ਸ਼੍ਰੀ ਦਸਮ ਗ੍ਰੰਥ

ਅੰਗ - 254


ਰਿਪੁ ਕਰਯੋ ਸਸਤ੍ਰ ਅਸਤ੍ਰੰ ਬਿਹੀਨ ॥

ਲੱਛਮਣ ਨੇ ਵੈਰੀ ਨੂੰ ਸ਼ਸਤ੍ਰਾਂ ਤੇ ਅਸਤ੍ਰਾਂ ਤੋਂ ਵਾਂਝਿਆਂ ਕਰ ਦਿੱਤਾ

ਬਹੁ ਸਸਤ੍ਰ ਸਾਸਤ੍ਰ ਬਿਦਿਆ ਪ੍ਰਬੀਨ ॥

(ਕਿਉਂਕਿ) ਉਹ ਸ਼ਸਤ੍ਰ ਦੀ ਵਿਦਿਆ ਵਿੱਚ ਪ੍ਰਬੀਨ ਸੀ।

ਹਯ ਮੁਕਟ ਸੂਤ ਬਿਨੁ ਭਯੋ ਗਵਾਰ ॥

ਮੂਰਖ ਅਤਕਾਇ ਘੋੜੇ, ਮੁਕਟ ਅਤੇ ਸਾਰਥੀ ਤੋਂ ਬਿਨਾਂ ਹੋ ਗਿਆ।

ਕਛੁ ਚਪੇ ਚੋਰ ਜਿਮ ਬਲ ਸੰਭਾਰ ॥੫੧੩॥

ਬਲ ਨੂੰ ਸੰਭਾਲ ਕੇ ਚੋਰ ਵਾਂਗੂੰ ਦੁਬਕ ਗਿਆ ॥੫੧੩॥

ਰਿਪੁ ਹਣੇ ਬਾਣ ਬਜ੍ਰਵ ਘਾਤ ॥

(ਲੱਛਮਣ) ਵੈਰੀ ਨੂੰ ਬਜ੍ਰ ਵਰਗੇ ਤੀਰ ਮਾਰਦਾ ਹੈ

ਸਮ ਚਲੇ ਕਾਲ ਕੀ ਜੁਆਲ ਤਾਤ ॥

ਜੋ ਕਾਲ ਦੀ ਅੱਗ ਵਾਂਗ ਸਾੜਦੇ ਜਾਂਦੇ ਹਨ।

ਤਬ ਕੁਪਯੋ ਵੀਰ ਅਤਕਾਇ ਐਸ ॥

ਤਦੋਂ ਅਤਕਾਇ ਯੋਧਾ ਵੀ ਕ੍ਰੋਧਵਾਨ ਹੋ ਗਿਆ

ਜਨ ਪ੍ਰਲੈ ਕਾਲ ਕੋ ਮੇਘ ਜੈਸ ॥੫੧੪॥

ਮਾਨੋ ਪਰਲੋ ਦੇ ਸਮੇਂ ਦੇ ਮੇਘ ਵਰਗਾ ਹੋਵੇ ॥੫੧੪॥

ਇਮ ਕਰਨ ਲਾਗ ਲਪਟੈਂ ਲਬਾਰ ॥

'ਅਤਕਾਇ' ਇਸ ਤਰ੍ਹਾਂ ਬਕਵਾਦ ਦੀਆਂ ਲਪਟਾਂ ਪ੍ਰਗਟ ਕਰਨ ਲੱਗਾ,

ਜਿਮ ਜੁਬਣ ਹੀਣ ਲਪਟਾਇ ਨਾਰ ॥

ਜਿਵੇਂ ਜੋਬਨ-ਹੀਣ (ਬਿਰਧ) ਇਸਤਰੀ ਨਾਲ ਲਿਪਟ ਜਾਂਦਾ ਹੈ,

ਜਿਮ ਦੰਤ ਰਹਤ ਗਹ ਸ੍ਵਾਨ ਸਸਕ ॥

ਜਿਵੇਂ ਕੁੱਤਾ ਦੰਦਾਂ ਤੋਂ ਬਿਨਾਂ ਸਹੇ ਨੂੰ ਫੜਦਾ ਹੈ,

