ਸ਼੍ਰੀ ਦਸਮ ਗ੍ਰੰਥ

ਅੰਗ - 607


ਅਨਹਦ ਛੰਦ ॥

ਅਨਹਦ ਛੰਦ:

ਸਤਿਜੁਗ ਆਯੋ ॥

ਸਤਿਯੁਗ ਆ ਗਿਆ ਹੈ।

ਸਭ ਸੁਨਿ ਪਾਯੋ ॥

ਸਭ ਨੇ ਸੁਣ ਲਿਆ ਹੈ।

ਮੁਨਿ ਮਨ ਭਾਯੋ ॥

ਮੁਨੀਆਂ ਦੇ ਮਨ ਨੂੰ ਚੰਗਾ ਲਗਿਆ ਹੈ।

ਗੁਨ ਗਨ ਗਾਯੋ ॥੫੫੩॥

(ਉਨ੍ਹਾਂ ਨੇ ਸਤਿਯੁਗ) ਦੇ ਬਹੁਤ ਗੁਣ ਗਾਏ ਹਨ ॥੫੫੩॥

ਸਬ ਜਗ ਜਾਨੀ ॥

ਸਾਰੇ ਜਗਤ ਨੇ (ਇਹ ਗੱਲ) ਜਾਣ ਲਈ ਹੈ।

ਅਕਥ ਕਹਾਨੀ ॥

(ਸਤਿਯੁਗ ਦੀ) ਕਥਾ ਵਰਣਨ ਤੋਂ ਪਰੇ ਹੈ।

ਮੁਨਿ ਗਨਿ ਮਾਨੀ ॥

ਮੁਨੀ ਲੋਕਾਂ ਨੇ ਇਹ ਗੱਲ ਮੰਨ ਲਈ ਹੈ।

ਕਿਨਹੁ ਨ ਜਾਨੀ ॥੫੫੪॥

(ਹੋਰ ਕਿਸੇ ਨੇ) ਨਹੀਂ ਜਾਣੀ ਹੈ ॥੫੫੪॥

ਸਭ ਜਗ ਦੇਖਾ ॥

ਸਾਰੇ ਜਗਤ ਨੇ (ਕਲਕੀ ਅਵਤਾਰ ਨੂੰ) ਵੇਖਿਆ ਹੈ

ਅਨ ਅਨ ਭੇਖਾ ॥

ਜਿਸ ਦੇ ਵੱਖਰੇ ਵੱਖਰੇ ਭੇਖ ਹਨ।

ਸੁਛਬਿ ਬਿਸੇਖਾ ॥

ਉਸ ਦੀ ਛਬੀ ਵਿਸ਼ੇਸ਼ ਪ੍ਰਕਾਰ ਦੀ ਹੈ,

ਸਹਿਤ ਭਿਖੇਖਾ ॥੫੫੫॥

ਰਾਜ-ਤਿਲਕ ਯੁਕਤ ਹੈ ॥੫੫੫॥

ਮੁਨਿ ਮਨ ਮੋਹੇ ॥

ਮੁਨੀਆਂ ਦੇ ਮਨ ਮੋਹੇ ਗਏ ਹਨ,

ਫੁਲ ਗੁਲ ਸੋਹੇ ॥

ਸਭ ਪਾਸੇ ਫੁਲ ਸੁਸ਼ੋਭਿਤ ਹਨ।

ਸਮ ਛਬਿ ਕੋ ਹੈ ॥

(ਉਸ ਦੀ) ਸੁੰਦਰਤਾ ਵਰਗਾ ਕੌਣ ਹੈ?

ਐਸੇ ਬਨਿਓ ਹੈ ॥੫੫੬॥

ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ॥੫੫੬॥

ਤਿਲੋਕੀ ਛੰਦ ॥

ਤਿਲੋਕੀ ਛੰਦ:

ਸਤਿਜੁਗ ਆਦਿ ਕਲਿਜੁਗ ਅੰਤਹ ॥

ਸਤਿਯੁਗ ਦਾ ਆਗਮਨ ਹੈ ਅਤੇ ਕਲਿਯੁਗ ਦਾ ਅੰਤ ਹੈ।

ਜਹ ਤਹ ਆਨੰਦ ਸੰਤ ਮਹੰਤਹ ॥

ਜਿਥੇ ਕਿਥੇ ਮਹੰਤ ਅਤੇ ਸੰਤ ਆਨੰਦਿਤ ਹਨ।

ਜਹ ਤਹ ਗਾਵਤ ਬਜਾਵਤ ਤਾਲੀ ॥

ਜਿਥੇ ਕਿਥੇ ਗੀਤ ਗਾਏ ਜਾ ਰਹੇ ਹਨ ਅਤੇ ਤਾਲੀਆਂ ਵਜਾਈਆਂ ਜਾ ਰਹੀਆਂ ਹਨ।

ਨਾਚਤ ਸਿਵ ਜੀ ਹਸਤ ਜ੍ਵਾਲੀ ॥੫੫੭॥

ਸ਼ਿਵ ਨਚ ਰਿਹਾ ਹੈ ਅਤੇ ਦੁਰਗਾ ('ਜ੍ਵਾਲੀ') ਹਸ ਰਹੀ ਹੈ ॥੫੫੭॥

ਬਾਜਤ ਡਉਰੂ ਰਾਜਤ ਤੰਤ੍ਰੀ ॥

ਡੌਰੂ ਵਜ ਰਿਹਾ ਹੈ। ਤੰਤ੍ਰੀ (ਵਾਲੇ ਸਾਜ਼) ਸ਼ੋਭਾ ਪਾ ਰਹੇ ਹਨ।

ਰੀਝਤ ਰਾਜੰ ਸੀਝਸ ਅਤ੍ਰੀ ॥

ਰਾਜੇ ਪ੍ਰਸੰਨ ਹਨ ਅਤੇ ਹਥਿਆਰਾਂ ਵਾਲੇ (ਯੋਧੇ) ਸਫਲ ਮਨੋਰਥ ('ਸੀਝਸ') ਹੋ ਗਏ ਹਨ।

ਬਾਜਤ ਤੂਰੰ ਗਾਵਤ ਗੀਤਾ ॥

ਵਾਜੇ ਵਜ ਰਹੇ ਹਨ, ਗੀਤ ਗਾਏ ਜਾ ਰਹੇ ਹਨ।

ਜਹ ਤਹ ਕਲਕੀ ਜੁਧਨ ਜੀਤਾ ॥੫੫੮॥

ਜਿਥੇ ਕਿਥੇ ਕਲਕੀ ਅਵਤਾਰ ਨੇ ਯੁੱਧ ਜਿਤ ਲਏ ਹਨ ॥੫੫੮॥

ਮੋਹਨ ਛੰਦ ॥

ਮੋਹਨ ਛੰਦ:

ਅਰਿ ਮਾਰਿ ਕੈ ਰਿਪੁ ਟਾਰ ਕੈ ਨ੍ਰਿਪ ਮੰਡਲੀ ਸੰਗ ਕੈ ਲੀਓ ॥

(ਕਲਕੀ ਅਵਤਾਰ ਨੇ) ਵੈਰੀਆਂ ਨੂੰ ਮਾਰ ਕੇ, ਦੁਸ਼ਮਨਾਂ ਨੂੰ ਠਿਕਾਣੇ ਲਗਾ ਕੇ ਰਾਜਿਆਂ ਦੀ ਮੰਡਲੀ ਨੂੰ ਨਾਲ ਲੈ ਲਿਆ ਹੈ।

ਜਤ੍ਰ ਤਤ੍ਰ ਜਿਤੇ ਤਿਤੇ ਅਤਿ ਦਾਨ ਮਾਨ ਸਬੈ ਦੀਓ ॥

ਜਿਥੇ ਕਿਥੇ (ਜੋ ਲੋਕ) ਜਿਤੇ ਹਨ, ਉਨ੍ਹਾਂ ਸਾਰਿਆਂ ਨੂੰ ਬਹੁਤ ਦਾਨ ਅਤੇ ਸਨਮਾਨ ਦਿੱਤਾ ਹੈ।

ਸੁਰ ਰਾਜ ਜ੍ਯੋ ਨ੍ਰਿਪ ਰਾਜ ਹੁਐ ਗਿਰ ਰਾਜ ਸੇ ਭਟ ਮਾਰ ਕੈ ॥

ਪਰਬਤਾਂ ਵਰਗੇ ਸੂਰਮਿਆਂ ਨੂੰ ਮਾਰ ਕੇ ਇੰਦਰ ਦੇ ਸਮਾਨ ਰਾਜਿਆਂ ਦੇ ਰਾਜੇ ਹੋ ਗਏ ਹਨ।

ਸੁਖ ਪਾਇ ਹਰਖ ਬਢਾਇਕੈ ਗ੍ਰਹਿ ਆਇਯੋ ਜਸੁ ਸੰਗ ਲੈ ॥੫੫੯॥

ਸੁਖ ਪ੍ਰਾਪਤ ਕਰਕੇ, ਖੁਸ਼ੀ ਨੂੰ ਵਧਾ ਕੇ ਅਤੇ ਯਸ਼ ਨੂੰ ਨਾਲ ਲੈ ਕੇ (ਕਲਕੀ ਅਵਤਾਰ) ਘਰ ਨੂੰ ਪਰਤੇ ਹਨ ॥੫੫੯॥

