ਸ਼੍ਰੀ ਦਸਮ ਗ੍ਰੰਥ

ਅੰਗ - 1106


ਝਖ ਕੇਤੁਕ ਬਾਨਨ ਪੀੜਤ ਭੀ ਮਨ ਜਾਇ ਰਹਿਯੋ ਮਨ ਮੋਹਨ ਮੈ ॥

ਕਈ ਕਾਮ ਦੇਵ ('ਝਖ ਕੇਤੁ') ਦੇ ਬਾਣ ਲਗਣ ਨਾਲ ਦੁਖੀ ਹੋ ਗਈਆਂ ਹਨ ਅਤੇ ਉਨ੍ਹਾਂ ਦਾ ਮਨ ਮਨਮੋਹਨ ਪਾਸ ਚਲਾ ਗਿਆ ਹੈ।

ਮਨੋ ਦੀਪਕ ਭੇਦ ਸੁਨੋ ਸੁਰ ਨਾਦ ਮ੍ਰਿਗੀ ਗਨ ਜਾਨੁ ਬਿਧੀ ਮਨ ਮੈ ॥੪੮॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੀਪਕ ਦਾ ਭੇਦ (ਪਰਵਾਨਿਆਂ ਨੇ ਪਾ ਲਿਆ ਹੋਵੇ) ਜਾਂ ਮਾਨੋ ਘੰਡਾ ਹੇੜੇ ਦਾ ਨਾਦ ਸੁਣ ਕੇ ਬਹੁਤ ਸਾਰੀਆਂ ਹਿਰਨੀਆਂ ਮਨ ਵਿਚ ਵਿੰਨ੍ਹੀਆਂ ਗਈਆਂ ਹੋਣ ॥੪੮॥

ਦੋਹਰਾ ॥

ਦੋਹਰਾ:

ਅਨਿਕ ਜਤਨ ਕਰਿ ਕਰਿ ਤ੍ਰਿਯਾ ਹਾਰਤ ਭਈ ਅਨੇਕ ॥

ਅਨੇਕਾਂ ਇਸਤਰੀਆਂ ਕਈ ਪ੍ਰਕਾਰ ਦੇ ਯਤਨ ਕਰ ਕਰ ਕੇ ਹਾਰ ਗਈਆਂ,

ਬਨ ਹੀ ਕੌ ਨ੍ਰਿਪ ਜਾਤ ਭਯੋ ਮਾਨਿਯੋ ਬਚਨ ਨ ਏਕ ॥੪੯॥

ਪਰ ਰਾਜਾ ਬਨ ਨੂੰ ਚਲਾ ਗਿਆ ਅਤੇ ਕਿਸੇ ਇਕ ਦੀ ਵੀ ਗੱਲ ਨਾ ਮੰਨੀ ॥੪੯॥

ਜਬ ਰਾਜਾ ਬਨ ਮੈ ਗਏ ਗੋਰਖ ਗੁਰੂ ਬੁਲਾਇ ॥

ਜਦ ਰਾਜਾ ਬਨ ਵਿਚ ਗਿਆ (ਤਾਂ) ਗੁਰੂ ਗੋਰਖ ਨਾਥ ਨੇ ਬੁਲਾ ਲਿਆ।

ਬਹੁਰਿ ਭਾਤਿ ਸਿਛ੍ਯਾ ਦਈ ਤਾਹਿ ਸਿਖ੍ਯ ਠਹਰਾਇ ॥੫੦॥

ਕਈ ਤਰ੍ਹਾਂ ਦੀ ਸਿਖਿਆ ਦੇ ਕੇ ਉਸ ਨੂੰ ਆਪਣਾ ਚੇਲਾ ਬਣਾ ਲਿਆ ॥੫੦॥

ਭਰਥਰੀ ਬਾਚ ॥

ਭਰਥਰੀ ਨੇ ਕਿਹਾ:

ਕਵਨ ਮਰੈ ਮਾਰੈ ਕਵਨ ਕਹਤ ਸੁਨਤ ਕਹ ਕੋਇ ॥

(ਹੇ ਗੁਰੂ ਗੋਰਖ ਨਾਥ! ਇਹ ਦਸੋ) ਕੌਣ ਮਰਦਾ ਹੈ, ਕੌਣ ਮਾਰਦਾ ਹੈ, ਕੌਣ ਕਹਿੰਦਾ ਹੈ, ਕੌਣ ਸੁਣਦਾ ਹੈ,

