ਸ਼੍ਰੀ ਦਸਮ ਗ੍ਰੰਥ

ਅੰਗ - 394


ਅਉਰ ਕਹੀ ਬ੍ਰਿਖਭਾਨ ਸੁਤਾ ਹਰਿ ਜੂ ਸੋਊ ਬਾਤ ਅਬੈ ਸੁਨਿ ਲਈਯੈ ॥

ਹੇ ਸ੍ਰੀ ਕ੍ਰਿਸ਼ਨ! ਰਾਧਾ ਨੇ ਇਕ ਹੋਰ ਗੱਲ ਵੀ ਕਹੀ ਹੈ, ਉਹ ਗੱਲ ਹੁਣੇ ਸੁਣ ਲਵੋ।

ਯੌ ਕਹਿਯੋ ਤ੍ਯਾਗ ਤੁਮੈ ਮਥੁਰਾ ਬਹੁਰੋ ਬ੍ਰਿਜ ਕੁੰਜਨ ਭੀਤਰ ਅਈਯੈ ॥

(ਉਸ ਨੇ) ਤੁਹਾਨੂੰ ਇਸ ਤਰ੍ਹਾਂ ਕਿਹਾ ਕਿ ਮਥੁਰਾ ਨੂੰ ਤਿਆਗ ਕੇ ਫਿਰ ਬ੍ਰਜ ਦੀਆਂ ਕੁੰਜ ਗਲੀਆਂ ਵਿਚ ਆ ਜਾਓ।

ਜਿਉ ਹਮਰੇ ਸੰਗਿ ਖੇਲਤ ਥੇ ਇਹ ਭਾਤਿ ਕਹਿਯੋ ਫਿਰਿ ਖੇਲ ਮਚਈਯੈ ॥

ਫਿਰ ਕਿਹਾ, ਜਿਵੇਂ ਸਾਡੇ ਨਾਲ ਖੇਡਦੇ ਸੀ, ਉਸ ਤਰ੍ਹਾਂ (ਫਿਰ ਆ ਕੇ) ਖੇਡ ਰਚਾਓ।

ਚਾਹ ਘਨੀ ਤੁਹਿ ਦੇਖਨ ਕੀ ਗ੍ਰਿਹ ਆਇ ਕਹਿਯੋ ਹਮ ਕੋ ਸੁਖ ਦਈਯੈ ॥੯੬੯॥

(ਹੋਰ) ਕਿਹਾ ਕਿ ਤੁਹਾਨੂੰ ਵੇਖਣ ਦੀ ਬਹੁਤ ਚਾਹ ਹੈ, ਘਰ ਵਿਚ ਆ ਕੇ ਸਾਨੂੰ ਸੁਖ ਦਿਓ ॥੯੬੯॥

ਤੇਰੇ ਪਿਖੇ ਬਿਨੁ ਹੇ ਹਰਿ ਜੀ ਕਿਹੀ ਭਾਤਿ ਕਹਿਯੋ ਨਹੀ ਮੋ ਮਨ ਭੀਜੈ ॥

(ਰਾਧਾ ਨੇ ਹੋਰ) ਕਿਹਾ ਕਿ ਹੇ ਸ੍ਰੀ ਕ੍ਰਿਸ਼ਨ! ਤੁਹਾਡੇ ਵੇਖਣ ਤੋਂ ਬਿਨਾ ਕਿਸੇ ਤਰ੍ਹਾਂ ਮੇਰਾ ਮਨ ਭਿਜਦਾ ਨਹੀਂ ਹੈ।

ਸੂਕਿ ਭਈ ਪੁਤਰੀ ਸੀ ਕਹਿਯੋ ਕਹੀ ਯੌ ਹਰਿ ਸੋ ਬਿਨਤੀ ਸੁਨ ਲੀਜੈ ॥

(ਫਿਰ) ਸੁਕ ਕੇ ਪੁਤਲੀ ਜਿਹੀ ਬਣੀ (ਰਾਧਾ ਨੇ) ਕਿਹਾ ਹੇ ਸ੍ਰੀ ਕ੍ਰਿਸ਼ਨ! ਉਸ ਦੀ ਕਹੀ ਹੋਈ ਬੇਨਤੀ ਨੂੰ ਸੁਣ ਲਵੋ।

