ਸ਼੍ਰੀ ਦਸਮ ਗ੍ਰੰਥ

ਅੰਗ - 1374


ਸੈਦ ਹੁਸੈਨ ਕੋਪ ਕਰਿ ਗਰਜੋ ॥

ਸੱਯਦ ਹੁਸੈਨ ਕ੍ਰੋਧਿਤ ਹੋ ਕੇ ਗਜਿਆ

ਜਾਫਰ ਸੈਦ ਰਹਾ ਨਹਿ ਬਰਜੋ ॥

ਅਤੇ ਜਾਫ਼ਰ ਸੱਯਦ ਵੀ ਰੋਕਿਆਂ ਰੁਕ ਨਾ ਸਕਿਆ।

ਲੋਹ ਪ੍ਰਜੰਤ ਬਾਨ ਤਨਿ ਮਾਰੇ ॥

ਉਨ੍ਹਾਂ ਦੇ ਸ਼ਰੀਰ ਵਿਚ ਲੋਹੇ (ਦੇ ਕਵਚ) ਤਕ ਬਾਣ ਮਾਰੇ

ਭਏ ਲੀਨ ਨਹਿ ਬਹੁਰਿ ਨਿਹਾਰੇ ॥੨੧੫॥

ਜੋ (ਉਨ੍ਹਾਂ ਦੇ ਸ਼ਰੀਰਾਂ ਵਿਚ) ਹੀ ਖੁਭ ਗਏ, ਫਿਰ ਵਿਖਾਈ ਨਾ ਦਿੱਤੇ ॥੨੧੫॥

ਬਹੁਰੋ ਅਮਿਤ ਕੋਪ ਕਹ ਕਰਿ ਕੈ ॥

ਫਿਰ ਬਹੁਤ ਅਧਿਕ ਕ੍ਰੋਧ ਕਰ ਕੇ,

ਛਾਡੇ ਬਿਸਿਖ ਧਨੁਖ ਕੌ ਧਰਿ ਕੈ ॥

ਧਨੁਸ਼ ਉਤੇ ਚੜ੍ਹਾ ਕੇ ਬਾਣ ਛਡੇ।

ਛੂਟਤ ਭਏ ਸਲਭ ਕੀ ਜਿਮਿ ਸਰ ॥

ਉਹ ਤੀਰ ਪਤੰਗਿਆਂ ਵਾਂਗ ਛੂਟੇ

ਲੀਨ ਭਏ ਨਹਿ ਲਖੇ ਦ੍ਰਿਗਨ ਕਰਿ ॥੨੧੬॥

ਅਤੇ ਫਿਰ ਅਜਿਹੇ ਖੁਭੇ ਕਿ ਅੱਖਾਂ ਨਾਲ ਵੇਖੇ ਨਾ ਜਾ ਸਕੇ ॥੨੧੬॥

ਇਹ ਬਿਧਿ ਮਾਰਿ ਸੈਯਦੀ ਸੈਨਾ ॥

ਇਸ ਤਰ੍ਹਾਂ ਸੱਯਦਾਂ ਦੀ ਫ਼ੌਜ ਮਾਰੀ ਗਈ

ਸੇਖ ਫੌਜ ਭਾਜੀ ਬਿਨੁ ਚੈਨਾ ॥

ਅਤੇ ਸ਼ੇਖਾਂ ਦੀ ਸੈਨਾ ਬੇਚੈਨ ਹੋ ਕੇ ਭਜ ਗਈ।

ਮਹਾ ਕਾਲ ਜਬ ਭਜੇ ਨਿਹਾਰੇ ॥

ਮਹਾ ਕਾਲ ਨੇ ਜਦ ਉਨ੍ਹਾਂ ਨੂੰ ਭਜਦਿਆਂ ਵੇਖਿਆ,

ਬਿਸਿਖ ਕੋਪ ਨਹਿ ਤਾਹਿ ਪ੍ਰਹਾਰੇ ॥੨੧੭॥

(ਤਦ) ਰੋਹ ਵਿਚ ਆ ਕੇ ਉਨ੍ਹਾਂ ਉਤੇ ਬਾਣ ਨਾ ਚਲਾਏ ॥੨੧੭॥

