ਰਾਜ ਕੁਮਾਰੀ ਉਸ ਨੂੰ ਵੇਖ ਕੇ ਮੋਹਿਤ ਹੋ ਗਈ।
ਧਰਤੀ ਤੇ ਇਸ ਤਰ੍ਹਾਂ ਡਿਗ ਪਈ, ਮਾਨੋ ਸੱਪ ਨੇ ਡੰਗ ਲਈ ਹੋਵੇ ॥੮॥
ਧੀ ਦੇ ਡਿਗਣ ਕਰ ਕੇ ਮਾਂ ਉਥੇ ਆ ਗਈ
ਅਤੇ ਪਾਣੀ ਛਿੜਕ ਕੇ ਬਹੁਤ ਚਿਰ ਬਾਦ ਹੋਸ਼ ਵਿਚ ਲਿਆਂਦੀ।
ਜਦ ਉਸ ਨੂੰ ਫਿਰ ਹੋਸ਼ ਆਈ,
ਤਾਂ ਫਿਰ ਉਲਟ ਕੇ ਡਿਗ ਪਈ ਮਾਨੋ ਹਵਾਈ (ਗੋਲੀ) ਲਗੀ ਹੋਵੇ ॥੯॥
(ਜਦ) ਇਕ ਪਹਿਰ ਬੀਤ ਗਿਆ, (ਤਦ) ਫਿਰ ਹੋਸ਼ ਆਈ।
ਰੋ ਕੇ ਮਾਤਾ ਨੂੰ ਕਹਿਣ ਲਗੀ।
ਅੱਗ ਬਾਲ ਕੇ ਮੈਨੂੰ ਹੁਣੇ ਸਾੜ ਦਿਓ
ਪਰ ਇਸ ਕੁਰੂਪ ਦੇ ਘਰ ਨਾ ਭੇਜੋ ॥੧੦॥
ਮਾਤਾ ਨੂੰ ਪੁੱਤਰੀ ਬਹੁਤ ਪਿਆਰੀ ਸੀ।
ਉਸ ਨੇ ਮਨ ਵਿਚ ਬਹੁਤ ਚਿੰਤਾ ਕੀਤੀ।
ਜੇ ਕਿਤੇ ਇਹ ਰਾਜ ਕੁਮਾਰੀ ਮਰ ਜਾਏ,
ਤਦ ਇਸ ਦੀ ਮਾਤਾ ਕੀ ਕਰੇਗੀ ॥੧੧॥
ਜਦ ਰਾਜ ਕੁਮਾਰੀ ਨੂੰ ਕੁਝ ਹੋਸ਼ ਆਈ,
ਤਾਂ ਰੋ ਕੇ ਮਾਤਾ ਨੂੰ ਗੱਲ ਸੁਣਾਈ।
ਮੈਨੂੰ ਧਿੱਕਾਰ ਹੈ ਕਿ ਮੈਂ ਰਾਜ ਕੁਮਾਰੀ ਕਿਉਂ ਬਣੀ।
ਕਿਸੇ ਸ਼ਾਹ ਦੇ ਘਰ ਕਿਉਂ ਨਾ ਜੰਮੀ ॥੧੨॥
ਮੇਰੇ ਭਾਗ ਲੋਪ ਹੋ ਗਏ ਹਨ,
ਤਦ ਹੀ ਤਾਂ ਰਾਜੇ ਦੇ ਘਰ ਜੰਮੀ ਹਾਂ।
ਹੁਣ ਅਜਿਹੇ ਕੁਰੂਪ ਦੇ ਘਰ ਜਾਵਾਂਗੀ
ਅਤੇ ਰਾਤ ਦਿਨ ਰੋਂਦੇ ਹੋਇਆਂ ਬਿਤਾਵਾਂਗੀ ॥੧੩॥
ਮੈਨੂੰ ਧਿੱਕਾਰ ਹੈ ਕਿ (ਮੈਂ) ਨਾਰੀ ਦੀ ਜੂਨ ਕਿਉਂ ਧਾਰਨ ਕੀਤੀ ਹੈ।
ਮੈਂ ਰਾਜੇ ਦੇ ਘਰ ਕਿਉਂ ਪ੍ਰਗਟ ਹੋਈ ਹਾਂ।
ਵਿਧਾਤਾ ਮੰਗਣ ਤੇ ਮੌਤ ਵੀ ਨਹੀਂ ਦਿੰਦਾ।