ਬਾਤਨ ਮੋਹਿ ਨ ਹੋਤ ਪ੍ਰਤੀਤਿ ਕਹਿਯੋ ਘਨ ਸ੍ਯਾਮ ਪਿਖੇਈ ਪ੍ਰਸੀਜੈ ॥

(ਉਸ ਨੇ) ਕਿਹਾ ਕਿ ਗੱਲਾਂ ਨਾਲ ਮੇਰੀ ਤਸਲੀ ਨਹੀਂ ਹੁੰਦੀ, ਸ੍ਰੀ ਕ੍ਰਿਸ਼ਨ ਨੂੰ ਵੇਖਿਆਂ ਹੀ ਤ੍ਰਿਪਤੀ ਹੁੰਦੀ ਹੈ।

ਆਨਨ ਮੈ ਸਮ ਚੰਦ ਨਿਹਾਰਿ ਚਕੋਰ ਸੀ ਗ੍ਵਾਰਨਿ ਕੋ ਸੁਖ ਦੀਜੈ ॥੯੭੦॥

ਤੁਹਾਡੇ ਚੰਦ੍ਰਮਾ ਵਰਗੇ ਮੁਖੜੇ ਨੂੰ ਵੇਖ ਕੇ ਚਕੋਰ ਰੂਪ ਗੋਪੀਆਂ (ਸੁਖੀ ਹੁੰਦੀਆਂ ਹਨ) (ਉਨ੍ਹਾਂ ਨੂੰ) ਸੁਖ ਦਿਓ ॥੯੭੦॥

ਊਧਵ ਚੰਦ੍ਰਭਗਾ ਕੋ ਸੰਦੇਸ ਬਾਚ ॥

ਊਧਵ ਨੇ ਚੰਦ੍ਰਭਗਾ ਦਾ ਸੰਦੇਸ਼ ਕਿਹਾ:

ਸਵੈਯਾ ॥

ਸਵੈਯਾ:

ਯੌ ਤੁਮ ਸੋ ਕਹਿਯੋ ਚੰਦ੍ਰਭਗਾ ਹਰਿ ਜੂ ਅਪਨੋ ਮੁਖ ਚੰਦ ਦਿਖਈਯੈ ॥

'ਚੰਦ੍ਰਭਗਾ' ਨੇ ਤੁਹਾਨੂੰ ਇਸ ਤਰ੍ਹਾਂ ਕਿਹਾ, ਹੇ ਕ੍ਰਿਸ਼ਨ ਜੀ! ਆਪਣਾ ਚੰਦ੍ਰਮਾ ਵਰਗਾ ਮੁਖੜਾ ਵਿਖਾ ਦਿਓ।

