ਸ਼੍ਰੀ ਦਸਮ ਗ੍ਰੰਥ

ਅੰਗ - 685


ਬਿਸਨਪਦ ॥ ਕਿਦਾਰਾ ॥

ਬਿਸਨਪਦ: ਕਿਦਾਰਾ:

ਇਹ ਬਿਧਿ ਭਯੋ ਆਹਵ ਘੋਰ ॥

ਇਸ ਤਰ੍ਹਾਂ ਘੋਰ ਯੁੱਧ ਹੋਇਆ।

ਭਾਤਿ ਭਾਤਿ ਗਿਰੇ ਧਰਾ ਪਰ ਸੂਰ ਸੁੰਦਰ ਕਿਸੋਰ ॥

ਭਾਂਤ ਭਾਂਤ ਦੇ ਸੁੰਦਰ, ਨੌਜਵਾਨ ਸੂਰਮੇ ਧਰਤੀ ਉਤੇ ਡਿਗੇ ਪਏ ਸਨ।

ਕੋਪ ਕੋਪ ਹਠੀ ਘਟੀ ਰਣਿ ਸਸਤ੍ਰ ਅਸਤ੍ਰ ਚਲਾਇ ॥

ਰਣ-ਭੂਮੀ ਵਿਚ ਹਠੀ (ਯੋਧਿਆਂ ਦੀ ਸੈਨਾ) ਕ੍ਰੋਧ ਕਰ ਕਰ ਕੇ ਅਸਤ੍ਰ ਸ਼ਸਤ੍ਰ ਚਲਾਉਂਦਿਆਂ ਘਟ ਗਈ ਸੀ।

ਜੂਝਿ ਜੂਝਿ ਗਏ ਦਿਵਾਲਯ ਢੋਲ ਬੋਲ ਬਜਾਇ ॥

ਢੋਲ ਵਜਾ ਕੇ ਅਤੇ ਲਲਕਾਰਾ ਮਾਰ ਕੇ ਲੜਦੇ ਹੋਏ ਦੇਵ ਲੋਕ ਨੂੰ ਚਲੇ ਗਏ ਸਨ।

ਹਾਇ ਹਾਇ ਭਈ ਜਹਾ ਤਹ ਭਾਜਿ ਭਾਜਿ ਸੁ ਬੀਰ ॥

ਜਿਥੇ ਕਿਥੇ ਯੋਧੇ ਭਜੇ ਜਾ ਰਹੇ ਸਨ ਅਤੇ ਹਾਇ ਹਾਇ ਦਾ ਰੌਲਾ ਪਿਆ ਹੋਇਆ ਸੀ।

ਪੈਠਿ ਪੈਠਿ ਗਏ ਤ੍ਰੀਆਲੈ ਹਾਰਿ ਹਾਰਿ ਅਧੀਰ ॥

ਹਾਰ ਹਾਰ ਕੇ ਅਧੀਰ ਹੋਏ (ਸੂਰਮੇ) ਰੰਨਵਾਸਾਂ ਵਿਚ ਵੜੀ ਜਾ ਰਹੇ ਸਨ।

ਅਪ੍ਰਮਾਨ ਛੁਟੇ ਸਰਾਨ ਦਿਸਾਨ ਭਯੋ ਅੰਧਿਆਰ ॥

ਬੇਅੰਤ ਤੀਰ ਚਲੇ ਸਨ (ਜਿਸ ਕਰ ਕੇ) ਦਿਸ਼ਾਵਾਂ ਵਿਚ ਹਨੇਰਾ ਛਾ ਗਿਆ ਸੀ।

ਟੂਕ ਟੂਕ ਪਰੇ ਜਹਾ ਤਹ ਮਾਰਿ ਮਾਰਿ ਜੁਝਾਰ ॥੧੦੧॥

ਜਿਥੇ ਕਿਥੇ ਯੋਧੇ 'ਮਾਰੋ' 'ਮਾਰੋ' ਕਰਦੇ ਟੁਕੜੇ ਟੁਕੜੇ ਹੋਏ ਪਏ ਸਨ ॥੧੦੧॥

ਬਿਸਨਪਦ ॥ ਦੇਵਗੰਧਾਰੀ ॥

ਬਿਸਨਪਦ: ਦੇਵਗੰਧਾਰੀ:

