ਸ਼੍ਰੀ ਦਸਮ ਗ੍ਰੰਥ

ਅੰਗ - 1208


ਬਹੁਤ ਦਰਬ ਤਾ ਕਹ ਤਿਨ ਦੀਨਾ ॥

ਰਾਣੀ ਨੇ ਉਸ ਨੂੰ ਬਹੁਤ ਸਾਰਾ ਧਨ ਦਿੱਤਾ

ਤਾ ਕੇ ਮੋਹਿ ਚਿਤ ਕਹ ਲੀਨਾ ॥

ਅਤੇ ਉਸ ਦੇ ਚਿਤ ਨੂੰ ਮੋਹ ਲਿਆ।

ਇਹ ਬਿਧਿ ਸੌ ਤਿਹ ਭੇਵ ਦ੍ਰਿੜਾਯੋ ॥

ਉਸ ਨੂੰ (ਰਾਣੀ ਨੇ) ਇਸ ਤਰ੍ਹਾਂ ਭੇਦ ਪੱਕਾ ਕੀਤਾ

ਬ੍ਰਾਹਮਨ ਕੋ ਤਿਹ ਭੇਸ ਧਰਾਯੋ ॥੬॥

ਅਤੇ ਉਸ ਨੂੰ ਬ੍ਰਾਹਮਣ ਦਾ ਭੇਸ ਧਾਰਨ ਕਰਵਾਇਆ ॥੬॥

ਆਪ ਨ੍ਰਿਪਤਿ ਸੰਗ ਕੀਯਾ ਗਿਆਨਾ ॥

(ਉਸ ਨੇ) ਰਾਜੇ ਨਾਲ ਆਪ ਗਿਆਨ ਚਰਚਾ ਕੀਤੀ

ਕਿਯ ਉਪਦੇਸ ਪਤਿਹਿ ਬਿਧਿ ਨਾਨਾ ॥

ਅਤੇ ਪਤੀ ਨੂੰ ਬਹੁਤ ਤਰ੍ਹਾਂ ਨਾਲ ਉਪਦੇਸ਼ ਕੀਤਾ।

ਜੈਸੋ ਪੁਰਖ ਦਾਨ ਜਗ ਦ੍ਰਯਾਵੈ ॥

ਜਗਤ ਵਿਚ ਜਿਸ ਤਰ੍ਹਾਂ ਦਾ ਦਾਨ ਪੁਰਸ਼ ਦਿੰਦਾ ਹੈ,

ਤੈਸੋ ਹੀ ਆਗੇ ਬਰੁ ਪਾਵੈ ॥੭॥

ਉਸੇ ਤਰ੍ਹਾਂ ਹੀ ਅਗੇ ਵਰ ਪ੍ਰਾਪਤ ਕਰਦਾ ਹੈ ॥੭॥

ਮੈ ਤੁਹਿ ਬਾਰ ਦਾਨ ਬਹੁ ਕੀਨਾ ॥

ਮੈਂ ਤੇਰੇ ਲਈ ਬਹੁਤ ਵਾਰ ਦਾਨ ਕੀਤਾ ਸੀ,

ਤਾ ਤੇ ਪਤਿ ਤੋ ਸੋ ਨ੍ਰਿਪ ਲੀਨਾ ॥

ਤਾਂ ਹੀ ਤੇਰੇ ਵਰਗਾ ਰਾਜਾ ਪਤੀ ਵਜੋਂ ਪ੍ਰਾਪਤ ਕੀਤਾ ਹੈ।

ਤੁਮਹੌ ਪੁੰਨਿ ਬਾਰ ਬਹੁ ਕੀਨੀ ॥

ਤੁਸੀਂ ਵੀ ਬਹੁਤ ਵਾਰ ਪੁੰਨ ਕੀਤਾ ਸੀ,

ਤਬ ਮੋ ਸੀ ਸੁੰਦਰਿ ਤਿਯ ਲੀਨੀ ॥੮॥

ਤਦ ਹੀ ਮੇਰੇ ਵਰਗੀ ਸੁੰਦਰ ਇਸਤਰੀ ਪ੍ਰਾਪਤ ਕਰ ਲਈ ਹੈ ॥੮॥

ਅਬ ਜੌ ਪੁੰਨ੍ਯ ਬਹੁਰਿ ਮੁਹਿ ਕਰਿ ਹੋ ॥

ਹੁਣ ਜੇ ਤੁਸੀਂ ਮੈਨੂੰ ਦਾਨ ਕਰ ਦਿਓਗੇ,