ਬਹੁਰੌ ਭਿਰੇ ਸੇਖ ਭਰਿ ਲਾਜਾ ॥

ਸ਼ੇਖ ਸੈਨਿਕ ਲਾਜ ਦੇ ਮਾਰੇ ਫਿਰ ਲੜਨ ਲਗੇ

ਲੈ ਲੈ ਸਸਤ੍ਰ ਅਸਤ੍ਰ ਸਭ ਸਾਜਾ ॥

ਅਤੇ ਅਸਤ੍ਰਾਂ ਸ਼ਸਤ੍ਰਾਂ ਆਦਿ ਨੂੰ ਲੈ ਕੇ ਸੁਸਜਿਤ ਹੋ ਗਏ।

ਜਿਮਿ ਮ੍ਰਿਗ ਬਧ ਮ੍ਰਿਗਪਤਿ ਕੌ ਤਕਹੀ ॥

ਜਿਵੇਂ ਹਿਰਨ ਨੂੰ ਮਾਰਨ ਵਾਲਾ ਸ਼ੇਰ ਨੂੰ ਵੇਖ ਕੇ

ਝਖਿ ਝਖਿ ਗਿਰਤ ਮਾਰਿ ਨਹਿ ਸਕਹੀ ॥੨੧੮॥

ਝਖ ਮਾਰਦਾ ਹੋਇਆ ਡਿਗ ਪੈਂਦਾ ਹੈ ਅਤੇ ਮਾਰ ਨਹੀਂ ਸਕਦਾ ॥੨੧੮॥

ਸੇਖ ਫਰੀਦ ਹਨਾ ਤਤਕਾਲਾ ॥

ਸ਼ੇਖ ਫ਼ਰੀਦ ਨੂੰ ਉਸੇ ਵੇਲੇ ਮਾਰ ਦਿੱਤਾ

ਸੇਖ ਉਜੈਨ ਹਨਾ ਬਿਕਰਾਲਾ ॥

ਅਤੇ ਭਿਆਨਕ ਸ਼ੇਖ ਉਜੈਨ ਨੂੰ ਵੀ ਖ਼ਤਮ ਕਰ ਦਿੱਤਾ।

ਸੇਖ ਅਮਾਨੁਲਹ ਪੁਨਿ ਮਾਰਿਯੋ ॥

ਫਿਰ ਸ਼ੇਖ ਅਮਾਨੁੱਲਾ ਨੂੰ ਮਾਰ ਦਿੱਤਾ

ਸੇਖ ਵਲੀ ਕੋ ਸੈਨ ਸੰਘਾਰਿਯੋ ॥੨੧੯॥

ਅਤੇ ਸ਼ੇਖ ਵਲੀ ਦੀ ਸੈਨਾ ਨੂੰ ਨਸ਼ਟ ਕਰ ਦਿੱਤਾ ॥੨੧੯॥

ਤਿਲ ਤਿਲ ਪਾਇ ਸੁਭਟ ਕਹੂੰ ਕਰੇ ॥

ਕਿਤੇ ਸੂਰਮਿਆਂ ਨੂੰ ਤਿਲ ਤਿਲ ਕਰ ਕੇ ਸੁਟ ਦਿੱਤਾ

ਚਰਮ ਬਰਮ ਰਨ ਮੋ ਕਹੂੰ ਝਰੇ ॥

ਅਤੇ ਕਿਤੇ ਢਾਲਾਂ ('ਚਰਮ') ਅਤੇ ਕਵਚ ('ਬਰਮ') ਰਣ ਵਿਚ ਖਿਲਰ ਗਏ।

ਭਖਿ ਭਖਿ ਉਠੈ ਸੁਭਟ ਕਹੂੰ ਕ੍ਰੁਧਾ ॥

ਉਥੇ ਅਜਿਹਾ ਹੈਬਤਨਾਕ ਯੁੱਧ ਮਚਿਆ

ਦਾਰੁਣ ਮਚਿਯੋ ਐਸ ਤਹ ਜੁਧਾ ॥੨੨੦॥