ਬ੍ਯਾਕੁਲ ਹੋਇ ਗਈ ਬਿਨੁ ਤ੍ਵੈ ਸੁ ਹਹਾ ਕਹਿਯੋ ਟੇਰਿ ਹਲੀਧਰ ਭਈਯੈ ॥

ਤੁਹਾਡੇ ਬਿਨਾ ਵਿਆਕੁਲ ਹੋ ਗਈ ਹਾਂ; ਉਸ ਨੇ ਹਾਇ ਕਹਿ ਕੇ ਬਲਰਾਮ ਦੇ ਭਰਾ ਨੂੰ ਪੁਕਾਰਿਆ ਹੈ।

ਤਾਹੀ ਤੇ ਆਵਹੁ ਨ ਚਿਰ ਲਾਵਹੁ ਮੋ ਜੀਯ ਕੀ ਜਬ ਹੀ ਸੁਨ ਲਈਯੈ ॥

ਹੁਣ ਮੇਰੇ ਦਿਲ ਦੀ ਗੱਲ ਸੁਣ ਲਓ, ਤਦ ਹੀ (ਕਹਿੰਦੀ ਹਾਂ) (ਜਲਦੀ) ਆ ਜਾਓ ਅਤੇ ਦੇਰ ਨਾ ਲਾਓ।

ਹੇ ਬ੍ਰਿਜਨਾਥ ਕਹਿਯੋ ਨੰਦ ਲਾਲ ਚਕੋਰਨ ਗ੍ਵਾਰਨਿ ਕੋ ਸੁਖ ਦਈਯੈ ॥੯੭੧॥

(ਚੰਦ੍ਰਭਗਾ ਨੇ) ਕਿਹਾ, ਹੇ ਸ੍ਰੀ ਕ੍ਰਿਸ਼ਨ! ਹੇ ਨੰਦ ਲਾਲ! ਚਕੋਰ ਰੂਪ ਗੋਪੀਆਂ ਨੂੰ (ਚੰਦ੍ਰਮਾ ਰੂਪ ਮੁਖ ਵਿਖਾ ਕੇ) ਸੁਖ ਦਿਓ ॥੯੭੧॥

ਹੇ ਬ੍ਰਿਜਨਾਥ ਕਹਿਯੋ ਬ੍ਰਿਜ ਨਾਰਿ ਹਹਾ ਨੰਦ ਲਾਲ ਨਹੀ ਚਿਰ ਕੀਜੈ ॥

ਹੇ ਸ੍ਰੀ ਕ੍ਰਿਸ਼ਨ! ਬ੍ਰਜ ਦੀ ਇਸਤਰੀ (ਚੰਦ੍ਰਭਗਾ) ਨੇ ਕਿਹਾ, ਹਾਇ ਨੰਦ ਲਾਲ, (ਜਲਦੀ ਆਓ) ਦੇਰ ਨਾ ਲਾਓ।

ਹੇ ਜਦੁਰਾ ਅਗ੍ਰਜ ਜਸੁਧਾ ਸੁਤ ਰਛੁਕ ਧੇਨੁ ਕਹਿਯੋ ਸੁਨ ਲੀਜੈ ॥

ਹੇ ਸ੍ਰੀ ਕ੍ਰਿਸ਼ਨ! ਹੇ ਜਸੋਧਾ ਦੇ ਵੱਡੇ ਪੁੱਤਰ! ਹੇ ਗਊਆਂ ਦੇ ਰਖਵਾਲੇ! (ਸਾਡਾ) ਕਿਹਾ ਸੁਣ ਲਵੋ।

ਸਾਪ ਕੇ ਨਾਥ ਅਸੁਰ ਬਧੀਯਾ ਅਰੁ ਆਵਨ ਗੋਕੁਲ ਨਾਥ ਨ ਛੀਜੈ ॥

ਹੇ ਕਾਲੀ ਨਾਗ ਨੂੰ ਨੱਥਣ ਵਾਲੇ! ਹੇ ਦੈਂਤਾਂ ਦਾ ਬੱਧ ਕਰਨ ਵਾਲੇ! ਅਤੇ ਹੇ ਨਾਥ! ਗੋਕਲ (ਵਿਚ) ਆਉਣ ਨਾਲ (ਕੁਝ) ਨੁਕਸਾਨ ਤਾਂ ਨਹੀਂ ਹੋਣ ਲਗਾ।

ਕੰਸ ਬਿਦਾਰ ਅਬੈ ਕਰਤਾਰ ਚਕੋਰਨ ਗਾਰਨਿ ਕੋ ਸੁਖ ਦੀਜੈ ॥੯੭੨॥

ਹੇ ਕੰਸ ਨੂੰ ਮਾਰਨ ਵਾਲੇ! ਹੇ ਕਰਤਾਰ! ਹੁਣੇ ਹੀ ਚਕੋਰ ਰੂਪ ਗੋਪੀਆਂ ਨੂੰ (ਆਪਣਾ ਚੰਦ੍ਰਮਾ ਰੂਪ ਮੁਖੜਾ ਵਿਖਾ ਕੇ) ਸੁਖ ਦਿਓ ॥੯੭੨॥