ਅਰਿ ਜੀਤ ਜੀਤ ਅਭੀਤ ਹ੍ਵੈ ਜਗਿ ਹੋਮ ਜਗ ਘਨੇ ਕਰੇ ॥

ਵੈਰੀਆਂ ਨੂੰ ਜਿਤ ਜਿਤ ਕੇ ਅਤੇ ਡਰ ਤੋਂ ਰਹਿਤ ਹੋ ਕੇ ਜਗਤ ਵਿਚ ਬਹੁਤ ਹੋਮ ਅਤੇ ਯੱਗ ਕੀਤੇ ਹਨ।

ਦੇਸਿ ਦੇਸਿ ਅਸੇਸ ਭਿਛਕ ਰੋਗ ਸੋਗ ਸਬੈ ਹਰੇ ॥

ਦੇਸ਼ ਦੇਸ਼ ਦੇ ਸਾਰੇ ਮੰਗਣ ਵਾਲਿਆਂ ਦੇ ਸਭ ਰੋਗ ਅਤੇ ਸੋਗ ਦੂਰ ਕਰ ਦਿੱਤੇ ਹਨ।

ਕੁਰ ਰਾਜ ਜਿਉ ਦਿਜ ਰਾਜ ਕੇ ਬਹੁ ਭਾਤਿ ਦਾਰਿਦ ਮਾਰ ਕੈ ॥

ਦੁਰਯੋਧਨ ਦੁਆਰਾ, ਦ੍ਰੋਣਾਚਾਰਯ ('ਦਿਜ ਰਾਜ') ਦੇ ਦਰਿਦ੍ਰ ਨੂੰ ਕਟਣ ਵਾਂਗ ਬਹੁਤ ਤਰ੍ਹਾਂ ਦੇ (ਦਰਿਦ੍ਰ ਦੂਰ ਕਰਕੇ) ਜਗਤ ਨੂੰ ਜਿਤ ਕੇ

ਜਗੁ ਜੀਤਿ ਸੰਭਰ ਕੋ ਚਲਯੋ ਜਗਿ ਜਿਤ ਕਿਤ ਬਿਥਾਰ ਕੈ ॥੫੬੦॥

ਅਤੇ ਜਿਥੇ ਕਿਥੇ ਯਸ਼ ਨੂੰ ਪਸਾਰ ਕੇ (ਕਲਕੀ ਅਵਤਾਰ ਆਪਣੇ ਨਗਰ) ਸੰਭਰ (ਸੰਭਲ) ਨੂੰ ਚਲੇ ਹਨ ॥੫੬੦॥

ਜਗ ਜੀਤਿ ਬੇਦ ਬਿਥਾਰ ਕੇ ਜਗ ਸੁ ਅਰਥ ਅਰਥ ਚਿਤਾਰੀਅੰ ॥

ਜਗਤ ਨੂੰ ਜਿਤ ਕੇ, ਵੇਦਾਂ (ਦੀ ਰੀਤ) ਦਾ ਪ੍ਰਚਾਰ ਕਰਕੇ ਅਤੇ ਜਗਤ ਲਈ ਚੰਗਾ ਆਚਾਰ ਸੋਚ ਕੇ

ਦੇਸਿ ਦੇਸਿ ਬਿਦੇਸ ਮੈ ਨਵ ਭੇਜਿ ਭੇਜਿ ਹਕਾਰੀਅੰ ॥

ਦੇਸ ਦੇਸ ਅਤੇ ਵਿਦੇਸ ਵਿਚ ਨਵੇਂ (ਦੂਤ) ਭੇਜ ਭੇਜ ਕੇ (ਵੇਦ ਪਾਠੀਆਂ ਨੂੰ) ਬੁਲਾ ਲਿਆ ਹੈ।

ਧਰ ਦਾੜ ਜਿਉ ਰਣ ਗਾੜ ਹੁਇ ਤਿਰਲੋਕ ਜੀਤ ਸਬੈ ਲੀਏ ॥

ਵਰਾਹ ਅਵਤਾਰ ('ਧਰ ਧਾੜ') ਵਾਂਗ ਬਹੁਤ ਭਿਆਨਕ ਯੁੱਧ ਕਰਕੇ ਸਾਰੇ ਤਿੰਨਾਂ ਲੋਕਾਂ ਨੂੰ ਜਿਤ ਲਿਆ ਹੈ।

