ਸ਼੍ਰੀ ਦਸਮ ਗ੍ਰੰਥ

ਅੰਗ - 1263


ਚਹਿਯਤ ਹਨੀ ਕਿ ਤੁਰਤ ਨਿਕਾਰੀ ॥

ਚਾਹੀਦਾ ਇਹ ਹੈ ਕਿ ਇਸ ਨੂੰ ਮਾਰ ਦਿੱਤਾ ਜਾਵੇ ਜਾਂ ਤੁਰੰਤ ਕਢ ਦਿੱਤਾ ਜਾਵੇ।

ਭਲੋ ਨ ਗਵਨ ਕਰੋ ਤਾ ਕੇ ਛਿਨ ॥

ਚੰਗਾ ਇਹ ਹੈ ਕਿ ਉਸ ਕੋਲ ਛਿਣ ਭਰ ਲਈ ਵੀ ਨਾ ਜਾਇਆ ਜਾਏ

ਦੁਰਾਚਾਰ ਤ੍ਰਿਯ ਕਰਤ ਜੁ ਨਿਸ ਦਿਨ ॥੧੦॥

ਜੋ ਇਸਤਰੀ ਰਾਤ ਦਿਨ ਦੁਰਾਚਾਰ ਕਰਦੀ ਹੈ ॥੧੦॥

ਇਨ ਕੇ ਜੋਗ ਏਕ ਤ੍ਰਿਯ ਅਹੀ ॥

ਇਨ੍ਹਾਂ ਦੇ ਯੋਗ ਇਕ ਇਸਤਰੀ ਹੈ

ਏਕ ਸਾਹ ਕੇ ਜਾਈ ਕਹੀ ॥

ਜੋ ਇਕ ਸ਼ਾਹ ਦੇ ਘਰ ਪੈਦਾ ਹੋਈ ਦਸੀ ਜਾਂਦੀ ਹੈ।

ਜ੍ਯੋਂ ਇਹ ਨ੍ਰਿਪ ਪੁਰਖਨ ਕੋ ਰਾਜਾ ॥

ਜਿਵੇਂ ਇਹ ਰਾਜ ਪੁਰਸ਼ਾਂ ਦਾ ਰਾਜਾ ਹੈ,

ਤ੍ਰਯੋ ਵਹੁ ਨਾਰਿ ਤ੍ਰਿਯਨ ਸਿਰਤਾਜਾ ॥੧੧॥

ਉਵੇਂ ਉਹ ਇਸਤਰੀ ਨਾਰੀਆਂ ਦੀ ਸਿਰਤਾਜ ਹੈ ॥੧੧॥

ਜੌ ਵਾ ਕੌ ਰਾਜਾ ਗ੍ਰਿਹ ਲ੍ਯਾਵੈ ॥

ਜੇ ਉਸ ਨੂੰ ਰਾਜਾ (ਆਪਣੇ) ਘਰ ਲੈ ਆਵੇ,

ਰਾਜ ਪਾਟ ਤਬ ਸਕਲ ਸੁਹਾਵੈ ॥

ਤਾਂ (ਉਸ ਦਾ) ਸਾਰਾ ਰਾਜ-ਪਾਟ ਸ਼ੋਭਾਸ਼ਾਲੀ ਹੋ ਜਾਵੇਗਾ।

ਤਾਹਿ ਲਖੇ ਤ੍ਰਿਯ ਸਭ ਦੁਰਿ ਜਾਹੀ ॥

ਉਸ ਨੂੰ ਵੇਖ ਕੇ ਸਾਰੀਆਂ ਇਸਤਰੀਆਂ ਲੁਕ ਜਾਣਗੀਆਂ (ਭਾਵ-ਹੀਣੀਆਂ ਹੋ ਜਾਣਗੀਆਂ)