ਹੇ ਨੰਦ ਨੰਦ ਕਹਿਯੋ ਸੁਖ ਕੰਦ ਮੁਕੰਦ ਸੁਨੋ ਬਤੀਯਾ ਗਿਰਧਾਰੀ ॥

ਹੇ ਨੰਦ ਲਾਲ! ਹੇ ਸੁਖਕੰਦ! ਹੇ ਮੁਕੰਦ! ਹੇ ਗਿਰਧਾਰੀ! (ਚੰਦ੍ਰਭਗਾ ਨੇ) ਕਿਹਾ ਕਿ ਮੇਰੀ ਗੱਲ ਸੁਣੋ।

ਗੋਕੁਲ ਨਾਥ ਕਹੋ ਬਕ ਕੇ ਰਿਪੁ ਰੂਪ ਦਿਖਾਵਹੁ ਮੋਹਿ ਮੁਰਾਰੀ ॥

ਹੇ ਗੋਕਲ ਨਾਥ! ਹੇ ਬਕਾਸੁਰ ਦੇ ਵੈਰੀ! (ਮੈਂ) ਕਹਿੰਦੀ ਹਾਂ ਹੇ ਮੁਰਾਰੀ! (ਮੈਨੂੰ) ਆਪਣਾ ਰੂਪ ਵਿਖਾਓ।

ਸ੍ਰੀ ਬ੍ਰਿਜਨਾਥ ਸੁਨੋ ਜਸੁਧਾ ਸੁਤ ਭੀ ਬਿਨੁ ਤ੍ਵੈ ਬ੍ਰਿਜ ਨਾਰਿ ਬਿਚਾਰੀ ॥

ਹੇ ਬ੍ਰਜ ਨਾਥ! ਹੇ ਜਸੋਧਾ ਦੇ ਪੁੱਤਰ! ਸੁਣੋ, ਤੁਹਾਡੇ ਬਿਨਾ ਬ੍ਰਜ ਦੀਆਂ ਨਾਰੀਆਂ ਵਿਚਾਰੀਆਂ ਹੋ ਗਈਆਂ ਹਨ।

ਜਾਨਤ ਹੈ ਹਰਿ ਜੂ ਅਪਨੇ ਮਨ ਤੇ ਸਭ ਹੀ ਇਹ ਤ੍ਰੀਯ ਬਿਸਾਰੀ ॥੯੭੩॥

(ਮੈਂ) ਜਾਣ ਲਿਆ ਹੈ, ਸ੍ਰੀ ਕ੍ਰਿਸ਼ਨ ਨੇ ਮਨ ਤੋਂ (ਬ੍ਰਜ ਦੀਆਂ) ਸਾਰੀਆਂ ਇਸਤਰੀਆਂ ਨੂੰ ਭੁਲਾ ਦਿੱਤਾ ਹੈ ॥੯੭੩॥

ਕੰਸ ਕੇ ਮਾਰ ਸੁਨੋ ਕਰਤਾਰ ਬਕਾ ਮੁਖ ਫਾਰ ਕਹਿਯੋ ਸੁਨਿ ਲੈ ॥

ਹੇ ਕੰਸ ਨੂੰ ਮਾਰਨ ਵਾਲੇ! ਹੇ ਕਰਤਾਰ! ਹੇ ਬਕਾਸੁਰ ਦਾ ਮੂੰਹ ਫਾੜਨ ਵਾਲੇ! (ਮੈਂ) ਕਹਿੰਦੀ ਹਾਂ, ਸੁਣ ਲਵੋ।

ਸਭ ਦੋਖ ਨਿਵਾਰ ਸੁਨੋ ਬ੍ਰਿਜਨਾਥ ਅਬੈ ਇਨ ਗ੍ਵਾਰਨਿ ਰੂਪ ਦਿਖੈ ॥

ਹੇ ਬ੍ਰਜ-ਨਾਥ! ਸੁਣੋ, ਹੁਣੇ ਇਨ੍ਹਾਂ ਗੋਪੀਆਂ ਨੂੰ ਆਪਣਾ ਰੂਪ ਦਿਖਾ ਕੇ ਸਭ ਦੇ ਦੁਖ ਦਾ ਨਿਵਾਰਨ ਕਰ ਦਿਓ।

