ਸ਼੍ਰੀ ਦਸਮ ਗ੍ਰੰਥ

ਅੰਗ - 688


ਭਾਤਿ ਭਾਤਿ ਸੌ ਰਾਜ ਕਰਤ ਯੌ ਭਾਤਿ ਭਾਤਿ ਧਨ ਜੋਰ੍ਯੋ ॥

ਤਰ੍ਹਾਂ ਤਰ੍ਹਾਂ ਨਾਲ ਰਾਜ ਕੀਤਾ ਅਤੇ ਇੰਜ ਭਾਂਤ ਭਾਂਤ ਨਾਲ ਧਨ ਇਕੱਠਾ ਕਰ ਲਿਆ।

ਜਹਾ ਜਹਾ ਮਾਨਸ ਸ੍ਰਉਨਨ ਸੁਨ ਤਹਾ ਤਹਾ ਤੇ ਤੋਰ੍ਯੋ ॥

ਜਿਥੇ ਜਿਥੇ ਵੀ (ਕੋਈ) ਮਾਨਸ (ਸੰਨਿਆਸੀ) ਕੰਨਾਂ ਨਾਲ ਸੁਣ ਲਿਆ, ਉਥੇ ਉਥੇ ਹੀ ਨਾਸ਼ ਕਰ ਦਿੱਤਾ।

ਇਹ ਬਿਧਿ ਜੀਤ ਦੇਸ ਪੁਰ ਦੇਸਨ ਜੀਤ ਨਿਸਾਨ ਬਜਾਯੋ ॥

ਇਸ ਤਰ੍ਹਾਂ ਨਾਲ ਦੇਸਾਂ, ਨਗਰਾਂ, ਦੇਸਾਂਤਰਾਂ ਨੂੰ ਜਿਤ ਕੇ, ਜਿਤ ਦਾ ਨਗਾਰਾ ਵਜਾਇਆ।

ਆਪਨ ਕਰਣ ਕਾਰਣ ਕਰਿ ਮਾਨ੍ਯੋ ਕਾਲ ਪੁਰਖ ਬਿਸਰਾਯੋ ॥੧੧੯॥

(ਫਿਰ) ਆਪਣੇ ਆਪ ਨੂੰ ਕਰਨ-ਕਾਰਨ ਸਮਰਥ ਮੰਨ ਕੇ, ਅਕਾਲ ਪੁਰਖ ਨੂੰ (ਮਨੋ) ਭੁਲਾ ਦਿੱਤਾ ॥੧੧੯॥

ਰੂਆਮਲ ਛੰਦ ॥

ਰੂਆਮਲ ਛੰਦ:

ਦਸ ਸਹੰਸ੍ਰ ਪ੍ਰਮਾਣ ਬਰਖਨ ਕੀਨ ਰਾਜ ਸੁਧਾਰਿ ॥

ਦਸ ਹਜ਼ਾਰ ਵਰ੍ਹਿਆਂ ਤਕ ਉਸ ਨੇ ਚੰਗੀ ਤਰ੍ਹਾਂ ਨਾਲ ਰਾਜ ਕੀਤਾ।

ਭਾਤਿ ਭਾਤਿ ਧਰਾਨ ਲੈ ਅਰੁ ਸਤ੍ਰੁ ਸਰਬ ਸੰਘਾਰਿ ॥

ਭਾਂਤ ਭਾਂਤ ਦੀਆਂ ਧਰਤੀਆਂ ਜਿਤ ਲਈਆਂ ਅਤੇ ਸਾਰਿਆਂ ਵੈਰੀਆਂ ਨੂੰ ਮਾਰ ਦਿੱਤਾ।

ਜੀਤਿ ਜੀਤਿ ਅਨੂਪ ਭੂਪ ਅਨੂਪ ਰੂਪ ਅਪਾਰ ॥

ਅਨੂਪਮ ਰਾਜਿਆਂ ਨੂੰ ਜਿਤ ਜਿਤ ਕੇ (ਆਪਣੇ) ਅਧੀਨ ਕਰ ਲਿਆ (ਜਿਨ੍ਹਾਂ ਦਾ) ਉਪਮਾ-ਰਹਿਤ ਅਤੇ ਅਪਾਰ ਰੂਪ ਸੀ।

