਢਿ ਕਾਢਿ ਕ੍ਰਿਪਾਣ ਧਾਵਤ ਮਾਰੁ ਮਾਰੁ ਉਚਾਰਿ ॥

ਕ੍ਰਿਪਾਨਾਂ ਕਢ ਕਢ ਕੇ ਭਜੀ ਫਿਰਦੇ ਹਨ ਅਤੇ 'ਮਾਰ ਲੌ ਮਾਰ ਲੌ' ਬੋਲ ਰਹੇ ਹਨ।

ਪਾਨ ਰੋਕਿ ਸਰੋਖ ਰਾਵਤ ਕ੍ਰੁਧ ਜੁਧ ਫਿਰੇ ॥

ਕ੍ਰੋਧਿਤ ਸੰਨਿਆਸੀ ਪੈਰ ਗਡ ਕੇ, ਗੁੱਸੇ ਨਾਲ ਭਰੇ ਯੁੱਧ-ਭੂਮੀ ਵਿਚ ਫਿਰਦੇ ਹਨ।

ਗਾਹਿ ਗਾਹਿ ਗਜੀ ਰਥੀ ਰਣਿ ਅੰਤਿ ਭੂਮਿ ਗਿਰੇ ॥

ਹਾਥੀਆਂ ਅਤੇ ਰਥਾਂ ਵਾਲੀਆਂ ਫੌਜਾਂ ਨੂੰ ਗਾਹ ਗਾਹ ਕੇ ਅੰਤ ਵਿਚ ਰਣ-ਭੂਮੀ ਵਿਚ ਡਿਗ ਪਏ ਹਨ।

ਤਾਨਿ ਤਾਨਿ ਸੰਧਾਨ ਬਾਨ ਪ੍ਰਮਾਨ ਕਾਨ ਸੁਬਾਹਿ ॥

ਬਾਣਾਂ ਨੂੰ ਤਣ ਤਣ ਕੇ ਅਤੇ ਸ਼ਿਸ਼ਤਾਂ ਬੰਨ੍ਹ ਬੰਨ੍ਹ ਕੇ ਕੰਨਾਂ ਤਕ ਖਿਚ ਕੇ ਚਲਾ ਰਹੇ ਹਨ।

ਬਾਹਿ ਬਾਹਿ ਫਿਰੇ ਸੁਬਾਹਨ ਛਤ੍ਰ ਧਰਮ ਨਿਬਾਹਿ ॥

ਛਤ੍ਰੀ ਧਰਮ ਨੂੰ ਨਿਭਾਉਣ ਵਾਲੇ ਸ਼ੂਰਵੀਰ (ਬਾਣ) ਚਲਾਉਂਦੇ ਫਿਰਦੇ ਹਨ।

ਬੇਧਿ ਬੇਧਿ ਸੁ ਬਾਨ ਅੰਗ ਜੁਆਨ ਜੁਝੇ ਐਸ ॥

(ਸੂਰਮਿਆਂ ਦੇ) ਅੰਗਾਂ ਨੂੰ ਬਾਣਾਂ ਨਾਲ ਵਿੰਨ੍ਹ ਵਿੰਨ੍ਹ (ਸੁਟ ਰਹੇ ਹਨ ਅਤੇ) ਇਸ ਤਰ੍ਹਾਂ ਜੁਆਨ ਜੂਝ ਰਹੇ ਹਨ।

ਭੂਰਿ ਭਾਰਥ ਕੇ ਸਮੇ ਸਰ ਸੇਜ ਭੀਖਮ ਜੈਸ ॥੧੧੧॥

ਜਿਵੇਂ ਮਹਾਭਾਰਤ ਵੇਲੇ ਬਾਣਾਂ ਦੀ ਸੇਜਾ ਉਤੇ ਭੀਸ਼ਮ ਪਿਤਾਮਾ ਪਿਆ ਸੀ ॥੧੧੧॥

ਬਿਸਨਪਦ ॥ ਸਾਰੰਗ ॥

ਬਿਸਨਪਦ: ਸਾਰੰਗ:

ਇਹ ਬਿਧਿ ਬਹੁਤੁ ਸੰਨਿਆਸੀ ਮਾਰੇ ॥

ਇਸ ਤਰ੍ਹਾਂ ਬਹੁਤ ਸੰਨਿਆਸੀ ਮਾਰ ਦਿੱਤੇ ਗਏ ਹਨ।

ਕੇਤਿਕ ਬਾਧਿ ਬਾਰਿ ਮੋ ਬੋਰੇ ਕਿਤੇ ਅਗਨਿ ਮੋ ਸਾਰੇ ॥

ਕਿਤਨਿਆਂ ਨੂੰ ਬੰਨ੍ਹ ਕੇ ਪਾਣੀ ਵਿਚ ਡਬੋਇਆ ਹੈ ਅਤੇ ਕਿਤਨਿਆਂ ਨੂੰ ਅੱਗ ਵਿਚ ਸਾੜਿਆ ਹੈ।

ਕੇਤਨ ਏਕ ਹਾਥ ਕਟਿ ਡਾਰੇ ਕੇਤਿਨ ਕੇ ਦ੍ਵੈ ਹਾਥ ॥

ਕਿਤਨਿਆਂ ਦਾ ਇਕ ਹੱਥ ਕਟ ਸੁਟਿਆ ਹੈ ਅਤੇ ਕਿਤਨਿਆਂ ਦੇ ਦੋ ਹੱਥ ਕਟ ਦਿੱਤੇ ਹਨ।

ਤਿਲ ਤਿਲ ਪਾਇ ਰਥੀ ਕਟਿ ਡਾਰੇ ਕਟੇ ਕਿਤਨ ਕੇ ਮਾਥ ॥

ਪੈਦਲ ਅਤੇ ਰਥਾਂ ਵਾਲਿਆਂ ਨੂੰ ਤਿਲ ਤਿਲ ਜਿੰਨਾਂ ਕਟ ਸੁਟਿਆ ਹੈ ਅਤੇ ਕਿਤਨਿਆਂ ਦੇ ਸਿਰ ('ਮਾਥ') ਕਟ ਦਿੱਤੇ ਹਨ।

ਛਤ੍ਰ ਚਮ੍ਰ ਰਥ ਬਾਜ ਕਿਤਨੇ ਕੇ ਕਾਟਿ ਕਾਟਿ ਰਣਿ ਡਾਰੇ ॥

ਕਿਤਨਿਆਂ ਦੇ ਛਤ੍ਰ, ਚੌਰ, ਰਥ, ਘੋੜੇ ਕਟ ਕਟ ਕੇ ਯੁੱਧ-ਭੂਮੀ ਵਿਚ ਸੁਟ ਦਿੱਤੇ ਹਨ।

ਕੇਤਨ ਮੁਕਟ ਲਕੁਟ ਲੈ ਤੋਰੇ ਕੇਤਨ ਜੂਟ ਉਪਾਰੇ ॥

ਕਿਤਨਿਆਂ ਦੇ ਮੁਕਟ ਡਾਂਗਾਂ ਨਾਲ ਭੰਨ੍ਹ ਸੁਟੇ ਹਨ ਅਤੇ ਕਿਤਨਿਆਂ ਦੇ ਜੂੜੇ ਪੁਟ ਸੁਟੇ ਹਨ।

ਭਕਿ ਭਕਿ ਗਿਰੇ ਭਿੰਭਰ ਬਸੁਧਾ ਪਰ ਘਾਇ ਅੰਗ ਭਿਭਰਾਰੇ ॥

ਭੈ ਨਾਲ ਭਰੇ ਹੋਇਆਂ ਦੇ ਧਰਤੀ ਉਤੇ ਡਿਗਣ ਤੇ ਜ਼ਖ਼ਮਾਂ ਵਿਚੋਂ ਭਕ ਭਕ ਲਹੂ ਵਗ ਰਿਹਾ ਹੈ।

ਜਾਨੁਕ ਅੰਤ ਬਸੰਤ ਸਮੈ ਮਿਲਿ ਚਾਚਰ ਖੇਲ ਸਿਧਾਰੇ ॥੧੧੨॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੰਤ ਵੇਲੇ ਸਾਰੇ ਮਿਲ ਕੇ ਬਸੰਤ ਰੁਤ ਵਿਚ ਹੋਲੀ ਖੇਡਣ ਚਲੇ ਹੋਣ ॥੧੧੨॥

ਬਿਸਨਪਦ ॥ ਅਡਾਨ ॥

ਬਿਸਨਪਦ: ਅਡਾਨ:

ਚੁਪਰੇ ਚਾਰੁ ਚਿਕਨੇ ਕੇਸ ॥

ਚੋਪੜੇ ਹੋਏ ਕੇਸ ਸੁੰਦਰ ਅਤੇ ਚਿਕਨੇ ਹਨ।

ਆਨਿ ਆਨਿ ਫਿਰੀ ਚਹੂੰ ਦਿਸਿ ਨਾਰਿ ਨਾਗਰਿ ਭੇਸ ॥

ਸੁੰਦਰ ਇਸਤਰੀਆਂ ਦੇ ਰੂਪ ਵਿਚ (ਅਪੱਛਰਾਵਾਂ) ਆ ਆ ਕੇ ਚੌਹਾਂ ਪਾਸੇ ਫਿਰ ਰਹੀਆਂ ਹਨ।

ਚਿਬਕ ਚਾਰੁ ਸੁ ਧਾਰ ਬੇਸਰ ਡਾਰਿ ਕਾਜਰ ਨੈਨ ॥

ਉਨ੍ਹਾਂ ਦੀਆਂ ਸੁੰਦਰ ਠੋਡੀਆਂ ਹਨ, ਨਕ ਵਿਚ ਨਥਾਂ ਪਾਈਆਂ ਹੋਈਆਂ ਹਨ ਅਤੇ ਅੱਖਾਂ ਵਿਚ ਸੁਰਮਾ ਪਾਇਆ ਹੋਇਆ ਹੈ।

ਜੀਵ ਜੰਤਨ ਕਾ ਚਲੀ ਚਿਤ ਲੇਤ ਚੋਰ ਸੁ ਮੈਨ ॥

(ਆਮ) ਜੀਵ ਜੰਤਾਂ ਦੀ ਕੀ ਚਲਣੀ ਸੀ, (ਉਹ) ਕਾਮਦੇਵ ਦਾ ਚਿਤ ਵੀ ਚੁਰਾ ਰਹੀਆਂ ਹਨ।

ਦੇਖ ਰੀ ਸੁਕੁਮਾਰ ਸੁੰਦਰ ਆਜੁ ਬਰ ਹੈ ਬੀਰ ॥

ਉਸ ਸੁੰਦਰ ਕੁਮਾਰ ਨੂੰ ਵੇਖ ਰਹੀਆਂ ਹਨ ਕਿ ਅਜ ਇਸ ਸੂਰਮੇ ਨੂੰ ਵਰਾਂਗੀਆਂ।

ਬੀਨ ਬੀਨ ਧਰੋ ਸਬੰਗਨ ਸੁਧ ਕੇਸਰਿ ਚੀਰ ॥

ਸਾਰਿਆਂ ਅੰਗਾਂ ਉਤੇ ਚੁਣ ਚੁਣ ਕੇ ਖਾਲਸ ਕੇਸਰ ਵਿਚ ਰੰਗੇ ਹੋਏ ਬਸਤ੍ਰ ਧਾਰਨ ਕੀਤੇ ਹੋਏ ਹਨ।

ਚੀਨ ਚੀਨ ਬਰਿ ਹੈ ਸੁਬਾਹ ਸੁ ਮਧ ਜੁਧ ਉਛਾਹ ॥

ਉਸ ਯੁੱਧ ਵਿਚੋਂ ਉਤਸਾਹ ਪੂਰਵਕ ਚੁਣ ਚੁਣ ਕੇ ਯੋਧਿਆਂ ਨੂੰ ਵਰ ਰਹੀਆਂ ਹਨ।

ਤੇਗ ਤੀਰਨ ਬਾਨ ਬਰਛਨ ਜੀਤ ਕਰਿ ਹੈ ਬਯਾਹ ॥੧੧੩॥

ਤਲਵਾਰਾਂ, ਤੀਰਾਂ ਅਤੇ ਬਰਛੀਆਂ ਨਾਲ ਜਿਤਣ ਵਾਲਿਆਂ ਨਾਲ ਵਿਆਹ ਕਰ ਰਹੀਆਂ ਹਨ ॥੧੧੩॥

ਬਿਸਨਪਦ ॥ ਸੋਰਠਿ ॥

ਬਿਸਨਪਦ: ਸੋਰਠਿ:

ਕਹਾ ਲੌ ਉਪਮਾ ਇਤੀ ਕਰੌ ॥

ਕਿਥੋਂ ਤਕ (ਮੈਂ) ਉਪਮਾ ਨੂੰ ਸਮਾਪਤ ਕਰਾਂ।