ਘਨ ਸ੍ਯਾਮ ਕੀ ਮੂਰਤਿ ਪੇਖੇ ਬਿਨਾ ਨ ਕਛੂ ਇਨ ਕੇ ਮਨ ਬੀਚ ਰੁਚੈ ॥

ਘਨ-ਸ਼ਿਆਮ (ਕ੍ਰਿਸ਼ਨ) ਦੀ ਸੂਰਤ ਵੇਖੇ ਬਿਨਾ ਇਨ੍ਹਾਂ ਦੇ ਮਨ ਵਿਚ ਕੁਝ ਵੀ ਚੰਗਾ ਨਹੀਂ ਲਗਦਾ।

ਤਿਹ ਤੇ ਹਰਿ ਜੂ ਤਜ ਕੈ ਮਥੁਰਾ ਇਨ ਕੈ ਸਭ ਸੋਕਨ ਕੋ ਹਰਿ ਦੈ ॥੯੭੪॥

ਇਸ ਕਰ ਕੇ ਹੇ ਕ੍ਰਿਸ਼ਨ ਜੀ! ਮਥੁਰਾ ਨੂੰ ਤਿਆਗ ਕੇ (ਅਤੇ ਬ੍ਰਜ ਵਿਚ ਆ ਕੇ) ਇਨ੍ਹਾਂ (ਗੋਪੀਆਂ ਦੇ) ਸਾਰੇ ਦੁਖਾਂ ਨੂੰ ਦੂਰ ਕਰ ਦਿਓ ॥੯੭੪॥

ਬਿਜੁਛਟਾ ਅਰੁ ਮੈਨਪ੍ਰਭਾ ਸੰਦੇਸ ਬਾਚ ॥

ਬਿੱਜਛਟਾ ਅਤੇ ਮੈਨਪ੍ਰਭਾ ਦੇ ਸੰਦੇਸ਼ ਕਹੇ:

ਸ੍ਵੈਯਾ ॥

ਸਵੈਯਾ:

ਬਿਜੁਛਟਾ ਅਰੁ ਮੈਨਪ੍ਰਭਾ ਸੰਗ ਤੋਹਿ ਸ੍ਯਾਮ ਕਹਿਯੋ ਸੁਨਿ ਐਸੇ ॥

ਹੇ ਸ੍ਰੀ ਕ੍ਰਿਸ਼ਨ! ਬਿੱਜਛਟਾ ਅਤੇ ਮੈਨ ਪ੍ਰਭਾ ਨੇ ਤੁਹਾਡੇ ਪ੍ਰਤਿ (ਇਸ ਤਰ੍ਹਾਂ) ਕਿਹਾ ਹੈ, (ਧਿਆਨ ਪੂਰਵਕ) ਸੁਣ ਲਵੋ।