ਭੂਪ ਮੇਧ ਠਟ੍ਰਯੋ ਨ੍ਰਿਪੋਤਮ ਏਕ ਜਗ ਸੁਧਾਰਿ ॥੧੨੦॥

(ਫਿਰ ਉਸ) ਉਤਮ ਰਾਜੇ ਨੇ ਇਕ ਭੂਪ-ਮੇਧ ਯੱਗ ਕਰਨ ਦਾ ਮਨ ਬਣਾਇਆ ॥੧੨੦॥

ਦੇਸ ਦੇਸਨ ਕੇ ਨਰੇਸਨ ਬਾਧਿ ਕੈ ਇਕ ਬਾਰਿ ॥

ਇਕ ਵਾਰ ਦੇਸਾਂ ਦੇਸਾਂ ਦੇ ਰਾਜਿਆਂ ਨੂੰ ਬੰਨ੍ਹ ਕੇ

ਰੋਹ ਦੇਸ ਬਿਖੈ ਗਯੋ ਲੈ ਪੁਤ੍ਰ ਮਿਤ੍ਰ ਕੁਮਾਰ ॥

ਪੁੱਤਰਾਂ, ਮਿਤਰਾਂ ਅਤੇ ਕੁਮਾਰਾਂ ਸਹਿਤ 'ਰੋਹ' ਦੇਸ ਵਿਚ ਲੈ ਗਿਆ।

ਨਾਰਿ ਸੰਜੁਤ ਬੈਠਿ ਬਿਧਵਤ ਕੀਨ ਜਗ ਅਰੰਭ ॥

ਨਾਰੀ ਸਹਿਤ ਬੈਠ ਕੇ ਸਹੀ ਮਰਯਾਦਾ ਨਾਲ ਯੱਗ ਦਾ ਆਰੰਭ ਕੀਤਾ।

ਬੋਲਿ ਬੋਲਿ ਕਰੋਰ ਰਿਤਜ ਔਰ ਬਿਪ ਅਸੰਭ ॥੧੨੧॥

ਕਰੋੜਾਂ ਬ੍ਰਾਹਮਣ ਬੁਲਾ ਲਏ ਅਤੇ ਬੇਸ਼ੁਮਾਰ 'ਰਿਤਜ' ਸਦ ਲਏ ॥੧੨੧॥

ਰਾਜਮੇਧ ਕਰ੍ਯੋ ਲਗੈ ਆਰੰਭ ਭੂਪ ਅਪਾਰ ॥

ਰਾਜਾ ਅਪਾਰ ਭੂਪ-ਮੇਧ (ਯੱਗ) ਆਰੰਭ ਕਰਨ ਲਗਾ।

ਭਾਤਿ ਭਾਤਿ ਸਮ੍ਰਿਧ ਜੋਰਿ ਸੁਮਿਤ੍ਰ ਪੁਤ੍ਰ ਕੁਮਾਰ ॥

ਭਾਂਤ ਭਾਂਤ ਦੇ ਸਮਰਥਾਵਾਨ ਅਤੇ ਮਿਤਰਾਂ, ਪੁੱਤਰਾਂ ਅਤੇ ਕੁਮਾਰਾਂ ਨੂੰ ਜੋੜ ਲਿਆ।

ਭਾਤਿ ਅਨੇਕਨ ਕੇ ਜੁਰੇ ਜਨ ਆਨਿ ਕੈ ਤਿਹ ਦੇਸ ॥

ਅਨੇਕ ਭਾਂਤ ਦੇ ਲੋਕ ਉਸ ਦੇਸ ਵਿਚ ਆ ਜੁੜੇ।

