ਸ਼੍ਰੀ ਦਸਮ ਗ੍ਰੰਥ

ਅੰਗ - 85


ਦਉਰ ਦਈ ਅਰਿ ਕੇ ਮੁਖਿ ਮੈ ਕਟਿ ਓਠ ਦਏ ਜਿਮੁ ਲੋਹ ਕੌ ਛੈਨੀ ॥

ਭਜ ਕੇ ਵੈਰੀ ਦੇ ਮੁਖ ਵਿਚ (ਧਸਾ) ਦਿੱਤੀ। (ਉਸ ਨੇ ਵੈਰੀ ਦੇ) ਹੋਠਾਂ ਨੂੰ (ਇਸ ਤਰ੍ਹਾਂ) ਕਟ ਦਿੱਤਾ ਜਿਵੇਂ ਲੋਹੇ ਨੂੰ ਛੈਣੀ (ਕਟ ਦਿੰਦੀ ਹੈ)

ਦਾਤ ਗੰਗਾ ਜਮੁਨਾ ਤਨ ਸਿਆਮ ਸੋ ਲੋਹੂ ਬਹਿਓ ਤਿਨ ਮਾਹਿ ਤ੍ਰਿਬੈਨੀ ॥੯੭॥

(ਉਸ) ਦੈਂਤ ਦੇ ਦੰਦ ਗੰਗਾ ਵਰਗੇ ਸਫ਼ੈਦ, ਸ਼ਰੀਰ ਜਮਨਾ ਵਾਂਗ ਕਾਲਾ ਅਤੇ ਉਨ੍ਹਾਂ ਵਿਚ ਲਹੂ ਤ੍ਰਿਬੇਣੀ ਵਾਂਗ ਵਗ ਰਿਹਾ ਸੀ ॥੯੭॥

ਘਾਉ ਲਗੈ ਰਿਸ ਕੈ ਦ੍ਰਿਗ ਧੂਮ੍ਰ ਸੁ ਕੈ ਬਲਿ ਆਪਨੋ ਖਗੁ ਸੰਭਾਰਿਓ ॥

ਜ਼ਖ਼ਮ ਲਗਦਿਆਂ ਹੀ ਧੂਮ੍ਰਲੋਚਨ ਨੇ ਕ੍ਰੋਧਵਾਨ ਹੋ ਕੇ ਪੂਰੀ ਸ਼ਕਤੀ ਨਾਲ ਤਲਵਾਰ ਨੂੰ ਖਿਚ ਲਿਆ।

ਬੀਸ ਪਚੀਸਕੁ ਵਾਰ ਕਰੇ ਤਿਨ ਕੇਹਰਿ ਕੋ ਪਗੁ ਨੈਕੁ ਨ ਹਾਰਿਓ ॥

ਉਸ ਨੇ (ਚੰਡੀ ਉਤੇ) ਵੀਹ ਪੰਝੀ ਵਾਰ ਕੀਤੇ ਪਰ ਸ਼ੇਰ ਦਾ ਪੈਰ ਜ਼ਰਾ ਨਾ ਥਿੜਕਿਆ।

ਧਾਇ ਗਦਾ ਗਹਿ ਫੋਰਿ ਕੈ ਫਉਜ ਕੋ ਘਾਉ ਸਿਵਾ ਸਿਰਿ ਦੈਤ ਕੇ ਮਾਰਿਓ ॥

(ਉਧਰੋਂ) ਚੰਡੀ ਨੇ ਗਦਾ ਧਾਰਨ ਕਰ ਕੇ ਅਤੇ ਫੌਜ (ਦੀ ਸਫ਼) ਨੂੰ ਤੋੜ ਕੇ ਦੈਂਤ ਦੇ ਸਿਰ ਵਿਚ ਮਾਰਿਆ,