ਪ੍ਰੀਤਿ ਬਢਾਇ ਇਤੀ ਇਨ ਸੋ ਅਬ ਤ੍ਯਾਗ ਗਏ ਕਹੁ ਕਾਰਨ ਕੈਸੇ ॥

ਇਨ੍ਹਾਂ ਨਾਲ ਪ੍ਰੀਤ ਵਧਾ ਕੇ, ਹੁਣ ਤਿਆਗ ਗਏ ਹੋ, ਦਸੋ, (ਇਸ ਦਾ) ਕੀ ਕਾਰਨ ਹੈ।

ਆਵਹੁ ਸ੍ਯਾਮ ਨ ਢੀਲ ਲਗਾਵਹੁ ਖੇਲ ਕਰੋ ਹਮ ਸੋ ਫੁਨਿ ਵੈਸੇ ॥

ਹੇ ਸ੍ਰੀ ਕ੍ਰਿਸ਼ਨ! ਆ ਜਾਓ, ਦੇਰ ਨਾ ਕਰੋ ਅਤੇ ਫਿਰ ਉਸੇ ਤਰ੍ਹਾਂ ਦੀਆਂ ਸਾਡੇ ਨਾਲ ਖੇਡਾਂ ਕਰੋ।

ਮਾਨ ਕਰੈ ਬ੍ਰਿਖਭਾਨ ਸੁਤਾ ਪਠਵੋ ਹਮ ਕੋ ਤੁਮ ਵਾ ਬਿਧਿ ਜੈਸੇ ॥੯੭੫॥

ਰਾਧਾ ਨੇ ਮਾਣ ਕੀਤਾ ਸੀ, (ਉਸ ਨੂੰ ਮਨਾਉਣ ਲਈ) ਸਾਨੂੰ ਜਿਸ ਤਰ੍ਹਾਂ ਭੇਜਿਆ ਸੀ (ਹੁਣ ਫਿਰ) ਉਸੇ ਢੰਗ ਨਾਲ (ਸਾਡੇ ਨਾਲ ਖੇਡਾਂ ਕਰੋ) ॥੯੭੫॥

ਊਧਵ ਸ੍ਯਾਮ ਸੋ ਯੌ ਕਹਿਯੋ ਤੁਮਰੋ ਰਹਿਬੋ ਜਬ ਸ੍ਰਉਨ ਧਰੈਂਗੀ ॥

ਹੇ ਊਧਵ! ਸ਼ਿਆਮ ਨੂੰ ਇਸ ਤਰ੍ਹਾਂ ਕਹਿਣਾ ਕਿ ਜਦੋਂ (ਅਸੀਂ) ਤੇਰੇ ਉਥੇ ਰਹਿਣ (ਦੀ ਗੱਲ) ਕੰਨਾਂ ਨਾਲ ਸੁਣ ਲਵਾਂਗੀਆਂ।