ਜਿਮਿ ਉਡਗਨ ਰਵਿ ਕੀ ਪਰਛਾਹੀ ॥੧੨॥

ਜਿਵੇਂ ਸੂਰਜ ਦੀ ਪਰਛਾਈ ਪੈਣ ਨਾਲ ਤਾਰੇ (ਛਿਪ ਜਾਂਦੇ ਹਨ) ॥੧੨॥

ਜਬ ਰਾਜੈ ਇਹ ਬਿਧਿ ਸੁਨ ਪਾਯੋ ॥

ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ

ਇਹੈ ਮਤੋ ਜਿਯ ਮਾਝ ਪਕਾਯੋ ॥

ਤਾਂ ਮਨ ਵਿਚ ਇਹ ਵਿਚਾਰ ਪੱਕਾ ਕੀਤਾ

ਦੁਰਾਚਾਰਿ ਇਸਤ੍ਰੀ ਪਰਹਰੌ ॥

ਕਿ ਦੁਰਾਚਾਰੀ ਇਸਤਰੀ ਨੂੰ ਤਿਆਗ ਦੇਵੇ

ਨਿਜੁ ਤ੍ਰਿਯ ਸਾਹ ਸੁਤਾ ਲੈ ਕਰੌ ॥੧੩॥

ਅਤੇ ਆਪਣੀ ਇਸਤਰੀ ਵਜੋਂ ਸ਼ਾਹ ਦੀ ਪੁੱਤਰੀ ਨੂੰ ਲੈ ਆਵੇ ॥੧੩॥

ਪ੍ਰਾਤੈ ਕਾਲ ਧਾਮ ਜਬ ਆਯੋ ॥

ਜਦ (ਰਾਜਾ) ਸਵੇਰੇ ਘਰ ਨੂੰ ਆਇਆ ਤਾਂ ਲਾਗੀਆਂ

ਨੇਗੀ ਮਹਤਨ ਬੋਲਿ ਪਠਾਯੋ ॥

ਅਤੇ ਚੌਧਰੀਆਂ ਨੂੰ ਬੁਲਾ ਲਿਆ।

ਸਾਹ ਸੁਤਾ ਜਿਹ ਤਿਹ ਬਿਧਿ ਲਈ ॥

ਜਿਵੇਂ ਕਿਵੇਂ ਸ਼ਾਹ ਦੀ ਧੀ ਪ੍ਰਾਪਤ ਕਰ ਲਈ

ਰਾਨੀ ਡਾਰਿ ਹ੍ਰਿਦੈ ਤੇ ਦਈ ॥੧੪॥

ਅਤੇ ਰਾਣੀ ਨੂੰ ਦਿਲੋਂ ਕਢ ਦਿੱਤਾ ॥੧੪॥

ਦੋਹਰਾ ॥

ਦੋਹਰਾ:

ਇਹ ਚਰਿਤ੍ਰ ਤਹ ਚੰਚਲਾ ਤਾ ਕੋ ਚਰਿਤ ਦਿਖਾਇ ॥

ਇਹ ਚਰਿਤ ਉਸ ਇਸਤਰੀ ਨੇ ਉਸ (ਰਾਜੇ) ਨੂੰ ਵਿਖਾ ਕੇ

ਨਿਜੁ ਤ੍ਰਿਯ ਸਾਥ ਤੁਰਾਇ ਤਿਹ ਆਪਨ ਭਜ੍ਯੋ ਬਨਾਇ ॥੧੫॥

ਉਸ ਨੂੰ ਆਪਣੀ ਇਸਤਰੀ ਨਾਲੋਂ ਤੋੜ ਦਿੱਤਾ ਅਤੇ ਆਪ ਉਸ ਨਾਲ ਸੰਯੋਗ ਸੁਖ ਮਾਣਨ ਲਗੀ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਦਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੪॥੫੯੭੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੪॥੫੯੭੩॥ ਚਲਦਾ॥

ਚੌਪਈ ॥

ਚੌਪਈ:

ਸਹਿਰ ਇਟਾਵਾ ਗੰਗ ਤੀਰ ਜਹ ॥

ਜਿਥੇ ਗੰਗਾ ਨਦੀ ਦੇ ਕੰਢੇ ਇਟਾਵਾ ਨਗਰ ਸੀ,

ਪਾਲ ਸੁ ਪਛਿਮ ਹੁਤੇ ਨ੍ਰਿਪਤਿ ਤਹ ॥

ਉਥੇ ਪਛਿਮ ਪਾਲ ਨਾਂ ਦਾ ਰਾਜਾ ਹੁੰਦਾ ਸੀ।

ਨਾਰਿ ਸੁ ਪਛਿਮ ਦੇ ਤਾ ਕੇ ਘਰ ॥

ਉਸ ਦੇ ਘਰ ਪਛਿਮ ਦੇ (ਦੇਈ) ਨਾਂ ਦੀ ਇਸਤਰੀ ਸੀ।

ਸੁਰੀ ਨਾਗਨੀ ਨਰੀ ਨ ਸਰਬਰ ॥੧॥

ਉਸ ਦੇ ਸਮਾਨ ਕੋਈ ਦੇਵਤਾ, ਨਾਗ ਜਾਂ ਮਨੁੱਖ (ਨਰ) ਇਸਤਰੀ ਨਹੀਂ ਸੀ ॥੧॥

ਬਾਢੀ ਏਕ ਰਾਨਿਯਹਿ ਹੇਰਾ ॥

ਰਾਣੀ ਨੇ (ਇਕ ਵਾਰ) ਇਕ ਬਾਢੀ (ਤਰਖਾਣ) ਨੂੰ ਵੇਖਿਆ

ਮਦਨ ਦੇਹ ਤਬ ਹੀ ਤਿਹ ਘੇਰਾ ॥

ਤਦ ਹੀ ਉਸ ਦੀ ਦੇਹ ਨੂੰ ਕਾਮ ਦੇਵ ਨੇ ਘੇਰ ਲਿਆ (ਅਰਥਾਤ ਕਾਮ ਨਾਲ ਆਤੁਰ ਹੋ ਗਈ)।

ਅਧਿਕ ਨੇਹ ਤਿਹ ਸਾਥ ਬਢਾਯੋ ॥

ਉਸ ਨਾਲ (ਰਾਣੀ ਨੇ) ਬਹੁਤ ਪ੍ਰੇਮ ਵਧਾ ਲਿਆ

ਰਾਜਾ ਕੋ ਚਿਤ ਤੇ ਬਿਸਰਾਯੋ ॥੨॥

ਅਤੇ ਰਾਜੇ ਨੂੰ ਚਿਤ ਤੋਂ ਭੁਲਾ ਦਿੱਤਾ ॥੨॥

ਐਸੀ ਰਸਿਗੀ ਤਾ ਸੌ ਨਾਰੀ ॥

ਉਸ ਨਾਲ (ਉਹ) ਇਸਤਰੀ ਅਜਿਹੀ ਲੀਨ ਹੋ ਗਈ,

ਜਾ ਤੇ ਪਤਿ ਤਨ ਪ੍ਰੀਤਿ ਬਿਸਾਰੀ ॥

ਜਿਸ ਕਰ ਕੇ ਉਸ ਨੇ ਪਤੀ ਦੀ ਪ੍ਰੀਤ ਨੂੰ ਭੁਲਾ ਦਿੱਤਾ।

ਗੇਰੂ ਘੋਰਿ ਪਾਨ ਕਰਿ ਲੀਯੋ ॥

(ਉਸ ਨੇ ਇਕ ਦਿਨ) ਗੇਰੂ ਘੋਲ ਕੇ ਪੀ ਲਈ

ਮੁਖ ਤੇ ਡਾਰਿ ਲਖਤ ਨ੍ਰਿਪ ਦੀਯੋ ॥੩॥