ਮੋ ਸੀ ਤ੍ਰਿਯ ਆਗੇ ਪੁਨਿ ਬਰਿ ਹੋ ॥

ਤਾਂ ਮੇਰੇ ਵਰਗੀ ਇਸਤਰੀ ਅਗੇ ਜਾ ਕੇ ਪ੍ਰਾਪਤ ਕਰੋਗੇ।

ਧਰਮ ਕਰਤ ਕਛੁ ਢੀਲ ਨ ਕੀਜੈ ॥

ਧਰਮ ਕਾਰਜ ਕਰਨ ਵਿਚ ਢਿਲ ਨਹੀਂ ਕਰਨੀ ਚਾਹੀਦੀ

ਦਿਜ ਕੌ ਦੈ ਜਗ ਮੌ ਜਸੁ ਲੀਜੈ ॥੯॥

ਅਤੇ ਬ੍ਰਾਹਮਣ ਨੂੰ ਦਾਨ ਕਰ ਕੇ ਜਗਤ ਵਿਚ ਜਸ ਲੈਣਾ ਚਾਹੀਦਾ ਹੈ ॥੯॥

ਇਹ ਸੁਨਿਯੌ ਨ੍ਰਿਪ ਕੇ ਮਨ ਆਈ ॥

ਇਹ ਸੁਣ ਕੇ ਰਾਜੇ ਨੇ ਇਸਤਰੀ ਨੂੰ

ਪੁੰਨ੍ਯ ਕਰਨ ਇਸਤ੍ਰੀ ਠਹਰਾਈ ॥

ਦਾਨ ਕਰਨ ਦਾ ਮਨ ਬਣਾ ਲਿਆ।

ਜੋ ਰਾਨੀ ਕੇ ਮਨ ਮਹਿ ਭਾਯੋ ॥

ਰਾਣੀ ਦੇ ਮਨ ਵਿਚ ਜੋ ਚੰਗਾ ਲਗਾ ਸੀ,

ਵਹੈ ਜਾਨਿ ਦਿਜ ਬੋਲਿ ਪਠਾਯੋ ॥੧੦॥

ਉਹੀ ਜਾਣ ਕੇ ਬ੍ਰਾਹਮਣ ਨੂੰ (ਰਾਜੇ ਨੇ) ਬੁਲਾ ਲਿਆ ॥੧੦॥

ਤਾ ਕਹ ਨਾਰਿ ਦਾਨ ਕਰਿ ਦੀਨੀ ॥

ਉਸ ਨੂੰ ਇਸਤਰੀ ਦਾਨ ਕਰ ਦਿੱਤੀ

ਮੂੜ ਭੇਦ ਕੀ ਕ੍ਰਿਯਾ ਨ ਚੀਨੀ ॥

ਅਤੇ ਮੂਰਖ ਨੇ ਭੇਦ ਦੀ ਕ੍ਰਿਆ ਨੂੰ ਨਾ ਸਮਝਿਆ।

ਸੋ ਲੈ ਜਾਤ ਤਰੁਨਿ ਕਹ ਭਯੋ ॥

ਉਹ (ਬ੍ਰਾਹਮਣ) ਇਸਤਰੀ ਨੂੰ ਲੈ ਕੇ ਚਲਾ ਗਿਆ

ਮੂੰਡਿ ਮੂੰਡਿ ਮੂਰਖ ਕੋ ਗਯੋ ॥੧੧॥

ਅਤੇ ਮੂਰਖ (ਰਾਜੇ) ਦੇ ਸਿਰ ਨੂੰ ਚੰਗੀ ਤਰ੍ਹਾਂ ਮੁੰਨ ਗਿਆ ਅਰਥਾਤ ਛਲ ਗਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੋ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੨॥੫੨੭੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੨॥੫੨੭੯॥ ਚਲਦਾ॥