ਤ੍ਯਾਗ ਤਬੈ ਅਪੁਨੇ ਸੁਖ ਕੋ ਅਤਿ ਹੀ ਮਨ ਭੀਤਰ ਸੋਕ ਕਰੈਂਗੀ ॥

(ਤਦੋਂ) ਆਪਣੇ ਸੁਖ ਨੂੰ ਤਿਆਗ ਕੇ ਆਪਣੇ ਮਨ ਵਿਚ ਬਹੁਤ ਸੋਗ ਕਰਾਂਗੀਆਂ।

ਜੋਗਿਨ ਬਸਤ੍ਰਨ ਕੋ ਧਰਹੈ ਕਹਿਯੋ ਬਿਖ ਖਾਇ ਕੈ ਪ੍ਰਾਨ ਪਰੈਂਗੀ ॥

ਜੋਗਣਾਂ ਵਾਲੇ ਬਸਤ੍ਰ ਧਾਰਨ ਕਰ ਲਵਾਂਗੀਆਂ ਜਾਂ ਕਹਿਣਾ ਕਿ ਵਿਸ਼ ਖਾ ਕੇ ਪ੍ਰਾਣ ਤਿਆਗ ਦਿਆਂਗੀਆਂ।

ਤਾਹੀ ਤੇ ਹੇ ਹਰਿ ਜੂ ਤੁਮ ਸੋ ਬ੍ਰਿਖਭਾਨ ਸੁਤਾ ਫਿਰਿ ਮਾਨ ਕਰੈਂਗੀ ॥੯੭੬॥

ਇਸ ਲਈ ਹੇ ਕ੍ਰਿਸ਼ਨ ਜੀ! ਰਾਧਾ ਫਿਰ ਤੁਹਾਡੇ ਨਾਲ ਮਾਣ (ਰੋਸਾ) ਕਰੇਗੀ ॥੯੭੬॥

ਯੌ ਤੁ ਕਹੀ ਉਨ ਹੂੰ ਤੁਮ ਕੋ ਬ੍ਰਿਖਭਾਨ ਸੁਤਾ ਜੁ ਕਹਿਯੋ ਸੁਨ ਲੀਜੈ ॥

ਇਸ ਤਰ੍ਹਾਂ ਤਾਂ ਉਨ੍ਹਾਂ ਨੇ ਤੁਹਾਨੂੰ ਕਿਹਾ, (ਹੁਣ) ਰਾਧਾ ਨੇ ਜੋ ਕੁਝ ਕਿਹਾ, (ਉਹ) ਸੁਣ ਲਵੋ।

ਤ੍ਯਾਗ ਗਏ ਹਮ ਕੋ ਬ੍ਰਿਜ ਮੈ ਮਨੂਆ ਤੁਮਰੋ ਸੁ ਲਖੋ ਨ ਪ੍ਰਸੀਜੈ ॥

(ਤੁਸੀਂ) ਸਾਨੂੰ ਬ੍ਰਜ ਵਿਚ ਤਿਆਗ ਕੇ (ਮਥੁਰਾ ਚਲੇ) ਗਏ ਹੋ, (ਪਰ ਮੈਂ) ਜਾਣ ਲਿਆ ਹੈ ਕਿ ਤੁਹਾਡਾ ਮਨ ਪਸੀਜਦਾ ਨਹੀਂ ਹੈ।

ਬੈਠ ਰਹੇ ਅਬ ਹੋ ਮਥੁਰਾ ਇਹ ਭਾਤਿ ਕਹਿਯੋ ਮਨੂਆ ਜਬ ਖੀਜੈ ॥

ਹੁਣ (ਤੁਸੀਂ) ਮਥੁਰਾ ਵਿਚ ਬੈਠ ਗਏ ਹੋ। ਇਸ ਤਰ੍ਹਾਂ ਉਹ ਕਹਿੰਦੀ ਹੈ, ਜਦੋਂ (ਉਸ ਦਾ) ਮਨ ਖਿਝ ਜਾਂਦਾ ਹੈ।

ਜਿਉ ਹਮ ਕੋ ਤੁਮ ਪੀਠ ਦਈ ਤੁਮ ਕੋ ਤੁਮਰੀ ਮਨ ਭਾਵਤ ਦੀਜੈ ॥੯੭੭॥

ਜਿਉਂ ਤੁਸੀਂ ਸਾਨੂੰ ਪਿਠ ਦਿੱਤੀ ਹੈ, (ਉਸੇ ਤਰ੍ਹਾਂ) ਤੁਹਾਡੀ ਪ੍ਰਿਯਾ ('ਮਨ-ਭਾਵਤ') (ਅਰਥਾਤ ਕੁਬਜਾ) ਵੀ (ਪਿਠ) ਵਿਖਾ ਦੇਵੇ ॥੯੭੭॥

ਅਉਰ ਕਹੀ ਤੁਮ ਸੋ ਬ੍ਰਿਜਨਾਥ ਕਹੀ ਅਬ ਊਧਵ ਸੋ ਸੁਨ ਲਈਯੈ ॥

ਹੇ ਸ੍ਰੀ ਕ੍ਰਿਸ਼ਨ! (ਇਕ) ਹੋਰ ਗੱਲ ਵੀ ਕਹੀ ਸੀ, (ਉਸ ਦੀ) ਕਹੀ (ਹੋਈ ਗੱਲ) ਹੁਣ ਊਧਵ ਤੋਂ ਸੁਣ ਲਵੋ।

ਆਪ ਚਲੋ ਤੁ ਨਹੀ ਕਹਿਯੋ ਨਾਥ ਬੁਲਾਵਨ ਗ੍ਵਾਰਨਿ ਦੂਤ ਪਠਈਯੈ ॥

ਆਪ (ਬ੍ਰਜ ਪਰਤ) ਚਲੋ (ਤਾਂ ਚੰਗੀ ਗੱਲ) ਨਹੀਂ ਤਾਂ (ਉਨ੍ਹਾਂ ਨੇ) ਕਿਹਾ ਹੈ- ਹੇ ਨਾਥ! ਗੋਪੀਆਂ ਨੂੰ ਬੁਲਾਉਣ ਲਈ ਦੂਤ ਭੇਜ ਦਿਓ।