ਛੀਨਿ ਛੀਨਿ ਲਏ ਨ੍ਰਿਪਾਬਰ ਦੇਸ ਦਿਰਬ ਅਵਿਨੇਸ ॥੧੨੨॥

ਰਾਜੇ ਨੇ ਹੋਰਨਾਂ ਰਾਜਿਆਂ ਕੋਲੋਂ ਧਨ, ਦੇਸ ਖੋਹ ਲਿਆ ॥੧੨੨॥

ਦੇਖ ਕੇ ਇਹ ਭਾਤਿ ਸਰਬ ਸੁ ਭੂਪ ਸੰਪਤਿ ਨੈਣ ॥

ਸਭ ਨੇ ਉਸ ਰਾਜੇ ਦੀ ਸਾਰੀ ਸੰਪਤੀ ਨੂੰ ਅੱਖਾਂ ਨਾਲ ਵੇਖ ਲਿਆ।

ਗਰਬ ਸੋ ਭੁਜ ਦੰਡ ਕੈ ਇਹ ਭਾਤਿ ਬੋਲਾ ਬੈਣ ॥

ਉਹ (ਰਾਜਾ) ਭੁਜਾਵਾਂ ਦਾ ਹੰਕਾਰ ਕਰ ਕੇ ਇਸ ਤਰ੍ਹਾਂ ਬਚਨ ਕਹਿਣ ਲਗਾ।

ਭੂਪ ਮੇਧ ਕਰੋ ਸਬੈ ਤੁਮ ਆਜ ਜਗ ਅਰੰਭ ॥

ਤੁਸੀਂ ਅਜ ਸਾਰੇ ਭੂਪਮੇਧ ਯੱਗ ਆਰੰਭ ਕਰ ਦਿਓ।

ਸਤਜੁਗ ਮਾਹਿ ਭਯੋ ਜਿਹੀ ਬਿਧਿ ਕੀਨ ਰਾਜੈ ਜੰਭ ॥੧੨੩॥

ਜਿਸ ਤਰ੍ਹਾਂ ਸੱਤ ਯੁਗ ਵਿਚ ਰਾਜੇ ਜੰਭ ਨੇ ਕੀਤਾ ਸੀ ॥੧੨੩॥

ਮੰਤ੍ਰੀਯ ਬਾਚ ॥

ਮੰਤਰੀਆਂ ਨੇ ਕਿਹਾ:

ਲਛ ਜਉ ਨ੍ਰਿਪ ਮਾਰੀਯੈ ਤਬ ਹੋਤ ਹੈ ਨ੍ਰਿਪ ਮੇਧ ॥

ਜੇ ਕਰ ਇਕ ਲਖ ਰਾਜਿਆਂ ਨੂੰ ਮਾਰਿਆ ਜਾਏ ਤਦ 'ਨ੍ਰਿਪ-ਮੇਧ' (ਭੂਪ-ਮੇਧ) ਯੱਗ ਹੁੰਦਾ ਹੈ।

ਏਕ ਏਕ ਅਨੇਕ ਸੰਪਤਿ ਦੀਜੀਯੈ ਭਵਿਖੇਧ ॥

(ਫਿਰ) ਇਕ ਇਕ (ਯੱਗ ਕਰਾਉਣ ਵਾਲੇ) ਨੂੰ ਅਨੇਕ ਤਰ੍ਹਾਂ ਦੀ ਸੰਪਤੀ ਦਿੱਤੀ ਜਾਵੇ ਅਤੇ (ਉਨ੍ਹਾਂ ਦੇ) ਸੰਸਾਰਿਕ ਦੁਖਾਂ (ਨੂੰ ਖ਼ਤਮ ਕੀਤਾ ਜਾਏ)।