ਮੈਂ ਹੁਣੇ ਹੀ (ਆਪਣੇ) ਸ਼ਰੀਰ ਨੂੰ ਖ਼ਤਮ ਕਰ ਦਿਆਂਗੀ ॥੧੪॥
ਦੋਹਰਾ:
ਜੇ ਮੂੰਹ ਮੰਗੇ ਕਿਸੇ ਬੰਦੇ ਦਾ ਮਾੜਾ ਜਾਂ ਚੰਗਾ ਹੋ ਜਾਵੇ,
ਤਾਂ ਇਸ ਸੰਸਾਰ ਵਿਚ ਕੋਈ ਵੀ ਦੁਖੀ ਜੀਉਂਦਾ ਨਾ ਬਚਦਾ ॥੧੫॥
ਚੌਪਈ:
(ਰਾਜ ਕੁਮਾਰੀ ਨੇ ਫਿਰ ਕਿਹਾ) ਹੁਣ ਮੈਂ ਕਟਾਰੀ ਮਾਰ ਕੇ ਮਰ ਜਾਵਾਂਗੀ,
ਨਹੀਂ ਤਾਂ ਭਗਵੇ ਬਸਤ੍ਰ ਧਾਰਨ ਕਰ ਲਵਾਂਗੀ।
ਜੇ ਵਿਆਹ ਕਰਾਂਗੀ ਤਾਂ ਸ਼ਾਹ ਦੇ ਪੁੱਤਰ ਨਾਲ,
ਨਹੀਂ ਤਾਂ ਅਜ ਵਿਸ਼ ਖਾ ਕੇ ਮਰ ਜਾਵਾਂਗੀ ॥੧੬॥
ਰਾਣੀ ਨੂੰ ਪੁੱਤਰੀ ਬਹੁਤ ਹੀ ਪਿਆਰੀ ਸੀ।
(ਉਸ ਨੇ) ਉਹੀ ਕੀਤਾ, ਜੋ ਉਸ ਨੇ ਕਿਹਾ।
(ਇਕ) ਦਾਸੀ ਕਢ ਕੇ ਉਸ (ਰਾਜ ਕੁਮਾਰ) ਨੂੰ ਦੇ ਦਿੱਤੀ।
ਉਸ ਮੂਰਖ ਨੇ ਉਸ ਨੂੰ ਰਾਜ ਪੁੱਤਰੀ ਕਰ ਕੇ ਸਮਝਿਆ ॥੧੭॥
ਸ਼ਾਹ ਦੇ ਪੁੱਤਰ ਨੂੰ ਰਾਜ ਕੁਮਾਰੀ ਦੇ ਦਿੱਤੀ।
ਇਸ ਕ੍ਰਿਆ ਬਾਰੇ ਕਿਸੇ ਹੋਰ ਪੁਰਸ਼ ਨੇ ਕੁਝ ਨਾ ਸਮਝਿਆ।
ਦਾਸੀ ਲੈ ਕੇ ਉਹ ਰਾਜਾ ਚਲਾ ਗਿਆ,
ਇਹ ਜਾਣ ਕੇ ਕਿ (ਉਸ ਨੇ) ਰਾਜ ਕੁਮਾਰੀ ਵਿਆਹ ਲਿਆਂਦੀ ਹੈ ॥੧੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੩॥੬੬੧੪॥ ਚਲਦਾ॥
ਚੌਪਈ:
ਗਨਪਤਿ ਨਾਂ ਦਾ ਇਕ ਚੰਗਾ ਰਾਜਾ ਸੀ।
ਉਸ ਦਾ ਘਰ ਗਨਪਾਵਤੀ (ਨਗਰੀ) ਵਿਚ ਸੀ।
ਮਹਤਾਬ ਪ੍ਰਭਾ ਉਸ ਦੀ ਰਾਣੀ ਸੀ,
ਜਿਸ (ਦੀ ਸੁੰਦਰਤਾ) ਨੂੰ ਵੇਖ ਕੇ ਇਸਤਰੀਆਂ ਵੀ ਲਜਾਉਂਦੀਆਂ ਸਨ ॥੧॥