ਚੌਪਈ ॥

ਚੌਪਈ:

ਸੁਕ੍ਰਿਤ ਸੈਨ ਇਕ ਸੁਨਾ ਨਰੇਸਾ ॥

ਸੁਕ੍ਰਿਤ ਸੈਨ ਨਾਂ ਦਾ ਇਕ ਰਾਜਾ ਸੁਣਿਆ ਸੀ,

ਜਿਹ ਕੋ ਡੰਡ ਭਰਤ ਸਭ ਦੇਸਾ ॥

ਜਿਸ ਦਾ ਸਾਰੇ ਦੇਸ ਦੰਡ ਭਰਦੇ ਸਨ (ਭਾਵ ਅਧੀਨਗੀ ਸਵੀਕਾਰ ਕਰਦੇ ਸਨ)।

ਸੁਕ੍ਰਿਤ ਮੰਜਰੀ ਤਿਹ ਕੀ ਦਾਰਾ ॥

ਸੁਕ੍ਰਿਤ ਮੰਜਰੀ ਉਸ ਦੀ ਇਸਤਰੀ ਸੀ।

ਜਾ ਸਮ ਦੇਵ ਨ ਦੇਵ ਕੁਮਾਰਾ ॥੧॥

ਉਸ ਵਰਗੀ ਨਾ ਦੇਵ-ਇਸਤਰੀ ਸੀ ਅਤੇ ਨਾ ਹੀ ਦੇਵ ਕੁਮਾਰੀ ॥੧॥

ਅਤਿਭੁਤ ਸੈਨ ਸਾਹੁ ਸੁਤ ਇਕ ਤਹ ॥

ਉਥੇ ਅਤਿਭੁਤ ਸੈਨ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ

ਜਾ ਸਮ ਦੁਤਿਯ ਨ ਉਪਜ੍ਯੋ ਮਹਿ ਮਹ ॥

ਜਿਸ ਵਰਗਾ ਦੂਜਾ ਕੋਈ ਧਰਤੀ ਉਤੇ ਪੈਦਾ ਨਹੀਂ ਹੋਇਆ ਸੀ।

ਜਗਮਗਾਤ ਤਿਹ ਰੂਪ ਅਪਾਰਾ ॥

ਉਸ ਦਾ ਅਪਾਰ ਰੂਪ ਬਹੁਤ ਜਗਮਗਾਉਂਦਾ ਸੀ।

ਜਿਹ ਸਮ ਇੰਦ੍ਰ ਨ ਚੰਦ੍ਰ ਕੁਮਾਰਾ ॥੨॥

ਉਸ ਕੁਮਾਰ ਦੇ ਸਮਾਨ ਨਾ ਇੰਦਰ ਸੀ ਅਤੇ ਨਾ ਹੀ ਚੰਦ੍ਰਮਾ ਸੀ ॥੨॥

ਰਾਨੀ ਅਟਕਿ ਤਵਨ ਪਰ ਗਈ ॥

ਰਾਣੀ ਉਸ ਦੀ (ਸੁੰਦਰਤਾ ਨੂੰ ਵੇਖ ਕੇ) ਮੋਹਿਤ ਹੋ ਗਈ

ਤਿਹ ਗ੍ਰਿਹ ਜਾਤਿ ਆਪਿ ਚਲਿ ਭਈ ॥

ਅਤੇ ਉਸ ਦੇ ਘਰ ਆਪ ਹੀ ਚਲ ਕੇ ਗਈ।

ਤਾ ਸੋ ਪ੍ਰੀਤਿ ਕਪਟ ਤਜਿ ਲਾਗੀ ॥