ਲਛ ਲਛ ਤੁਰੰਗ ਏਕਹਿ ਦੀਜੀਐ ਅਬਿਚਾਰ ॥

ਬਿਨਾ ਵਿਚਾਰ ਕੀਤੇ ਇਕ ਇਕ ਨੂੰ ਲੱਖ ਲੱਖ ਘੋੜੇ ਦਿੱਤੇ ਜਾਣ।

ਜਗ ਪੂਰਣ ਹੋਤੁ ਹੈ ਸੁਨ ਰਾਜ ਰਾਜ ਵਤਾਰ ॥੧੨੪॥

(ਤਦ ਜਾ ਕੇ) ਯੱਗ ਪੂਰਨ ਹੁੰਦਾ ਹੈ, ਹੇ ਰਾਜ-ਅਵਤਾਰ ਰਾਜਨ! ਸੁਣੋ ॥੧੨੪॥

ਭਾਤਿ ਭਾਤਿ ਸੁਮ੍ਰਿਧ ਸੰਪਤਿ ਦੀਜੀਯੈ ਇਕ ਬਾਰ ॥

ਭਾਂਤ ਭਾਂਤ ਧਨ-ਦੌਲਤ ਅਤੇ ਸੰਪਤੀ ਇਕੋ ਵਾਰ ਹੀ ਦੇਣੀ ਚਾਹੀਦੀ ਹੈ।

ਲਛ ਹਸਤ ਤੁਰੰਗ ਦ੍ਵੈ ਲਛ ਸੁਵਰਨ ਭਾਰ ਅਪਾਰ ॥

(ਇਕ) ਲੱਖ ਹਾਥੀ, ਦੋ ਲੱਖ ਘੋੜੇ ਅਤੇ ਸੋਨੇ ਦੇ ਅਨੇਕ ਭਾਰ (ਦੇਣੇ ਚਾਹੀਦੇ ਹਨ)।

ਕੋਟਿ ਕੋਟਿ ਦਿਜੇਕ ਏਕਹਿ ਦੀਜੀਯੈ ਅਬਿਲੰਬ ॥

ਇਕ ਇਕ ਬ੍ਰਾਹਮਣ ਨੂੰ ਬਿਨਾ ਦੇਰ ਕੀਤੇ ਕਰੋੜ ਕਰੋੜ (ਦੀ ਰਕਮ) ਦੇਣੀ ਚਾਹੀਦੀ ਹੈ।

ਜਗ ਪੂਰਣ ਹੋਇ ਤਉ ਸੁਨ ਰਾਜ ਰਾਜ ਅਸੰਭ ॥੧੨੫॥

ਤਦ ਹੀ ਯੱਗ ਪੂਰਨ ਹੋਵੇਗਾ; ਹੇ ਰਾਜਿਆਂ ਦੇ ਰਾਜੇ! ਸੁਣੋ ॥੧੨੫॥

ਪਾਰਸਨਾਥ ਬਾਚ ॥

ਪਾਰਸ ਨਾਥ ਨੇ ਕਿਹਾ -

ਰੂਆਲ ਛੰਦ ॥

ਰੂਆਲ ਛੰਦ:

ਸੁਵਰਨ ਕੀ ਨ ਇਤੀ ਕਮੀ ਜਉ ਟੁਟ ਹੈ ਬਹੁ ਬਰਖ ॥

ਸੋਨੇ ਦੀ ਇਤਨੀ ਕਮੀ ਨਹੀਂ ਹੈ, ਜੇ ਬਹੁਤ ਵਰ੍ਹਿਆਂ ਤਕ (ਵੰਡਦੇ ਰਹੀਏ ਤਾਂ ਵੀ) ਟੋਟਾ ਨਹੀਂ ਆਵੇਗਾ।

ਹਸਤ ਕੀ ਨ ਕਮੀ ਮੁਝੈ ਹਯ ਸਾਰ ਲੀਜੈ ਪਰਖ ॥

ਹਾਥੀਆਂ ਦੀ ਵੀ ਮੈਨੂੰ ਥੁੜ ਨਹੀਂ ਹੈ, ਜਾ ਕੇ ਘੋੜਸ਼ਾਲਾ ਪਰਖ ਲਵੋ।

ਅਉਰ ਜਉ ਧਨ ਚਾਹੀਯੈ ਸੋ ਲੀਜੀਯੈ ਅਬਿਚਾਰ ॥

ਹੋਰ ਵੀ ਜੋ ਧਨ ਚਾਹੀਦਾ ਹੈ, ਬਿਨਾ ਵਿਚਾਰੇ ਲੈ ਲਵੋ।

ਚਿਤ ਮੈ ਨ ਕਛੂ ਕਰੋ ਸੁਨ ਮੰਤ੍ਰ ਮਿਤ੍ਰ ਅਵਤਾਰ ॥੧੨੬॥

ਚਿਤ ਵਿਚ ਕੁਝ ਵੀ ਵਿਚਾਰ ਨਾ ਕਰੋ, ਹੇ ਮਿਤਰ ਭਾਵ ਵਾਲੇ ਮੰਤਰੀ! ਸੁਣ ਲਵੋ ॥੧੨੬॥

ਯਉ ਜਬੈ ਨ੍ਰਿਪ ਉਚਰ੍ਯੋ ਤਬ ਮੰਤ੍ਰਿ ਬਰ ਸੁਨਿ ਬੈਨ ॥

ਜਦੋਂ ਰਾਜੇ ਨੇ ਇਸ ਤਰ੍ਹਾਂ ਬੋਲ ਕਹੇ, ਤਦ ਸ੍ਰੇਸ਼ਠ ਮੰਤਰੀ ਨੇ ਬੋਲ ਸੁਣ ਕੇ,

ਹਾਥ ਜੋਰਿ ਸਲਾਮ ਕੈ ਨ੍ਰਿਪ ਨੀਚ ਕੈ ਜੁਗ ਨੈਨ ॥

ਹੱਥ ਜੋੜ ਕੇ ਰਾਜੇ ਨੂੰ ਸਲਾਮ ਕੀਤਾ ਅਤੇ ਦੋਵੇਂ ਅੱਖਾਂ ਨੀਵੀਆਂ ਕਰ ਕੇ (ਕਿਹਾ)