ਸ੍ਰਿੰਗ ਧਰਾਧਰ ਊਪਰ ਕੋ ਜਨੁ ਕੋਪ ਪੁਰੰਦ੍ਰ ਨੈ ਬਜ੍ਰ ਪ੍ਰਹਾਰਿਓ ॥੯੮॥

ਮਾਨੋ ਇੰਦਰ ਨੇ ਕ੍ਰੋਧਵਾਨ ਹੋ ਕੇ ਪਹਾੜ ਦੀ ਚੋਟੀ ਉਤੇ ਬਜ੍ਰ ਦੀ ਸੱਟ ਮਾਰੀ ਹੋਵੇ ॥੯੮॥

ਲੋਚਨ ਧੂਮ ਉਠੈ ਕਿਲਕਾਰ ਲਏ ਸੰਗ ਦੈਤਨ ਕੇ ਕੁਰਮਾ ॥

(ਗਦਾ ਦੀ ਸਟ ਵਜਦਿਆਂ ਹੀ) ਧੂਮ੍ਰਲੋਚਨ ਚੀਖ਼ ਉਠਿਆ ਅਤੇ ਦੈਂਤਾਂ ਦਾ ਦਲ (ਕੁਰਮਾ) ਨਾਲ ਲੈ ਕੇ

ਗਹਿ ਪਾਨਿ ਕ੍ਰਿਪਾਨ ਅਚਾਨਕ ਤਾਨਿ ਲਗਾਈ ਹੈ ਕੇਹਰਿ ਕੇ ਉਰ ਮਾ ॥

ਅਤੇ ਹੱਥ ਵਿਚ ਤਲਵਾਰ ਧਾਰਨ ਕਰਕੇ ਅਚਾਨਕ ਜ਼ੋਰ ਨਾਲ ਸ਼ੇਰ ਦੀ ਛਾਤੀ ਵਿਚ ਮਾਰ ਦਿੱਤੀ।

ਹਰਿ ਚੰਡਿ ਲਇਓ ਬਰਿ ਕੈ ਕਰ ਤੇ ਅਰੁ ਮੂੰਡ ਕਟਿਓ ਅਸੁਰੰ ਪੁਰ ਮਾ ॥

ਚੰਡੀ ਨੇ ਵੀ ਹੱਥ ਵਿਚ ਤਲਵਾਰ ਫੜ ਲਈ ਅਤੇ ਜ਼ੋਰ ਨਾਲ (ਮਾਰੀ ਜਿਸ ਕਰਕੇ) ਵੈਰੀ ਦਾ ਸਿਰ ਕਟ ਗਿਆ ਅਤੇ ਦੈਂਤ-ਪੁਰੀ ਵਿਚ (ਜਾ ਡਿਗਿਆ)

ਮਾਨੋ ਆਂਧੀ ਬਹੇ ਧਰਨੀ ਪਰ ਛੂਟੀ ਖਜੂਰ ਤੇ ਟੂਟ ਪਰਿਓ ਖੁਰਮਾ ॥੯੯॥

ਮਾਨੋ ਹਨੇਰੀ ਦੇ ਚਲਣ ਨਾਲ ਖਜੂਰ ਦੇ ਬ੍ਰਿਛ ਤੋਂ ਖਜੂਰਾਂ ਟੁਟ ਕੇ ਧਰਤੀ ਉਤੇ ਡਿਗੀਆਂ ਹੋਣ ॥੯੯॥

ਦੋਹਰਾ ॥

ਦੋਹਰਾ:

ਧੂਮ੍ਰ ਨੈਨ ਜਬ ਮਾਰਿਓ ਦੇਵੀ ਇਹ ਪਰਕਾਰ ॥

ਜਦੋਂ ਦੇਵੀ ਨੇ ਧੂਮ੍ਰਲੋਚਨ ਨੂੰ ਇਸ ਤਰ੍ਹਾਂ ਮਾਰ ਦਿੱਤਾ

ਅਸੁਰ ਸੈਨ ਬਿਨੁ ਚੈਨ ਹੁਇ ਕੀਨੋ ਹਾਹਾਕਾਰ ॥੧੦੦॥

(ਉਦੋਂ) ਦੈਂਤਾਂ ਦੀ ਸੈਨਾ ਬੈਚੈਨ ਹੋ ਕੇ ਹਾਹਾਕਾਰ ਕਰਨ ਲਗ ਪਈ ॥੧੦੦॥

ਇਤਿ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰ ਉਕਤਿ ਬਿਲਾਸ ਧੂਮ੍ਰ ਨੈਨ ਬਧਹਿ ਨਾਮ ਤ੍ਰਿਤੀਆ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੩॥

ਇਥੇ ਸ੍ਰੀ ਮਾਰਕੰਡੇ ਪੁਰਾਨ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਦੇ 'ਧੂਮ੍ਰਨੈਨ ਬਧ' ਨਾਂ ਦਾ ਤੀਜਾ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ ॥੩॥

ਸ੍ਵੈਯਾ ॥

ਸ੍ਵੈਯਾ:

ਸੋਰੁ ਸੁਨਿਓ ਜਬ ਦੈਤਨ ਕੋ ਤਬ ਚੰਡਿ ਪ੍ਰਚੰਡ ਤਚੀ ਅਖੀਆਂ ॥

(ਦੇਵੀ ਨੇ) ਜਦ ਦੈਂਤਾਂ ਦਾ ਸ਼ੋਰ ਸੁਣਿਆ ਤਦ ਪ੍ਰਚੰਡ ਚੰਡੀ ਨੇ ਕ੍ਰੋਧ ਭਰੀ ਦ੍ਰਿਸ਼ਟੀ ਨਾਲ ਘੂਰਿਆ।