ਕਿ ਸੂਰਮਿਆਂ ਨੂੰ ਕ੍ਰੋਧ ਭਖਾ ਭਖਾ ਕੇ ਉਠਾ ਦਿੰਦਾ ਸੀ ॥੨੨੦॥

ਕਹੂੰ ਕਬੰਧ ਫਿਰਤ ਸਿਰ ਬਿਨਾ ॥

ਕਿਤੇ ਸਿਰ ਤੋਂ ਬਿਨਾ ਧੜ ਘੁੰਮ ਰਹੇ ਸਨ

ਕਹੂੰ ਸੁਭਟ ਗਹਿ ਦਾਤਨ ਤ੍ਰਿਨਾ ॥

ਅਤੇ ਕਿਤੇ ਸੂਰਮਿਆਂ ਨੇ ਦੰਦਾਂ ਵਿਚ ਘਾਹ ਪਕੜਿਆ ਹੋਇਆ ਸੀ।

ਰਛ ਰਛ ਕਹਿ ਤਾਹਿ ਪੁਕਾਰੈ ॥

(ਅਰਥਾਤ-ਈਨ ਮੰਨ ਰਹੇ ਸਨ)। ਉਹ 'ਬਚਾ ਲਓ, ਬਚਾ ਲਓ' ਦੀ ਪੁਕਾਰ ਕਰ ਕੇ

ਮਹਾ ਕਾਲ ਜਿਨਿ ਹਮੈ ਸੰਘਾਰੈ ॥੨੨੧॥

ਮਹਾ ਕਾਲ ਨੂੰ ਕਹਿ ਰਹੇ ਸਨ ਕਿ ਸਾਨੂੰ ਨਾ ਮਾਰਿਓ ॥੨੨੧॥

ਕਹੂੰ ਆਨਿ ਡਾਕਿਨਿ ਡਹਕਾਰੈ ॥

ਕਿਤੇ ਡਾਕਣੀਆਂ ਆ ਕੇ 'ਡਹ ਡਹ' ਕਰ ਰਹੀਆਂ ਸਨ

ਕਹੂੰ ਮਸਾਨ ਕਿਲਕਟੀ ਮਾਰੈ ॥

ਅਤੇ ਕਿਤੇ 'ਮਸਾਨ' (ਪ੍ਰੇਤ) ਕਿਲਕਾਰੀਆਂ ਮਾਰ ਰਹੇ ਸਨ।

ਭੂਤ ਪਿਸਾਚ ਨਚੇ ਬੈਤਾਲਾ ॥

ਕਿਤੇ ਭੂਤ, ਪਿਸ਼ਾਚ ਅਤੇ ਬੈਤਾਲ ਨਚ ਰਹੇ ਸਨ

ਬਰਤ ਫਿਰਤ ਬੀਰਨ ਕਹ ਬਾਲਾ ॥੨੨੨॥

ਅਤੇ ਸੂਰਮਿਆਂ ਨੂੰ ਅਪੱਛਰਾਵਾਂ ਵਰ ਰਹੀਆਂ ਸਨ ॥੨੨੨॥

ਏਕੈ ਅਛ ਏਕ ਹੀ ਬਾਹਾ ॥

(ਕਿਸੇ ਸੂਰਮੇ ਦੀ) ਇਕ ਅੱਖ ਸੀ ਅਤੇ ਕਿਸੇ ਦੀ ਇਕ ਹੀ ਬਾਂਹ।

ਏਕ ਚਰਨ ਅਰੁ ਅਰਧ ਸਨਾਹਾ ॥

ਕਿਸੇ ਦਾ ਇਕ ਪੈਰ ਸੀ ਅਤੇ ਅੱਧਾ ਕਵਚ ਸੀ।

ਇਹ ਬਿਧਿ ਸੁਭਟ ਬਿਕਟ ਹਨਿ ਡਾਰੇ ॥

ਇਸ ਤਰ੍ਹਾਂ ਭਿਆਨਕ ਸੂਰਮੇ ਮਾਰ ਸੁਟੇ,

ਪਵਨ ਬਲੀ ਜਨੁ ਰੂਖ ਉਖਾਰੇ ॥੨੨੩॥