ਅਤੇ ਰਾਜੇ ਦੇ ਵੇਖਦੇ ਹੋਇਆਂ ਮੂੰਹੋਂ ਕਢ (ਉਲਟ) ਦਿੱਤੀ ॥੩॥

ਜਾਨਾ ਸ੍ਰੋਣ ਬਦਨ ਤੇ ਬਮਾ ॥

(ਰਾਜੇ ਨੇ) ਸਮਝਿਆ (ਕਿ ਉਸ ਨੇ) ਮੂੰਹ ਤੋਂ ਲਹੂ ਦੀ ਉਲਟੀ ਕੀਤੀ ਹੈ।

ਨ੍ਰਿਪ ਮਨ ਮੈ ਇਹ ਸੂਲ ਨ ਛਮਾ ॥

ਰਾਜੇ ਤੋਂ ਇਹ ਦੁਖ (ਸੂਲ) ਨਾ ਸਹਾਰਿਆ ਗਿਆ।

ਅਤਿ ਆਤੁਰ ਹ੍ਵੈ ਬੈਦ ਬੁਲਾਏ ॥

ਬਹੁਤ ਆਤੁਰ ਹੋ ਕੇ (ਉਸ ਨੇ) ਵੈਦ ਨੂੰ ਬੁਲਾਇਆ

ਚਿਹਨ ਰੋਗ ਤਿਹ ਨਾਰਿ ਸੁਨਾਏ ॥੪॥

ਅਤੇ (ਵੈਦ ਨੂੰ) ਉਸ ਨਾਰੀ ਦੇ ਰੋਗ ਦੇ ਚਿੰਨ੍ਹ ਦਸੇ ॥੪॥

ਤਬ ਤਿਨ ਪੀ ਗੇਰੂ ਪੁਨਿ ਡਾਰਾ ॥

ਤਦ ਉਸ (ਇਸਤਰੀ) ਨੇ ਫਿਰ ਗੇਰੂ ਪੀ ਲਿਆ।

ਸ੍ਰੋਣ ਬਮਾ ਸਭਹੂਨ ਬਿਚਾਰਾ ॥

(ਉਸ ਨੂੰ) ਸਭ ਨੇ ਲਹੂ ਦੀ ਉਲਟੀ ਸਮਝਿਆ।

ਤਬ ਪਤਿ ਸੋ ਇਮ ਨਾਰਿ ਉਚਾਰੋ ॥

ਤਦ ਉਸ ਇਸਤਰੀ ਨੇ ਪਤੀ ਨੂੰ ਕਿਹਾ,

ਅਬ ਰਾਨੀ ਕਹ ਮਰੀ ਬਿਚਾਰੋ ॥੫॥

ਹੁਣ ਰਾਣੀ ਨੂੰ ਮਰਿਆ ਹੀ ਸਮਝੋ ॥੫॥

ਰਾਨੀ ਕਹਤ ਨ੍ਰਿਪਤਿ ਸੋ ਕਰਿਯਹੁ ॥

ਰਾਣੀ ਰਾਜੇ ਨੂੰ ਕਹਿਣ ਲਗੀ ਕਿ (ਤੁਸੀਂ) (ਜੋ ਮੈਂ ਕਿਹਾ ਹੈ) ਉਹੀ ਕਰਨਾ।

ਮੇਰੋ ਬਹੁਰਿ ਨ ਬਦਨ ਨਿਹਰਿਯਹੁ ॥

ਮੇਰਾ ਮੂੰਹ ਫਿਰ ਨਾ ਵੇਖਣਾ।

ਔਰ ਸਖੀ ਕਾਹੂ ਨ ਦਿਖੈਯੋ ॥

ਹੋਰ ਕਿਸੇ ਸਖੀ ਨੂੰ ਵੀ ਨਹੀਂ ਵਿਖਾਉਣਾ।

ਰਾਨੀ ਜਾਇ ਜਾਰ ਘਰਿ ਐਯੋ ॥੬॥

ਰਾਣੀ ਨੂੰ ਜਾ ਕੇ ਸਾੜ ਕੇ ਹੀ ਘਰ ਆਉਣਾ ॥੬॥