ਹਰ ਧਿਆਨ ਛੁਟਿਓ ਮੁਨਿ ਕੋ ਸੁਨਿ ਕੈ ਧੁਨਿ ਟੂਟਿ ਖਗੇਸ ਗਈ ਪਖੀਆਂ ॥

ਉਸ ਦੀ (ਗਰਜਨਾ ਦੀ) ਧੁਨ ਸੁਣ ਕੇ ਸ਼ਿਵ ਦਾ ਧਿਆਨ ਛੁਟ ਗਿਆ ਅਤੇ ਪੰਛੀਆਂ ਦੇ ਰਾਜੇ (ਗਰੁੜ) ਦੀਆਂ ਖੰਭੜੀਆਂ ਟੁਟ ਗਈਆਂ।

ਦ੍ਰਿਗ ਜੁਆਲ ਬਢੀ ਬੜਵਾਨਲ ਜਿਉ ਕਵਿ ਨੇ ਉਪਮਾ ਤਿਹ ਕੀ ਲਖੀਆਂ ॥

(ਚੰਡੀ ਦੀਆਂ) ਅੱਖਾਂ ਦੀ ਜਵਾਲਾ ਬੜਵਾਨਲ (ਸਮੁੰਦਰੀ ਅੱਗ) ਵਾਂਗ ਵਧ ਗਈ, ਕਵੀ ਨੇ ਉਸ ਦੀ ਉਪਮਾ (ਇਸ ਤਰ੍ਹਾਂ) ਮਹਿਸੂਸ ਕੀਤੀ

ਸਭੁ ਛਾਰ ਭਇਓ ਦਲੁ ਦਾਨਵ ਕੋ ਜਿਮੁ ਘੂਮਿ ਹਲਾਹਲ ਕੀ ਮਖੀਆਂ ॥੧੦੧॥

ਕਿ ਦੈਂਤਾਂ ਦਾ ਸਾਰਾ ਦਲ (ਇੰਜ ਸੜ ਕੇ) ਸੁਆਹ ਹੋ ਗਿਆ ਜਿਵੇਂ ਜ਼ਹਿਰ (ਹਲਾਹਲ) ਉਪਰ ਘੁੰਮਣ ਵਾਲੀਆਂ ਮੱਖੀਆਂ (ਨਸ਼ਟ ਹੋ ਜਾਂਦੀਆਂ ਹਨ) ॥੧੦੧॥

ਦੋਹਰਾ ॥

ਦੋਹਰਾ:

ਅਉਰ ਸਕਲ ਸੈਨਾ ਜਰੀ ਬਚਿਓ ਸੁ ਏਕੈ ਪ੍ਰੇਤੁ ॥

ਹੋਰ ਸਾਰੀ ਸੈਨਾ ਸੜ ਗਈ, (ਕੇਵਲ) ਇਕ ਦੈਂਤ ਹੀ ਬਚਿਆ।

ਚੰਡਿ ਬਚਾਇਓ ਜਾਨਿ ਕੈ ਅਉਰਨ ਮਾਰਨ ਹੇਤੁ ॥੧੦੨॥

(ਉਸ ਨੂੰ) ਹੋਰਨਾਂ ਨੂੰ ਮਾਰਨ ਲਈ ਚੰਡੀ ਨੇ ਜਾਣ ਬੁਝ ਕੇ ਬਚਾਇਆ ॥੧੦੨॥

ਭਾਜਿ ਨਿਸਾਚਰ ਮੰਦ ਮਤਿ ਕਹੀ ਸੁੰਭ ਪਹਿ ਜਾਇ ॥

(ਉਹ) ਮੂਰਖ ਦੈਂਤ ਭਜ ਕੇ ਸੁੰਭ ਕੋਲ ਗਿਆ

ਧੂਮ੍ਰ ਨੈਨ ਸੈਨਾ ਸਹਿਤ ਡਾਰਿਓ ਚੰਡਿ ਖਪਾਇ ॥੧੦੩॥

ਅਤੇ ਕਹਿਣ ਲਗਾ ਕਿ ਸੈਨਾ ਸਹਿਤ ਧੂਮ੍ਰਲੋਚਨ ਨੂੰ ਚੰਡੀ ਨੇ ਨਸ਼ਟ ਕਰ ਦਿੱਤਾ ਹੈ ॥੧੦੩॥


Flag Counter