ਮਾਰੂ ਸਬਦੁ ਸੁਹਾਵਨ ਬਾਜੈ ॥

ਮਾਰੂ ਸ਼ਬਦ ਕਰਨ ਵਾਲੇ ਸੁਹਾਵਣੇ ਵਾਜੇ ਵਜ ਰਹੇ ਹਨ।

ਜੇ ਜੇ ਹੁਤੇ ਸੁਭਟ ਰਣਿ ਸੁੰਦਰ ਗਹਿ ਗਹਿ ਆਯੁਧ ਗਾਜੇ ॥

ਜਿਹੜੇ ਜਿਹੜੇ ਰਣਭੂਮੀ ਵਿਚ ਸੁੰਦਰ ਸੂਰਮੇ ਸਨ, (ਉਹ) ਸ਼ਸਤ੍ਰ ਫੜ ਫੜ ਕੇ ਗਜ ਰਹੇ ਹਨ।

ਕਵਚ ਪਹਰਿ ਪਾਖਰ ਸੋ ਡਾਰੀ ਅਉਰੈ ਆਯੁਧ ਸਾਜੇ ॥

ਕਵਚ ਪਾ ਕੇ (ਘੋੜਿਆਂ ਉਤੇ) ਕਾਠੀਆਂ ਪਾ ਲਈਆਂ ਹਨ ਅਤੇ ਸ਼ਸਤ੍ਰ ਸਜਾ ਲਏ ਸਨ।

ਭਰੇ ਗੁਮਾਨ ਸੁਭਟ ਸਿੰਘਨ ਜ੍ਯੋਂ ਆਹਵ ਭੂਮਿ ਬਿਰਾਜੇ ॥

ਸੂਰਮੇ ਸ਼ੇਰਾਂ ਵਾਂਗ ਗੁਮਾਨ ਨਾਲ ਭਰੇ ਹੋਏ ਸਨ ਅਤੇ ਰਣ-ਭੂਮੀ ਵਿਚ ਬਿਰਾਜ ਰਹੇ ਸਨ।

ਗਹਿ ਗਹਿ ਚਲੇ ਗਦਾ ਗਾਜੀ ਸਬ ਸੁਭਟ ਅਯੋਧਨ ਕਾਜੇ ॥

ਸਾਰੇ ਯੋਧੇ ਗਦਾ ਨੂੰ ਫੜ ਫੜ ਕੇ ਯੁੱਧ ਕਰਨ ਲਈ ਚਲੇ ਜਾ ਰਹੇ ਸਨ।

ਆਹਵ ਭੂਮਿ ਸੂਰ ਅਸ ਸੋਭੇ ਨਿਰਖਿ ਇੰਦ੍ਰ ਦੁਤਿ ਲਾਜੇ ॥

ਸੂਰਮੇ ਯੁੱਧ-ਭੂਮੀ ਵਿਚ ਇਸ ਤਰ੍ਹਾਂ ਸ਼ੋਭਾ ਪਾ ਰਹੇ ਹਨ ਕਿ (ਉਨ੍ਹਾਂ ਦੀ) ਚਮਕ ਨੂੰ ਵੇਖ ਕੇ ਇੰਦਰ ਵੀ ਲਜਾ ਰਿਹਾ ਹੈ।

ਟੂਕ ਟੂਕ ਹੂਐ ਗਿਰੇ ਧਰਣਿ ਪਰ ਆਹਵ ਛੋਰਿ ਨ ਭਾਜੇ ॥

(ਯੋਧੇ) ਟੋਟੇ ਟੋਟੇ ਹੋ ਕੇ ਧਰਤੀ ਉਤੇ ਡਿਗ ਪਏ ਹਨ ਪਰ ਯੁੱਧ-ਭੂਮੀ ਛਡ ਕੇ ਭਜੇ ਨਹੀਂ ਹਨ।

ਪ੍ਰਾਪਤਿ ਭਏ ਦੇਵ ਮੰਦਰ ਕਹੁ ਸਸਤ੍ਰਨ ਸੁਭਟ ਨਿਵਾਜੇ ॥੧੦੨॥

(ਜਿਨ੍ਹਾਂ) ਯੋਧਿਆਂ ਨੂੰ ਸ਼ਸਤ੍ਰਾਂ ਨੇ ਨਿਵਾਜਿਆ ਹੈ, ਉਹ ਦੇਵ ਲੋਕ ਨੂੰ ਪ੍ਰਾਪਤ ਹੋਏ ਹਨ (ਅਰਥਾਤ ਬੈਕੁੰਠ ਚਲੇ ਗਏ ਹਨ) ॥੧੦੨॥

ਬਿਸਨਪਦ ॥ ਕਲਿਆਨ ॥

ਬਿਸਨਪਦ: ਕਲਿਆਨ:

ਦਹਦਿਸ ਧਾਵ ਭਏ ਜੁਝਾਰੇ ॥

ਜੁਝਾਰੂ ਸੈਨਿਕ ਦਸਾਂ ਦਿਸ਼ਾਵਾਂ ਵਲ ਭਜੀ ਫਿਰਦੇ ਹਨ।

ਮੁਦਗਰ ਗੁਫਨ ਗੁਰਜ ਗੋਲਾਲੇ ਪਟਸਿ ਪਰਘ ਪ੍ਰਹਾਰੇ ॥

ਮੁਦਗਰ, ਗੋਪੀਏ, ਗੁਰਜ, ਗੁਲੇਲੇ, ਪਟਸ, ਪਰਘ ਆਦਿ ਚਲਾ ਰਹੇ ਹਨ।

ਗਿਰਿ ਗਿਰਿ ਪਰੇ ਸੁਭਟ ਰਨ ਮੰਡਲਿ ਜਾਨੁ ਬਸੰਤ ਖਿਲਾਰੇ ॥

ਰਣ-ਭੂਮੀ ਵਿਚ ਯੋਧੇ ਡਿਗ ਡਿਗ ਪਏ ਹਨ, ਮਾਨੋ ਹੋਲੀ (ਬਸੰਤ) ਖੇਡ ਕੇ ਸੁਤੇ ਹੋਣ।

ਉਠਿ ਉਠਿ ਭਏ ਜੁਧ ਕਉ ਪ੍ਰਾਪਤਿ ਰੋਹ ਭਰੇ ਰਜਵਾਰੇ ॥

ਰੋਹ ਨਾਲ ਭਰੇ ਹੋਏ ਰਜਵਾੜੇ ਉਠ ਉਠ ਕੇ ਫਿਰ ਲੜਾਈ ਕਰਨ ਲਗ ਗਏ ਹਨ।

ਭਖਿ ਭਖਿ ਬੀਰ ਪੀਸ ਦਾਤਨ ਕਹ ਰਣ ਮੰਡਲੀ ਹਕਾਰੇ ॥

ਯੋਧੇ (ਕੋਇਲੇ ਵਾਂਗ) ਭਖ ਭਖ ਕੇ ਅਤੇ ਦੰਦ ਪੀਹ ਕੇ ਰਣ-ਭੂਮੀ ਵਿਚ ਲਲਕਾਰਦੇ ਹਨ।

ਬਰਛੀ ਬਾਨ ਕ੍ਰਿਪਾਨ ਗਜਾਇਧੁ ਅਸਤ੍ਰ ਸਸਤ੍ਰ ਸੰਭਾਰੇ ॥

ਬਰਛੀ, ਬਾਣ, ਕ੍ਰਿਪਾਨ, ਗਜਾਯੁੱਧ (ਅੰਕੁਸ਼) ਅਤੇ ਸ਼ਸਤ੍ਰਾਂ ਅਸਤ੍ਰਾਂ ਨੂੰ ਪਕੜਿਆ ਹੋਇਆ ਹੈ।

ਭਸਮੀ ਭੂਤ ਭਏ ਗੰਧ੍ਰਬ ਗਣ ਦਾਝਤ ਦੇਵ ਪੁਕਾਰੇ ॥

ਗਣ ਗੰਧਰਬ ਭਸਮ ਹੋ ਗਏ ਹਨ ਅਤੇ ਦੇਵਤੇ ਸੜਦੇ ਹੋਏ ਪੁਕਾਰਦੇ ਹਨ।

ਹਮ ਮਤ ਮੰਦ ਚਰਣ ਸਰਣਾਗਤਿ ਕਾਹਿ ਨ ਲੇਤ ਉਬਾਰੇ ॥੧੦੩॥

ਅਸੀਂ ਮੰਦ ਮਤ ਵਾਲੇ (ਆਪ ਜੀ ਦੇ) ਚਰਨ ਸ਼ਰਨ ਆਏ ਹਾਂ। (ਸਾਨੂੰ) ਕਿਉਂ ਨਹੀਂ ਉਬਾਰਦੇ ਹੋ ॥੧੦੩॥

ਮਾਰੂ ॥

ਮਾਰੂ:

ਦੋਊ ਦਿਸ ਸੁਭਟ ਜਬੈ ਜੁਰਿ ਆਏ ॥

ਜਦੋਂ ਦੋਹਾਂ ਪਾਸਿਆਂ ਤੋਂ ਯੋਧੇ ਇਕੱਠੇ ਹੋ ਕੇ ਆ ਗਏ।

ਦੁੰਦਭਿ ਢੋਲ ਮ੍ਰਿਦੰਗ ਬਜਤ ਸੁਨਿ ਸਾਵਨ ਮੇਘ ਲਜਾਏ ॥

ਨਗਾਰਿਆਂ, ਢੋਲਾਂ, ਮ੍ਰਿਦੰਗਾਂ ਨੂੰ ਵਜਦਿਆਂ ਸੁਣ ਕੇ ਸਾਵਣ ਦੇ ਬਦਲ ਸ਼ਰਮਿੰਦੇ ਹੁੰਦੇ ਹਨ।

ਦੇਖਨ ਦੇਵ ਅਦੇਵ ਮਹਾ ਹਵ ਚੜੇ ਬਿਮਾਨ ਸੁਹਾਏ ॥

(ਇਸ) ਮਹਾਨ ਹਵਨ (ਯੁੱਧ) ਨੂੰ ਵੇਖਣ ਲਈ ਦੇਵਤੇ ਅਤੇ ਦੈਂਤ ਵਿਮਾਨਾਂ ਉਤੇ ਚੜ੍ਹੇ ਹੋਏ ਸ਼ੋਭਾ ਪਾ ਰਹੇ ਹਨ।

ਕੰਚਨ ਜਟਤ ਖਚੇ ਰਤਨਨ ਲਖਿ ਗੰਧ੍ਰਬ ਨਗਰ ਰਿਸਾਏ ॥

ਸੋਨੇ ਦੇ ਜੜ੍ਹੇ ਹੋਏ ਗਹਿਣਿਆਂ ਨੂੰ, ਜਿਨ੍ਹਾਂ ਵਿਚ ਰਤਨ ਖਚੇ ਹੋਏ ਹਨ, ਵੇਖ ਕੇ ਗੰਧਰਬ ਨਗਰ ਖਿਝ ਰਹੇ ਹਨ।

ਕਾਛਿ ਕਛਿ ਕਾਛ ਕਛੇ ਕਛਨੀ ਚੜਿ ਕੋਪ ਭਰੇ ਨਿਜਕਾਏ ॥

ਲੰਗੋਟਾਂ ਨੂੰ ਕਸ ਕਸ ਕੇ ਅਤੇ ਲਕ ਨੂੰ ਕਸ ਕਸ ਕੇ ਕ੍ਰੋਧ ਨਾਲ ਭਰੇ ਹੋਏ ਨੇੜੇ ਢੁਕ ਰਹੇ ਹਨ।

ਕੋਊ ਕੋਊ ਰਹੇ ਸੁਭਟ ਰਣ ਮੰਡਲਿ ਕੇਈ ਕੇਈ ਛਾਡਿ ਪਰਾਏ ॥

ਕੋਈ ਕੋਈ ਯੋਧਾ ਰਣ-ਭੂਮੀ ਵਿਚ ਡਟਿਆ ਖਲੋਤਾ ਹੈ ਅਤੇ ਕੋਈ ਕੋਈ ਛਡ ਕੇ ਭਜ ਗਿਆ ਹੈ।

ਝਿਮਝਿਮ ਮਹਾ ਮੇਘ ਪਰਲੈ ਜ੍ਯੋਂ ਬ੍ਰਿੰਦ ਬਿਸਿਖ ਬਰਸਾਏ ॥

ਪਰਲੋ ਸਮੇਂ ਦੇ ਭਿਆਨਕ ਬਦਲਾਂ ਵਾਂਗ ਬਹੁਤ ਬਾਣਾਂ ਦੀ ਝੜੀ ਲਗਾਈ ਹੋਈ ਹੈ।

ਐਸੋ ਨਿਰਖਿ ਬਡੇ ਕਵਤਕ ਕਹ ਪਾਰਸ ਆਪ ਸਿਧਾਏ ॥੧੦੪॥

ਇਸ ਤਰ੍ਹਾਂ ਦੇ ਵੱਡੇ ਕੌਤਕ ਨੂੰ ਵੇਖ ਕੇ ਪਾਰਸ ਨਾਥ ਖੁਦ (ਯੁੱਧ-ਭੂਮੀ ਵਲ) ਤੁਰੇ ਹਨ ॥੧੦੪॥

ਬਿਸਨਪਦ ॥ ਭੈਰੋ ॥ ਤ੍ਵਪ੍ਰਸਾਦਿ ॥

ਬਿਸਨਪਦ: ਭੈਰੋ: ਤੇਰੀ ਕ੍ਰਿਪਾ ਨਾਲ:

ਦੈ ਰੇ ਦੈ ਰੇ ਦੀਹ ਦਮਾਮਾ ॥

ਵੱਡਾ ਧੌਂਸਾ ਧੈਂ ਧੈਂ ਕਰ ਕੇ ਵਜਦਾ ਹੈ।

ਕਰਹੌ ਰੁੰਡ ਮੁੰਡ ਬਸੁਧਾ ਪਰ ਲਖਤ ਸ੍ਵਰਗ ਕੀ ਬਾਮਾ ॥

ਧਰਤੀ ਉਤੇ ਸਿਰ ਅਤੇ ਧੜ ਖਿਲਾਰ ਦਿਆਂਗਾ ਅਤੇ ਸਵਰਗ ਦੀਆਂ ਇਸਤਰੀਆਂ (ਅਪੱਛਰਾਵਾਂ) ਵੇਖਣਗੀਆਂ।

ਧੁਕਿ ਧੁਕਿ ਪਰਹਿ ਧਰਣਿ ਭਾਰੀ ਭਟ ਬੀਰ ਬੈਤਾਲ ਰਜਾਊ ॥

ਧਰਤੀ ਉਤੇ ਧੁਕ ਧੁਕ ਕਰ ਕੇ ਵੱਡੇ ਯੋਧੇ ਡਿਗਣਗੇ ਅਤੇ (ਉਨ੍ਹਾਂ ਦੇ ਰਕਤ ਨਾਲ) ਬੀਰ ਅਤੇ ਬੈਤਾਲ ਰਜਾ ਦਿਆਂਗਾ।

ਭੂਤ ਪਿਸਾਚ ਡਾਕਣੀ ਜੋਗਣ ਕਾਕਣ ਰੁਹਰ ਪਿਵਾਊ ॥

ਭੂਤਾਂ, ਪਿਸਾਚਾਂ, ਡਾਕਣੀਆਂ, ਜੋਗਣਾਂ, ਕਾਂਵਾਂ ਨੂੰ ਵੀ ਲਹੂ ਪਿਲਾਵਾਂਗਾ।

ਭਕਿ ਭਕਿ ਉਠੇ ਭੀਮ ਭੈਰੋ ਰਣਿ ਅਰਧ ਉਰਧ ਸੰਘਾਰੋ ॥

ਭਿਆਨਕ ਭੈਰੋ ਯੁੱਧ-ਭੂਮੀ ਵਿਚ ਭਕ ਭਕ ਕਰਦਾ ਉਠੇਗਾ ਅਤੇ ਉਪਰ ਹੇਠਾਂ (ਸਾਰਿਆਂ ਨੂੰ) ਮਾਰ ਦਿਆਂਗਾ।

ਇੰਦ੍ਰ ਚੰਦ ਸੂਰਜ ਬਰਣਾਦਿਕ ਆਜ ਸਭੈ ਚੁਨਿ ਮਾਰੋ ॥

ਇੰਦਰ, ਚੰਦ੍ਰਮਾ, ਸੂਰਜ, ਵਰੁਣ ਆਦਿ ਸਭਨਾਂ ਨੂੰ ਅਜ ਚੁਣ ਚੁਣ ਕੇ ਮਾਰਾਂਗਾ।

ਮੋਹਿ ਬਰ ਦਾਨ ਦੇਵਤਾ ਦੀਨਾ ਜਿਹ ਸਰਿ ਅਉਰ ਨ ਕੋਈ ॥

ਮੈਨੂੰ ਦੇਵਤਾ (ਦੇਵੀ) ਨੇ ਵਰ ਦਿੱਤਾ ਹੋਇਆ ਹੈ ਜਿਸ ਦੇ ਸਮਾਨ ਹੋਰ ਕੋਈ (ਵਰ) ਨਹੀਂ ਹੈ।

ਮੈ ਹੀ ਭਯੋ ਜਗਤ ਕੋ ਕਰਤਾ ਜੋ ਮੈ ਕਰੌ ਸੁ ਹੋਈ ॥੧੦੫॥

ਮੈਂ ਹੀ ਜਗਤ ਦਾ ਕਰਤਾ ਹੋਇਆ ਹਾਂ, ਜੋ ਮੈਂ ਕਰਾਂਗਾ ਉਹੀ ਹੋਵੇਗਾ ॥੧੦੫॥

ਬਿਸਨਪਦ ॥ ਗਉਰੀ ॥ ਤ੍ਵਪ੍ਰਸਾਦਿ ਕਥਤਾ ॥

ਬਿਸਨਪਦ: ਗਉਰੀ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:

ਮੋ ਤੇ ਅਉਰ ਬਲੀ ਕੋ ਹੈ ॥

ਮੇਰੇ ਤੋਂ (ਵਧ) ਹੋਰ ਕੌਣ ਬਲਵਾਨ ਹੈ

ਜਉਨ ਮੋ ਤੇ ਜੰਗ ਜੀਤੇ ਜੁਧ ਮੈ ਕਰ ਜੈ ॥

ਜੋ ਮੇਰੇ ਕੋਲੋਂ ਯੁੱਧ ਜਿਤੇ ਅਤੇ ਯੁੱਧ ਵਿਚ ਜੇਤੂ ਹੋਵੇ।

ਇੰਦ੍ਰ ਚੰਦ ਉਪਿੰਦ੍ਰ ਕੌ ਪਲ ਮਧਿ ਜੀਤੌ ਜਾਇ ॥

ਇੰਦਰ, ਚੰਦ੍ਰਮਾ ਅਤੇ ਬਾਵਨ ਨੂੰ (ਮੈਂ) ਪਲ ਵਿਚ ਜਾ ਕੇ ਜਿਤ ਲਵਾਂਗਾ।

ਅਉਰ ਐਸੋ ਕੋ ਭਯੋ ਰਣ ਮੋਹਿ ਜੀਤੇ ਆਇ ॥

(ਜਗਤ ਵਿਚ) ਹੋਰ ਅਜਿਹਾ ਕੌਣ ਹੈ? ਜੋ ਯੁੱਧ ਵਿਚ ਆ ਕੇ ਮੈਨੂੰ ਜਿਤੇਗਾ।

ਸਾਤ ਸਿੰਧ ਸੁਕਾਇ ਡਾਰੋ ਨੈਕੁ ਰੋਸੁ ਕਰੋ ॥

(ਜੇ ਮੈਂ) ਰਤਾ ਜਿੰਨਾ ਕ੍ਰੋਧ ਕਰ ਲਵਾਂ ਤਾਂ ਸੱਤਾਂ ਸਮੁੰਦਰਾਂ ਨੂੰ ਸੁਕਾ ਦਿਆਂਗਾ।

ਜਛ ਗੰਧ੍ਰਬ ਕਿੰਨ੍ਰ ਕੋਰ ਕਰੋਰ ਮੋਰਿ ਧਰੋ ॥

ਯਕਸ਼, ਗੰਧਰਬ ਅਤੇ ਕਿੰਨਰ ਕਰੋੜਾਂ (ਨੂੰ ਮੈਂ) ਅੱਖ ਦੇ ਪਲਕਾਰੇ ('ਕੋਰ') ਵਿਚ ਮਰੋੜ ਕੇ ਰਖ ਦਿਆਂਗਾ।

ਦੇਵ ਔਰ ਅਦੇਵ ਜੀਤੇ ਕਰੇ ਸਬੈ ਗੁਲਾਮ ॥

ਦੇਵਤਿਆਂ ਅਤੇ ਦੈਂਤਾਂ ਸਾਰਿਆਂ ਨੂੰ ਜਿਤ ਕੇ ਗੁਲਾਮ ਕਰ ਲਿਆ ਹੈ।

ਦਿਬ ਦਾਨ ਦਯੋ ਮੁਝੈ ਛੁਐ ਸਕੈ ਕੋ ਮੁਹਿ ਛਾਮ ॥੧੦੬॥

(ਮੈਨੂੰ ਦੇਵੀ ਨੇ) ਦਿਬ ਦਾਨ ਦਿੱਤਾ ਹੋਇਆ ਹੈ, ਮੇਰੀ ਛਾਂ ਨੂੰ ਵੀ ਕੋਈ ਛੁਹ ਨਹੀਂ ਸਕਦਾ ॥੧੦੬॥

ਬਿਸਨਪਦ ॥ ਮਾਰੂ ॥

ਬਿਸਨਪਦ: ਮਾਰੂ:

ਯੌ ਕਹਿ ਪਾਰਸ ਰੋਸ ਬਢਾਯੋ ॥

ਇਸ ਤਰ੍ਹਾਂ ਕਹਿ ਕੇ ਪਾਰਸ (ਨਾਥ) ਨੇ ਰੋਸ ਵਧਾ ਲਿਆ।

ਦੁੰਦਭਿ ਢੋਲ ਬਜਾਇ ਮਹਾ ਧੁਨਿ ਸਾਮੁਹਿ ਸੰਨ੍ਯਾਸਨਿ ਧਾਯੋ ॥

ਧੌਂਸੇ ਅਤੇ ਢੋਲ ਵਜਾ ਕੇ ਵੱਡੀ ਭਿਆਨਕ ਧੁਨ ਕਢਦਾ ਹੋਇਆ ਸੰਨਿਆਸੀਆਂ ਨੂੰ ਸਾਹਮਣਿਓਂ ਧਾਵਾ ਕਰ ਕੇ ਪਿਆ।

ਅਸਤ੍ਰ ਸਸਤ੍ਰ ਨਾਨਾ ਬਿਧਿ ਛਡੈ ਬਾਣ ਪ੍ਰਯੋਘ ਚਲਾਏ ॥

ਅਸਤ੍ਰ ਅਤੇ ਸ਼ਸਤ੍ਰ ਕਈ ਤਰ੍ਹਾਂ ਦੇ ਛਡੇ ਹਨ ਅਤੇ ਬਾਣਾਂ ਦੀ ਝੜੀ ਲਗਾ ਦਿੱਤੀ।

ਸੁਭਟ ਸਨਾਹਿ ਪਤ੍ਰ ਚਲਦਲ ਜ੍ਯੋਂ ਬਾਨਨ ਬੇਧਿ ਉਡਾਏ ॥

ਸੂਰਮਿਆਂ ਦੇ ਕਵਚਾਂ ਨੂੰ ਪਿਪਲ ਦੇ ਪਤਿਆਂ ਵਾਂਗ ਬਾਣਾਂ ਨਾਲ ਵਿੰਨ੍ਹ ਵਿੰਨ੍ਹ ਕੇ ਉਡਾ ਦਿੱਤਾ।

ਦੁਹਦਿਸ ਬਾਨ ਪਾਨ ਤੇ ਛੂਟੇ ਦਿਨਪਤਿ ਦੇਹ ਦੁਰਾਨਾ ॥

ਦੋਹਾਂ ਪਾਸਿਆਂ ਤੋਂ (ਸੂਰਮਿਆਂ ਦੇ) ਹੱਥਾਂ ਤੋਂ ਬਾਣ ਛੁਟਦੇ ਹਨ ਜਿਸ ਨਾਲ ਸੂਰਜ ਦਾ ਸਰੂਪ ਲੁਕ ਗਿਆ ਹੈ।

ਭੂਮਿ ਅਕਾਸ ਏਕ ਜਨੁ ਹੁਐ ਗਏ ਚਾਲ ਚਹੂੰ ਚਕ ਮਾਨਾ ॥

ਧਰਤੀ ਅਤੇ ਆਕਾਸ਼ ਮਾਨੋ ਇਕ ਹੋ ਗਏ ਅਤੇ ਚੌਹਾਂ ਚੱਕਾਂ ਨੇ ਭੂਚਾਲ ਮੰਨ ਲਿਆ।

ਇੰਦਰ ਚੰਦ੍ਰ ਮੁਨਿਵਰ ਸਬ ਕਾਪੇ ਬਸੁ ਦਿਗਿਪਾਲ ਡਰਾਨੀਯ ॥

ਇੰਦਰ, ਚੰਦ੍ਰਮਾ ਅਤੇ ਸਾਰੇ ਵੱਡੇ ਵੱਡੇ ਮੁਨੀ ਕੰਬਣ ਲਗ ਗਏ ਅਤੇ ਬਸੂ ਤੇ ਦਿਗਪਾਲ ਵੀ ਡਰ ਨਾਲ ਭੈਭੀਤ ਹੋ ਗਏ ਹਨ।

ਬਰਨ ਕੁਬੇਰ ਛਾਡਿ ਪੁਰ ਭਾਜੇ ਦੁਤੀਯ ਪ੍ਰਲੈ ਕਰਿ ਮਾਨੀਯ ॥੧੦੭॥

ਵਰੁਣ ਅਤੇ ਕੁਬੇਰ ਆਪਣੇ ਨਗਰਾਂ (ਪੁਰੀਆਂ) ਨੂੰ ਛਡ ਕੇ ਭਜ ਗਏ ਹਨ ਅਤੇ (ਇਸ ਨੂੰ) ਦੂਜੀ ਪਰਲੋ ਮੰਨ ਲਿਆ ਹੈ ॥੧੦੭॥