ਅਉਰ ਏਕ ਸੁਨੋ ਨ੍ਰਿਪੋਤਮ ਉਚਰੌਂ ਇਕ ਗਾਥ ॥

ਹੇ ਉਤਮ ਰਾਜੇ! ਮੈਂ ਇਕ ਹੋਰ ਗੱਲ ('ਗਾਥ') ਕਹਿੰਦਾ ਹਾਂ, (ਧਿਆਨ ਨਾਲ) ਸੁਣੋ,

ਜੌਨ ਮਧਿ ਸੁਨੀ ਪੁਰਾਨਨ ਅਉਰ ਸਿੰਮ੍ਰਿਤ ਸਾਥ ॥੧੨੭॥

ਜੋ (ਮੈਂ) ਪੁਰਾਣਾਂ ਅਤੇ ਸਿਮ੍ਰਿਤੀਆਂ ਤੋਂ ਸੁਣੀ ਹੋਈ ਹੈ ॥੧੨੭॥

ਮੰਤ੍ਰੀ ਬਾਚ ॥

ਮੰਤਰੀ ਨੇ ਕਿਹਾ -

ਰੂਆਲ ਛੰਦ ॥

ਰੂਆਲ ਛੰਦ:

ਅਉਰ ਜੋ ਸਭ ਦੇਸ ਕੇ ਨ੍ਰਿਪ ਜੀਤੀਯੈ ਸੁਨਿ ਭੂਪ ॥

ਹੇ ਰਾਜਨ! ਸੁਣੋ, ਹੋਰ ਜੋ ਸਾਰੇ ਦੇਸਾਂ ਦੇ ਰਾਜੇ ਜਿਤੇ ਹੋਏ ਹਨ,

ਪਰਮ ਰੂਪ ਪਵਿਤ੍ਰ ਗਾਤ ਅਪਵਿਤ੍ਰ ਹਰਣ ਸਰੂਪ ॥

ਅਤੇ (ਜਿਨ੍ਹਾਂ ਦੇ) ਪਰਮ ਰੂਪ ਅਤੇ ਪਵਿਤ੍ਰ ਸ਼ਰੀਰ ਅਤੇ ਅਪਵਿਤ੍ਰਤਾ ਨੂੰ ਹਰਨ ਵਾਲੇ ਸਰੂਪ ਹਨ।

ਐਸ ਜਉ ਸੁਨਿ ਭੂਪ ਭੂਪਤਿ ਸਭ ਪੂਛੀਆ ਤਿਹ ਗਾਥ ॥

ਇਸ ਤਰ੍ਹਾਂ ਹੇ ਰਾਜਿਆਂ ਦੇ ਸੁਆਮੀ! ਸੁਣੋ, ਉਨ੍ਹਾਂ ਸਾਰਿਆਂ ਤੋਂ ਇਹ ਗੱਲ ਪੁਛੋ।

ਪੂਛ ਆਉ ਸਬੈ ਨ੍ਰਿਪਾਲਨ ਹਉ ਕਹੋ ਤੁਹ ਸਾਥ ॥੧੨੮॥

(ਰਾਜੇ ਨੇ ਕਿਹਾ ਹੇ ਮੰਤਰੀ!) ਮੈਂ ਤੈਨੂੰ ਕਹਿੰਦਾ ਹਾਂ ਕਿ ਸਾਰਿਆਂ ਰਾਜਿਆਂ ਨੂੰ ਪੁਛ ਆਓ ॥੧੨੮॥

ਯੌ ਕਹੇ ਜਬ ਬੈਨ ਭੂਪਤਿ ਮੰਤ੍ਰਿ ਬਰ ਸੁਨਿ ਧਾਇ ॥

ਜਦ ਰਾਜੇ ਨੇ ਇਸ ਤਰ੍ਹਾਂ ਬੋਲ ਕਹੇ, ਤਾਂ ਸ੍ਰੇਸ਼ਠ ਮੰਤਰੀ ਸੁਣ ਕੇ ਭਜ ਪਿਆ।

ਪੰਚ ਲਛ ਬੁਲਾਇ ਭੂਪਤਿ ਪੂਛ ਸਰਬ ਬੁਲਾਇ ॥

ਪੰਜ ਲੱਖ ਰਾਜੇ ਬੁਲਾ ਲਏ ਅਤੇ ਸਾਰੇ ਬੁਲਾਏ ਹੋਇਆਂ ਨੂੰ ਪੁਛਿਆ।


Flag Counter