ਜਿਮ ਗਏ ਬੈਸ ਬਲ ਬੀਰਜ ਰਸਕ ॥੫੧੫॥

ਜਿਵੇਂ ਉਮਰ ਦੇ ਬੀਤਣ ਨਾਲ ਬਲ ਤੇ ਬੀਰਜ ਰਿਸ ਜਾਂਦਾ ਹੈ ॥੫੧੫॥

ਜਿਮ ਦਰਬ ਹੀਣ ਕਛੁ ਕਰਿ ਬਪਾਰ ॥

ਜਿਵੇਂ ਧਨ ਰਹਿਤ ਵਿਅਕਤੀ ਕੁਝ ਵਪਾਰ ਕਰਦਾ ਹੈ ਜਾਂ

ਜਣ ਸਸਤ੍ਰ ਹੀਣ ਰੁਝਯੋ ਜੁਝਾਰ ॥

ਮਾਨੋ ਸ਼ਸਤ੍ਰ-ਹੀਣ (ਵਿਅਕਤੀ) ਯੁੱਧ ਵਿੱਚ ਰੁੱਝਿਆ ਹੋਵੇ,

ਜਿਮ ਰੂਪ ਹੀਣ ਬੇਸਯਾ ਪ੍ਰਭਾਵ ॥

ਜਿਵੇਂ ਰੂਪ ਤੋਂ ਹੀਣੀ ਵੇਸਵਾ ਦਾ ਪ੍ਰਭਾਵ ਹੁੰਦਾ ਹੈ

ਜਣ ਬਾਜ ਹੀਣ ਰਥ ਕੋ ਚਲਾਵ ॥੫੧੬॥

ਜਾਂ ਮਾਨੋ ਘੋੜੇ ਤੋਂ ਬਿਨਾਂ ਰਥ ਦਾ ਤੁਰਨਾ ਹੋਵੇ ॥੫੧੬॥

ਤਬ ਤਮਕ ਤੇਗ ਲਛਮਣ ਉਦਾਰ ॥

ਤਦੋਂ ਉਦਾਰ ਲੱਛਮਣ ਨੇ ਗੁੱਸਾ ਖਾ ਕੇ (ਉਸ ਉੱਤੇ) ਤਲਵਾਰ (ਦਾ ਵਾਰ ਕੀਤਾ) ਅਤੇ

ਤਹ ਹਣਯੋ ਸੀਸ ਕਿਨੋ ਦੁਫਾਰ ॥

ਉਸ ਦੇ ਸਿਰ ਦੇ ਦੋ ਟੁਕੜੇ ਕਰ ਦਿੱਤੇ।

ਤਬ ਗਿਰਯੋ ਬੀਰ ਅਤਿਕਾਇ ਏਕ ॥

ਤਦ ਅਤਕਾਇ (ਨਾਂ ਦਾ) ਇਕ ਯੋਧਾ ਡਿੱਗ ਪਿਆ।

ਲਖ ਤਾਹਿ ਸੂਰ ਭਜੇ ਅਨੇਕ ॥੫੧੭॥

ਉਸ ਨੂੰ ਵੇਖ ਕੇ ਅਨੇਕਾਂ ਸੂਰਮੇ ਰਣ-ਭੂਮੀ ਵਿੱਚੋਂ ਭੱਜ ਗਏ ॥੫੧੭॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਅਤਕਾਇ ਬਧਹਿ ਧਿਆਇ ਸਮਾਪਤਮ ਸਤੁ ॥੧੪॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਅਤਿਕਾਇ-ਬਧਹਿ ਅਧਿਆਇ ਦੀ ਸਮਾਪਤੀ ॥੧੪॥