ਬਿਸਨਪਦ ॥ ਮਾਰੂ ॥

ਬਿਸਨਪਦ: ਮਾਰੂ:

ਸੁਰਪੁਰ ਨਾਰਿ ਬਧਾਵਾ ਮਾਨਾ ॥

ਸਵਰਗ ਦੀਆਂ ਨਾਰੀਆਂ (ਅਪੱਛਰਾਵਾਂ) ਨੇ ਬਹੁਤ ਖ਼ੁਸ਼ੀਆਂ ਮੰਨਾਈਆਂ

ਬਰਿ ਹੈ ਆਜ ਮਹਾ ਸੁਭਟਨ ਕੌ ਸਮਰ ਸੁਯੰਬਰ ਜਾਨਾ ॥

(ਕਿਉਂਕਿ ਉਹ) ਯੁੱਧ ਨੂੰ ਸੁਅੰਬਰ ਜਾਣ ਕੇ ਮਹਾਨ ਯੋਧਿਆਂ ਦਾ ਅਜ ਵਰਣ ਕਰਨਗੀਆਂ।

ਲਖਿ ਹੈ ਏਕ ਪਾਇ ਠਾਢੀ ਹਮ ਜਿਮ ਜਿਮ ਸੁਭਟ ਜੁਝੈ ਹੈ ॥

ਇਕ ਪੈਰ ਉਤੇ ਖੜੋ ਕੇ ਅਸੀਂ ਵੇਖਾਂਗੀਆਂ ਜਿਵੇਂ ਜਿਵੇਂ ਸੂਰਮੇ ਜੂਝਦੇ ਹਨ,

ਤਿਮ ਤਿਮ ਘਾਲਿ ਪਾਲਕੀ ਆਪਨ ਅਮਰਪੁਰੀ ਲੈ ਜੈ ਹੈ ॥

(ਉਨ੍ਹਾਂ ਨੂੰ) ਤਿਵੇਂ ਤਿਵੇਂ ਆਪਣੀ ਪਾਲਕੀ ਵਿਚ ਬਿਠਾ ਕੇ 'ਅਮਰ ਪੁਰੀ' (ਸਵਰਗ) ਵਿਚ ਲੈ ਜਾਣਗੀਆਂ।

ਚੰਦਨ ਚਾਰੁ ਚਿਤ੍ਰ ਚੰਦਨ ਕੇ ਚੰਚਲ ਅੰਗ ਚੜਾਊ ॥

(ਉਸ ਦਿਨ) ਚੰਦਨ ਦੇ ਸੁੰਦਰ ਚਿਤਰ ਬਣਾ ਕੇ ਚੰਦਨ ਵਰਗੇ ਸੁੰਦਰ ਸ਼ਰੀਰ ਉਤੇ ਲਗਾਵਾਂਗੀਆਂ

ਜਾ ਦਿਨ ਸਮਰ ਸੁਅੰਬਰ ਕਰਿ ਕੈ ਪਰਮ ਪਿਅਰ ਵਹਿ ਪਾਊ ॥

ਜਿਸ ਦਿਨ ਯੁੱਧ ਰੂਪ ਸੁਅੰਬਰ ਕਰ ਕੇ ਪਰਮ ਪਿਆਰੇ ਨੂੰ ਪ੍ਰਾਪਤ ਕਰਾਂਗੀਆਂ।

ਤਾ ਦਿਨ ਦੇਹ ਸਫਲ ਕਰਿ ਮਾਨੋ ਅੰਗ ਸੀਂਗਾਰ ਧਰੋ ॥

ਉਸ ਦਿਨ ਸ਼ਰੀਰ ਨੂੰ ਸਫਲ ਕਰ ਕੇ ਮੰਨਾਂਗੀਆਂ ਅਤੇ ਅੰਗਾਂ ਉਤੇ ਸ਼ਿੰਗਾਰ ਕਰਾਂਗੀਆਂ।

ਜਾ ਦਿਨ ਸਮਰ ਸੁਯੰਬਰ ਸਖੀ ਰੀ ਪਾਰਸ ਨਾਥ ਬਰੋ ॥੧੦੮॥

ਹੇ ਸਖੀ! ਜਿਸ ਦਿਨ ਯੁੱਧ ਸੁਅੰਬਰ ਵਿਚ ਪਾਰਸ ਨਾਥ ਨੂੰ ਵਰਾਂਗੀਆਂ ॥੧੦੮॥


Flag Counter