ਮਾਨੋ ਤੇਜ਼ ਹਵਾ ਨੇ ਬ੍ਰਿਛ ਉਖਾੜ ਦਿੱਤੇ ਹੋਣ ॥੨੨੩॥

ਜਿਹ ਅਰਿ ਕਾਲ ਕ੍ਰਿਪਾਨ ਬਹੀ ਸਿਰ ॥

ਜਿਸ ਵੈਰੀ ਦੇ ਸਿਰ ਉਤੇ ਕਾਲ ਦੀ ਕ੍ਰਿਪਾਨ ਵਜੀ,

ਤਿਨ ਕੇ ਰਹੀ ਨ ਜੀਵ ਕਰਾ ਫਿਰਿ ॥

ਉਨ੍ਹਾਂ ਵਿਚ ਫਿਰ ਜੀਵਨ-ਸ਼ਕਤੀ ('ਜੀਵਕਰਾ' ਜੀਵਨ-ਕਲਾ) ਨਾ ਰਹੀ।

ਜਾ ਕਹ ਕਾਲ ਖੜਗ ਛ੍ਵੈ ਗਯਾ ॥

ਜਿਸ ਨੂੰ ਕਾਲ ਦੀ ਤਲਵਾਰ ਛੋਹ ਵੀ ਗਈ,

ਅਰਧੈ ਅਰਧ ਛਿਨਿਕ ਮਹਿ ਭਯਾ ॥੨੨੪॥

ਉਹ ਛਿਣ ਭਰ ਵਿਚ ਅਧੋ ਅੱਧ ਹੋ ਗਿਆ ॥੨੨੪॥

ਬਹੀ ਜਾਹਿ ਸਿਰ ਸਰਕਿ ਸਰੋਹੀ ॥

ਜਿਸ ਦੇ ਸਿਰ ਉਤੇ 'ਸਰਕ' ਕਰਦੀ ਤਲਵਾਰ ਵਜ ਗਈ

ਤਾ ਕਾ ਰਹਾ ਸੀਸੁ ਹ੍ਵੈ ਦੋਹੀ ॥

ਤਾਂ ਉਸ ਦਾ ਸਿਰ ਦੋ ਟੋਟੇ ਹੋ ਕੇ ਰਹਿ ਗਿਆ।

ਜਾ ਕੌ ਬਾਨ ਕਾਲ ਕਾ ਲਾਗਾ ॥

ਜਿਸ ਨੂੰ ਕਾਲ ਦਾ ਬਾਣ ਲਗ ਗਿਆ,

ਤਾ ਕੇ ਪ੍ਰਾਨ ਬਾਨ ਲੈ ਭਾਗਾ ॥੨੨੫॥

ਉਸ ਦੇ ਪ੍ਰਾਣ ਨੂੰ ਬਾਣ ਲੈ ਕੇ ਭਜ ਗਿਆ ॥੨੨੫॥

ਮਾਰੂ ਬਜਤ ਦੋਊ ਦਿਸਿ ਐਸੋ ॥

ਦੋਹਾਂ ਪਾਸਿਆਂ ਵਿਚ ਮਾਰੂ ਨਗਾਰੇ ਇਸ ਤਰ੍ਹਾਂ ਵਜ ਰਹੇ ਸਨ

ਜਾਨੁਕ ਪ੍ਰਲੈ ਕਾਲ ਕੇ ਐਸੇ ॥

ਮਾਨੋ ਪਰਲੋ ਕਾਲ ਵਿਚ ਵਜਣ ਵਾਲਿਆਂ ਵਰਗੇ ਹੋਣ।

ਗੋਮੁਖ ਝਾਝਰ ਤੂਰ ਅਪਾਰਾ ॥

ਗੋਮੁਖ, ਝਾਂਝਰ, ਤੁਰੀਆਂ,

ਢੋਲ ਮ੍ਰਿਦੰਗ ਮੁਚੰਗ ਹਜਾਰਾ ॥੨੨੬॥

ਢੋਲ, ਮ੍ਰਿਦੰਗ, ਮੁਚੰਗ ਆਦਿ ਹਜ਼ਾਰਾਂ ਦੀ ਗਿਣਤੀ ਵਿਚ (ਵਜ ਰਹੇ) ਸਨ ॥੨੨੬॥