ਜੋ ਕੋਊ ਦੂਤ ਪਠੋ ਨ ਕਯੋ ਤਬ ਤੋ ਉਠਿ ਆਪਨ ਹੀ ਤਹਿ ਜਈਯੈ ॥

ਜੇ ਕੋਈ ਦੂਤ ਭੇਜਣਾ ਨਾ ਕੀਤਾ ਤਦ ਤਾਂ ਆਪ ਹੀ ਉਠ ਕੇ ਉਥੇ ਚਲ ਕੇ ਜਾਓ।

ਨਾਤੁਰ ਗ੍ਵਾਰਨਿ ਕੋ ਦ੍ਰਿੜਤਾ ਹੂੰ ਕੋ ਸ੍ਯਾਮ ਕਹੈ ਅਬ ਦਾਨ ਦਿਵਈਯੈ ॥੯੭੮॥

(ਕਵੀ) ਸ਼ਿਆਮ ਕਹਿੰਦੇ ਹਨ, ਨਹੀਂ ਤਾਂ ਗੋਪੀਆਂ ਨੂੰ ਧੀਰਜ ਰਖਣ ਦਾ ਦਾਨ ਹੁਣੇ ਹੀ ਦੇ ਦਿਓ ॥੯੭੮॥

ਤੇਰੋ ਹੀ ਧ੍ਯਾਨ ਧਰੈ ਹਰਿ ਜੂ ਅਰੁ ਤੇਰੋ ਹੀ ਲੈ ਕਰਿ ਨਾਮੁ ਪੁਕਾਰੈ ॥

ਹੇ ਕ੍ਰਿਸ਼ਨ ਜੀ! (ਗੋਪੀਆਂ) ਤੇਰਾ ਹੀ ਧਿਆਨ ਧਰਦੀਆਂ ਹਨ ਅਤੇ ਤੇਰਾ ਹੀ ਨਾਂ ਲੈ ਕੇ ਆਵਾਜ਼ਾਂ ਦਿੰਦੀਆਂ ਹਨ।

ਮਾਤ ਪਿਤਾ ਕੀ ਨ ਲਾਜ ਕਰੈ ਹਰਿ ਸਾਇਤ ਸ੍ਯਾਮ ਹੀ ਸ੍ਯਾਮ ਚਿਤਾਰੈ ॥

ਮਾਤਾ ਪਿਤਾ ਦੀ ਲਜਾ ਨਹੀਂ ਕਰਦੀਆ ਅਤੇ ਹਰ ਘੜੀ ਸ਼ਿਆਮ ਹੀ ਸ਼ਿਆਮ ਚਿਤਵਦੀਆਂ ਹਨ।

ਨਾਮ ਅਧਾਰ ਤੇ ਜੀਵਤ ਹੈ ਬਿਨੁ ਨਾਮ ਕਹਿਯੋ ਛਿਨ ਮੈ ਕਸਟਾਰੈ ॥

(ਤੇਰੇ) ਨਾਮ ਦੇ ਆਧਾਰ ਤੇ ਜੀਉਂਦੀਆਂ ਹਨ ਅਤੇ ਨਾਮ ਦੇ ਕਹੇ ਬਿਨਾ ਛਿਣ ਭਰ ਵਿਚ ਦੁਖੀ ਹੋ ਜਾਂਦੀਆਂ ਹਨ।

ਯਾ ਬਿਧਿ ਦੇਖ ਦਸਾ ਉਨ ਕੀ ਅਤਿ ਬੀਚਿ ਬਢਿਯੋ ਜੀਯ ਸੋਕ ਹਮਾਰੈ ॥੯੭੯॥

ਇਸ ਤਰ੍ਹਾਂ ਦੀ ਉਨ੍ਹਾਂ ਦੀ ਦਸ਼ਾ ਵੇਖ ਕੇ, ਮੇਰੇ ਮਨ ਵਿਚ ਸ਼ੋਕ ਬਹੁਤ ਵਧ ਗਿਆ ਹੈ ॥੯੭੯॥


Flag Counter