ਅਥ ਮਕਰਾਛ ਜੁਧ ਕਥਨੰ ॥

ਹੁਣ ਮਕਰਾਛ ਦੇ ਯੁੱਧ ਦਾ ਕਥਨ

ਪਾਧਰੀ ਛੰਦ ॥

ਪਾਧੜੀ ਛੰਦ

ਤਬ ਰੁਕਯੋ ਸੈਨ ਮਕਰਾਛ ਆਨ ॥

ਤਦ ਮਕਰਾਛ ਆ ਕੇ ਸੈਨਾ ਦੇ (ਸਾਹਮਣੇ) ਖੜੋ ਗਿਆ

ਕਹ ਜਾਹੁ ਰਾਮ ਨਹੀ ਪੈਹੋ ਜਾਨ ॥

ਅਤੇ ਕਹਿਣ ਲੱਗਾ-ਹੇ ਰਾਮ! (ਤੂੰ ਹੁਣ) ਜੀਊਂਦਾ ਨਹੀਂ ਜਾ ਸਕੇਂਗਾ।

ਜਿਨ ਹਤਯੋ ਤਾਤ ਰਣ ਮੋ ਅਖੰਡ ॥

ਜਿਸ ਨੇ ਮੇਰੇ ਅਖੰਡ ਪਿਤਾ (ਖਰ) ਨੂੰ ਰਣ-ਖੇਤਰ ਵਿੱਚ ਮਾਰਿਆ ਹੈ,

ਸੋ ਲਰੋ ਆਨ ਮੋ ਸੋਂ ਪ੍ਰਚੰਡ ॥੫੧੮॥

ਉਹ ਮੇਰੇ ਨਾਲ ਆ ਕੇ ਪ੍ਰਚੰਡ ਯੁੱਧ ਕਰੇ ॥੫੧੮॥

ਇਮ ਸੁਣਿ ਕੁਬੈਣ ਰਾਮਾਵਤਾਰ ॥

ਰਾਮ ਚੰਦਰ ਨੇ (ਉਸ ਦੇ) ਇਸ ਤਰ੍ਹਾਂ ਦੇ ਕੁਬੋਲ ਸੁਣੇ

ਗਹਿ ਸਸਤ੍ਰ ਅਸਤ੍ਰ ਕੋਪਯੋ ਜੁਝਾਰ ॥

ਤਾਂ ਸ਼ਸਤ੍ਰ-ਅਸਤ੍ਰ ਫੜ ਕੇ ਕ੍ਰੋਧ ਨਾਲ ਯੁੱਧ ਕਰਨ ਲੱਗੇ।

ਬਹੁ ਤਾਣ ਬਾਣ ਤਿਹ ਹਣੇ ਅੰਗ ॥

ਉਸ ਦੇ ਸਰੀਰ ਵਿੱਚ ਬਹੁਤ ਤੀਰ ਖਿੱਚ ਕੇ ਮਾਰੇ

ਮਕਰਾਛ ਮਾਰਿ ਡਾਰਯੋ ਨਿਸੰਗ ॥੫੧੯॥

ਅਤੇ ਨਿਸੰਗ ਹੋ ਕੇ ਮਕਰਾਛ ਨੂੰ ਮਾਰ ਕੇ ਸੁੱਟ ਦਿੱਤਾ ॥੫੧੯॥

ਜਬ ਹਤੇ ਬੀਰ ਅਰ ਹਣੀ ਸੈਨ ॥

ਜਦ (ਮਕਰਾਛ) ਸੂਰਮਾ ਮਾਰਿਆ ਗਿਆ ਅਤੇ ਸੈਨਾ ਵੀ ਮਾਰੀ ਗਈ,

ਤਬ ਭਜੌ ਸੂਰ ਹੁਐ ਕਰ ਨਿਚੈਨ ॥

ਤਦ (ਹੋਰ) ਸੂਰਮੇ ਬੇਚੈਨ ਹੋ ਕੇ ਭਜ ਗਏ।

ਤਬ ਕੁੰਭ ਔਰ ਅਨਕੁੰਭ ਆਨ ॥

ਤਦ 'ਕੁੰਭ' ਅਤੇ 'ਅਨਕੁੰਭ' (ਨਾਮ ਵਾਲੇ ਦੋ ਦੈਂਤਾਂ ਨੇ) ਆ ਕੇ

ਦਲ ਰੁਕਯੋ ਰਾਮ ਕੋ ਤਯਾਗ ਕਾਨ ॥੫੨੦॥

ਰਾਮ ਦਾ ਡਰ ਛੱਡਕੇ (ਉਨ੍ਹਾਂ ਦੇ) ਦਲ ਨੂੰ ਰੋਕ ਲਿਆ ॥੫੨੦॥

ਇਤਿ ਮਰਾਛ ਬਧਹ ॥

ਇਥੇ ਮਕਰਾਛ ਬਧ ਸਮਾਪਤ।

ਅਜਬਾ ਛੰਦ ॥

ਅਜਬਾ ਛੰਦ

ਤ੍ਰਪੇ ਤਾਜੀ ॥

ਘੋੜੇ ਕੁੱਦਣ ਲੱਗੇ

ਗਜੇ ਗਾਜੀ ॥

ਗਾਜ਼ੀ ਗੱਜਣ ਲੱਗੇ।

ਸਜੇ ਸਸਤ੍ਰੰ ॥

(ਜੋ) ਸ਼ਸਤ੍ਰਾਂ ਨਾਲ ਸਜੇ ਹੋਏ ਹਨ

ਕਛੇ ਅਸਤ੍ਰੰ ॥੫੨੧॥

ਅਤੇ ਅਸਤ੍ਰਾਂ ਨਾਲ ਫਬੇ ਹੋਏ ਹਨ ॥੫੨੧॥

ਤੁਟੇ ਤ੍ਰਾਣੰ ॥

ਕਵਚ ਟੁੱਟ ਰਹੇ ਹਨ,

ਛੁਟੇ ਬਾਣੰ ॥

ਬਾਣ ਚੱਲ ਰਹੇ ਹਨ।

ਰੁਪੇ ਬੀਰੰ ॥

ਸੂਰਮਿਆਂ ਨੇ (ਪੈਰ) ਗੱਡੇ ਹੋਏ ਹਨ

ਬੁਠੇ ਤੀਰੰ ॥੫੨੨॥

ਅਤੇ ਤੀਰਾਂ ਦੀ ਬਰਖਾ ਹੋ ਰਹੀ ਹੈ ॥੫੨੨॥

ਘੁਮੇ ਘਾਯੰ ॥

ਘਾਇਲ ਘੁੰਮਦੇ ਫਿਰਦੇ ਹਨ,

ਜੁਮੇ ਚਾਯੰ ॥

(ਜੋ) ਉਮੰਗ ਨਾਲ ਭਰੇ ਹੋਏ ਚੱਲਦੇ ਹਨ।

ਰਜੇ ਰੋਸੰ ॥

(ਕਈ) ਕ੍ਰੋਧ ਨਾਲ ਭਰੇ ਹੋਏ ਹਨ।