ਬਹੁ ਦਾਨ ਦੈ ਸਨਮਾਨ ਸੇਵਕ ਭੇਜ ਭੇਜ ਤਹਾ ਦੀਏ ॥੫੬੧॥

(ਵੇਦ ਪਾਠੀਆਂ ਨੂੰ) ਬਹੁਤ ਦਾਨ ਦੇ ਕੇ ਅਤੇ ਸਨਮਾਨ ਪੂਰਵਕ ਸੇਵਕਾਂ ਨਾਲ (ਉਨ੍ਹਾਂ ਨੂੰ) ਉਥੇ ਉਥੇ ਭੇਜ ਦਿੱਤਾ ਹੈ ॥੫੬੧॥

ਖਲ ਖੰਡਿ ਖੰਡਿ ਬਿਹੰਡ ਕੈ ਅਰਿ ਦੰਡ ਦੰਡ ਬਡੋ ਦੀਯੋ ॥

ਦੁਸ਼ਟਾਂ ਨੂੰ ਟੋਟੇ ਟੋਟੇ ਕਰਕੇ ਅਤੇ ਪੂਰੀ ਤਰ੍ਹਾਂ ਨਸ਼ਟ ਕਰਕੇ ਵੈਰੀਆਂ ਨੂੰ ਬਹੁਤ ਦੰਡ ਦਿੱਤੇ ਹਨ।

ਅਰਬ ਖਰਬ ਅਦਰਬ ਦਰਬ ਸੁ ਜੀਤ ਕੈ ਆਪਨੋ ਕੀਯੋ ॥

ਅਰਬਾਂ ਖਰਬਾਂ ਧਨ-ਹੀਣਾਂ ਨੂੰ ਧਨ-ਪਦਾਰਥ ਦੇ ਕੇ ਅਤੇ ਜਿਤ ਕੇ ਆਪਣਾ ਬਣਾ ਲਿਆ ਹੈ।

ਰਣਜੀਤ ਜੀਤ ਅਜੀਤ ਜੋਧਨ ਛਤ੍ਰ ਅਤ੍ਰ ਛਿਨਾਈਅੰ ॥

ਨਾ ਜਿਤੇ ਜਾ ਸਕਣ ਵਾਲਿਆਂ ਯੋਧਿਆਂ ਨੂੰ ਰਣ ਵਿਚ ਜਿਤ ਜਿਤ ਕੇ ਉਨ੍ਹਾਂ ਪਾਸੋਂ ਅਸਤ੍ਰ-ਸ਼ਸਤ੍ਰ ਅਤੇ ਛਤ੍ਰ ਖੋਹ ਲਏ ਹਨ।

ਸਰਦਾਰ ਬਿੰਸਤਿ ਚਾਰ ਕਲਿ ਅਵਤਾਰ ਛਤ੍ਰ ਫਿਰਾਈਅੰ ॥੫੬੨॥

(ਫਿਰ) ਚੌਬੀਸ ਅਵਤਾਰਾਂ ਦੇ ਸਰਦਾਰ ਕਲਕੀ ਅਵਤਾਰ ਦਾ ਛਤ੍ਰ ਫਿਰਨ ਲਗਾ ਹੈ ॥੫੬੨॥

ਮਥਾਨ ਛੰਦ ॥

ਮਥਾਨ ਛੰਦ।

ਛਾਜੈ ਮਹਾ ਜੋਤਿ ॥

(ਕਲਕੀ ਅਵਤਾਰ ਦੀ) ਜੋਤਿ (ਹਰ ਪਾਸੇ) ਪਸਰ ਰਹੀ ਹੈ।

ਭਾਨੰ ਮਨੋਦੋਤਿ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੂਰਜ ਚੜ੍ਹਿਆ ਹੋਵੇ।

ਜਗਿ ਸੰਕ ਤਜ ਦੀਨ ॥

ਜਗਤ ਨੇ (ਹਰ ਪ੍ਰਕਾਰ ਦੀ) ਸ਼ੰਕਾ ਛਡ ਕੇ

ਮਿਲਿ ਬੰਦਨਾ ਕੀਨ ॥੫੬੩॥

ਅਤੇ ਮਿਲ ਕੇ (ਉਸ ਦੀ) ਬੰਦਨਾ ਕੀਤੀ ਹੈ ॥੫੬੩॥


Flag Counter