ਘੋਰ ਆਯੁਧਨ ਇਹ ਬਿਧਿ ਭਯੋ ॥

ਇਸ ਤਰ੍ਹਾਂ ਦਾ ਘੋਰ ਯੁੱਧ ਹੋਇਆ,

ਜਿਹ ਕੋ ਪਾਰ ਨ ਕਿਨਹੂੰ ਲਯੋ ॥

ਜਿਸ ਦਾ ਕੋਈ ਵੀ ਅੰਤ ਨਾ ਪਾ ਸਕਿਆ।

ਜੇਤਿਕ ਅਸੁਰ ਮਲੇਛੁਪਜਾਏ ॥

ਦੈਂਤਾਂ ਨੇ ਜਿਤਨੇ ਵੀ ਮਲੇਛ (ਮੁਗ਼ਲ) ਪੈਦਾ ਕੀਤੇ ਸਨ,

ਮਹਾ ਕਾਲ ਛਿਨ ਬੀਚ ਖਪਾਏ ॥੨੨੭॥

ਮਹਾ ਕਾਲ ਨੇ ਉਨ੍ਹਾਂ ਨੂੰ ਛਿਣ ਵਿਚ ਖਪਾ ਦਿੱਤਾ ॥੨੨੭॥

ਬਹੁਰਿ ਅਸੁਰ ਕ੍ਰੁਧਤ ਅਤਿ ਭਯੋ ॥

ਦੈਂਤ ਫਿਰ ਬਹੁਤ ਕ੍ਰੋਧਵਾਨ ਹੋ ਗਏ।

ਅਮਿਤ ਅਸੁਰ ਉਪਰਾਜਿ ਸੁ ਲਯੋ ॥

ਉਨ੍ਹਾਂ ਨੇ ਹੋਰ ਅਨੰਤ ਦੈਂਤ ਪੈਦਾ ਕਰ ਲਏ।

ਧੂਲੀ ਕਰਨ ਬਿਦਿਤ ਕੇਸੀ ਭਨ ॥

(ਉਨ੍ਹਾਂ ਵਿਚ) ਧੂਲੀ ਕਰਨ, ਕੇਸੀ,

ਘੋਰ ਦਾੜ ਅਰੁ ਸ੍ਰੋਨਤ ਲੋਚਨ ॥੨੨੮॥

ਘੋਰ ਦਾੜ੍ਹ ਅਤੇ ਸ੍ਰੋਨਤ ਲੋਚਨ ਸ਼ਾਮਲ ਦਸੇ ਜਾਂਦੇ ਸਨ ॥੨੨੮॥

ਗਰਧਬ ਕੇਤੁ ਮਹਿਖ ਧੁਜ ਨਾਮਾ ॥

ਗਰਧਬ ਕੇਤੁ, ਮਹਿਖ ਧੁਜ,

ਅਰੁਨ ਨੇਤ੍ਰ ਉਪਜਾ ਸੰਗ੍ਰਾਮਾ ॥

ਅਤੇ ਅਰੁਨ ਨੇਤ੍ਰ ਨਾਂ (ਦੇ ਦੈਂਤ) ਯੁੱਧ ਵਿਚ ਪੈਦਾ ਹੋ ਗਏ।

ਅਸਿਧੁਜ ਨਿਰਖਿ ਅਸੁਰ ਉਪਜੇ ਰਨ ॥

ਉਨ੍ਹਾਂ ਨੂੰ ਰਣ ਵਿਚ ਪੈਦਾ ਹੁੰਦਿਆਂ ਵੇਖ ਕੇ

ਮਾਰਤ ਭਯੋ ਦਾਨਵਨ ਕੇ ਗਨ ॥੨੨੯॥

ਮਹਾ ਕਾਲ ('ਅਸਿਧੁਜ') ਨੇ ਦੈਂਤਾਂ ਦੇ ਦਲ ਖਪਾ ਦਿੱਤੇ ॥੨੨੯॥

ਅਸਿਧੁਜ ਕੋਪ ਅਧਿਕ ਕਹ ਕਰਾ ॥