ਕੋ ਰੋਵੈ ਕਵਨੈ ਹਸੈ ਕਵਨ ਜਰਾ ਜਿਤ ਹੋਇ ॥੫੧॥

ਕੌਣ ਰੋਂਦਾ ਹੈ, ਕੌਣ ਹਸਦਾ ਹੈ, ਕੌਣ ਬੁਢਾਪੇ ਨੂੰ ਜਿਤਣ ਵਾਲਾ ਹੈ? ॥੫੧॥

ਚੌਪਈ ॥

ਚੌਪਈ:

ਹਸਿ ਗੋਰਖ ਇਮਿ ਬਚਨ ਉਚਾਰੇ ॥

ਗੋਰਖ ਨੇ ਹਸ ਕੇ ਇਸ ਤਰ੍ਹਾਂ ਕਿਹਾ,

ਸੁਨਹੁ ਭਰਥ ਹਰਿ ਰਾਜ ਹਮਾਰੇ ॥

ਹੇ ਮੇਰੇ ਭਰਥਰੀ ਹਰਿ ਰਾਜਾ! ਸੁਣੋ।

ਸਤਿ ਝੂਠ ਮੂਓ ਹੰਕਾਰਾ ॥

ਸਚ, ਝੂਠ ਅਤੇ ਹੰਕਾਰ ਮਰਦਾ ਹੈ,

ਕਬਹੂ ਮਰਤ ਨ ਬੋਲਨਹਾਰਾ ॥੫੨॥

ਪਰ ਬੋਲਣ ਵਾਲੀ ਆਤਮਾ ਕਦੇ ਵੀ ਨਹੀਂ ਮਰਦੀ ॥੫੨॥

ਦੋਹਰਾ ॥

ਦੋਹਰਾ:

ਕਾਲ ਮਰੈ ਕਾਯਾ ਮਰੈ ਕਾਲੈ ਕਰਤ ਉਚਾਰ ॥

ਕਾਲ ਮਰਦਾ ਹੈ, ਸ਼ਰੀਰ ਮਰਦਾ ਹੈ ਅਤੇ ਕਾਲ ਹੀ (ਬਚਨ) ਉਚਾਰਦਾ ਹੈ।

ਜੀਭੈ ਗੁਨ ਬਖ੍ਯਾਨ ਹੀ ਸ੍ਰਵਨਨ ਸੁਨਤ ਸੁਧਾਰ ॥੫੩॥

ਜੀਭ ਦਾ ਗੁਣ ਬਖਾਨ ਕਰਨਾ ਹੈ ਅਤੇ ਕੰਨਾਂ ਦਾ ਕੰਮ ਪੂਰੀ ਤਰ੍ਹਾਂ ਸੁਣਨਾ ਹੈ ॥੫੩॥

ਚੌਪਈ ॥

ਚੌਪਈ:

ਕਾਲ ਨੈਨ ਹ੍ਵੈ ਸਭਨ ਨਿਹਰਈ ॥

ਕਾਲ ਹੀ ਨੈਣ ਬਣ ਕੇ ਸਭ ਨੂੰ ਵੇਖਦਾ ਹੈ,

ਕਾਲ ਬਕਤ੍ਰ ਹ੍ਵੈ ਬਾਕ ਉਚਰਈ ॥

ਕਾਲ ਮੁਖ ਬਣ ਕੇ ਬਾਣੀ (ਬੋਲ) ਉਚਾਰਦਾ ਹੈ।

ਕਾਲ ਮਰਤ ਕਾਲ ਹੀ ਮਾਰੈ ॥

ਕਾਲ ਮਰਦਾ ਹੈ ਅਤੇ ਕਾਲ ਹੀ ਮਾਰਦਾ ਹੈ।

ਭੂਲਾ ਲੋਗ ਭਰਮ ਬੀਚਾਰੈ ॥੫੪॥

(ਇਸ ਵਾਸਤਵਿਕਤਾ ਤੋਂ) ਭੁਲੇ ਹੋਏ ਲੋਕੀਂ ਭਰਮਾਂ ਵਿਚ ਪਏ ਹਨ ॥੫੪॥

ਦੋਹਰਾ ॥

ਦੋਹਰਾ:

ਕਾਲ ਹਸਤ ਕਾਲੈ ਰੋਵਤ ਕਰਤ ਜਰਾ ਜਿਤ ਹੋਇ ॥

ਕਾਲ ਹੀ ਹਸਦਾ ਹੈ, ਕਾਲ ਹੀ ਰੋਂਦਾ ਹੈ, ਕਾਲ ਹੀ ਬੁਢਾਪੇ ਉਤੇ ਜਿਤ ਪ੍ਰਾਪਤ ਕਰਦਾ ਹੈ।

ਕਾਲ ਪਾਇ ਉਪਜਤ ਸਭੈ ਕਾਲ ਪਾਇ ਬਧ ਹੋਇ ॥੫੫॥

ਕਾਲ ਪਾ ਕੇ ਹੀ ਸਭ ਪੈਦਾ ਹੁੰਦੇ ਹਨ ਅਤੇ ਕਾਲ ਪਾ ਕੇ ਹੀ ਮਰਦੇ ਹਨ ॥੫੫॥

ਚੌਪਈ ॥

ਚੌਪਈ:

ਕਾਲੈ ਮਰਤ ਕਾਲ ਹੀ ਮਾਰੈ ॥

ਕਾਲ ਹੀ ਮਰਦਾ ਹੈ, ਕਾਲ ਹੀ ਮਾਰਦਾ ਹੈ।

ਭ੍ਰਮਿ ਭ੍ਰਮਿ ਪਿੰਡ ਅਵਾਰਾ ਪਾਰੈ ॥

(ਕਾਲ ਹੀ) ਆਵਾਗਵਣ ਵਿਚ ਭਰਮ ਭਰਮ ਕੇ ਸ਼ਰੀਰ ('ਪਿੰਡ') ਧਾਰਨ ਕਰਦਾ ਹੈ।

ਕਾਮ ਕ੍ਰੋਧ ਮੂਓ ਹੰਕਾਰਾ ॥

ਕਾਮ, ਕ੍ਰੋਧ ਅਤੇ ਹੰਕਾਰ ਮਰਦੇ ਹਨ,

ਏਕ ਨ ਮਰਿਯੋ ਸੁ ਬੋਲਣਹਾਰਾ ॥੫੬॥

(ਪਰ ਕੇਵਲ) ਬੋਲਣ ਵਾਲਾ (ਕਰਤਾਰ) ਨਹੀਂ ਮਰਦਾ ॥੫੬॥

ਆਸਾ ਕਰਤ ਸਕਲ ਜਗ ਮਰਈ ॥

ਆਸ਼ਾ ਕਰਦਿਆਂ ਕਰਦਿਆਂ ਸਾਰਾ ਜਗਤ ਮਰ ਜਾਂਦਾ ਹੈ।

ਕੌਨ ਪੁਰਖੁ ਆਸਾ ਪਰਹਰਈ ॥

ਕੌਣ (ਅਜਿਹਾ) ਮਨੁੱਖ ਹੈ ਜੋ ਆਸ਼ਾ ਨੂੰ ਤਿਆਗਦਾ ਹੈ।

ਜੋ ਨਰ ਕੋਊ ਆਸ ਕੌ ਤ੍ਯਾਗੈ ॥

ਜੋ ਕੋਈ ਵਿਅਕਤੀ ਆਸ਼ਾ ਨੂੰ ਤਿਆਗ ਦਿੰਦਾ ਹੈ

ਸੋ ਹਰਿ ਕੇ ਪਾਇਨ ਸੌ ਲਾਗੈ ॥੫੭॥

ਉਹ ਪਰਮਾਤਮਾ ਦੇ ਪੈਰਾਂ ਵਿਚ ਸਥਾਨ ਪਾਂਦਾ ਹੈ ॥੫੭॥

ਦੋਹਰਾ ॥

ਦੋਹਰਾ:

ਆਸਾ ਕੀ ਆਸਾ ਪੁਰਖ ਜੋ ਕੋਊ ਤਜਤ ਬਨਾਇ ॥

ਆਸ਼ਾ ਦੀ ਆਸ ਜੋ ਕੋਈ ਵਿਅਕਤੀ ਤਿਆਗ ਦਿੰਦਾ ਹੈ,

ਪਾਪ ਪੁੰਨ੍ਯ ਸਰ ਤਰਿ ਤੁਰਤ ਪਰਮ ਪੁਰੀ ਕਹ ਜਾਇ ॥੫੮॥

ਉਹ ਪਾਪ ਪੁੰਨ ਦੇ ਸਰੋਵਰ (ਜਗਤ) ਨੂੰ ਤੁਰਤ ਤਰ ਕੇ ਪਰਮ ਪੁਰੀ ਨੂੰ ਚਲਾ ਜਾਂਦਾ ਹੈ ॥੫੮॥

ਜ੍ਯੋ ਸਮੁੰਦਹਿ ਗੰਗਾ ਮਿਲਤ ਸਹੰਸ ਧਾਰ ਕੈ ਸਾਜ ॥

ਜਿਵੇਂ ਸਮੁੰਦਰ ਵਿਚ ਗੰਗਾ ਹਜ਼ਾਰਾਂ ਧਾਰਾਵਾਂ ਬਣਾ ਕੇ ਮਿਲ ਜਾਂਦੀ ਹੈ,

ਤ੍ਯੋਂ ਗੋਰਖ ਰਿਖਿਰਾਜ ਸਿਯੋਂ ਆਜੁ ਮਿਲ੍ਯੋ ਨ੍ਰਿਪ ਰਾਜ ॥੫੯॥

ਉਸੇ ਤਰ੍ਹਾਂ ਰਿਖੀ ਰਾਜ ਗੋਰਖ ਨਾਲ ਸ਼ਿਰੋਮਣੀ ਰਾਜਾ (ਭਰਥਰੀ) ਮਿਲ ਗਿਆ ਹੈ ॥੫੯॥

ਚੌਪਈ ॥

ਚੌਪਈ:

ਯਾਤੇ ਮੈ ਬਿਸਥਾਰ ਨ ਕਰੌ ॥

ਇਸ ਲਈ ਮੈਂ ਹੋਰ ਵਿਸਤਾਰ ਵਿਚ ਨਹੀਂ ਪੈਂਦਾ

ਗ੍ਰੰਥ ਬਢਨ ਤੇ ਅਤਿ ਚਿਤ ਡਰੌ ॥

ਕਿਉਂਕਿ ਗ੍ਰੰਥ ਦੇ ਵੱਧ ਜਾਣ ਤੋਂ ਮਨ ਵਿਚ ਡਰਦਾ ਹਾਂ।

ਤਾ ਤੇ ਕਥਾ ਨ ਅਧਿਕ ਬਢਾਈ ॥

ਇਸ ਲਈ ਕਥਾ ਨੂੰ ਅਧਿਕ ਨਹੀਂ ਵਧਾਇਆ।

ਭੂਲ ਪਰੀ ਤਹ ਲੇਹੁ ਬਨਾਈ ॥੬੦॥

(ਜੇ ਕਿਤੇ) ਭੁਲ ਹੋ ਗਈ ਹੋਵੇ ਤਾਂ ਸੁਧਾਰ ਲੈਣਾ ॥੬੦॥

ਗੋਰਖ ਸੋ ਗੋਸਟਿ ਜਬ ਭਈ ॥

ਜਦ (ਰਾਜਾ ਭਰਥਰੀ ਹਰਿ ਦੀ) ਗੋਸਟਿ ਗੋਰਖ ਨਾਲ ਹੋਈ

ਰਾਜਾ ਕੀ ਦੁਰਮਤਿ ਸਭ ਗਈ ॥

ਤਾਂ ਰਾਜੇ ਦੀ ਦੁਰਬੁੱਧੀ ਖ਼ਤਮ ਹੋ ਗਈ।

ਸੀਖਤ ਗ੍ਯਾਨ ਭਲੀ ਬਿਧਿ ਭਯੋ ॥

(ਉਸ ਨੇ) ਚੰਗੀ ਤਰ੍ਹਾਂ ਨਾਲ ਗਿਆਨ ਸਿਖ ਲਿਆ