ਉਸ ਨਾਲ ਨਿਸ਼ਕਪਟ ਪ੍ਰੀਤ ਲਗਾ ਲਈ।

ਛੂਟੋ ਕਹਾ ਅਨੋਖੀ ਜਾਗੀ ॥੩॥

(ਉਹ) ਅਨੋਖੀ (ਪ੍ਰੀਤ) ਜਾਗੀ ਹੋਈ ਕਿਥੇ ਹਟਦੀ ਸੀ ॥੩॥

ਬਹੁ ਬਿਧਿ ਤਿਨ ਸੰਗ ਭੋਗ ਕਮਾਨਾ ॥

ਉਸ ਨਾਲ (ਰਾਣੀ ਨੇ) ਬਹੁਤ ਤਰ੍ਹਾਂ ਨਾਲ ਸੰਯੋਗ ਕੀਤਾ।

ਕੇਲ ਕਰਤ ਬਹੁ ਕਾਲ ਬਿਹਾਨਾ ॥

ਕਾਮ-ਕੇਲ ਕਰਦਿਆਂ ਬਹੁਤ ਸਮਾਂ ਬੀਤ ਗਿਆ।

ਸੁੰਦਰ ਔਰ ਤਹਾ ਇਕ ਆਯੋ ॥

ਉਥੇ ਇਕ ਹੋਰ ਸੁੰਦਰ ਵਿਅਕਤੀ ਆ ਗਿਆ।

ਵਹੈ ਪੁਰਖ ਰਾਨੀ ਕਹਲਾਯੋ ॥੪॥

ਉਸ ਪੁਰਸ਼ ਨੂੰ ਵੀ ਰਾਣੀ ਨੇ ਬੁਲਵਾ ਲਿਆ ॥੪॥

ਵਹੈ ਪੁਰਖ ਰਾਨੀ ਕਹ ਭਾਇਸਿ ॥

ਉਹ ਪੁਰਖ ਵੀ ਰਾਣੀ ਨੂੰ ਚੰਗਾ ਲਗਿਆ।

ਕਾਮ ਕੇਲ ਗ੍ਰਿਹ ਬੋਲਿ ਕਮਾਇਸਿ ॥

ਉਸ ਨੂੰ ਘਰ ਬੁਲਾ ਕੇ ਕਾਮ-ਕ੍ਰੀੜਾ ਕੀਤੀ।

ਪ੍ਰਥਮ ਮਿਤ੍ਰ ਤਿਹ ਠਾ ਤਬ ਆਯੋ ॥

ਤਦ ਉਸ ਥਾਂ ਤੇ ਪਹਿਲਾ ਮਿਤਰ ਵੀ ਆ ਗਿਆ।

ਰਮਤ ਨਿਰਖਿ ਰਾਨੀ ਕੁਰਰਾਯੋ ॥੫॥

ਰਾਣੀ ਨੂੰ (ਉਸ ਨਾਲ) ਰਮਣ ਕਰਦਿਆਂ ਵੇਖ ਕੇ ਕ੍ਰੋਧ ਨਾਲ ਬੁੜਬੁੜਾਇਆ ॥੫॥

ਅਧਿਕ ਕੋਪ ਕਰਿ ਖੜਗੁ ਨਿਕਾਰਿਯੋ ॥

ਬਹੁਤ ਕ੍ਰੋਧਿਤ ਹੋ ਕੇ ਉਸ ਨੇ ਤਲਵਾਰ ਖਿਚ ਲਈ

ਰਾਨੀ ਰਾਖਿ ਜਾਰ ਕਹ ਮਾਰਿਯੋ ॥

ਅਤੇ ਰਾਣੀ ਨੂੰ ਬਚਾ ਕੇ ਯਾਰ ਨੂੰ ਮਾਰ ਦਿੱਤੀ।


Flag Counter