ਅਸਿਧੁਜ ਨੇ ਬਹੁਤ ਕ੍ਰੋਧ ਕੀਤਾ

ਸੈਨ ਦਾਨਵਨ ਕੋ ਰਨ ਹਰਾ ॥

ਅਤੇ ਦੈਂਤਾਂ ਦੀ ਸੈਨਾ ਨੂੰ ਰਣ ਵਿਚ ਹਰ ਲਿਆ (ਅਰਥਾਤ ਮਾਰ ਮੁਕਾਇਆ)।

ਭਾਤਿ ਭਾਤਿ ਤਨ ਸਸਤ੍ਰ ਪ੍ਰਹਾਰੇ ॥

ਭਾਂਤ ਭਾਂਤ ਦੇ ਸ਼ਸਤ੍ਰ ਮਾਰ ਕੇ

ਤਿਲ ਤਿਲ ਪਾਇ ਸੁਭਟ ਕਟਿ ਡਾਰੇ ॥੨੩੦॥

ਉਨ੍ਹਾਂ ਸੂਰਮਿਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੨੩੦॥

ਇਹ ਬਿਧਿ ਹਨੀ ਸੈਨ ਅਸਿਧੁਜ ਜਬ ॥

ਜਦ ਅਸਿਧੁਜ ਨੇ ਇਸ ਤਰ੍ਹਾਂ (ਦੈਂਤ) ਸੈਨਾ ਮਾਰ ਦਿੱਤੀ

ਕਾਪਤ ਭਯੋ ਅਸੁਰ ਜਿਯ ਮੋ ਤਬ ॥

ਤਦ ਦੈਂਤ ਮਨ ਵਿਚ ਕੰਬਣ ਲਗਾ ਗਏ।

ਅਮਿਤ ਅਸੁਰ ਰਨ ਔਰ ਪ੍ਰਕਾਸੇ ॥

ਰਣ ਵਿਚ ਬੇਸ਼ੁਮਾਰ ਦੈਂਤ ਹੋਰ ਪ੍ਰਗਟ ਹੋ ਗਏ।

ਤਿਨ ਕੋ ਕਹਤ ਨਾਮ ਬਿਨੁ ਸਾਸੇ ॥੨੩੧॥

ਉਨ੍ਹਾਂ ਦੇ ਨਾਂ (ਹੁਣ ਮੈਂ) ਬਿਨਾ ਸਾਹ ਲਿਆਂ ਕਹਿੰਦਾ ਹਾਂ (ਅਰਥਾਤ ਲਗਾਤਾਰ ਕਹਿੰਦਾ ਹਾਂ) ॥੨੩੧॥

ਗੀਧ ਧੁਜਾ ਕਾਕ ਧੁਜ ਰਾਛਸ ॥

ਗੀਧ ਧੁਜਾ, ਕਾਕ ਧੁਜ ਦੈਂਤ

ਉਲੂ ਕੇਤੁ ਬੀਯੋ ਬਡ ਰਾਛਸ ॥

ਅਤੇ ਹੋਰ ਉਲੂ ਕੇਤੁ ਨਾਂ ਦੇ ਵੱਡੇ ਦੈਂਤ ਰਣ ਵਿਚ

ਅਸਿਧੁਜ ਕੇ ਰਨ ਸਮੁਹਿ ਸਿਧਾਏ ॥

ਅਸਿਧੁਜ ਦੇ ਸਾਹਮਣੇ ਆ ਕੇ ਡਟੇ

ਮਾਰਿ ਮਾਰਿ ਚਹੂੰ ਓਰ ਉਘਾਏ ॥੨੩੨॥

ਅਤੇ ਚੌਹਾਂ ਪਾਸੇ 'ਮਾਰੋ ਮਾਰੋ' ਕਹਿਣ ਲਗੇ ॥੨੩੨॥


Flag Counter